Special article : ਜ਼ਿੰਦਗੀ ਭਰ ਪਰਖਾਂ 'ਚੋਂ ਲੰਘਦੀ 'ਭਾਰਤੀ ਨਾਰੀ'

By : BALJINDERK

Published : Aug 22, 2024, 11:45 am IST
Updated : Aug 22, 2024, 11:45 am IST
SHARE ARTICLE
file photo
file photo

Special article : ਜ਼ਿੰਦਗੀ ਭਰ ਪਰਖਾਂ 'ਚੋਂ ਲੰਘਦੀ 'ਭਾਰਤੀ ਨਾਰੀ'

Special article : ਇਕ ਔਰਤ ਨੂੰ ਅਪਣੇ ਜਨਮ ਤੋਂ ਲੈ ਕੇ ਆਖ਼ਰੀ ਸਾਹਾਂ ਤਕ ਅਨੇਕ ਚੁਣੌਤੀ ਪੂਰਨ ਪੜ੍ਹਾਵਾਂ ’ਚੋਂ ਲੰਘਣਾ ਪੈਂਦਾ ਹੈ ਅਤੇ ਅਨੇਕਾਂ ਹੀ ਔਖੇ ਹਾਲਾਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਸ ਨੂੰ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿਚ ਕਈ ਔਖੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਔਖੇ ਇਮਤਿਹਾਨ ਵੀ ਦੇਣੇ ਪੈਂਦੇ ਹਨ। ਇਸ ਦੌਰਾਨ ਉਸ ਨੂੰ ਅਣਗਿਣਤ ਸਰੀਰਕ, ਮਾਨਸਕ, ਵਿੱਤੀ ਅਤੇ ਭਾਵਨਾਤਮਕ ਕਠਿਨਾਈਆਂ ਸਹਿਣੀਆਂ ਪੈਂਦੀਆਂ ਹਨ ਜਿਸ ਲਈ ਉਸ ਦਾ ਸ੍ਰੀਰਕ ਤੌਰ ’ਤੇ ਤੰਦਰੁਸਤ, ਵਿਦਿਅਕ ਤੌਰ ਤੇ ਕਾਬਲ ਅਤੇ ਦਿਮਾਗ਼ੀ ਤੌਰ ’ਤੇ ਪ੍ਰਪੱਕ ਹੋਣਾ ਬੇਹੱਦ ਲਾਜ਼ਮੀ ਹੁੰਦੈ। 

ਤ੍ਰਾਸਦੀ ਦੀ ਗੱਲ ਇਹ ਹੈ ਕਿ ਲੜਕੀ ਦਾ ਇਮਤਿਹਾਨ ਉਸ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਘਰ ਦੇ ਜੀਅ ਭਵਿੱਖ ਵਿਚ ਬਣਨ ਵਾਲੀ ਮਾਂ ਕੋਲੋਂ ਇਕ ਲੜਕੇ ਦੇ ਜੰਮਣ ਦੀ ਆਸ ਲਗਾਈ ਰਖਦੇ ਹਨ। ਕਈ ਨਾਂਹ-ਪੱਖੀ ਸੋਚ ਵਾਲੇ ਲੋਕ ਮਾਂ ਦੇ ਪੇਟ ’ਚ ਪਲ ਰਹੇ ਬੱਚੇ ਦਾ ਟੈਸਟ ਵੀ ਕਰਵਾਉਂਦੇ ਹਨ, ਭਾਵੇਂ ਅਜਿਹਾ ਕਰਨਾ ਗ਼ੈਰ-ਕਾਨੂੰਨੀ ਕਰਾਰ ਦਿਤਾ ਜਾ ਚੁੱਕਾ ਹੈ।

