
ਮੈਂ ਐਸੀ ਇਕ ਵੀ ਉਦਾਹਰਣ ਨਹੀਂ ਵੇਖੀ ਕਿ ਕਿਸੇ ਰਾਜੇ ਨੇ ਸਿਰਫ਼ ਕਿਸੇ ਕੁੜੀ ਦੇ ਗੁਣਾਂ ਕਰ ਕੇ, ਘਰੋਂ ਗ਼ਰੀਬ ਤੇ ਆਮ ਜਿਹੀ ਸ਼ਕਲ ਸੂਰਤ ਵਾਲੀ ਕੁੜੀ ਨਾਲ ਵਿਆਹ ਰਚਾਇਆ ਹੋਵੇ।
ਬੜੀ ਪੁਰਾਣੀ ਕਹਾਵਤ ਹੈ ਕਿ ਇਨਸਾਨ ਦੀ ਸੂਰਤ ਨਹੀਂ ਬਲਕਿ ਉਸ ਦੀ ਸੀਰਤ ਸੋਹਣੀ ਹੋਣੀ ਚਾਹੀਦੀ ਹੈ। ਸੀਰਤ ਯਾਨਿ ਕਿ ਇਨਸਾਨ ਦਾ ਮਨ ਸਾਫ਼ ਹੋਣਾ ਚਾਹੀਦਾ ਹੈ, ਇਮਾਨਦਾਰੀ ਦੀ ਮੂਰਤ ਹੋਣਾ ਚਾਹੀਦਾ ਹੈ। ਹਰ ਕੰਮ ਕਾਰ ਚ ਸਲੀਕਾ ਤੇ ਤਹਿਜ਼ੀਬ ਹੋਣੀ ਚਾਹੀਦੀ ਹੈ। ਵੇਖਿਆ ਜਾਵੇ ਤਾਂ ਅਜਿਹਾ ਇਨਸਾਨ ਹਰ ਇਕ ਨੂੰ ਚੰਗਾ ਹੀ ਲੱਗੇਗਾ ਪ੍ਰੰਤੂ ਹਕੀਕਤ ਬਿਲਕੁਲ ਇਸ ਤੋਂ ਉਲਟ ਹੈ। ਹਕੀਕਤ ’ਚ ਇਹ ਸਭ ਸਿਰਫ਼ ਕਿਤਾਬੀ ਗੱਲਾਂ ਹੀ ਜਾਪਦੀਆਂ ਹਨ।
ਕਿਤਾਬੀ ਗੱਲਾਂ ’ਚ ਹਮੇਸ਼ਾ ਸੂਰਤ ਨਾਲੋਂ ਸੀਰਤਾਂ ਨੂੰ ਹੀ ਵਡਿਆਇਆ ਗਿਆ ਹੈ ਪ੍ਰੰਤੂ ਸਾਡੇ ਸਮਾਜ ’ਚ ਮੁੱਲ ਸਿਰਫ਼ ਸੂਰਤਾਂ ਦਾ ਹੀ ਪੈਂਦਾ ਹੈ, ਸੀਰਤਾਂ ਨੂੰ ਕੋਈ ਬੇਰਾਂ ਬਰਾਬਰ ਨਹੀਂ ਪੁਛਦਾ। ਸੂਰਤਾਂ ਵੀ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇਕ ਤਾਂ ਸ਼ਕਲ ਸੋਹਣੀ ਹੋਣੀ ਤੇ ਦੂਜਾ ਸ਼ਕਲੋਂ ਸੂਰਤੋਂ ਹੱਥ ਖ਼ਾਲੀ ਹੋਵੇ ਤਾਂ ਪੈਸੇ ਜਾਂ ਵੱਡੇ ਅਹੁਦੇ ਦੀ ਸੂਰਤ ਵੀ ਕੰਮ ਆ ਜਾਂਦੀ ਹੈ। ਇਨਸਾਨੀ ਸੂਰਤ ਸੋਹਣੀ ਹੋਵੇ ਜਾਂ ਪੈਸੇ ਦੀ ਸੂਰਤ ਸੋਹਣੀ ਹੋਵੇ ਤਾਂ ਦੁਨੀਆ ਵਿਚ ਵੱਡੀ ਤੋਂ ਵੱਡੀ ਚੀਜ਼ ਸਰ ਕੀਤੀ ਜਾ ਸਕਦੀ ਹੈ।
face beauty vs temperament
ਗੱਲ ਪੁਰਾਣੇ ਜ਼ਮਾਨੇ ਤੋਂ ਸ਼ੁਰੂ ਕਰਦੇ ਹਾਂ। ਰਾਜਿਆਂ ਦੀਆਂ 100-200 ਰਾਣੀਆਂ ਤੇ ਰਖੇਲਾਂ ਹੁੰਦੀਆਂ ਸਨ। ਰਖੇਲਾਂ ਸਾਰੀਆਂ ਹੀ ਪਰੀਆਂ ਸਮਾਨ ਹੁੰਦੀਆਂ ਸਨ ਤੇ ਜ਼ਿਆਦਾਤਰ ਰਾਣੀਆਂ ਵੀ, ਪ੍ਰੰਤੂ ਕਈ ਵਾਰ ਜੇ ਰਾਣੀ ਦੀ ਸੂਰਤ ਜ਼ਿਆਦਾ ਨਾ ਵੀ ਸੋਹਣੀ ਹੁੰਦੀ ਤਾਂ ਉਸ ਰਾਣੀ ਦੇ ਰਾਜ ਦੀ ਤਾਕਤ ਕੰਮ ਆਉਂਦੀ ਸੀ। ਰਾਜੇ ਦੂਜੇ ਰਾਜ ਦੀ ਤਾਕਤ ਨੂੰ ਅਪਣੇ ਨਾਲ ਮਿਲਾਉਣ ਵਾਸਤੇ ਵੀ ਵਿਆਹ ਰਚਾ ਲੈਂਦੇ ਸਨ। ਕਹਿਣ ਦਾ ਭਾਵ ਕਿ ਗੱਲ ਸੋਹਣੀ ਸੂਰਤ ਦੀ ਹੀ ਸੀ ਨਹੀਂ ਤਾਂ ਸੋਹਣੀਆਂ ਸੀਰਤਾਂ ਵਾਲੀਆਂ ਉਦੋਂ ਵੀ ਹਜ਼ਾਰਾਂ ਲੱਖਾਂ ਕੁੜੀਆਂ ਹੁੰਦੀਆਂ ਸਨ। ਮੈਂ ਕਦੇ ਐਸੀ ਇਕ ਵੀ ਉਦਾਹਰਣ ਨਹੀਂ ਵੇਖੀ ਕਿ ਕਿਸੇ ਰਾਜੇ ਨੇ ਸਿਰਫ਼ ਕਿਸੇ ਕੁੜੀ ਦੇ ਗੁਣਾਂ ਕਰ ਕੇ, ਘਰੋਂ ਗ਼ਰੀਬ ਤੇ ਆਮ ਜਿਹੀ ਸ਼ਕਲ ਸੂਰਤ ਵਾਲੀ ਕੁੜੀ ਨਾਲ ਵਿਆਹ ਰਚਾਇਆ ਹੋਵੇ।
