
ਆਰ.ਐਸ.ਐਸ, ਸਿੱਖ ਧਰਮ ਦੇ ਮੂਲ ਸਿਧਾਂਤਾਂ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਵਿਚੋਂ ਉਪਜੇ ਦਸਤੂਰਾਂ ਨਾਲ ਓਤ-ਪੋਤ ਸੰਸਥਾਵਾਂ ਦਾ ਮੂਲ ਸਰੂਪ ਵਿਗਾੜਨ ਲਈ, ਲੰਮੇ ...
ਆਰ.ਐਸ.ਐਸ, ਸਿੱਖ ਧਰਮ ਦੇ ਮੂਲ ਸਿਧਾਂਤਾਂ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਵਿਚੋਂ ਉਪਜੇ ਦਸਤੂਰਾਂ ਨਾਲ ਓਤ-ਪੋਤ ਸੰਸਥਾਵਾਂ ਦਾ ਮੂਲ ਸਰੂਪ ਵਿਗਾੜਨ ਲਈ, ਲੰਮੇ ਸਮੇਂ ਤੋਂ ਪੱਬਾਂ-ਭਾਰ ਹੈ। ਲੰਗਰ ਫ਼ਾਰਸੀ ਦਾ ਸ਼ਬਦ ਹੈ। ਇਸ ਦੀ ਭਾਸ਼ਾਈ ਨਿਰੁਕਤੀ ਇਸ ਤਰ੍ਹਾਂ ਹੈ 'ਉਹ ਮੁਕਾਮ ਜਾਂ ਅਸਥਾਨ ਜਿਥੇ ਫ਼ਕੀਰਾਂ, ਗ਼ਰੀਬਾਂ, ਮੁਥਾਜਾਂ ਤੇ ਲੋੜਵੰਦਾਂ ਨੂੰ ਬਿਨਾਂ ਕਿਸੇ ਇਵਜ਼ ਦੇ ਖਾਣਾ ਵੰਡਿਆ ਜਾਂਦਾ ਹੈ ਜਾਂ ਗ਼ਰੀਬਾਂ ਮੁਥਾਜਾਂ ਤੇ ਲੋੜਵੰਦਾਂ ਨੂੰ ਵੰਡਿਆ ਜਾਣ ਵਾਲਾ ਖਾਣਾ।'
ਲੰਗਰ ਦੀ ਪਰੰਪਰਾ ਦਾ ਅਸਲ ਮੁੱਢ ਤਾਂ ਬਾਬਾ ਫ਼ਰੀਦ ਜੀ ਨੇ ਬੰਨ੍ਹਿਆ, ਜੋ ਚਿਸ਼ਤੀ ਸੂਫ਼ੀ ਮੱਤ ਨੂੰ ਮੰਨਣ ਵਾਲੇ ਸਨ। ਲੰਗਰ ਦਾ ਦਸਤੂਰ, ਦਖਣੀ ਏਸ਼ੀਆ ਵਿਚ ਸੂਫ਼ੀ ਮੱਤ ਨੂੰ ਮੰਨਣ ਵਾਲੇ ਸਧਾਰਣ ਲੋਕਾਂ ਵਿਚ, ਬਾਰ੍ਹਵੀਂ ਤੇ ਤੇਰ੍ਹਵੀਂ ਸਦੀ ਵਿਚ ਪ੍ਰਚਲਿਤ ਸੀ। ਗੁਰੂ ਗੋਰਖਨਾਥ ਦੇ ਮੱਠਾਂ ਦੇ ਪੁਰਾਤਨ ਇਤਿਹਾਸ ਨੂੰ ਖੰਗਾਲਿਆਂ ਵੀ ਇਸ ਪ੍ਰਥਾ ਦੇ ਪੁਖ਼ਤਾ ਹਵਾਲੇ ਮਿਲਦੇ ਹਨ। ਪਰ ਇਹ ਲੰਗਰ ਕੇਵਲ ਉਸ ਮੱਤ ਜਾਂ ਮੱਠ ਦੇ ਪੈਰੋਕਾਰਾਂ ਤਕ ਹੀ ਸੀਮਤ ਸਨ।
