
Special Article : ਜਾਣੋ ਪ੍ਰੀਖਿਆਵਾਂ ’ਚ ਸਫ਼ਲ ਹੋਣ ਤੇ ਪੇਪਰ ਹੱਲ ਕਰਨ ਦੇ ਜ਼ਰੂਰੀ ਨੁਕਤੇ
Special Article in Punjabi : ਪ੍ਰੀਖਿਆਵਾਂ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਅਪਣੀ ਪੜ੍ਹਾਈ ਪ੍ਰਤੀ ਵਧੇਰੇ ਸੁਚੇਤ ਹੋਣਾ ਪੈਂਦਾ ਹੈ ਤਾਕਿ ਚੰਗੇ ਅੰਕ ਪ੍ਰਾਪਤ ਕਰ ਕੇ ਸਾਲ ਭਰ ਦੀ ਮਿਹਨਤ ਦਾ ਮੁੱਲ ਪਾਇਆ ਜਾ ਸਕੇ। ਜੇਕਰ ਵਿਦਿਆਰਥੀ ਅਜੇ ਤਕ ਵੀ ਅਪਣੀ ਪੜ੍ਹਾਈ ਪ੍ਰਤੀ ਜਾਗਰੂਕ ਨਹੀਂ ਹੋਏ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਪੜ੍ਹਾਈ-ਲਿਖਾਈ ਵਿਚ ਦਿਲ ਨਾ ਲੱਗਣਾ, ਜੋ ਪੜਿ੍ਹਆ ਹੈ, ਉਹ ਸਮਝ ਨਾ ਆਉਣਾ, ਕਿਵੇਂ ਪੜ੍ਹੀਏ ਜਾਂ ਕਿੱਥੋਂ ਸ਼ੁਰੂਆਤ ਕਰੀਏ ਇਸ ਬਾਰੇ ਪਤਾ ਕਰਨਾ, ਪੜ੍ਹਾਈ ਤੋਂ ਪਾਸਾ ਵੱਟਣਾ ਤੇ ਝੂਠੀ ਘਬਰਾਹਟ ਦਾ ਸਹਾਰਾ ਲੈਣਾ, ਇਹ ਗੱਲਾਂ ਅਕਸਰ ਵਿਦਿਆਰਥੀ ਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਗਲਾਂ ਤੋਂ ਬਚਣ ਲਈ ਸਭ ਤੋਂ ਪਹਿਲਾ ਕੰਮ ਹੈ ਕਦੇ ਪੜ੍ਹਾਈ ਨੂੰ ਬੋਝ ਨਾ ਸਮਝੋ। ਪੜ੍ਹਾਈ ਨੂੰ ਅਪਣੇ ਜੀਵਨ ਦਾ ਰੋਚਕ ਤੇ ਦਿਲਚਸਪ ਵਿਸ਼ਾ ਬਣਾਉ। ਪੜ੍ਹਨ ਨੂੰ ਅਪਣਾ ਸ਼ੌਂਕ ਬਣਾਉ।
ਜੋ ਵਿਦਿਆਰਥੀ ਸ਼ੌਂਕ ਤੇ ਦਿਲਚਸਪੀ ਨਾਲ ਪੜ੍ਹਾਈ ਕਰਦੇ ਹਨ ਉਹ ਜ਼ਿੰਦਗੀ ’ਚ ਹਮੇਸ਼ਾ ਕਾਮਯਾਬੀ ਹਾਸਲ ਕਰਦੇ ਹਨ। ਆਮ ਵੇਖਿਆ ਗਿਆ ਹੈ ਕਿ ਬੱਚਿਆਂ ਵਿਚ ਪੇਪਰਾਂ ਸਬੰਧੀ ਬਹੁਤ ਡਰ ਵਾਲਾ ਮਾਹੌਲ ਹੁੰਦਾ ਹੈ ਖ਼ਾਸ ਕਰ ਕੇ ਬੋਰਡ ਦੇ ਪੇਪਰਾਂ ਸਬੰਧੀ, ਪਰ ਡਰ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੁੰਦਾ। ਸੋ ਚਾਹੀਦਾ ਇਹ ਹੈ ਕਿ ਡਰ ਛੱਡ ਕੇ, ਮਨ ਲਗਾ ਕੇ ਪੂਰੀ ਤਰ੍ਹਾਂ ਪੇਪਰਾਂ ਦੀ ਤਿਆਰੀ ਵਿਚ ਜੁਟ ਜਾਈਏ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਈਏ। ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਜ਼ਰੂਰੀ ਕੰਮ ਹੈ ਟਾਈਮ ਟੇਬਲ ਬਣਾਉਣਾ। ਟਾਈਮ ਟੇਬਲ ਦੇ ਅਨੁਸਾਰ ਪੜ੍ਹਾਈ ਕਰਨੀ ਚਾਹੀਦੀ ਹੈ ਤਾਕਿ ਹਰ ਵਿਸ਼ੇ ਨੂੰ ਬਰਾਬਰ ਤਰਜੀਹ ਦਿਤੀ ਜਾ ਸਕੇ।
ਤੁਹਾਡਾ ਟਾਈਮ ਟੇਬਲ ਪੂਰੀ ਤਰ੍ਹਾਂ ਤਿਆਰ ਹੋ ਜਾਣ ਤੋਂ ਬਾਅਦ ਹੁਣ ਤੁਹਾਨੂੰ ਲੋੜ ਹੁੰਦੀ ਹੈ ਅਪਣੇ ਕੰਮਾਂ ਨੂੰ ਟਾਈਮ ਟੇਬਲ ਦੇ ਅਨੁਸਾਰ ਕਰਨ ਦੀ। ਸੂਚੀ ਵਿਚ ਦਿਤੇ ਗਏ ਸਮੇਂ ਦੇ ਨਾਲ ਹੀ ਉਚਿਤ ਕੰਮ ਕਰਨ ਲਈ ਅਪਣੇ ਆਪ ਨੂੰ ਮਜ਼ਬੂਤ ਬਣਾਉ ਤੇ ਬਣਾਏ ਟਾਈਮ ਟੇਬਲ ਦਾ ਪਾਲਣ ਸੁਚਾਰੂ ਢੰਗ ਨਾਲ ਕਰੋ। ਅਪਣੇ ਆਲਸ ਨੂੰ ਤਿਆਗੋ ਤੇ ਕੰਮ ਨੂੰ ਤੁਰੰਤ ਕਰਨ ਦੀ ਆਦਤ ਪਾਉ। ਜੇਕਰ ਤੁਸੀ ਚਾਹੋ ਤਾਂ ਟਾਈਮ ਟੇਬਲ ਵਿਚ ਫੇਰ ਬਦਲ ਵੀ ਕਰ ਸਕਦੇ ਹੋ। ਜੇਕਰ ਤੁਹਾਨੂੰ ਲਗਦਾ ਹੈ ਕਿ ਕੱੁਝ ਹੋਰ ਕੰਮਾਂ ਦਾ ਸ਼ਾਮਲ ਹੋਣਾ ਵੀ ਜ਼ਰੂਰੀ ਹੈ ਤਾਂ ਤੁਸੀ ਉਨ੍ਹਾਂ ਕੰਮਾਂ ਨੂੰ ਸੂਚੀ ਵਿਚ ਪਾ ਸਕਦੇ ਹੋ। ਵਿਦਿਆਰਥੀਆਂ ਨੂੰ ਪੇਪਰਾਂ ਦੇ ਦਿਨਾਂ ਵਿਚ ਪੜ੍ਹਨ, ਖੇਡਣ, ਘਰ ਦੇ ਕੰਮ ਕਰਨ, ਟੀ.ਵੀ ਵੇਖਣ, ਦੋਸਤਾਂ ਮਿੱਤਰਾਂ ਨੂੰ ਮਿਲਣ, ਸੌਣ (ਆਰਾਮ ਕਰਨ), ਖਾਣ-ਪੀਣ ਆਦਿ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ। ਪ੍ਰੀਖਿਆ ਦੀ ਤਿਆਰੀ ਤੇ ਪੇਪਰ ਹੱਲ ਕਰਨ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪ੍ਰੀਖਿਆਵਾਂ ’ਚ ਸਫ਼ਲ ਹੋਣ ਤੇ ਪੇਪਰ ਹੱਲ ਕਰਨ ਦੇ ਜ਼ਰੂਰੀ ਨੁਕਤੇ