Kissa Bhagat Pooran
ਗੱਲ ਪੂਰਨ ਭਗਤ ਦੀ ਕਰ ਲੈਂਦੇ ਹਾਂ। ਲੂਣਾ ਨਾਲ ਸਲਵਾਨ ਨੇ ਵਿਆਹ ਤਾਂ ਰਚਾਇਆ ਕਿਉਂਕਿ ਲੂਣਾਂ ਦੀ ਖ਼ੂਬਸੂਰਤੀ ਦੇ ਚਰਚੇ ਚਾਰੇ ਪਾਸੇ ਸਨ, ਨਹੀਂ ਤਾਂ ਕੁੜੀਆਂ ਤਾਂ ਹੋਰ ਵੀ ਲੂਣਾਂ ਨਾਲੋਂ ਹਜ਼ਾਰਾਂ ਗੁਣਾਂ ਲਿਆਕਤ ਵਾਲੀਆਂ ਹੋਣਗੀਆਂ। ਤੇ ਗੱਲ ਇਹ ਵੀ ਕਿ ਲੂਣਾ ਸਲਵਾਨ ਦੀ ਧੀ ਦੀ ਉਮਰ ਦੀ ਸੀ। ਲੂਣਾਂ ਦੀ ਸੀਰਤ ਨਾਲ ਸਲਵਾਨ ਨੂੰ ਰੱਤੀ ਭਰ ਵੀ ਵਾਹ ਵਾਸਤਾ ਨਹੀਂ ਸੀ ਤੇ ਅੱਗੋਂ ਜਦ ਲੂਣਾਂ ਪੂਰਨ ਤੇ ਮੋਹਿਤ ਹੁੰਦੀ ਹੈ ਤਾਂ ਗੱਲ ਇਥੇ ਵੀ ਪੂਰਨ ਦੀ ਖ਼ੂਬਸੂਰਤੀ ’ਤੇ ਹੀ ਆਉਂਦੀ ਹੈ ਨਹੀਂ ਤਾਂ ਰਾਜ ਵਿਚ ਹੋਰ ਬਥੇਰੇ ਦਰਬਾਰੀ ਮੁੰਡੇ ਹੋਣਗੇ।
ਪ੍ਰੰਤੂ ਪੂਰਨ ਦੀ ਸੀਰਤ ਵੀ ਸੋਹਣੀ ਸੀ ਤੇ ਉਸ ਨੇ ਲੂਣਾਂ ਦਾ ਇਸ਼ਕ ਪ੍ਰਵਾਨ ਨਾ ਕੀਤਾ। ਪ੍ਰੰਤੂ ਲੂਣਾਂ ਨੂੰ ਪੂਰਨ ਦੀ ਸੂਰਤ ਚਾਹੀਦੀ ਸੀ, ਸੀਰਤ ਨਾਲ ਰੱਤੀ ਭਰ ਮਤਲਬ ਨਹੀਂ ਸੀ। ਤਾਂ ਹੀ ਪੂਰਨ ਨੂੰ ਵਢਵਾ ਕੇ ਖੂਹ ’ਚ ਸੁੱਟਣ ਸਮੇਂ ਉਸ ਨੂੰ ਭੋਰਾ ਤਰਸ ਨਾ ਆਇਆ। ਅੱਗੇ ਪ੍ਰੀਤ ਕਿੱਸਿਆਂ ਦੀ ਗੱਲ ਕਰਦੇ ਹਾਂ। ਮਿਰਜ਼ਾ-ਸਾਹਿਬਾਂ, ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਵਾਲ, ਯੂਸਫ਼-ਜੁਲੈਖਾਂ ਆਦਿ। ਇਥੇ ਵੀ ਕਿਸੇ ਇਕ ਵੀ ਪ੍ਰੇਮੀ ਨੇ ਸੀਰਤ ਨੂੰ ਰੱਤੀ ਭਰ ਵੀ ਤਵਜੋ ਨਹੀਂ ਦਿਤੀ, ਸਿਰਫ਼ ਸੋਹਣੀਆਂ ਸੂਰਤਾਂ ਤਕ ਕੇ ਇਸ਼ਕ ਫ਼ਰਮਾਉਂਦੇ ਰਹੇ ਹਨ। ਸੱਭ ਤੋਂ ਪਹਿਲਾਂ ਗੱਲ ਹੀਰ ਰਾਂਝੇ ਦੀ। ਹੀਰ ਦੀ ਸੁੰਦਰਤਾ ਬਾਰੇ ਕਹਿੰਦੇ ਦੂਰ ਦੂਰ ਤਕ ਧੂੰਮ ਪਈ ਹੋਈ ਸੀ ਤੇ ਉਧਰੋਂ ਰਾਂਝਾ ਵੀ ਅੱਤ ਦਾ ਸੋਹਣਾ ਸੀ।
ਭਾਵੇਂ ਕਿ ਰਾਂਝਾ ਤੇ ਉਹਦੇ ਭਰਾਵਾਂ ਕੋਲ ਚੋਖੀ ਜ਼ਮੀਨ ਸੀ, ਪ੍ਰੰਤੂ ਰਾਂਝਾ ਕੰਮ ਚੋਰ ਸੀ। ਉਹ ਕੰਮ ਦਾ ਡੱਕਾ ਤੋੜ ਕੇ ਰਾਜੀ ਨਹੀਂ ਸੀ ਤੇ ਅੰਤ ਫੇਲ੍ਹੜਾ ਹੋ ਕੇ ਘਰੋਂ ਨਿਕਲ ਗਿਆ ਤੇ ਪੱਤਣ ਪਾਰ ਕਰਦੇ ਸਮੇਂ ਕਿਸ਼ਤੀ ਵਿਚ ਉਸ ਨੇ ਹੀਰ ਨੂੰ ਵੇਖ ਲਿਆ ਤੇ ਉਸ ’ਤੇ ਮੋਹਿਤ ਹੋ ਗਿਆ ਜੋ ਸਹੇਲੀਆਂ ਸਮੇਤ ਬੈਠੀ ਹੋਈ ਸੀ। ਹੁਣ ਸੋਚਣ ਵਾਲੀ ਗੱਲ ਕਿ ਰਾਂਝਾ ਇਥੇ ਸਿਰਫ਼ ਹੀਰ ਦੀ ਖ਼ੂਬਸੂਰਤੀ ’ਤੇ ਹੀ ਮੋਹਿਤ ਹੋਇਆ ਕਿਉਂਕਿ ਉਥੇ ਹੀਰ ਦੀਆਂ ਕਈ ਸਹੇਲੀਆਂ ਵੀ ਸਨ। ਉਹਨਾਂ ਚੋਂ ਕਿਸੇ ਨਾਲ ਇਸ਼ਕ ਕਿਉਂ ਨਾ ਹੋਇਆ।