ਬਾਬੇ ਨਾਨਕ ਨੇ ਲੰਗਰ ਦੇ ਦਸਤੂਰਾਂ ਤੇ ਮਕਸਦਾਂ ਦੀ ਤਹਿਜ਼ੀਬ ਨੂੰ ਪੁਨਰ ਮਰਿਆਦਤ ਤੇ ਪੁਨਰ ਪ੍ਰੀਭਾਸ਼ਤ ਕੀਤਾ। ਗੁਰੂ ਸਾਹਿਬ ਨੇ ਮਜ਼ਹਬ-ਓ-ਮਿਲਤ, ਰੰਗ-ਰੂਪ ਤੇ ਜਾਤ-ਪਾਤ ਦਾ ਭੇਦ-ਭਾਵ ਮਿਟਾ ਕੇ, ਗੁਰੂ ਕੇ ਲੰਗਰ, ਸਮੁੱਚੇ ਮਨੁੱਖੀ ਭਾਈਚਾਰੇ ਲਈ ਖੁੱਲ੍ਹੇ ਰੱਖਣ ਦੀ ਪ੍ਰੇਰਨਾ ਦਿਤੀ। ਗੁਰੂ ਜੀ ਦੇ ਲੰਗਰਾਂ ਵਿਚ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਾਂ ਕਿਸੇ ਵੀ ਜਾਤੀ ਨਾਲ ਸਬੰਧ ਰੱਖਣ ਵਾਲਾ ਹਰ ਲੋੜਵੰਦ ਭੋਜਨ ਛੱਕ ਸਕਦਾ ਸੀ।
ਲੰਗਰ ਦੀ ਇਸ ਰਵਾਇਤ ਵਿਚ ਬਾਬੇ ਨਾਨਕ ਪਿੱਛੋਂ ਦੂਜੀ ਪਾਤਸ਼ਾਹੀ, ਗੁਰੂ ਅੰਗਦ ਦੇਵ ਜੀ ਤੇ ਤੀਜੀ ਪਾਤਸ਼ਾਹੀ ਗੁਰੂ ਅਮਰ ਦਾਸ ਜੀ ਨੇ, ਲੰਗਰਾਂ ਵਿਚ ਸੰਗਤ ਤੇ ਪੰਗਤ ਦੀ ਮਰਿਆਦਾ ਦਾ ਵਿਧੀਪੂਰਨ ਨਿਰਮਾਣ ਕੀਤਾ। ਲੰਗਰ ਦੇ ਪ੍ਰਬੰਧ, ਸੰਚਾਲਨ ਵਿਧੀ, ਆਚਾਰ ਤੇ ਵਿਹਾਰ ਨੂੰ ਪ੍ਰਣਾਲੀਬੱਧ ਕਰ ਕੇ, ਇਕ ਪੁਖ਼ਤਾ ਰੂਪ ਦਿਤਾ, ਜੋ 'ਲੰਗਰਾਂ' ਵਿਚ ਅੱਜ ਵੀ ਬਾ-ਦਸਤੂਰ ਚਲ ਰਿਹਾ ਹੈ।
ਅੱਜ ਪੂਰੇ ਸੰਸਾਰ ਵਿਚ, ਜਿਥੇ ਵੀ ਗੁਰਦਵਾਰਾ ਸਾਹਿਬ ਹਨ 'ਲੰਗਰ' ਗੁਰਦਵਾਰਾ ਸਾਹਿਬ ਦੀ ਸਮੁੱਚਤਾ ਦਾ ਅਨਿਖੜਵਾਂ ਅੰਗ ਹੈ। ਤੀਜੀ ਪਾਤਸ਼ਾਹੀ ਗੁਰੂ ਅਮਰ ਦਾਸ ਜੀ ਗੁਰਦਵਾਰੇ ਦੀ ਅਸਰੀਰੀ ਅਜ਼ਮਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਪ੍ਰੀਭਾਸ਼ਤ ਕਰਦੇ ਹਨ:
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ£
ਗੁਰੂ ਦੁਆਰੈ ਸੋਈ ਬੂਝੈ ਜਿਸਨੋ ਆਪਿ ਬੁਝਾਏ£