-ਹਮੇਸ਼ਾ ਸ਼ਾਂਤ ਅਤੇ ਇਕਾਂਤ ਮਾਹੌਲ ਵਿਚ ਹੀ ਪੜ੍ਹੋ, ਪੜ੍ਹਨ ਵੇਲੇ ਕਿਤਾਬ ’ਤੇ ਟਿਊਬ, ਬੱਲਬ ਆਦਿ ਰੋਸ਼ਨੀ ਖੱਬੇ ਪਾਸੇ ਤੋਂ ਪੈਣੀ ਚਾਹੀਦੀ ਹੈ।
-ਪ੍ਰੀ-ਬੋਰਡ ਦੇ ਪ੍ਰਸ਼ਨ ਪੱਤਰ ਜ਼ਰੂਰ ਹੱਲ ਕਰੋ ਕਿਉਂਕਿ ਜ਼ਿਆਦਾਤਰ ਪੱਕੇ ਪੇਪਰ ਇਨ੍ਹਾਂ ਵਿਚੋਂ ਹੀ ਆਉਣਗੇ।
-ਵਿਦਿਆਰਥੀਆਂ ਨੂੰ ਅਪਣੇ ਵਿਸ਼ਿਆਂ ਦੇ ਪਿਛਲੇ 10 ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰ ਕੇ ਵੇਖਣੇ ਚਾਹੀਦੇ ਹਨ ਕਿਉਂਕਿ ਕਾਫ਼ੀ ਪ੍ਰਸ਼ਨ ਉਨ੍ਹਾਂ ਵਿਚੋਂ ਹੀ ਪੁੱਛੇ ਜਾਂਦੇ ਹਨ।
-ਮਹੱਤਵਪੂਰਨ ਵਿਸ਼ਿਆਂ ਅਤੇ ਉੱਪ ਵਿਸ਼ਿਆਂ ਦੇ ਨੋਟਿਸ ਤਿਆਰ ਕਰ ਕੇ ਤਿਆਰੀ ਕਰਨੀ ਚਾਹੀਦੀ ਹੈ।
-ਪੜ੍ਹਨ ਸਮੇਂ ਮੋਬਾਇਲ ਫ਼ੋਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਅਪਣੇ ਤੋਂ ਦੂਰ ਰੱਖੋ ਤੇ ਟੀ.ਵੀ ਜਾਂ ਹੋਰ ਮਨੋਰੰਜਨ ਦੇ ਸਾਧਨ ਪੜ੍ਹਾਈ ਸਮੇਂ ਬੰਦ ਰੱਖਣੇ ਚਾਹੀਦੇ ਹਨ।
-ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਕਰਨ ਲਈ ਕਦੇ ਵੀ ਰੱਟਾ ਨਾ ਲਗਾਉ ਸਗੋਂ ਸਮਝ ਕੇ ਯਾਦ ਕਰੋ ਕਿਉਂਕਿ ਰੱਟਾ ਲਗਾਏ ਉੱਤਰ ਥੋੜ੍ਹਾ ਸਮਾਂ ਹੀ ਯਾਦ ਰਹਿੰਦੇ ਹਨ ਜਦਕਿ ਸਮਝ ਕੇ ਯਾਦ ਕੀਤੇ ਉੱਤਰ ਲੰਮਾਂ ਸਮਾਂ ਯਾਦ ਰਹਿੰਦੇ ਹਨ।
-ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਕਰ ਕੇ ਲਿਖ ਕੇ ਦੇਖ ਲੈਣ ਨਾਲ ਗ਼ਲਤੀਆਂ ਦਾ ਪਤਾ ਲੱਗ ਜਾਂਦਾ ਹੈ।
-ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਜ਼ਿਆਦਾ ਦੇਰ ਤਕ ਨਹੀਂ ਪੜ੍ਹਨਾ ਚਾਹੀਦਾ, ਨਹੀਂ ਤਾਂ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਕੇਂਦਰ ’ਚ ਨੀਂਦ ਦੇ ਹੁਲਾਰੇ ਆਉਣ ਲਗਦੇ ਹਨ।
-ਪ੍ਰੀਖਿਆ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਯਾਦ ਕੀਤੇ ਮਹੱਤਵਪੂਰਨ ਪ੍ਰਸ਼ਨਾਂ ਦੀ ਇਕ ਵਾਰ ਦੁਹਰਾਈ ਜ਼ਰੂਰ ਕਰਨੀ ਚਾਹੀਦੀ ਹੈ।
-ਪ੍ਰੀਖਿਆ ਦੇਣ ਜਾਣ ਸਮੇਂ ਅਪਣੀ ਰੋਲ ਨੰਬਰ ਸਲਿੱਪ, 2 ਨੀਲੇ ਪੈੱਨ (ਜੋ ਥੋੜੇ੍ਹ ਚੱਲੇ ਹੋਏ ਹੋਣ ਬਿਲਕੁਲ ਨਵੇਂ ਨਾਂ ਹੋਣ ਤਾਕਿ ਪੇਪਰ ਤੇ ਲਿਖਾਈ ਗੂੜ੍ਹੀ ਹੋਵੇ), ਪੈਂਸਿਲ, ਜ਼ੁਮੈਟਰੀ ਬਾਕਸ ਆਦਿ ਲੈ ਕੇ ਜਾਣਾ ਨਾ ਭੁੱਲੋ। ਪੇਪਰ ਵਿਚ ਕੇਵਲ ਨੀਲਾ ਪੈੱਨ ਹੀ ਵਰਤਣਾ ਚਾਹੀਦਾ ਹੈ।
-ਪ੍ਰੀਖਿਆ ਵਾਲੇ ਦਿਨ ਘਰੋਂ ਚੱਲਣ ਸਮੇਂ ਤਰੋਤਾਜ਼ਾ ਹੋ ਕੇ ਤੇ ਹਲਕਾ ਨਾਸ਼ਤਾ ਕਰ ਕੇ ਜਾਣਾ ਚਾਹੀਦਾ ਹੈ ਤਾਂ ਜੋ ਪ੍ਰੀਖਿਆ ਸਫ਼ਲਤਾਪੂਰਵਕ ਹੋਵੇ।
-ਪ੍ਰੀਖਿਆ ਕੇਂਦਰ ਦੇ ਬਾਹਰ ਲੱਗੇ ਨੋਟਿਸ ਬੋਰਡ ਤੋਂ ਅਪਣਾ ਰੋਲ ਨੰਬਰ, ਕਮਰਾ ਨੰਬਰ ਤੇ ਸੀਟ ਨੰਬਰ ਦੇਖ ਕੇ ਹੀ ਪ੍ਰੀਖਿਆ ਕੇਂਦਰ ਵਿਚ ਪ੍ਰਵੇਸ਼ ਕਰਨਾ ਚਾਹੀਦਾ ਹੈ ਤਾਂਕਿ ਤੁਹਾਨੂੰ ਅਪਣੀ ਜਗ੍ਹਾ ਲੱਭਣ ’ਚ ਕੋਈ ਪ੍ਰੇਸ਼ਾਨੀ ਜਾਂ ਘਬਰਾਹਟ ਨਾ ਹੋਵੇ।
-ਕਦੇ ਵੀ ਨਕਲ ’ਤੇ ਆਸ ਨਹੀਂ ਰਖਣੀ ਚਾਹੀਦੀ ਅਤੇ ਦਿਲ ਲਗਾ ਕੇ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਹੈ।