ਕਾਰਨ ਉਹੀ ਕਿ ਉਹ ਹੀਰ ਜਿੰਨੀਆਂ ਸੋਹਣੀਆਂ ਨਹੀਂ ਸਨ ਤੇ ਹੀਰ ਨੇ ਵੀ ਜਦੋਂ ਉਸ ਦੀ ਕਹਾਣੀ ਸੁਣੀ ਤਾਂ ਹੀਰ ਨੇ ਉਸ ਦੇ ਕੰਮ ਚੋਰ ਹੋਣ ’ਤੇ ਕੋਈ ਗਿਲਾ ਨਾ ਕੀਤਾ ਸਗੋਂ ਉਸ ਦੀ ਸੂਰਤ ’ਤੇ ਮਰ ਮਿਟੀ। ਉਹਦਾ ਕੰਮਚੋਰ ਹੋਣਾ ਹੀਰ ਵਾਸਤੇ ਕੋਈ ਮਾਇਨੇ ਨਹੀਂ ਰਖਦਾ ਸੀ ਤੇ ਰਾਂਝੇ ਨੂੰ ਵੀ ਅਜਿਹੀ ਕੁੜੀ ਜੋ ਮਾਪਿਆਂ ਤੋਂ ਚੋਰੀ ਉਸ ਨੂੰ ਮਿਲਣ ਆਉਂਦੀ ਸੀ, ਉਹ ਵੀ ਉਨ੍ਹਾਂ ਸਮਿਆਂ ਵਿਚ, ਕੋਈ ਇਤਰਾਜ਼ ਕਰਨ ਵਾਲੀ ਗੱਲ ਨਹੀਂ ਸੀ। ਗੱਲ ਸਿਰਫ਼ ਸੂਰਤਾਂ ਤਕ ਸੀਮਤ ਸੀ, ਸੀਰਤਾਂ ਦੀ ਗੱਲ ਹੀਰ ਰਾਂਝੇ ਦੇ ਕਿੱਸੇ ’ਚ ਕਿਤੇ ਭਾਲਿਆਂ ਨਹੀਂ ਲਭਦੀ।
Mirza Sahiba
ਫਿਰ ਮਿਰਜ਼ਾ ਸਾਹਿਬਾਂ ਦਾ ਕਿੱਸਾ ਲੈ ਲਉ। ਪੀਲੂ, ਸਾਹਿਬਾਂ ਦੀ ਖ਼ੂਬਸੂਰਤੀ ਬਿਆਨ ਕਰਦਾ ਲਿਖਦਾ ਹੈ ਕਿ ਕਿਵੇਂ ਸਾਹਿਬਾਂ ਤੇਲ ਲੈਣ ਬਾਣੀਏ ਦੀ ਹੱਟੀ ’ਤੇ ਗਈ। ਕਿਵੇਂ ਬਾਣੀਏ ਨੇ ਸਾਹਿਬਾਂ ਦੀ ਖ਼ੁਬਸੂਰਤੀ ਵੇਖ ਕੇ ਸ਼ੀਸ਼ੀ ’ਚ ਤੇਲ ਦੀ ਥਾਂ ਸ਼ਹਿਦ ਪਾ ਦਿਤਾ ਤੇ ਜੱਟ ਉਸ ਦੀ ਖ਼ੂਬਸੂਰਤੀ ਵੇਖ ਕੇ ਅਪਣੇ ਬਲਦ ਗਵਾ ਬੈਠਾ। ਇਸੇ ਤਰ੍ਹਾਂ ਮਿਰਜ਼ੇ ਜੱਟ ਦੀ ਸੋਹਣੀ ਸੂਰਤ ਦੀ ਵੀ ਸਭ ਕਿੱਸਾਕਾਰਾਂ ਨੇ ਤਾਰੀਫ਼ ਕੀਤੀ ਹੈ ਤੇ ਹੰਕਾਰੀ ਇੰਨਾ ਕਿ ਕਹਿੰਦਾ ਹੈ, ‘ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖ਼ੁਦਾ’। ਪੂਰੇ ਕਿੱਸੇ ’ਚ ਉਨ੍ਹਾਂ ਦੀਆਂ ਸੀਰਤਾਂ ਬਾਰੇ ਕੋਈ ਗੱਲ ਨਹੀਂ ਲਿਖੀ ਗਈ। ਸਗੋਂ ਗੱਲ ਤਾਂ ਉਹਨਾਂ ਦੋਵਾਂ ਦੇ ਹੀ ਉਲਟ ਜਾਂਦੀ ਹੈ ਕਿ ਮਾਂ ਪਿਉ ਦੀ ਇੱਜ਼ਤ ਦੀ ਪ੍ਰਵਾਹ ਕੀਤੇ ਬਗ਼ੈਰ ਸਾਹਿਬਾਂ ਵਿਆਹ ਸਮੇਂ ਮਿਰਜ਼ੇ ਨਾਲ ਨਿੱਕਲ ਜਾਂਦੀ ਹੈ ਤੇ ਮਿਰਜ਼ਾ ਘਰੇ ਭੈਣ ਦਾ ਵਿਆਹ ਹੋਣ ਦੇ ਬਾਵਜੂਦ ਬਿਨਾਂ ਕਿਸੇ ਇੱਜ਼ਤ ਦੀ ਪ੍ਰਵਾਹ ਕੀਤਿਆਂ ਉਹਨੂੰ ਕੱਢਣ ਚਲਾ ਗਿਆ। ਕਿੱਸੇ ਦਾ ਅੰਤ ਸੱਭ ਨੂੰ ਪਤਾ ਹੈ। ਪੂਰੇ ਕਿੱਸੇ ’ਚ ਮਿਰਜ਼ਾ ਸਾਹਿਬਾਂ ਦੀ ਚੰਗੀ ਸੀਰਤ ਦੇ ਦਰਸ਼ਨ ਕਿਤੇ ਹੁੰਦੇ ਹੋਣ ਤਾਂ ਦੱਸਿਉ।
Bhagat Pooran
ਫਿਰ ਗੱਲ ਯੂਸਫ਼ ਜ਼ੁਲੈਖ਼ਾਂ ਦੀ ਲੈ ਲਉ। ਇਹ ਅਰਬ ਦਾ ਸੱਭ ਤੋਂ ਪੁਰਾਣਾ ਤੇ ਮਸ਼ਹੂਰ ਕਿੱਸਾ ਹੈ। ਜ਼ੁਲੈਖ਼ਾਂ ਕਹਿੰਦੇ ਇੰਨੀ ਖ਼ੂਬਸੂਰਤ ਸੀ ਕਿ ਆਸ ਪਾਸ ਦੇ ਰਾਜਾਂ ਵਿਚ ਉਸ ਵਰਗੀ ਕੋਈ ਸੋਹਣੀ ਕੁੜੀ ਨਹੀਂ ਸੀ। ਦੂਜੇ ਪਾਸੇ ਯੂਸਫ਼ ਏਨਾ ਸੋਹਣਾ ਸੀ ਕਿ ਕਹਿੰਦੇ ਜਦੋਂ ਉਹ ਗਲੀਆਂ ਵਿਚ ਨਿਕਲਦਾ ਤਾਂ ਸਬਜ਼ੀ ਚੀਰ ਰਹੀਆਂ ਕੁੜੀਆਂ ਉਸ ਦੀ ਖ਼ੂਬਸੂਰਤੀ ਵੇਖ ਕੇ ਏਨਾ ਆਨੰਦਿਤ ਹੋ ਉਠਦੀਆਂ ਕਿ ਬੇਧਿਆਨੀ ’ਚ ਉਨ੍ਹਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ। ਵੱਡੀ ਗੱਲ ਇਹ ਕਿ ਇਸ ਕਿੱਸੇ ਵਿਚ ਯੂਸਫ਼ ਤੇ ਜ਼ੁਲੈਖ਼ਾਂ ਨੂੰ ਇਕ ਦੂਜੇ ਨੂੰ ਵੇਖੇ ਬਗ਼ੈਰ, ਸਿਰਫ਼ ਲੋਕਾਂ ਤੋਂ ਇਕ ਦੂਜੇ ਦੇ ਹੁਸਨ ਦੀ ਤਾਰੀਫ਼ ਸੁਣ ਕੇ ਹੀ ਇਸ਼ਕ ਹੋ ਗਿਆ। ਯੂਸਫ਼ ਜ਼ੁਲੈਖ਼ਾਂ ਦੀ ਚੰਗਿਆਈ, ਪੜ੍ਹਾਈ ਲਿਖਾਈ, ਤਹਿਜ਼ੀਬ, ਵਧੀਆ ਆਚਰਣ ਬਾਰੇ ਕੱਖ ਪਤਾ ਨਹੀਂ ਲਗਦਾ। ਫਿਰ ਸੀਰਤਾਂ ਦੀ ਗੱਲ ਕਿਤਾਬੀ ਵਿਦਵਾਨਾਂ ਨੇ ਪਤਾ ਨਹੀਂ ਕਿਥੋਂ ਵਾੜ ਦਿਤੀ। ਇਸੇ ਪ੍ਰਕਾਰ ਹੋਰ ਸਭ ਪ੍ਰੀਤ ਕਿੱਸੇ ਜਿਵੇਂ ਕਿ ਸ਼ੀਰੀਂ-ਫ਼ਰਹਾਦ, ਸੱਸੀ-ਪੁਨੂੰ, ਸਹਿਤੀ-ਮੁਰਾਦ, ਸੋਹਣੀ-ਮਹੀਵਾਲ, ਲੈਲਾ-ਮਜਨੂੰ ਆਦਿ ਵਿਚ ਸਿਰਫ਼ ਖ਼ੂਬਸੂਰਤੀ ਤੇ ਇਸ਼ਕ ਦਾ ਹੀ ਜ਼ਿਕਰ ਮਿਲਦਾ ਹੈ। ਉਨ੍ਹਾਂ ਦੀਆਂ ਸੀਰਤਾਂ ਬਾਬਤ ਕੱਖ ਪਤਾ ਨਹੀਂ ਚਲਦਾ। ਹੁਣ ਸੋਚੋ ਕਿ ਇਨ੍ਹਾਂ ਨਾਲੋਂ ਵੱਧ ਕਿੰਨੀਆਂ ਚੰਗੀਆਂ ਸੀਰਤਾਂ ਵਾਲੇ ਲੱਖਾਂ ਮੁੰਡੇ ਕੁੜੀਆਂ ਉਦੋਂ ਹੋਣਗੇ ਪ੍ਰੰਤੂ ਉਨ੍ਹਾਂ ਦੀ ਸੀਰਤ ਤੇ ਇਹ ਲੋਕ ਮੋਹਿਤ ਕਿਉਂ ਨਾ ਹੋਏ।
Wedding
ਅੱਜ ਦੀ ਹਕੀਕਤ ਦੀ ਗੱਲ ਕਰ ਲੈਂਦੇ ਹਾਂ। ਅੱਜਕਲ ਆਮ ਤੌਰ ਤੇ ਲਵ ਮੈਰਿਜਾਂ ਦਾ ਦੌਰ ਹੈ। ਪ੍ਰੰਤੂ ਤੁਸੀ ਵੇਖਿਆ ਹੋਵੇਗਾ ਕਿ 50% ਕੇਸਾਂ ਵਿਚ ਮੁੰਡਾ ਤੇ ਕੁੜੀ ਇਕ ਦੂਜੇ ਦੀ ਖ਼ੂਬਸੂਰਤੀ ਵੇਖਦੇ ਹਨ ਤੇ ਰਹਿੰਦੇ 50% ਕੇਸਾਂ ਵਿਚ ਇਕ ਦੂਜੇ ਦਾ ਅਹੁਦਾ ਜਾਂ ਜ਼ਮੀਨ। ਪਿਛਲੇ ਦਿਨੀ ਯੂ.ਪੀ ’ਚ ਇਕ 50 ਸਾਲ ਦੇ ਵਿਆਹੇ ਵਰੇ੍ਹ ਵਿਅਕਤੀ ਨੇ ਫ਼ੇਸਬੁੱਕ ਤੇ ਕਿਸੇ ਹੋਰ ਦੀ ਫ਼ੋਟੋ ਅਪਲੋਡ ਕਰ ਕੇ ਅਪਣੇ ਆਪ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਹੋਇਆ ਲਿਖ ਦਿਤਾ। ਕਮਾਲ ਹੋ ਗਈ ਹਜ਼ਾਰਾਂ ਕੁੜੀਆਂ ਨੇ ਉਸ ਨੂੰ ਫ਼ਰੈਂਡ ਬਣਨ ਦੀਆਂ ਬੇਨਤੀਆਂ ਭੇਜੀਆਂ। ਸੈਂਕੜੇ ਕੁੜੀਆਂ ਨੇ ਅਪਣੇ ਮੋਬਾਈਲ ਨੰਬਰ ਦੇ ਦਿਤੇ ਤੇ ਉਹ ਅਧਖੜ ਵਿਅਕਤੀ ਸਾਰਾ ਦਿਨ ਫ਼ੋਨ ਤੇ ਲੱਗਾ ਰਹਿੰਦਾ। ਉਸ ਦੀ ਘਰ ਵਾਲੀ ਉਸ ਨਾਲ ਲੜਦੀ ਰਹਿੰਦੀ। ਉਸ ਨੇ ਕੰਮ ’ਤੇ ਜਾਣਾ ਛੱਡ ਦਿਤਾ ਤੇ ਘਰੇ ਭੁੱਖੇ ਮਰਨ ਦੀ ਨੌਬਤ ਆ ਗਈ। ਫਿਰ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਇਹ ਸਾਰੀ ਗੱਲ ਸਾਹਮਣੇ ਆਈ। ਗੱਲ ਸਿਰਫ਼ ਉਸ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਦੀ ਸੀ। ਬਾਕੀ ਉਹ ਕੀ ਸੀ, ਕੀ ਕਰਦਾ ਸੀ, ਸੀਰਤ ਕਿਵੇਂ ਦੀ ਸੀ, ਕਿਸੇ ਕੁੜੀ ਨੂੰ ਇਸ ਨਾਲ ਮਤਲਬ ਨਹੀਂ ਸੀ। ਇਸ ਤੋਂ ਬਿਨਾਂ ਅਰੇਂਜ ਮੈਰਿਜ ਵਿਚ ਵੀ ਕੁੜੀ ਦੇ ਮਾਂ-ਬਾਪ ਜ਼ਿਆਦਾਤਰ ਮੁੰਡੇ ਦੀ ਸ਼ਕਲ, ਨੌਕਰੀ ਤੇ ਜ਼ਮੀਨ ਜ਼ਾਇਦਾਦ ਹੀ ਵੇਖਦੇ ਹਨ। ਮੁੰਡੇ ਦੀਆ ਕਮੀਆਂ ਉਸ ਦੀ ਜ਼ਮੀਨ ਜ਼ਾਇਦਾਦ ਲੁਕੋ ਲੈਂਦੇ ਹਨ।