ਗੁਰੂ ਕੇ ਲੰਗਰ ਦੇ ਸੰਕਲਪ ਨੂੰ ਸਹੀ ਪਰਿਪੇਖ ਵਿਚ ਸਮਝਣ ਲਈ ਗੁਰਦਵਾਰਾ ਸਾਹਿਬ ਦੀ ਸਥਾਪਨਾ ਦੀ ਰੂਹਾਨੀ ਅਹਿਮੀਅਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਜ਼ਹੂਰ ਨੂੰ ਅਨੁਭਵ ਕਰਨ ਦੀ ਜ਼ਰੂਰਤ ਹੈ। ਗੁਰੂ ਕੇ ਲੰਗਰਾਂ ਦੀ ਸਦੀਆਂ ਪੁਰਾਣੀ, ਸਰਬ ਪ੍ਰਵਾਨਤ ਮਰਿਆਦਾ ਨੂੰ ਅੱਜ ਤਕ ਜਿਊਂਦਾ ਰੱਖਣ ਦਾ ਅਧਾਰ, ਸਿੱਖ ਸੰਗਤਾਂ ਦੀ ਲੰਗਰ ਪ੍ਰਤੀ ਸ਼ਰਧਾ ਅਧੀਨ ਪਾਇਆ ਯੋਗਦਾਨ ਹੈ।
ਪ੍ਰੰਤੂ ਜੇ ਸਰਕਾਰ ਪਾਸੋਂ ਮਾਲੀ ਖ਼ੈਰਾਤ ਵਸੂਲਣ ਵਾਸਤੇ, 'ਗੁਰੂ ਕੇ ਲੰਗਰ' ਦੀਆਂ ਰਸਦਾਂ ਦੀ ਆਮਦ ਦਾ ਹਿਸਾਬ-ਕਿਤਾਬ ਭਾਰਤ ਸਰਕਾਰ ਦੀ ਏਜੰਸੀ ਦੀ ਲੇਖਾ ਪੜਤਾਲ ਦਾ ਮਹੁਤਾਜ ਬਣ ਜਾਵੇ, ਤਦ ਉਹ 'ਲੰਗਰ' ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੀ 'ਸੇਵਾ ਭੋਜ ਯੋਜਨਾ' ਤਾਂ ਹੋ ਸਕਦੀ ਹੈ, ਪਰ 'ਗੁਰੂ ਕਾ ਲੰਗਰ' ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਜੀ ਤਾਂ ਸਿੱਖ ਨਿਸ਼ਠਾ ਦਾ ਉਲੇਖ ਇਸ ਪ੍ਰਕਾਰ ਕਰਦੇ ਹਨ:
ਖਾਵਹਿ ਖਰਚਹਿ ਰਲਿ ਮਿਲਿ ਭਾਈ£
ਤੋਟਿ ਨ ਆਵੈ ਵਧਦੋ ਜਾਈ£
ਭਾਰਤ ਸਰਕਾਰ ਦੀ 'ਸੇਵਾ ਭੋਜ ਯੋਜਨਾ' ਦੇ ਨਿਯਮਾਂ ਤੇ ਮਾਪਦੰਡਾਂ ਅਨੁਸਾਰ ਤਾਂ ਸਰਕਾਰ ਨੂੰ ਅਰਜ਼ੀ ਭੇਜ ਕੇ ਬੇਨਤੀ ਕਰਨੀ ਹੋਵੇਗੀ, ਜੋ ਘੋਖ ਪੜਤਾਲ ਉਪਰੰਤ ਜੇ ਯੋਗ ਸਮਝਣ ਤਾਂ ਸਰਕਾਰੀ ਖ਼ੈਰਾਤ, ਗਰਾਂਟ ਦੇ ਰੂਪ ਵਿਚ ਦੇਵੇਗੀ।
ਇੰਜ ਕਰਨ ਨਾਲ ਸਿੱਖ ਧਰਮ ਦੀ 'ਗੁਰੂ ਕੇ ਲੰਗਰਾਂ' ਦੀ ਸਦੀਆਂ ਤੋਂ ਚੱਲੀ ਆ ਰਹੀ ਦਸਵੰਧ ਦੀ ਮਰਿਆਦਾ ਵਿਚੋਂ 'ਸੇਵਾ ਭਾਵ' ਦੀ ਆਤਮਾ ਮਨਫ਼ੀ ਹੋ ਜਾਵੇਗੀ ਤੇ ਸਿੱਖ ਧਰਮ ਦੀ 'ਲੰਗਰ' ਜੇਹੀ ਮੁੱਢ-ਕਦੀਮੀ ਪ੍ਰਵਾਨਤ ਸੰਸਥਾ ਦਾ ਮੂਲ ਸਰੂਪ, ਖੇਰੂੰ-ਖੇਰੂੰ ਹੋ ਜਾਵੇਗਾ।