-ਪ੍ਰੀਖਿਆ ਦੇਣ ਸਮੇਂ ਅਪਣੀ ਸੀਟ ’ਤੇ ਬੈਠਣ ਤੋਂ ਪਹਿਲਾਂ ਆਸੇ-ਪਾਸੇ ਵੇਖ ਲੈਣਾ ਚਾਹੀਦਾ ਹੈ ਕਿ ਕੋਈ ਪਰਚੀ (ਕਾਗਜ਼), ਕਿਤਾਬ, ਕਾਪੀ ਤਾਂ ਨਹੀਂ ਪਈ ਹੋਈ ਜਾਂ ਕਿਸੇ ਬੈਂਚ ਆਦਿ ਤੇ ਕੁੱਝ ਲਿਖਿਆ ਤਾਂ ਨਹੀਂ ਹੋਇਆ ਕਿਉਂਕਿ ਕਈ ਵਾਰ ਕਿਸੇ ਵਲੋਂ ਪਹਿਲਾਂ ਛੁੱਟੀ ਗਈ ਪਰਚੀ ਜਾਂ ਕਾਗ਼ਜ਼ ਤਹਾਨੂੰ ਮੁਸੀਬਤ ’ਚ ਪਾ ਸਕਦਾ ਹੈ। ਤੁਹਾਡੇ ਖ਼ਿਲਾਫ਼ ਝੂਠਾ ਕੇਸ ਵੀ ਬਣ ਸਕਦਾ ਹੈ। ਤੁਹਾਡੇ ਕੋਲ ਕੋਈ ਖ਼ਾਲੀ ਕਾਗ਼ਜ਼ ਜਾਂ ਬੱਸ ਦੀ ਟਿਕਟ ਵੀ ਨਹੀਂ ਹੋਣੀ ਚਾਹੀਦੀ।
-ਪ੍ਰੀਖਿਆ ਦੌਰਾਨ ਉੱਤਰ ਕਾਪੀ ਮਿਲਣ ’ਤੇ ਸਭ ਤੋਂ ਪਹਿਲਾਂ ਉਸ ਦੇ ਸਾਰੇ ਪੰਨੇ ਖੋਲ੍ਹ ਕੇ ਚੈੱਕ ਕਰੋ ਕਿ ਸਾਫ਼ ਹਨ, ਫਟੇ ਤਾਂ ਨਹੀਂ ਤੇ ਗਿਣਤੀ ਕਰੋ ਕਿ ਪੂਰੇ ਹਨ, ਜਿੰਨੇ ਹੋਣੇ ਚਾਹੀਦੇ ਹਨ, ਫਿਰ ਉਸ ਦੇ ਮੁੱਖ ਪੰਨੇ ’ਤੇ ਅਪਣਾ ਰੋਲ ਨੰਬਰ, ਪੇਪਰ ਦਾ ਵਿਸ਼ਾ ਆਦਿ ਲਈ ਜੋ ਖ਼ਾਨੇ ਬਣੇ ਹੋਏ ਹਨ, ਉਨ੍ਹਾਂ ਵਿਚ ਸਾਫ਼-ਸਾਫ਼ ਲਿਖੋ।
-ਪ੍ਰਸ਼ਨ ਪੱਤਰ ਮਿਲਣ ’ਤੇ ਸਭ ਤੋਂ ਪਹਿਲਾਂ ਇਸ ਦੇ ਸੱਜੇ ਕੋਨੇ ’ਤੇ ਅਪਣਾ ਰੋਲ ਨੰਬਰ ਲਿਖੋ, ਫਿਰ ਸਾਰੇ ਪ੍ਰਸ਼ਨ ਪੱਤਰ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਚੰਗੀ ਤਰ੍ਹਾਂ ਆਉਂਦੇ ਪ੍ਰਸ਼ਨਾਂ ਤੇ ਨਿਸ਼ਾਨ ਲਗਾਉ।
-ਪੇਪਰ ਹੱਲ ਕਰਨ ਸਮੇਂ, ਸਮੇਂ ਦਾ ਜ਼ਰੂਰ ਧਿਆਨ ਰੱਖੋ। ਜਿਹੜੇ ਪ੍ਰਸ਼ਨ ਚੰਗੀ ਤਰ੍ਹਾਂ ਆਉਂਦੇ ਹੋਣ, ਉਨ੍ਹਾਂ ਨੂੰ ਪਹਿਲਾਂ ਹੱਲ ਕਰੋ, ਬਾਕੀ ਬਾਅਦ ਵਿਚ। ਕੋਸ਼ਿਸ਼ ਕਰੋ ਕਿ ਸਾਰੇ ਪ੍ਰਸ਼ਨਾਂ ਦੇ ਉੱਤਰ ਹੱਲ ਕਰ ਕੇ ਆਉ ਕੋਈ ਪ੍ਰਸ਼ਨ ਛੁੱਟੇ ਨਾ।
- ਉੱਤਰ ਕਾਪੀ ’ਤੇ ਲਿਖਣ ਤੋਂ ਪਹਿਲਾਂ ਦੋਵੇਂ ਪਾਸੇ ਸੱਜੇ ਅਤੇ ਖੱਬੇ ਹਾਸ਼ੀਏ ਵਜੋਂ ਜਗ੍ਹਾ ਛੱਡੋ। ਇਹ ਹਾਸ਼ੀਆ ਪੈਂਸਿਲ ਤੇ ਸਕੇਲ ਨਾਲ ਵੀ ਲਗਾ ਸਕਦੋ ਹੋ।