ਮੇਰੇ ਅਪਣੇ ਵੇਖਣ ਵਿਚ ਇਕ ਜਾਣਕਾਰ ਨੇ ਅਪਣੀ ਇਕ ਕੁੜੀ ਦਾ ਰਿਸ਼ਤਾ ਇਕ ਅਮੀਰ ਖ਼ਾਨਦਾਨ ਵਿਚ ਕਰ ਦਿਤਾ। ਮੁੰਡੇ ਨੂੰ 35-40 ਕਿਲੇ ਜ਼ਮੀਨ ਆਉਂਦੀ ਸੀ ਤੇ ਸੀ ਵੀ ਕਾਫ਼ੀ ਸੋਹਣਾ। ਪ੍ਰੰਤੂ ਮੁੰਡਾ ਅਫ਼ੀਮ ਖਾਣ ਦਾ ਆਦੀ ਸੀ। ਇਹ ਗੱਲ ਕੁੜੀ ਦੇ ਮਾਪਿਆ ਨੂੰ ਪਹਿਲਾਂ ਹੀ ਪਤਾ ਸੀ। ਪ੍ਰੰਤੂ ਉਨ੍ਹਾਂ ਨੇ ਇਹ ਕਹਿ ਕੇ ਗੱਲ ਅਣਗੌਲੀ ਕਰ ਦਿਤੀ ਕਿ ਵੱਡੇ ਘਰਾਂ ਦੇ ਮੁੰਡੇ ਅਫ਼ੀਮ ਖਾ ਹੀ ਲੈਂਦੇ ਹਨ। ਪੂਰੀ ਸ਼ਾਨੋ ਸ਼ੌਕਤ ਨਾਲ ਵਿਆਹ ਹੋਇਆ ਤੇ 2-3 ਸਾਲਾਂ ਬਾਅਦ ਤਲਾਕ ਹੋ ਗਿਆ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਅਫ਼ੀਮ ਹੀ ਨਹੀਂ ਸਮੈਕ ਵੀ ਪੀਂਦਾ ਸੀ। ਤਲਾਕ ਹੋਣਾ ਹੀ ਸੀ ਕਿਉਂਕਿ ਵਿਆਹ ਮੁੰਡੇ ਦੀ ਜ਼ਾਇਦਾਦ ਤੇ ਸੂਰਤ ਨਾਲ ਹੋਇਆ ਸੀ, ਮੁੰਡੇ ਦੀ ਸੀਰਤ ਨਾਲ ਨਹੀਂ। ਅੱਜਕਲ ਆਇਲਟਸ ਕਰ ਕੇ ਬਾਹਰ ਜਾਣ ਦਾ ਰੁਝਾਨ ਸਿਖਰ ’ਤੇ ਹੈ। ਜ਼ਿਆਦਾਤਰ 7-8 ਬੈਂਡ ਕੁੜੀਆਂ ਹੀ ਪ੍ਰਾਪਤ ਕਰਦੀਆਂ ਹਨ। ਮੁੰਡੇ ਇਥੇ ਵੀ ਫਾਡੀ ਹਨ। ਫਿਰ ਹੁੰਦਾ ਇਹ ਹੈ ਕਿ ਕਿਸੇ ਨਾਲਾਇਕ ਮੁੰਡੇ ਦੇ ਮਾਂ ਬਾਪ ਜੋ ਖ਼ੁਦ ਆਇਲਟਸ ਦਾ ਟੈਸਟ ਪਾਸ ਨਹੀਂ ਕਰ ਸਕਦਾ, ਉਸ ਵਾਸਤੇ 7-8 ਬੈਂਡ ਵਾਲੀ ਕੁੜੀ ਲਭਦੇ ਹਨ।
IELTS
ਮੁੰਡੇ ਵਾਲੇ ਸਿਰਫ਼ ਕੁੜੀ ਦੇ ਬੈਂਡ ਵੇਖਦੇ ਹਨ ਤੇ ਕੁੜੀ ਵਾਲੇ ਲਭਦੇ ਹਨ ਕਿ ਕੁੜੀ ਦੇ ਵਿਆਹ ’ਤੇ ਵੀ ਪੈਸੇ ਮੁੰਡੇ ਵਾਲੇ ਲਾਉਣ ਤੇ ਉਸ ਨੂੰ ਬਾਹਰ ਭੇਜਣ ’ਤੇ ਵੀ 15-20 ਲੱਖ ਰੁਪਏ ਮੁੰਡੇ ਵਾਲੇ ਲਾਉਣ ਤੇ ਸੌਦਾ ਪੱਕਾ ਹੋ ਜਾਂਦਾ ਹੈ। ਸੀਰਤਾਂ ਦੀ ਗੱਲ ਕਿਤੇ ਨਹੀਂ ਆਉਂਦੀ। ਫਿਰ ਵਿਆਹ ਤੋਂ ਬਾਅਦ ਬਾਹਰੋਂ 2-3 ਸਾਲਾਂ ਬਾਅਦ ਤਲਾਕ ਦੀ ਖ਼ਬਰ ਪਹੁੰਚ ਜਾਂਦੀ ਹੈ। ਜਾਂ ਤਾਂ ਇਹ ਹੁੰਦਾ ਹੈ ਕਿ ਮੁੰਡੇ ਪੀ.ਆਰ ਪ੍ਰਾਪਤ ਕਰ ਕੇ ਕੁੜੀ ਨੂੰ ਤਲਾਕ ਦੇ ਦਿੰਦੇ ਹਨ। ਕਿਉਂਕਿ ਪਹਿਲਾ ਵਿਆਹ ਤਾਂ ਉਨ੍ਹਾਂ ਦੀ ਪੀ.