ਭਾਰਤ ਵਿਚ 1 ਜੁਲਾਈ 2017 ਤੋਂ ਜੀ. ਐਸ. ਟੀ ਦੀ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਗੁਰੂ ਕੇ ਲੰਗਰਾਂ ਲਈ ਲੋੜੀਂਦੀਆਂ ਰਸਦਾਂ ਖ਼ਰੀਦਣ ਉੱਤੇ ਵੀ, ਗੁਰੂ ਦੀਆਂ ਗੋਲਕਾਂ ਵਿਚੋਂ ਇਹ ਟੈਕਸ ਅਦਾ ਕੀਤਾ ਜਾਂਦਾ ਹੈ।
ਹੁਣ ਤਕ ਗੁਰੂ ਦੀਆਂ ਗੋਲਕਾਂ ਵਿਚੋਂ ਕਰੋੜਾਂ ਰੁਪਏ ਜੀ.ਐਸ.ਟੀ ਵਜੋਂ ਅਦਾ ਕੀਤੇ ਜਾ ਚੁੱਕੇ ਹਨ। ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਤੇ ਸਿੱਖਾਂ ਦੀਆਂ ਲਗਭਗ ਸਾਰੀਆਂ ਹੀ ਧਾਰਮਕ ਜਥੇਬੰਦੀਆਂ ਨੇ ਲੰਗਰਾਂ ਦੀਆਂ ਰਸਦਾਂ ਦੀ ਖ਼ਰੀਦ ਤੇ ਲੱਗੇ ਇਸ ਟੈਕਸ ਦਾ ਸਖ਼ਤ ਵਿਰੋਧ ਕੀਤਾ ਹੈ। ਕੁੱਝ ਸਿੱਖ ਆਗੂਆਂ ਨੇ ਤਾਂ ਜੀ.ਐਸ.ਟੀ ਨੂੰ, ਮੋਦੀ ਸਰਕਾਰ ਦਾ, 'ਗੁਰੂ ਘਰਾਂ ਦੇ ਲੰਗਰਾਂ' ਤੇ ਲੱਗਾ 'ਜਜ਼ੀਆ' ਟੈਕਸ ਆਖ ਕੇ ਵੀ ਇਸ ਦਾ ਵਿਰੋਧ ਕੀਤਾ ਹੈ ਤੇ ਇਸ ਨੂੰ ਪੱਕੇ ਤੌਰ ਉਤੇ ਖ਼ਤਮ ਕਰਨ ਦੀ ਮੰਗ ਕੀਤੀ ਹੈ।
'ਸਰਬੱਤ ਦਾ ਭਲਾ', ਸਿੱਖ ਧਰਮ ਦੇ ਫ਼ਲਸਫ਼ੇ ਦਾ ਮੂਲ ਸਿਧਾਂਤ ਹੈ। ਗੁਰੂ ਕੇ ਲੰਗਰ ਦੀ ਰਵਾਇਤ, ਸਿੱਖੀ ਸਿਦਕ ਦੇ ਸਦਾਚਾਰੀ ਅਸੂਲਾਂ ਦੀ ਵਚਨਬੱਧਤਾ ਹੈ। ਸਿਦਕ ਦੇ ਨਿਸ਼ਚੇ ਵਿਚੋਂ ਹੀ, ਸਿੱਖਾਂ ਦੀ ਜੀਵਨਜਾਚ ਵਿਚ ਪ੍ਰਵੇਸ਼ ਕਰ ਕੇ 'ਗੁਰੂ ਕੇ ਲੰਗਰ' ਜਹੀਆਂ ਸਨਮਾਨਯੋਗ ਪ੍ਰੰਪਰਾਵਾਂ ਸ਼ਾਮਲ ਹੋਈਆਂ ਹਨ। ਸਿੱਖੀ ਸਿਦਕ ਵਿਚੋਂ ਹੀ ਕੌਮਾਂਤਰੀ ਪੱਧਰ ਦੀ ਇਕ ਸ਼ਾਨਦਾਰ ਗ਼ੈਰ-ਸਰਕਾਰੀ ਸੰਸਥਾ 'ਖ਼ਾਲਸਾ-ਏਡ' ਦਾ ਜਨਮ ਹੋਇਆ ਹੈ।