- ਹਰ ਪ੍ਰਸ਼ਨ ਦਾ ਉੱਤਰ ਲਿਖਣ ਸਮੇਂ ਪ੍ਰਸ਼ਨ ਲਿਖਣ ’ਤੇ ਸਮਾਂ ਖਰਾਬ ਨਾ ਕਰੋ, ਜਿਸ ਪ੍ਰਸ਼ਨ ਦਾ ਉੱਤਰ ਲਿਖ ਰਹੇ ਹੋ, ਉਸ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਉ ਤਾਕਿ ਪੇਪਰ ਚੈੱਕ ਕਰਨ ਵਾਲੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
-ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਉਨ੍ਹਾਂ ਨੂੰ ਅੱਧ ਵਿਚਕਾਰ ਨਾ ਛੱਡੋ। ਜੇਕਰ ਤੁਸੀ ਕਿਸੇ ਪ੍ਰਸ਼ਨ ਦਾ ਉੱਤਰ ਭੁੱਲ ਗਏ ਹੋ ਤਾਂ ਕੁੱਝ ਕੁ ਸਮਾਂ ਸੋਚ ਕੇ ਦੁਬਾਰਾ ਲਿਖਣਾ ਸ਼ੁਰੂ ਕਰ ਦਿਉ। ਜੇਕਰ ਯਾਦ ਨਾ ਆ ਰਿਹਾ ਤਾਂ ਜ਼ਿਆਦਾ ਸਮਾਂ ਬਰਬਾਦ ਨਾ ਕਰੋ। ਹੋਰ ਨਵੇਂ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰ ਦਿਉ।
-ਪ੍ਰਸ਼ਨਾਂ ਦੇ ਉੱਤਰ ਦੇਣ ਸਮੇਂ ਬੇਲੋੜੇ ਵਿਸਥਾਰਾਂ ਤੋਂ ਬਚਣਾ ਚਾਹੀਦਾ ਹੈ ਤੇ ਪ੍ਰਸ਼ਨਾਂ ਦੇ ਨੰਬਰਾਂ ਅਨੁਸਾਰ ਉੱਤਰ ਲਿਖਣੇ ਚਾਹੀਦੇ ਹਨ।
- ਪ੍ਰਸ਼ਨਾਂ ਦੇ ਉੱਤਰ ਹੈਡਿੰਗ ਤੇ ਸਬ-ਹੈਡਿੰਗ ਬਣਾ ਕੇ ਲਿਖੋ ਅਤੇ ਹਰ ਪ੍ਰਸ਼ਨ ਦੇ ਉੱਤਰ ਤੋਂ ਬਾਅਦ ਇਕ ਦੋ ਲਾਈਨਾਂ ਖ਼ਾਲੀ ਛੱਡ ਕੇ ਅਗਲੇ ਪ੍ਰਸ਼ਨ ਦਾ ਉੱਤਰ ਲਿਖੋ।
- ਪ੍ਰਸ਼ਨਾਂ ਦੇ ਉੱਤਰ ਵਧੀਆ ਪੈੱਨ ਨਾਲ ਖੁੱਲ੍ਹੀ ਤੇ ਸਾਫ਼-ਸਾਫ਼ ਲਿਖਾਈ ਵਿਚ ਲਿਖਣੇ ਚਾਹੀਦੇ ਹਨ।
-ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਲੋੜੀਂਦੀ ਸਮੱਗਰੀ ਅਪਣੇ ਨਾਲ ਹੀ ਲੈ ਕੇ ਜਾਉ ਤਾਕਿ ਕਿਸੇ ਵਿਦਿਆਰਥੀ ਤੋਂ ਮੰਗਣ ’ਚ ਸਮਾਂ ਖ਼ਰਾਬ ਨਾ ਹੋਵੇ।