ਆਰ ਦੀ ਪੌੜੀ ਮਾਤਰ ਹੀ ਹੁੰਦਾ ਹੈ। ਫਿਰ ਇਥੋਂ ਹੋਰ ਕੋਈ ਪੈਸੇ ਵਾਲਾ ਘਰ ਲੱਭ ਕੇ ਪਿਛਲੇ ਵਿਆਹ ’ਤੇ ਲਾਏ ਪੈਸੇ ਵੀ ਵਸੂਲ ਕਰ ਲੈਂਦੇ ਹਨ ਜਾਂ ਇਹ ਹੁੰਦਾ ਹੈ ਕਿ ਬਾਹਰ ਜਾ ਕੇ ਕੁੜੀ ਮੁੰਡੇ ਨੂੰ ਤਲਾਕ ਦੇ ਦਿੰਦੀ ਹੈ। ਕਿਉਂਕਿ ਕਈ ਵਾਰ ਜਾਂ ਤਾ ਕੁੜੀ ਦੇ ਮਾਪੇ ਇੰਨੇ ਪੈਸੇ ਨਹੀਂ ਲਾ ਸਕਦੇ ਹੁੰਦੇ ਜਾਂ ਇਕੱਲੀ ਨੂੰ ਬਾਹਰ ਨਹੀਂ ਤੋਰਨਾ ਚਾਹੁੰਦੇ ਜਾਂ ਕੁੜੀ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ ਹੁੰਦੇ ਤੇ ਉਧਰ ਜਾ ਕੇ ਕੁੜੀ ਮਾਪਿਆਂ ਦੀ ਵਲਗਣ ਚੋਂ ਆਜ਼ਾਦ ਹੋ ਜਾਂਦੀ ਹੈ ਤੇ ਤਲਾਕ ਦੇ ਕੇ ਜਾਂ ਤਾਂ ਨਵਾਂ ਮੁੰਡਾ ਲੱਭ ਲੈਂਦੀ ਹੈ ਜਾਂ ਪੁਰਾਣੇ ਦੋਸਤ ਨੂੰ ਵਿਆਹ ਕੇ ਲੈ ਜਾਂਦੀ ਹੈ। ਸੀਰਤਾਂ ਨੂੰ ਨਾ ਕੋਈ ਪੁਛਦਾ ਹੈ, ਨਾ ਉਨ੍ਹਾਂ ਦਾ ਕੋਈ ਮੁੱਲ ਪੈਂਦਾ ਹੈ।
Wedding advertisement
ਅੱਗੇ ਵੇਖੀਏ, ਅੱਜਕਲ ਅਖ਼ਬਾਰ ਵਿਆਹਾਂ ਦੇ ਇਸ਼ਤਿਹਾਰਾਂ ਨਾਲ ਭਰੇ ਪਏ ਹੁੰਦੇ ਹਨ। ਉਥੇ ਇਹ ਇਸ਼ਤਿਹਾਰ ਵੇਖ ਕੇ ਹੈਰਾਨ ਰਹਿ ਜਾਈਦਾ ਹੈ ਕਿ ਮੁੰਡੇ ਵਲੋਂ ਅਕਸਰ ਲਿਖਿਆ ਮਿਲਦਾ ਹੈ ਕਿ ਅੇਨੇ ਕੱਦ, ਐਨੇ ਪੜ੍ਹੇ ਲਿਖੇ, ਐਨੀ ਜ਼ਮੀਨ ਜ਼ਾਇਦਾਦ ਜਾਂ ਇਹ ਨੌਕਰੀ ਕਰਦੇ ਮੁੰਡੇ ਵਾਸਤੇ ‘ਕੈਟਰੀਨਾ ਕੈਫ਼ ਵਰਗੀ ਕੁੜੀ ਚਾਹੀਏ ਜਾਂ ਆਲੀਆ ਭੱਟ ਵਰਗੀ ਕੁੜੀ ਚਾਈਏ’। ਕਦੇ ਇਹ ਨਹੀਂ ਲਿਖਿਆ ਮਿਲਦਾ ਕਿ ਅਰੁੰਧਾਤੀ ਰਾਏ ਵਰਗੀ ਪੜ੍ਹੀ ਲਿਖੀ ਬੁੱਕਰ ਪ੍ਰਾਈਜ਼ ਵਿਨਰ ਕੁੜੀ ਚਾਹੀਦੀ ਹੈ। ਹੈ ਨਾ ਕਮਾਲ ਦੀ ਗੱਲ। ਸੀਰਤ ਦਾ ਜ਼ਿਕਰ ਤਕ ਨਹੀਂ ਹੁੰਦਾ। ਕੁੜੀਆਂ ਵਲੋਂ ਇਸ਼ਤਿਹਾਰ ਹੁੰਦਾ ਹੈ ਕਿ ਐਨੀ ਪੜ੍ਹੀ ਲਿਖੀ, ਐਨੇ ਕੱਦ, ਅਜਿਹੀ ਨੌਕਰੀ ਕਰਦੀ ਜਾਂ ਐਨੇ ਬੈਂਡ ਪ੍ਰਾਪਤ ਕਰਦੀ ਜੱਟ ਸਿੱਖ ਕੁੜੀ ਵਾਸਤੇ ਕਲੀਨ ਸ਼ੇਵ ਮੁੰਡਾ ਚਾਹੀਏ। ਯਾਨਿ ਕਿ ਸਰਦਾਰ ਮੁੰਡਾ ਭਾਵੇਂ ਇੰਜਨੀਅਰ ਹੋਵੇ, ਭਾਵੇਂ ਡਾਕਟਰ ਹੋਵੇ, ਭਾਵੇਂ ਚੰਗੀ ਖੇਤੀ ਕਰਦਾ ਹੋਵੇ, ਸਭ ਇਕੇ ਰੱਸੇ ਬੰਨ੍ਹ ਕੇ ਸੁੱਟ ਦਿਤੇ ਜਾਂਦੇ ਹਨ ਤੇ ਉਨ੍ਹਾਂ ਦੀ ਸੀਰਤ ਭਾਵੇਂ ਜਿੰਨੀ ਮਰਜ਼ੀ ਸੋਹਣੀ ਹੋਵੇ, ਨਹੀਂ ਚਾਹੀਦੇ। ਇਹ ਗੱਲ ਹਕੀਕਤ ਹੈ ਕਿ ਅੱਜਕਲ ਪੰਜਾਬ ’ਚ ਜ਼ਿਆਦਾਤਰ ਮੁੰਡੇ ਕੁੜੀਆ ਨੂੰ ਕਾਰ, ਕੈਸ਼ ਤੇ ਕੋਠੀ ਹੀ ਚਾਹੀਦੀ ਹੈ।
ਇਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਜੋ ਮੇਰੀ ਵੇਖੀ ਹੋਈ ਹੈ। ਅੱਜ ਤੋਂ 14-15 ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੀ ਜਾਣ ਪਛਾਣ ’ਚੋਂ ਕਿਸੇ ਮੁੰਡੇ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਮੁੰਡੇ ਨੂੰ 27 ਕਿੱਲੇ ਜ਼ਮੀਨ ਆਉਂਦੀ ਸੀ ਤੇ ਇਕੱਲਾ ਸੀ। ਬੀ.