ਅੱਜ ਵਿਸ਼ਵ ਪੱਧਰ ਉਤੇ ਇਸ ਸੰਸਥਾ ਦੇ ਮਨੁੱਖੀ ਭਲੇ ਦੇ ਕਾਰਜਾਂ ਦੀ ਸਰਾਹਨਾ ਹੋ ਰਹੀ ਹੈ। ਇਸ ਦੇ ਸੰਸਥਾਪਕ, ਇੰਗਲੈਂਡ ਵਾਸੀ ਸਰਦਾਰ ਰਵੀ ਸਿੰਘ ਹਨ। ਇਸ ਸੰਸਥਾ ਨੇ ਅਰਬ ਦੇਸ਼ਾਂ ਦੇ ਅੱਤ ਖ਼ਤਰਨਾਕ ਇਲਾਕਿਆਂ ਵਿਚ ਪਹੁੰਚ ਕੇ 'ਇਸਲਾਮਕ ਸਟੇਟ ਆਫ਼ ਸੀਰੀਆ ਐਂਡ ਇਰਾਕ' ਦੇ ਖ਼ੂੰਖ਼ਾਰ ਦਹਿਸ਼ਤਗਰਦ ਗਿਰੋਹਾਂ ਦੇ ਜ਼ੁਲਮਾਂ ਦੇ ਪੀੜਤ ਬੇਸਹਾਰਾ ਮਜ਼ਲੂਮ ਪ੍ਰੀਵਾਰਾਂ ਦੀ, ਇਸ ਬਖੇੜਿਆਂ ਭਰਪੂਰ ਇਲਾਕੇ ਵਿਚ ਪੁੱਜ ਕੇ ਬਾਂਹ ਫੜੀ।
ਖਾਲਸਾ ਏਡ ਦੇ ਵਲੰਟੀਅਰਾਂ ਨੇ ਨਾ ਸਿਰਫ਼ ਲੰਗਰ ਹੀ ਲਗਾਏ ਸਗੋਂ ਜ਼ੁਲਮਾਂ ਦੇ ਸ਼ਿਕਾਰ ਹੋਏ, ਬਦਨਸੀਬ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਹਰ ਕਿਸਮ ਦੀਆਂ ਲੋੜੀਂਦੀਆਂ ਵਸਤਾਂ ਵੀ ਪੁਜਦੀਆਂ ਕੀਤੀਆਂ।ਕੁੱਝ ਸਾਲ ਪਹਿਲਾਂ 2015 ਤੇ 2016 ਵਿਚ ਨੇਪਾਲ ਦੇ ਭਿਆਨਕ ਭੂਚਾਲ ਸਮੇਂ ਭੂਚਾਲ ਪੀੜਤ ਪ੍ਰਵਾਰਾਂ ਲਈ ਗੁਰੂ ਕੇ ਲੰਗਰ ਦੀ ਸੇਵਾ ਲੈ ਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਸਨ। ਅਗੱਸਤ 2017 ਵਿਚ ਜਦੋਂ ਭਾਰਤ ਦੇ ਗਵਾਂਢੀ ਦੇਸ਼ ਮੀਆਂਮਾਰ (ਬਰਮ੍ਹਾਂ) ਵਿੱਚ ਮੀਆਂਮਾਰ ਦੀ ਮੂਲ ਬੋਧੀ ਵਸੋਂ ਨੇ,
ਪੁਲੀਸ ਤੇ ਫ਼ੌਜ ਨਾਲ ਮਿਲ ਕੇ ਰੋਹੰਗੀਆ ਮੁਸਲਮਾਨਾਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿਚ ਪਿੰਡਾਂ ਦੇ ਪਿੰਡ ਸਾੜ ਦਿਤੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਸਮੇਤ ਰੋਹਿੰਗਿਆ ਮੁਸਲਮਾਨ ਪ੍ਰੀਵਾਰਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ। ਇਸ ਭਿਆਨਕ ਹਾਲਤ ਦੇ ਮੱਦੇ ਨਜ਼ਰ, ਲੱਖਾਂ ਹੀ ਰੋਹਿੰਗਿਆ ਮੁਸਲਮਾਨ ਪ੍ਰਵਾਰਾਂ ਨੂੰ ਸ਼ਰਨਾਰਥੀ ਬਣ ਕੇ, ਬੰਗਲਾ ਦੇਸ਼ ਜਾਂ ਭਾਰਤ ਦੇ ਸ਼ਰਨਾਰਥੀ ਕੈਂਪਾਂ ਵਿਚ ਭੁੱਖਣ-ਭਾਣੇ ਰਾਤਾਂ ਗੁਜ਼ਾਰਨੀਆਂ ਪਈਆਂ ਸਨ। ਉਸ ਵੇਲੇ ਵੀ ਇਨ੍ਹਾਂ ਵਿਲਕਦੇ ਹੋਏ ਲੋਕਾਂ ਦੀ ਇਮਦਾਦ ਲਈ ਖ਼ਾਲਸਾ ਏਡ ਦੇ ਵਲੰਟੀਅਰ ਭਾਰੀ ਗਿਣਤੀ ਵਿਚ ਲੰਗਰਾਂ ਦੀਆਂ ਰਸਦਾਂ ਲੈ ਕੇ ਪੁੱਜੇ ਸਨ।
ਰੋਹਿੰਗਿਆ ਮੁਸਲਮਾਨਾਂ ਤੇ ਔਖੀ ਘੜੀ ਬਣੀ ਤਾਂ ਉਨ੍ਹਾਂ ਦੇ ਕੁਰਲਾਉਂਦੇ ਕਾਫ਼ਲਿਆਂ ਦੀ ਪੁਕਾਰ, 'ਸਿੱਖ ਏਡ' ਤੋਂ ਬਿਨਾ ਹੋਰ ਕਿਸੇ ਨੇ ਨਾ ਸੁਣੀ। ਫਾਰਸੀ ਦਾ ਇਕ ਸ਼ਬਦ ਹੈ 'ਪੈਰਾਹਨ-ਏ-ਕਾਗ਼ਜ਼ੀ' ਜਿਸ ਦਾ ਭਾਵ ਹੈ ਕਾਗ਼ਜ਼ ਦਾ ਲਿਬਾਸ। ਕਹਿੰਦੇ ਹਨ ਕਿ ਕਿਸੇ ਸਮੇਂ ਈਰਾਨ ਵਿਚ ਇਹ ਦਸਤੂਰ ਸੀ ਕਿ ਜੇ ਕੋਈ ਮਜ਼ਲੂਮ, ਇਨਸਾਫ਼ ਦੀ ਪੁਕਾਰ ਕਰਨ ਵੇਲੇ ਕਾਗ਼ਜ਼ ਦਾ ਲਿਬਾਸ ਪਹਿਨ ਕੇ, ਚੌਰਾਹੇ ਵਿਚ ਖਲੋ ਜਾਵੇ ਤਾਂ ਉਸ ਦੀ ਗੱਲ ਪੂਰਾ ਮੁਆਸ਼ਰਾ ਸੁਣਦਾ ਸੀ ਤੇ ਉਸ ਦੀ ਹੱਕਰਸੀ ਲਈ, ਇਕਜੁੱਟਤਾ ਨਾਲ ਆਵਾਜ਼ ਬੁਲੰਦ ਕਰਦਾ ਸੀ।
ਜ਼ਿਕਰਯੋਗ ਹੈ ਕਿ ਰੋਹਿੰਗਿਆ ਮੁਸਲਮਾਨ ਪ੍ਰਵਾਰਾਂ ਨੂੰ ਭਾਰਤ ਵਿਚ ਪਨਾਹ ਦੇਣ ਦੇ ਮਾਮਲੇ ਵਿਚ, ਭਾਰਤ ਸਰਕਾਰ ਤੇ ਆਰ.ਐਸ.ਐਸ ਦਾ ਰਵਈਆ ਹਾਂ-ਪੱਖੀ ਨਹੀਂ ਸੀ, ਬਾਵਜੂਦ ਇਸ ਦੇ ਕਿ ਗੁਆਂਢੀ ਦੇਸ਼ ਮੀਆਂਮਾਰ ਦਾ ਸੰਕਟ, ਅਪਣੇ ਸਮੇਂ ਦਾ ਮਨੁੱਖਵਾਦ ਦਾ ਸੱਭ ਤੋਂ ਵੱਡਾ ਸੰਕਟ ਸੀ। ਪਰ ਭਾਰਤ ਸਰਕਾਰ ਦਾ ਸੌੜਾ ਨਜ਼ਰੀਆ ਇਸ ਸਾਰੇ ਸੰਕਟ ਨੂੰ, ਮਹਿਜ਼ ਇਕ ਤਮਾਸ਼ੇ ਵਜੋਂ, ਆਰ.ਐਸ.ਐਸ ਦੀ ਫ਼ਿਰਕਾਪ੍ਰਸਤ ਨਜ਼ਰ ਨਾਲ ਹੀ ਵੇਖਦਾ ਰਿਹਾ।