ਲੜਕੀਆਂ ਨੂੰ ਘਰ ਅਤੇ ਘਰ ਤੋਂ ਬਾਹਰ ਅਨੇਕਾਂ ਪ੍ਰੇਸ਼ਾਨੀਆਂ ਝਲਣੀਆਂ ਪੈਂਦੀਆਂ ਹਨ ਜਿਸ ਲਈ ਉਨ੍ਹਾਂ ਦਾ ਸਰੀਰਕ ਅਤੇ ਮਾਨਸਕ ਤੌਰ ’ਤੇ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ। ਘਰ ਦੇ ਹੀ ਪਿਛਾਂਹ-ਖਿੱਚੂ ਸੋਚ ਵਾਲੇ ਕੁੱਝ ਜੀਅ ਉਸ ਦੀ ਤੁਲਨਾ ਲੜਕੇ ਨਾਲ ਕਰਦੇ ਹਨ ਅਤੇ ਦੂਜੇ ਦਰਜੇ ਦੇ ਸ਼ਹਿਰੀ ਵਾਂਗ ਉਸ ਨਾਲ ਘਟੀਆ ਵਿਹਾਰ ਕਰਦੇ ਹਨ। ਸਮਾਜ ਵਿਚ ਤਾਂ ਲੜਕੀ ਨੂੰ ਹੋਰ ਵੀ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ-ਕਾਲਜ ਜਾਂ ਕੰਮ-ਕਾਜ ਵਾਲੀ ਥਾਂ ’ਤੇ ਲੜਕੀਆਂ ਨੂੰ ਜ਼ਮਾਨੇ ਦੀਆਂ ਭੈੜੀਆਂ ਨਜ਼ਰਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਜਿਸਮਾਨੀ ਛੋਹਾਂ ਜਾਂ ਛੇੜਛਾੜ ਵਰਗੇ ਜਿਨਸੀ ਅਤੇ ਮਾਨਸਕ ਸੰਤਾਪ ਝਲਣੇ ਪੈਂਦੇ ਹਨ। ਅਜਿਹੀਆਂ ਮੁਸ਼ਕਲਾਂ ਵਿਚ ਉਸ ਨੂੰ ਆਸਾਨੀ ਹੋ ਸਕਦੀ ਹੈ ਜੇ ਲੜਕੀ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਮਾਨਸਕ ਤੌਰ ’ਤੇ ਮਜ਼ਬੂਤ ਹੋਵੇ। ਇਕ ਲੜਕੀ ਦੇ ਮਾਪੇ ਉਸ ਦਾ ਵਿਆਹ ਕਰਨ ਮਗਰੋਂ ਅਪਣਾ ਭਾਰ ਹੌਲਾ ਹੋਇਆ ਸਮਝਦੇ ਹਨ ਪਰ ਲੜਕੀ ਉੱਤੇ ਤਾਂ ਜ਼ਿੰਮੇਵਾਰੀਆਂ ਦੀ ਪੰਡ ਲਗਾਤਾਰ ਵਧਦੀ ਹੀ ਜਾਂਦੀ ਹੈ। ਸਹੁਰੇ ਘਰ ਵਿਚ ਨਵੇਂ ਬਣੇ ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਲੜਕੀ ਦੀ ਲਗਾਤਾਰ ਸਰੀਰਕ ਅਤੇ ਮਾਨਸਕ ਪਰਖ ਹੁੰਦੀ ਰਹਿੰਦੀ ਹੈ।