ਏ ਕੀਤੀ ਹੋਈ ਸੀ ਤੇ ਨਸ਼ਾ ਛੱਡੋ ਆਂਡਾ ਮੀਟ ਵੀ ਨਹੀਂ ਖਾਂਦਾ ਸੀ, ਭਾਵ ਪੂਰਨ ਵੈਸ਼ਨੋ ਸੀ। ਪ੍ਰੰਤੂ ਕੁੜੀ ਦੀ ਨਜ਼ਰ ’ਚ ਇਕ ਕਮੀ ਸੀ ਕਿ ਮੁੰਡਾ ਸਰਦਾਰ ਸੀ, ਕਲੀਨ ਸ਼ੇਵ ਨਹੀਂ ਸੀ। ਉਹ ਕੁੜੀ ਵੀ ਉਸ ਮੁੰਡੇ ਦੀ ਮਾਮੀ ਦੀ ਭੂਆ ਦੀ ਪੋਤੀ ਸੀ। ਜਦੋਂ ਵਿਆਹ ਦੀ ਗੱਲ ਤੁਰੀ ਤਾਂ ਕੁੜੀ ਦੇ ਮਾਪਿਆਂ ਨੂੰ ਤਾਂ ਸਾਰੀ ਗੱਲ ਜਚ ਗਈ ਪ੍ਰੰਤੂ ਕੁੜੀ ਨੇ ਇਹ ਕਹਿ ਕੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿਤਾ ਕਿ ਮੁੰਡਾ ਕਲੀਨ ਸ਼ੇਵ ਨਹੀਂ ਹਾਲਾਂਕਿ ਕੁੜੀ ਦੇ ਮਾਂ ਬਾਪ ਦੋਵੇਂ ਹੀ ਅੰਮ੍ਰਿਤਧਾਰੀ ਸਨ। ਚਲੋ ਮੁੰਡੇ ਦਾ ਤਾਂ ਉਸੇ ਸਾਲ ਕਿਤੇ ਹੋਰ ਵਿਆਹ ਹੋ ਗਿਆ ਪ੍ਰੰਤੂ ਉਸ ਕੁੜੀ ਨੇ ਫਿਰ ਖ਼ੁਦ ਇਕ ਕਲੀਨ ਸ਼ੇਵ ਮੁੰਡਾ ਲਭਿਆ ਜੋ ਵਿਆਹ ਸ਼ਾਦੀ ਸਮੇਂ ਪੈੱਗ ਵੀ ਲਾ ਲੈਂਦਾ ਸੀ।
ਜ਼ਮੀਨ ਵੀ 6-7 ਕਿਲੇ ਸੀ। ਉਸ ਨਾਲ 2 ਸਾਲ ਬਾਅਦ ਵਿਆਹ ਕਰਵਾ ਲਿਆ। ਯਾਨਿ ਕਿ ਲਵ ਮੈਰਿਜ। ਪੜ੍ਹਾਈ ਲਿਖਾਈ, ਜ਼ਮੀਨ ਜ਼ਾਇਦਾਦ, ਵੈਸ਼ਨੂੰ ਹੋਣਾ ਇਕੱਲਾ ਹੋਣਾ ਆਦਿ ਗੁਣਾਂ ਦਾ ਉਸ ਸਰਦਾਰ ਮੁੰਡੇ ਵਾਸਤੇ ਧੇਲਾ ਮੁੱਲ ਨਾ ਪਿਆ। ਕਹਿਣ ਨੂੰ ਤਾਂ ਇਹ ਉਸ ਕੁੜੀ ਦੀ ਵਿਅਕਤੀਗਤ ਆਜ਼ਾਦੀ ਵੀ ਕਹੀ ਜਾ ਸਕਦੀ ਹੈ ਪ੍ਰੰਤੂ ਗੱਲ ਸੀਰਤਾਂ ਦੇ ਮੁੱਲ ਦੀ ਹੈ। ਹੁਣ ਜੇਕਰ ਉਹੀ ਸਰਦਾਰ ਮੁੰਡਾ ਕਲੀਨਸ਼ੇਵ ਹੁੰਦਾ ਤਾਂ ਭਾਵੇ ਜ਼ਮੀਨ ਘੱਟ ਹੁੰਦੀ, ਭਾਵੇਂ ਵੈਸ਼ਨੂੰ ਨਾਂ ਹੁੰਦਾ ਤੇ ਭਾਵੇਂ 4-5 ਭੈਣ ਭਰਾ ਹੁੰਦੇ, ਕੁੜੀ ਨੂੰ ਸਭ ਮਨਜ਼ੂਰ ਸੀ।
sardar
ਪ੍ਰੰਤੂ ਇਕ ਸਰਦਾਰ ਹੋਣ ਪੱਖੋਂ ਉਸ ਮੁੰਡੇ ਦੇ ਸਾਰੇ ਗੁਣ ਉਸ ਕੁੜੀ ਵਾਸਤੇ ਔਗੁਣਾਂ ’ਚ ਤਬਦੀਲ ਹੋ ਗਏ। ਸੋ ਅੰਤ ਵਿਚ ਮੈਂ ਕਹਿਣਾ ਚਾਹਾਂਗਾ ਕਿ ਅੱਜ ਤਕ ਕਿਤਾਬਾਂ ਵਿਚ ਸੀਰਤਾਂ ਬਾਬਤ ਅਸੀਂ ਜੋ ਕੁਝ ਵੀ ਪੜ੍ਹਦੇ ਹਾਂ, ਉਸ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ। ਆਦਿ ਕਾਲ ਤੋਂ ਇਥੇ ਸਿਰਫ਼ ਸੋਹਣੀਆਂ ਸੂਰਤਾਂ ਤੇ ਜ਼ਮੀਨਾਂ ਜ਼ਾਇਦਾਦਾਂ, ਅਹੁਦਿਆਂ ਆਦਿ ਦੇ ਮੁੱਲ ਪੈਂਦੇ ਆਏ ਹਨ, ਸਿਰਫ਼ ਇਕ ਅੱਧੇ ਕੇਸ ਨੂੰ ਛੱਡ ਕੇ। ਮੈਂ ਅਪਣੀ 37 ਸਾਲ ਦੀ ਉਮਰ ’ਚ ਅੱਜ ਤਕ ਅਜਿਹਾ ਇਕ ਵੀ ਕੇਸ ਨਹੀਂ ਵੇਖਿਆ ਜਿਥੇ ਸੀਰਤ ਦਾ ਮੁੱਲ ਪਿਆ ਹੋਵੇ। ਕਹਿਣ ਨੁੰ ਤਾਂ ਹਰ ਕੋਈ ਸੀਰਤਾਂ ਦੀ ਤਾਰੀਫ਼ ਕਰਦਾ ਹੈ ਪ੍ਰੰਤੂ ਪਰਖ ਦੀ ਘੜੀ ’ਚ ਮੁੱਲ ਸੂਰਤਾਂ ਦਾ ਹੀ ਪੈਂਦਾ ਹੈ, ਚਾਹੇ ਉਹ ਇਨਸਾਨੀ ਹੋਣ ਜਾਂ ਪਦਾਰਥਕ।
ਲੂਣਾਂ ਨੇ ਪੂਰਨ ਨੂੰ ਵੱਢ ਕੇ ਕਿਉਂ ਸੁਟ ਦਿਤਾ?