ਅਜੇਹੀ ਨਿਰਾਸ਼ਾਜਨਕ ਸਥਿਤੀ ਵਿਚ 'ਖ਼ਾਲਸਾ-ਏਡ' ਦੇ ਵਲੰਟੀਅਰਾਂ ਨੇ, ਰੋਹਿੰਗਿਆ ਮੁਸਲਮਾਨਾਂ ਦੇ ਸ਼ਰਨਾਰਥੀ ਕੈਂਪਾਂ ਵਿਚ ਪਹੁੰਚ ਕੇ ਲੰਗਰ, ਦਵਾਈਆਂ ਤੇ ਹੋਰ ਜ਼ਰੂਰੀ ਲੋੜ ਦੀਆਂ ਵਸਤਾਂ ਦੀ, ਪੁੱਜ ਕੇ ਸੇਵਾ ਕੀਤੀ। ਸਿੱਖ ਸਮੂਦਾਏ ਦਾ ਇਹ ਮਾਨਵਵਾਦੀ ਵਰਤਾਰਾ, ਭਾਜਪਾ ਤੇ ਆਰ.ਐਸ.ਐਸ ਦੀਆਂ ਨਜ਼ਰਾਂ ਵਿਚ ਰੜਕਦਾ ਸੀ। ਉਹ ਇਸ ਵਰਤਾਰੇ ਨੂੰ ਰੋਕ ਤਾਂ ਨਹੀ ਸਨ ਸਕਦੇ, ਪਰ ਉਨ੍ਹਾਂ ਦੇ ਨੀਤੀ ਘਾੜਿਆਂ ਨੇ, 'ਗੁਰੂ ਕੇ ਲੰਗਰ' ਦੀਆਂ ਬੁਨਿਆਦਾਂ ਨੂੰ ਖੋਖਲਾ ਕਰਨ ਦੀ ਸਾਜ਼ਿਸ਼ ਘੜ ਲਈ।
ਇਸ ਸਾਜ਼ਿਸ਼ ਦਾ ਹੀ ਕਰੂਪ ਰੂਪ ਹੈ ਸਰਕਾਰ ਦੀ 'ਸੇਵਾ ਭੋਜ ਯੋਜਨਾ' ਜਿਸ ਦਾ ਢੰਡੋਰਾ 'ਬਾਦਲ ਪ੍ਰਵਾਰ' ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਪਿੱਟ ਰਿਹਾ ਹੈ ਤੇ ਇਹ ਆਖ ਕੇ ਪੂਰੀ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹਨ ਕਿ ਲੰਗਰ ਤੇ ਜੀਐਸ.ਟੀ ਮਾਫ਼ ਹੋ ਗਿਆ ਹੈ।ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਅਤੇ ਸਿੱਖਾਂ ਦੀਆਂ ਲਗਭਗ ਸਾਰੀਆਂ ਹੀ ਧਾਰਮਕ ਜਥੇਬੰਦੀਆਂ ਨੇ ਲੰਗਰਾਂ ਦੀਆਂ ਰਸਦਾਂ ਦੀ ਖ਼ਰੀਦ ਤੇ ਲੱਗੇ ਇਸ ਗੁਡਜ਼ ਸਰਵਿਸ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਸੀ।