-ਪੇਪਰ ਹੱਲ ਕਰਨ ਤੋਂ ਬਾਅਦ ਬਚੇ ਸਮੇਂ ਵਿਚ ਉੱਤਰ ਕਾਪੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਚੈੱਕ ਕਰੋ। ਜੇਕਰ ਕੋਈ ਛੋਟੀ-ਮੋਟੀ ਗ਼ਲਤੀ ਰਹਿ ਗਈ ਹੋਵੇ ਜਾਂ ਸ਼ਬਦ-ਜੋੜ ਗ਼ਲਤ ਲਿਖੇ ਗਏ ਹੋਣ ਤਾਂ ਉਸ ਨੂੰ ਤੁਰੰਤ ਠੀਕ ਕਰੋ।
-ਜੇਕਰ ਪੇਪਰ ਵਿਚ ਗ਼ਲਤੀ ਨਾਲ ਉੱਤਰ ਪੱਤਰੀ ’ਤੇ ਕੋਈ ਪੇਜ਼ ਜਾਂ ਜਗ੍ਹਾ ਖ਼ਾਲੀ ਰਹਿ ਗਈ ਹੋਵੇ ਤਾਂ ਉਸ ਜਗ੍ਹਾ ’ਤੇ ਕਰਾਸ ਲਾਈਨ ਮਾਰ ਦਿਉ ਤੇ ਸੱਜੇ ਕੋਨੇ ਦੇ ਹੇਠਲੇ ਪਾਸੇ ਪੀ.ਟੀ.ਓ ਲਿਖ ਦੇਵੋ। ਅੰਤ ਵਿਚ ਬਚੇ ਖ਼ਾਲੀ ਪੰਨਿਆਂ ’ਤੇ ਵੀ ਕਰਾਸ ਲਾਈਨ ਲਗਾ ਦਿਉ।
ਆਸ ਹੈ ਕਿ ਵਿਦਿਆਰਥੀ ਇਨ੍ਹਾਂ ਨੁਕਤਿਆਂ ਵਲ ਧਿਆਨ ਦੇ ਕੇ ਜ਼ਰੂਰ ਸਫ਼ਲ ਹੋਣਗੇ। ਸੋ ਬੱਚਿਉ, ਹੁਣ ਤੋਂ ਹੀ ਅਪਣੀ ਸਾਰੀ ਊਰਜਾ ਅਪਣੀ ਪੜ੍ਹਾਈ ਵਲ ਲਗਾ ਕੇ ਪੇਪਰਾਂ ਦੀ ਤਿਆਰੀ ’ਚ ਜੁੱਟ ਜਾਉ ਤਾਕਿ ਚੰਗੇ ਨੰਬਰ ਲੈ ਕੇ ਪਾਸ ਹੋ ਸਕੋ। ਮਾਪਿਆਂ ਨੂੰ ਵੀ ਘਰ ਵਿਚ ਬੱਚਿਆਂ ਦੀ ਪੜ੍ਹਾਈ ਲਈ ਚੰਗੇ ਹਾਲਾਤ ਸਿਰਜਣੇ ਚਾਹੀਦੇ ਹਨ ਜਿਵੇਂ ਲੋੜੀਂਦੀਆਂ ਸਹੂਲਤਾਂ ਤੇ ਖੁਰਾਕ ਦਾ ਧਿਆਨ ਰਖਣਾ, ਘਰੇਲੂ ਝਗੜਾ ਨਾ ਕਰਨਾ, ਬੱਚਿਆਂ ਨੂੰ ਸਕੂਲ ਤੋਂ ਮਿਲੇ ਕੰਮ ਵਿਚ ਮਦਦ ਕਰਨਾ, ਬੱਚੇ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ ਆਦਿ ਪੜ੍ਹਾਈ ਤੇ ਸ਼ਖ਼ਸੀਅਤ ਵਿਕਾਸ ਲਈ ਜ਼ਰੂਰੀ ਨੁਕਤੇ ਹਨ। ਅਧਿਆਪਕਾਂ ਦੁਆਰਾ ਵੀ ਵੱਧ ਤੋਂ ਵੱਧ ਪੜ੍ਹਾਈ ਕਰਵਾਉਣ ਅਤੇ ਯੋਗ ਅਗਵਾਈ ਦੇਣ ਨਾਲ ਵਿਦਿਆਰਥੀਆਂ ਦੇ ਮਨ ਵਿਚੋਂ ਪ੍ਰੀਖਿਆ ਦਾ ਡਰ ਕੱਢਿਆ ਜਾ ਸਕਦਾ ਹੈ।
(For more news apart from Effective points to succeed in exams? News in Punjabi, stay tuned to Rozana Spokesman)