ਕਿੱਸੇ ਸਿਰਫ਼ ਸੋਹਣੀਆਂ ਸੂਰਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਚੰਗੀ ਸੀਰਤ ਦੀ ਤਾਂ ਗੱਲ ਵੀ ਨਹੀਂ ਕਰਦੇ! ਦੋਵੇਂ ਧਿਰਾਂ ਇਕ ਦੂਜੇ ਦੀ ਖ਼ੂਬਸੂਰਤੀ ਹੀ ਵੇਖਦੀਆਂ ਸਨ, ਦੂਜੀ ਧਿਰ ਦੀ ਚੰਗੀ ਸੀਰਤ ਬਾਰੇ ਵੀ ਉਨ੍ਹਾਂ ਕੋਈ ਗੱਲ ਕੀਤੀ, ਇਸ ਦਾ ਤਾਂ ਜ਼ਿਕਰ ਵੀ ਨਹੀਂ ਆਉਂਦਾ। ਲੂਣਾਂ ਨੂੰ ਪੂਰਨ ਦੀ ਸੂਰਤ ਚਾਹੀਦੀ ਸੀ, ਸੀਰਤ ਨਹੀਂ, ਇਸ ਲਈ ਉਸ ਨੇ ਪੂਰਨ ਨੂੰ ਵਢਵਾ ਕੇ ਖੂਹ ਵਿਚ ਸੁਟਵਾ ਦਿਤਾ।
Kissa Bhagat Pooran
ਕਿੱਸਾ ਪੂਰਨ ਭਗਤ
ਗੱਲ ਪੂਰਨ ਭਗਤ ਦੀ ਕਰ ਲੈਦੇ ਹਾਂ। ਲੂਣਾਂ ਨਾਲ ਸਲਵਾਨ ਨੇ ਵਿਆਹ ਇਸ ਲਈ ਰਚਾਇਆ ਕਿਉਂਕਿ ਲੂਣਾਂ ਦੀ ਖ਼ੂਬਸੂਰਤੀ ਦੇ ਚਰਚੇ ਚਾਰੇ ਪਾਸੇ ਸਨ, ਨਹੀਂ ਤਾਂ ਕੁੜੀਆਂ ਤਾਂ ਹੋਰ ਵੀ ਲੂਣਾਂ ਨਾਲੋਂ ਹਜ਼ਾਰਾਂ ਗੁਣਾ ਲਿਆਕਤ ਵਾਲੀਆਂ ਹੋਣਗੀਆਂ। ਤੇ ਗੱਲ ਇਹ ਵੀ ਸੀ ਕਿ ਲੂਣਾ ਸਲਵਾਨ ਦੀ ਧੀ ਦੀ ਉਮਰ ਦੀ ਸੀ। ਲੂਣਾ ਦੀ ਸੀਰਤ ਨਾਲ ਸਲਵਾਨ ਨੂੰ ਰੱਤੀ ਭਰ ਵੀ ਵਾਹ ਵਾਸਤਾ ਨਹੀਂ ਸੀ ਤੇ ਅੱਗੋਂ ਜਦ ਲੂਣਾ ਪੂਰਨ ਤੇ ਮੋਹਿਤ ਹੁੰਦੀ ਹੈ ਤਾਂ ਗੱਲ ਇਥੇ ਵੀ ਪੂਰਨ ਦੀ ਖ਼ੂਬਸੂਰਤੀ ’ਤੇ ਹੀ ਆਉਂਦੀ ਹੈ। ਨਹੀਂ ਤਾਂ ਰਾਜ ਵਿਚ ਹੋਰ ਬਥੇਰੇ ਦਰਬਾਰੀ ਮੁੰਡੇ ਹੋਣਗੇ। ਪ੍ਰੰਤੂ ਪੂਰਨ ਦੀ ਸੀਰਤ ਵੀ ਸੋਹਣੀ ਸੀ ਤੇ ਉਸ ਨੇ ਲੂਣਾ ਦਾ ਇਸ਼ਕ ਪ੍ਰਵਾਨ ਨਾ ਕੀਤਾ। ਪ੍ਰੰਤੂ ਲੂਣਾ ਨੂੰ ਪੂਰਨ ਦੀ ਸੂਰਤ ਚਾਹੀਦੀ ਸੀ, ਸੀਰਤ ਨਾਲ ਰੱਤੀ ਭਰ ਮਤਲਬ ਨਹੀਂ ਸੀ। ਤਾਂ ਹੀ ਪੂਰਨ ਨੂੰ ਵਢਵਾ ਕੇ ਖੂਹ ’ਚ ਸੁੱਟਣ ਸਮੇਂ ਉਸ ਨੂੰ ਭੋਰਾ ਤਰਸ ਨਾ ਆਇਆ।
Mirza Sahiba
ਕਿੱਸਾ ਮਿਰਜ਼ਾ ਸਾਹਿਬਾਂ
ਮਿਰਜ਼ਾ ਸਾਹਿਬਾਂ ਦਾ ਕਿੱਸਾ ਲੈ ਲਉ। ਪੀਲੂ, ਸਾਹਿਬਾਂ ਦੀ ਖ਼ੂਬਸੂਰਤੀ ਬਿਆਨ ਕਰਦਾ ਲਿਖਦਾ ਹੈ ਕਿ ਕਿਵੇਂ ਸਾਹਿਬਾਂ ਤੇਲ ਲੈਣ ਬਾਣੀਏ ਦੀ ਹੱਟੀ ’ਤੇ ਗਈ। ਕਿਵੇਂ ਬਾਣੀਏ ਨੇ ਸਾਹਿਬਾਂ ਦੀ ਖ਼ੁਬਸੂਰਤੀ ਵੇਖ ਕੇ ਸ਼ੀਸ਼ੀ ’ਚ ਤੇਲ ਦੀ ਥਾਂ ਸ਼ਹਿਦ ਪਾ ਦਿਤਾ ਤੇ ਜੱਟ ਉਸ ਦੀ ਖ਼ੂਬਸੂਰਤੀ ਵੇਖ ਕੇ ਅਪਣੇ ਬਲਦ ਗਵਾ ਬੈਠਾ। ਇਸੇ ਤਰ੍ਹਾਂ ਮਿਰਜ਼ੇ ਜੱਟ ਦੀ ਸੋਹਣੀ ਸੂਰਤ ਦੀ ਵੀ ਸਭ ਕਿੱਸਾਕਾਰਾਂ ਨੇ ਤਾਰੀਫ਼ ਕੀਤੀ ਹੈ ਤੇ ਹੰਕਾਰੀ ਇੰਨਾ ਕਿ ਕਹਿੰਦਾ ਹੈ, ‘ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖ਼ੁਦਾ’। ਪੂਰੇ ਕਿੱਸੇ ’ਚ ਉਨ੍ਹਾਂ ਦੀਆਂ ਸੀਰਤਾਂ ਬਾਰੇ ਕੋਈ ਗੱਲ ਨਹੀਂ ਲਿਖੀ ਗਈ। ਸਗੋਂ ਗੱਲ ਤਾਂ ਉਹਨਾਂ ਦੋਵਾਂ ਦੇ ਹੀ ਉਲਟ ਜਾਂਦੀ ਹੈ ਕਿ ਮਾਂ ਪਿਉ ਦੀ ਇੱਜ਼ਤ ਦੀ ਪ੍ਰਵਾਹ ਕੀਤੇ ਬਗ਼ੈਰ ਸਾਹਿਬਾਂ ਵਿਆਹ ਸਮੇਂ ਮਿਰਜ਼ੇ ਨਾਲ ਨਿਕਲ ਜਾਂਦੀ ਹੈ ਤੇ ਮਿਰਜ਼ਾ ਘਰੇ ਭੈਣ ਦਾ ਵਿਆਹ ਹੋਣ ਦੇ ਬਾਵਜੂਦ ਬਿਨਾਂ ਕਿਸੇ ਇੱਜ਼ਤ ਦੀ ਪ੍ਰਵਾਹ ਕੀਤਿਆਂ ਉਹਨੂੰ ਕੱਢਣ ਚਲਾ ਗਿਆ। ਕਿੱਸੇ ਦਾ ਅੰਤ ਸੱਭ ਨੂੰ ਪਤਾ ਹੈ। ਪੂਰੇ ਕਿੱਸੇ ’ਚ ਮਿਰਜ਼ਾ-ਸਾਹਿਬਾਂ ਦੀ ਚੰਗੀ ਸੀਰਤ ਦੇ ਦਰਸ਼ਨ ਕਿਤੇ ਹੁੰਦੇ ਹੋਣ ਤਾਂ ਦਸਿਉ।