ਪਰ ਭਾਜਪਾ ਨੇ ਸਿੱਖ ਕੌਮ ਦੀਆਂ ਧਾਰਮਕ ਰਵਾਇਤਾਂ ਅਨੁਸਾਰ ਚਲਾਏ ਜਾ ਰਹੇ 'ਗੁਰੂ ਕੇ ਲੰਗਰ' ਦੇ ਸੰਕਲਪ ਨੂੰ ਖੇਰੂੰ-ਖੇਰੂੰ ਕਰਨ ਲਈ, ਇਸ ਦੇ ਉਲਟ, ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੀ ਇਕ ਨਵੀਂ ਮੁਤਵਾਜ਼ੀ, 'ਸੇਵਾ ਭੋਜ ਯੋਜਨਾ' ਪਰੋਸ ਦਿਤੀ ਹੈ, ਜਦੋਂ ਕਿ ਲੰਗਰਾਂ ਉਤੇ ਲੱਗੇ ਜੀ.ਐਸ.ਟੀ ਨੂੰ ਵਾਪਸ ਲੈਣ ਦਾ ਕੰੰਮ ਕੇਵਲ ਵਿੱਤ ਮੰਤਰਾਲੇ ਦਾ ਸੀ। ਇਹ ਨਵੀਂ ਯੋਜਨਾ ਵੀ ਕੇਵਲ ਦੋ ਸਾਲ ਤਕ ਭਾਵ 2018-19 ਤੇ 2019-20 ਤਕ ਲਈ ਹੀ ਹੈ।
ਇਹ ਵੀ ਸਪੱਸ਼ਟ ਹੈ ਕਿ ਜਿਵੇਂ ਹੋਰ ਟੈਕਸਾਂ ਲਈ ਜਮ੍ਹਾਂ ਕਰਵਾਈ ਰਾਸ਼ੀ ਦੀ ਵਾਪਸ ਅਦਾਇਗੀ ਦੇ ਦਸਤੂਰ ਹਨ, ਜੀ.ਐਸ.ਟੀ ਵਜੋਂ ਜਮ੍ਹਾ ਕਰਾਇਆ ਗਿਆ ਟੈਕਸ ਉਸ ਤਰਜ਼ ਤੇ ਵਾਪਸ ਨਹੀਂ ਕੀਤਾ ਜਾਵੇਗਾ ਸਗੋਂ ਵਖਰੇ ਤੌਰ ਉਤੇ ਲੰਗਰ 'ਤੇ ਖਰਚ ਕੀਤੀ ਰਕਮ ਵਾਪਸ ਲੈਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਤੇ ਪੰਜਾਬ ਤੋਂ ਬਾਹਰਲੇ ਸਿੱਖ ਤਖ਼ਤ ਸਾਹਿਬਾਨ ਦੀਆਂ ਪ੍ਰਬੰਧਕ ਗੁਰਦਵਾਰਾ ਕਮੇਟੀਆਂ ਨੂੰ ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਪਾਸ ਲਿਖਤੀ ਅਰਜ਼ੀ ਭੇਜ ਕੇ
ਬੇਨਤੀ ਕਰਨੀ ਹੋਵੇਗੀ ਤੇ ਉਕਤ ਵਿੱਤੀ ਸਹਾਇਤਾ ਲੈਣ ਲਈ 'ਦਰਪਨ' ਨਾਂਅ ਦੇ ਇਕ ਪੋਰਟਲ ਤੇ ਅਪਣੇ ਆਪ ਨੂੰ ਅੰਕਿਤ ਵੀ ਕਰਨਾ ਹੋਵੇਗਾ। ਇੰਜ ਸਾਡੇ 'ਗੁਰੂ ਕੇ ਲੰਗਰਾਂ' ਦਾ ਸਰੂਪ ਬਦਲ ਕੇ ਭਾਰਤ ਸਰਕਾਰ ਦੀ 'ਸੇਵਾ ਭੋਜ ਯੋਜਨਾ' ਵਿਚ ਰਲਗੱਡ ਹੋ ਜਾਵੇਗਾ ਤੇ ਉਸ ਦੀ ਸਦੀਵੀਂ ਸ਼ੁੱਧਤਾ, ਸਰਕਾਰੀ ਖ਼ੈਰਾਤ ਦੀ ਮਿਲਾਵਟ ਕਾਰਨ, ਇਕ ਇਤਿਹਾਸ ਬਣ ਕੇ ਰਹਿ ਜਾਵੇਗੀ।
ਸੰਪਰਕ : 98140-33362