ਇਹ ਇਮਤਿਹਾਨ ਹੋਰ ਵੀ ਡੂੰਘੇ ਹੋ ਜਾਂਦੇ ਹਨ ਜਦੋਂ ਲੜਕੀ ਗਰਭਵਤੀ ਹੋ ਜਾਂਦੀ ਹੈ। ਇਹ ਸਮਾਂ ਉਸ ਦੀ ਜ਼ਿੰਦਗੀ ਦਾ ਮਹੱਤਵਪੂਰਨ ਪੜਾਅ ਹੁੰਦਾ ਹੈ ਜਦੋਂ ਉਸ ਦਾ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੁੰਦਾ ਹੈ। ਅਜਿਹੇ ਸਮੇਂ ਲੜਕੀ ਨੂੰ ਪ੍ਰਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਨਾਲ-ਨਾਲ ਅਪਣੇ ਸਰੀਰ ਦਾ ਧਿਆਨ ਵੀ ਰਖਣਾ ਹੁੰਦਾ ਹੈ ਤਾਂ ਜੋ ਪੇਟ ਵਿਚ ਪਲ ਰਹੇ ਬੱਚੇ ਦੀਆਂ ਖ਼ੁਰਾਕੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਵਿਦਿਅਕ ਤੌਰ ’ਤੇ ਪ੍ਰਪੱਕ ਲੜਕੀ ਉਕਤ ਗੱਲਾਂ ਦਾ ਧਿਆਨ ਰਖਦੀ ਹੋਈ ਪ੍ਰਵਾਰ ਨੂੰ ਹੋਣ ਵਾਲੇ ਲੜਕੇ ਜਾਂ ਲੜਕੀ ਵਿਚਲੇ ਪੱਖ-ਪਾਤੀ ਵਤੀਰੇ ਨੂੰ ਦੂਰ ਕਰਨ ਲਈ ਸਮਝਾ ਵੀ ਸਕਦੀ ਹੈ।

ਲੜਕੀ ਦੇ ਜੀਵਨ ਦਾ ਅਗਲਾ ਪੜਾਅ ਇਕ ਬੱਚੇ ਦੀ ਮਾਂ ਦੇ ਰੂਪ ਵਿਚ ਹੁੰਦਾ ਹੈ ਜਿਸ ਵਿਚ ਇਕ ਵਿਦਿਅਕ ਤੌਰ ’ਤੇ ਕਾਬਲ ਲੜਕੀ ਅਪਣੀ ਸੰਤਾਨ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕਰ ਕੇ ਉਸ ਦੀ ਪੜ੍ਹਾਈ-ਲਿਖਾਈ ਵਿਚ ਸਹਾਈ ਹੋ ਸਕਦੀ ਹੈ ਅਤੇ ਬੱਚੇ ਦੇ ਸੁਨਹਿਰੇ ਭਵਿੱਖ ਲਈ ਮਾਰਗ-ਦਰਸ਼ਕ ਦੀ ਭੂਮਿਕਾ ਨਿਭਾ ਸਕਦੀ ਹੈ।

ਕਈ ਵਾਰ ਪ੍ਰਵਾਰ ਨੂੰ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿਚ ਇਕ ਪੜ੍ਹੀ-ਲਿਖੀ ਲੜਕੀ ਰੁਜ਼ਗਾਰ ਪ੍ਰਾਪਤ ਕਰ ਕੇ ਪ੍ਰਵਾਰ ਨੂੰ ਮੁਸ਼ਕਲ ਸਥਿਤੀ ਵਿਚੋਂ ਬਾਹਰ ਕੱਢਣ ਵਿਚ ਸਹਾਈ ਹੋ ਸਕਦੀ ਹੈ।

ਮੁਕਦੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿਚ ਲੜਕੇ-ਲੜਕੀ ਵਿਚਾਲੇ ਵਿਤਕਰੇ ਨੂੰ ਛੱਡ ਕੇ ਲੜਕੀਆਂ ਦਾ ਪਾਲਣ-ਪੋਸ਼ਣ ਲੜਕਿਆਂ ਵਾਂਗ ਹੀ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਬਣਾਉਣ ਦੇ ਨਾਲ-ਨਾਲ ਵਿਦਿਅਕ ਤੌਰ ’ਤੇ ਕਾਬਲ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਉਹ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਿਆਂ ਹੋਇਆਂ ਪ੍ਰਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਕਰਨ ਵਿਚ ਉਸਾਰੂ ਯੋਗਦਾਨ ਪਾ ਸਕਣ।

ਅਸ਼ਵਨੀ ਚਤਰਥ 

ਸੇਵਾ ਮੁਕਤ ਲੈਕਚਰਾਰ

ਮੋਬਾਇਲ - 62842-20595

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement