ਮੇਰਾ ਇਕ ਤਰਲਾ
Published : May 23, 2018, 3:22 am IST
Updated : May 23, 2018, 3:22 am IST
SHARE ARTICLE
Bhai Mardana ji te Bhai Lalo Ji
Bhai Mardana ji te Bhai Lalo Ji

ਇਸ ਤਰ੍ਹਾਂ ਨਾ ਵਿਸਾਰੋ ਸਿੱਖੀ ਲਈ ਕੁਰਬਾਨੀ ਕਰਨ ਵਾਲੇ ਰੰਘਰੇਟਿਆਂ, ਰਮਦਾਸੀਆਂ, ਭਾਈ ਲਾਲੋਆਂ, ਸਿਕਲੀਗਰਾਂ ਤੇ ਭਾਈ ਮਰਦਾਨਿਆਂ ਨੂੰ ਅੱਜ ਦਾ ...

ਇਸ ਤਰ੍ਹਾਂ ਨਾ ਵਿਸਾਰੋ ਸਿੱਖੀ ਲਈ ਕੁਰਬਾਨੀ ਕਰਨ ਵਾਲੇ ਰੰਘਰੇਟਿਆਂ, ਰਮਦਾਸੀਆਂ, ਭਾਈ ਲਾਲੋਆਂ, ਸਿਕਲੀਗਰਾਂ ਤੇ ਭਾਈ ਮਰਦਾਨਿਆਂ ਨੂੰ
ਅੱਜ ਦਾ ਇਹ ਮੇਰਾ ਹਥਲਾ ਮੌਲਿਕ ਲੇਖ ਉਨ੍ਹਾਂ ਸਤਿਕਾਰਤ ਪੰਥਕ ਸਿੱਖ ਚਿੰਤਕਾਂ, ਉੱਚ ਸੰਸਥਾਵਾਂ ਦੇ ਸਰਬਰਾਹਾਂ, ਸਿੱਖ ਕੌਮ ਦੀ ਤਰਜਮਾਨੀ ਕਰ ਰਹੇ ਵਕਤੀ ਮਜ਼ਹਬੀ ਆਗੂਆਂ, ਗੁਰਮਤ ਸਿਧਾਂਤਾਂ ਉਤੇ ਪਹਿਰਾ ਦੇ ਰਹੇ ਡੇਰਾ ਮੁਖੀਆਂ, ਤਮਾਮ ਹੀ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਸਿੱਖ ਸਕਾਲਰਾਂ, ਗੁਰਸਿੱਖ ਅਖ਼ਬਾਰ ਨਵੀਸਾਂ/ਮੁੱਖ ਸੰਪਾਦਕਾਂ, ਗੁਰਮਤਿ ਸਿਧਾਂਤਾਂ ਦੇ ਅਲੰਬਰਦਾਰਾਂ, ਉੱਚ ਵਿਦਿਆ ਪ੍ਰਾਪਤ ਆਹਲਾ ਸਿੱਖ ਅਫ਼ਸਰਾਨ, ਆਈ.ਏ.ਐਸ./ ਆਈ.ਪੀ.ਐਸ./

ਆਈ.ਆਰ.ਐਸ./ ਪੀ.ਸੀ.ਐਸ. ਅਤੇ ਤਮਾਮ ਹੀ ਸਿੱਖ ਕੌਮ ਨਾਲ ਸਬੰਧਤ ਦੇਸ਼-ਵਿਦੇਸ਼ ਵਿਚ ਰਹਿ ਰਹੇ ਪੰਥ ਦਰਦੀਆਂ ਦੇ ਨਾਂ ਹੈ।ਮੈਂ ਕੋਈ ਵਿਦਵਾਨ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹਾਂ, ਸਿਰਫ਼ ਇਕ ਨਿਮਾਣਾ ਤੇ ਗੁਰੂ ਦਾ ਕੀਰਤਨੀਆ ਹੋਣ ਕਰ ਕੇ ਇਕ ਤਰਲਾ ਅਤੇ ਗ਼ੁਜ਼ਾਰਿਸ਼ ਕਰਨ ਦਾ ਹੀਆ ਕਰ ਰਿਹਾ ਹਾਂ। ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਉਪਰੋਕਤ ਸ਼ਖ਼ਸੀਅਤਾਂ ਜਾਂ ਸਮੁੱਚੀ ਸਿੱਖ ਕੌਮ ਨੂੰ ਕੋਈ ਨਸੀਹਤ ਜਾਂ ਸੇਧ ਦੇ ਸਕਾਂ। ਮੈਂ ਤਾਂ ਸਿਰਫ਼ ਅਪਣੇ ਦਿਲ ਦੀ ਇਕ ਹੂਕ, ਤੜਪ, ਚੀਸ, ਪੁਕਾਰ ਅਤੇ ਸਿੱਖੀ ਪਿਆਰ ਦੇ ਅੰਦਰਲੇ ਜਜ਼ਬਾਤ ਨੂੰ ਆਪ ਜੀਆਂ ਤੀਕਰ ਪਹੁੰਚਾਉਣ ਦਾ ਇਕ ਕਿਣਕਾ ਮਾਤਰ ਯਤਨ ਕਰ ਰਿਹਾ ਹਾਂ।

ਗ਼ੌਰ ਅਤੇ ਮਨਜ਼ੂਰ ਕਰਨਾ ਨਾ ਕਰਨਾ, ਤੁਹਾਡੀ ਮਰਜ਼ੀ ਤੇ ਨਿਰਭਰ ਕਰਦਾ ਹੈ। ਅੱਜ ਦਾ ਮੇਰਾ ਮਸਲਾ ਇਹ ਹੈ ਕਿ ਮੌਜੂਦਾ ਵਕਤ ਅਸੀ ਕੀ ਕਰ ਰਹੇ ਹਾਂ, ਕਿਧਰ ਜਾ ਰਹੇ ਹਾਂ, ਕੀ ਹੋ ਰਿਹਾ ਹੈ, ਕੀ ਹੋਵੇਗਾ, ਕੀ ਕਰਨਾ ਹੈ ਅਤੇ ਕਿਉਂ ਕਰ ਰਹੇ ਹਾਂ? ਸਿੱਖ ਕੌਮ ਦੇ ਰਹਿਬਰ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਮਿਸ਼ਨ ਪੈਗ਼ਾਮੇ-ਮੁਹੱਬਤ ਸੀ, ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੀਕਰ ਲਮੇਰੇ ਸਮੇਂ ਤਕ ਸਿੱਖ ਕੌਮ ਨੂੰ ਗੁਰਮਤਿ ਸਿਧਾਂਤਾਂ ਉਤੇ ਪਹਿਰਾ ਦੇਣ ਲਈ ਰੂਹਾਨੀ ਅਤੇ ਸਮਾਜਕ ਗੁੜ੍ਹਤੀਆਂ ਦੀਆਂ ਲੋਰੀਆਂ ਹੀ ਦੇਂਦੇ ਰਹੇ ਨੇ।

ਉਪਰੋਕਤ ਗੁਰੂ ਸਿਧਾਂਤਾਂ ਉਤੇ ਪਹਿਰਾ ਦੇਂਦਿਆਂ ਸਿੱਖੀ ਬਹੁਤ ਹੀ ਵਧੀ ਫੁੱਲੀ ਅਤੇ ਦੁਨੀਆਂ ਉੱਪਰ ਅਪਣੀ ਨਿਵੇਕਲੀ ਛਾਪ ਵੀ ਛੱਡੀ ਅਤੇ ਲੱਖਾਂ ਹੀ ਲੋਕਾਂ ਨੇ ਸਿੱਖੀ ਦੇ ਫ਼ਲਸਫ਼ੇ ਤੋਂ ਪ੍ਰਭਾਵਤ ਹੋ ਕੇ ਅਪਣੇ-ਅਪਣੇ ਧਰਮਾਂ ਨੂੰ ਤਿਲਾਂਜਲੀ ਦੇਂਦਿਆਂ ਸਿੱਖ ਧਰਮ ਵਿਚ ਵੀ ਪ੍ਰਵੇਸ਼ ਕੀਤਾ। ਇਹ ਇਕ ਸੁਨਹਿਰੀ ਗੁਰੂ ਸਿਧਾਂਤ ਹੀ ਸੀ ਜਿਸ ਨੇ ਕਿ ਮਨੂੰਵਾਦੀ ਬਸਤੀ ਵਿਚ ਰਹਿ ਰਹੀ ਦਬੀ-ਕੁਚਲੀ ਹੋਈ ਮਨੁੱਖਤਾ ਨੂੰ ਬਰਾਬਰਤਾ ਦਾ ਅਹਿਸਾਸ ਦਿਵਾ ਕੇ ਵਿਤਕਰੇ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਇਆ।

ਇਸ ਕ੍ਰਾਂਤੀਕਾਰੀ ਅਤੇ ਸਮਾਜਕ ਬਰਾਬਰਤਾ ਦੀ ਨੀਂਹ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ, ਭਾਈ ਲਾਲੋ ਜੀ ਅਤੇ ਅਨੇਕਾਂ ਹੀ ਦੱਬੇ-ਕੁਚਲੇ ਲੋਕਾਂ ਨੂੰ ਨਾਲ ਲੈ ਕੇ ਪਹਿਲਾਂ ਹੀ ਰੱਖ ਦਿਤੀ ਸੀ। ਇਸ ਲਮੇਰੇ ਸਫ਼ਰ ਦੀ ਅੰਤਿਕਾ ਤੀਕਰ ਦਸਵੇਂ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਰੰਘਰੇਟੇ ਗੁਰੂ  ਕੇ ਬੇਟੇ ਦਾ ਮਾਣਮੱਤਾ ਵਰ ਦੇ ਕੇ ਅਤੇ ਫਿਰ ਪੰਜਾਂ ਪਿਆਰਿਆਂ ਨੂੰ ਪੰਚ ਪ੍ਰਧਾਨੀ ਦਾ ਸਿਰਮੌਰ ਅਹੁਦਾ ਦੇ ਕੇ ਨਿਵਾਜ ਦਿਤਾ ਅਤੇ ਅੰਤ ਵਿਚ ਇਕ ਦਖਣੀ ਸਿੱਖ ਮਾਧੋ ਦਾਸ ਬੈਰਾਗੀ ਨੂੰ ਅਪਣੇ ਰੂਹਾਨੀ ਥਾਪੜੇ ਨਾਲ ਬੰਦਾ ਬਹਾਦਰ ਵਰਗਾ ਮਹਾਨ ਯੋਧਾ ਬਣਾ ਕੇ ਪਹਿਲੇ ਸਿੱਖ ਰਾਜ ਦੀ ਨੀਂਹ ਵੀ ਰੱਖ ਦਿਤੀ।

ਜ਼ਿਕਰਯੋਗ ਹੈ ਕਿ ਇਸ ਪਲੇਠੇ ਸਿੱਖ ਰਾਜ ਦੇ ਬਾਨੀ, ਲਾਸਾਨੀ ਸੂਰਬੀਰ ਅਤੇ ਨਿਆਂ ਭਰਪੂਰ ਬਾਦਸ਼ਾਹੀ ਦੇ ਹਲੀਮੀ ਰਾਜ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਦੀਆਂ ਤੋਂ ਦਬੇ-ਕੁਚਲੇ ਸਿੱਖਾਂ ਨੂੰ ਬਰਾਬਰਤਾ ਦਾ ਦਰਜਾ ਦੇਂਦਿਆਂ ਜਾਗੀਰਦਾਰੀ ਨਿਜ਼ਾਮ ਤੋਂ ਨਿਜਾਤ ਦਿਵਾ ਕੇ ਜ਼ਮੀਨੀ ਮਾਲਕਾਨਾ ਹੱਕ ਵੀ ਦੇ ਦਿਤੇ ਸਨ। ਇਹ ਇਕ ਸਿੱਖੀ ਸਿਧਾਂਤਾਂ ਦੀ ਦੁਪਹਿਰ, ਸੁਨਿਹਰਾ ਯੁੱਗ ਅਤੇ ਉੱਤਮ ਨਮੂਨਾ ਸੀ।

ਗੁਰੂ ਦੇ ਲਾਡਲੇ ਸਿੱਖੋ ਜ਼ਰਾ ਸੱਚੋ-ਸੱਚ ਦਸਣਾ ਕਿ ਜੇਕਰ ਸਾਡੇ ਮੁਤਾਬਕ ਸਿੱਖ ਕੌਮ ਵਿਚ ਕਿਸੇ ਜਾਤ-ਪਾਤ ਜਾਂ ਊਚ-ਨੀਚ ਲਈ ਥਾਂ ਹੀ ਨਹੀਂ ਅਤੇ ਫਿਰ ਇਹ ਜੱਟ, ਭਾਪੇ, ਛੀਂਬੇ, ਨਾਈ, ਮਰਾਸੀ, ਤਰਖਾਣ, ਕੰਬੋਜ, ਖਤਰੀ, ਝੀਊਰ, ਮਜ਼੍ਹਬੀ, ਚਮਾਰ, ਰਵਿਦਾਸੀਏ, ਘੁਮਿਆਰ ਸੈਣੀ ਆਦਿਕ ਕਿਉਂ ਹਾਂ? ਜ਼ਰਾ ਕੁ ਸਾਢੇ ਪੰਜ ਸੌ ਸਾਲ ਪਿਛਾਂਹ ਨੂੰ ਜਾ ਕੇ ਵਿਚਾਰ ਕਰਦਿਆਂ ਝਾਤੀ ਮਾਰੀਏ ਕਿ ਸਿੱਖ ਕੌਮ ਦੇ ਪਹਿਲੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਤਾਂ ਨੀਂਹ ਹੀ ਜਾਤ-ਪਾਤ ਤੋਂ ਰਹਿਤ ਹੋ ਕੇ ਰੱਖੀ ਸੀ। ਉਨ੍ਹਾਂ ਦਾ ਪਹਿਲਾ ਸਿੱਖ ਭਾਈ ਮਰਦਾਨਾ ਜੀ ਸੀ ਜੋ ਕਿ ਗੁਰੂ ਸਾਹਿਬ ਜੀ ਦੇ ਅੰਗ-ਸੰਗ, ਤਾਬਿਆ ਵਿਚ ਰਹਿੰਦੇ ਸਨ।

ਗੁਰੂ ਸਾਹਿਬ ਮਰਦਾਨਾ ਜੀ ਨੂੰ ਭਾਈ ਆਖਦੇ ਸਨ। ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਸੇਵਾਦਾਰ, ਹਮਰਾਜ਼, ਸਾਥੀ, ਮਿੱਤਰ, ਦੋਸਤ, ਰਾਗੀ, ਰਬਾਬੀ ਅਤੇ ਕੀਰਤਨੀਏ ਵੀ ਸਨ। ਤਕਰੀਬਨ ਪੰਜਾਹ ਸਾਲ ਤਕ ਭਾਈ ਮਰਦਾਨਾ ਜੀ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਇਥੋਂ ਤਕ ਕਿ ਭਾਈ ਮਰਦਾਨਾ ਜੀ ਨੇ ਅਪਣੇ ਆਖ਼ਰੀ ਸਵਾਸ ਵੀ ਗੁਰੂ ਸਾਹਿਬਾਂ ਦੀ ਮੁਕੱਦਸ ਗੋਦ ਵਿਚ ਹੀ ਤਿਆਗੇ ਸਨ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਭਾਈ ਮਰਦਾਨਾ ਜੀ ਤੋਂ ਬਾਅਦ ਉਦਾਸੀਆਂ ਤਿਆਗ ਕੇ, ਕਰਤਾਰਪੁਰ ਸਾਹਿਬ ਆ ਕੇ ਹੱਥੀਂ ਖੇਤੀ ਕਰਨੀ ਸ਼ੁਰੂ ਕਰ ਦਿਤੀ ਸੀ।

ਮੇਰੇ ਕਹਿਣ ਤੋਂ ਭਾਵ ਕਿ ਭਾਈ ਮਰਦਾਨਾ ਜੀ ਗੁਰੂ ਸਾਹਿਬਾਂ ਦੇ ਪਹਿਲੇ (ਪਲੇਠੇ) ਸਿੱਖ ਆਖੇ ਜਾਂਦੇ ਨੇ। ਪਰ ਕੀ ਅਸੀ ਭਾਈ ਮਰਦਾਨਾ ਜੀ ਨੂੰ ਸਿੱਖ ਮੰਨ ਲਿਆ ਹੈ? 
ਜੇਕਰ ਮੰਨ ਲਿਆ ਹੈ ਤਾਂ ਫਿਰ ਭਾਈ ਮਰਦਾਨਾ ਜੀ ਨੂੰ ਅਜੇ ਤੀਕਰ ਵੀ ਮਰਾਸੀ, ਡੂਮ, ਡਰਪੋਕ, ਭੁੱਖਾ, ਪਿਆਸਾ, ਲਾਲਚੀ ਆਦਿਕ ਕਿਉਂ ਕਿਹਾ ਜਾਂਦਾ ਹੈ? ਇਹ ਕੁਤਾਹੀ ਅਤੇ ਗੁਸਤਾਖੀ ਭਰੇ ਬੋਲ ਕੁੱਝ ਕਿਤਾਬਾਂ ਵਿਚ ਅਤੇ ਕੁੱਝ ਕੁ ਜਾਤਿ ਅਭਿਮਾਨੀ, ਪ੍ਰਚਾਰਕ ਸਾਹਿਬਾਨ ਸਟੇਜਾਂ ਉਤੇ ਵੀ ਕਹਿੰਦੇ ਸੁਣੇ ਜਾ ਸਕਦੇ ਨੇ। ਗੁਰੂ ਸਵਾਰਿਉ, ਭਾਈ ਮਰਦਾਨਾ ਜੀ ਗੁਰੂ ਦੇ ਪਹਿਲੇ ਸਿੱਖ ਸਨ ਅਤੇ ਅੱਧੀ ਸਦੀ ਤਕ ਗੁਰੂ ਦੇ ਅੰਗ-ਸੰਗ ਰਹੇ ਨੇ।

ਕੀ ਭਾਈ ਸਾਹਿਬ ਉਤੇ ਗੁਰੂ ਸਾਹਿਬਾਨ ਦੇ ਰੂਹਾਨੀ ਅਤੇ ਨੂਰਾਨੀ ਮਿਸ਼ਨ ਦਾ ਕੋਈ ਅਸਰ ਨਹੀਂ ਹੋਇਆ ਸੀ? ਸੋ ਮੈਂ ਅਧੀਨਗੀ ਨਾਲ ਪੁਛਣਾ ਚਾਹੁੰਦਾ ਹਾਂ ਕਿ ਅਜਿਹੇ ਲੋਕ ਇਸ ਪਹਿਲੇ ਸਿੱਖ ਭਾਈ ਮਰਦਾਨੇ ਨੂੰ ਪਲੇਠਾ ਸਿੱਖ ਮੰਨਦੇ ਹਨ? ਜੇਕਰ ਅਸੀ ਮੰਨਦੇ ਹਾਂ ਤਾਂ ਕੀ ਫਿਰ ਭਾਈ ਮਰਦਾਨੇ ਜੀ ਨੂੰ ਮਰਾਸੀ ਆਖਣਾ ਜਾਇਜ਼ ਹੈ? ਕੀ ਸਿੱਖ ਭਾਈ ਮਰਦਾਨਾ ਜੀ ਨੂੰ ਸਤਿਕਾਰ ਦੀ ਨਜ਼ਰ ਨਾਲ ਤਕਦੇ ਹਨ ਅਤੇ ਕੀ ਮਰਦਾਨੇ ਕਿਆਂ ਨਾਲ ਸਾਡੀ ਰੋਟੀ ਬੇਟੀ ਦੀ ਸਾਂਝ ਹੈ?

ਮੈਨੂੰ ਮਾਫ਼ ਕਰ ਦੇਣਾ ਜੀਉ, ਜੇਕਰ ਭਾਈ ਮਰਦਾਨਾ ਜੀ ਸਿੱਖ ਨਹੀਂ ਹੈ ਤਾਂ ਕੀ ਅਸੀ ਸੱਭ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਭਾਈ ਲਾਲੋ ਵਰਗੇ ਸਿਦਕੀ, ਸੰਤੋਖੀ ਕਿਰਤੀ ਅਤੇ ਗ਼ਰੀਬੜੇ ਸਿੱਖ ਨੂੰ ਅਸੀ ਬਣਦਾ ਮਾਣ-ਸਤਿਕਾਰ ਦਿਤਾ ਹੈ?ਸਿੱਖ ਕੌਮ ਦੇ ਵਾਰਸੋ ਜਿਵੇਂ ਅਸੀ ਪਹਿਲੇ ਸਿੱਖ ਭਾਈ ਮਰਦਾਨੇ ਜੀ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ ਇੰਜ ਹੀ ਕੀ ਅਸੀ ਅਜੇ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਅਤਿ ਨਜ਼ਦੀਕੀ ਅਰਦਲੀਏ ਵਿਸ਼ਵਾਸਪਾਤਰ ਗੁਰੂ ਪ੍ਰਵਾਰ ਨੂੰ ਸਮਰਪਿਤ ਮਹਾਨ ਸੂਰਬੀਰ ਤੇ ਯੋਧੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਲਿਆਉਣ ਵਾਲੇ ਇਕੋ-ਇਕ ਸਿਦਕੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਨਾਲ ਨਿਵਾਜੇ ਭਾਈ ਜੈਤਾ ਜੀ (ਜੀਵਨ ਸਿੰਘ) ਨੂੰ ਪਹਿਲਾ ਸਿੰਘ ਮੰਨ ਲਿਆ ਹੈ?

ਜਿਸ ਸ਼ਖ਼ਸ ਨੂੰ ਗੁਰੂ ਜੀ ਨੇ ਅਪਣਾ ਬੇਟਾ ਆਖ ਕੇ ਵਡਿਆਇਆ ਅਤੇ ਖ਼ਿਤਾਬ ਦਿਤਾ ਹੋਵੇ ਕੀ ਉਸ ਦੇ ਵਾਰਸਾਂ ਨਾਲ ਤਮਾਮ ਸਿੱਖਾਂ ਵਲੋਂ ਰੋਟੀ-ਬੇਟੀ ਦੀ ਸਾਂਝ ਰੱਖੀ ਗਈ ਹੈ? ਅਫ਼ਸੋਸ ਕਿ ਅਜਿਹਾ ਬਹੁਤ ਹੀ ਘੱਟ ਹੋਇਆ ਹੈ। ਪਰ ਵਾਹ, ਫੇਰ ਵੀ ਅਸੀ ਗੁਰੂ ਦੇ ਸਿੰਘ ਹਾਂ! ਇਕ ਗੱਲ ਇਸ ਸੱਚਾਈ ਨੂੰ ਪੱਲੇ ਬੰਨ੍ਹ ਲਈਏ ਕਿ ਜਿੰਨਾ ਚਿਰ ਅਸੀ ਭਾਈ ਮਰਦਾਨਾ ਜੀ ਨੂੰ ਅਤੇ ਭਾਈ ਜੀਵਨ ਸਿੰਘ ਨੂੰ ਬਣਦਾ ਮਾਣ-ਸਨਮਾਨ ਦੇ ਕੇ ਅਤੇ ਰੋਟੀ-ਬੋਟੀ ਦੀ ਸਾਂਝ ਨਹੀਂ ਕਰਦੇ, ਭੁੱਲ ਜਾਈਏ ਕਿ ਸਾਡੇ ਉੱਤੇ ਗੁਰੂ ਦੀ ਬਖ਼ਸ਼ਿਸ਼ ਹੋ ਜਾਵੇਗੀ।

ਖ਼ੈਰ! ਇਹ ਗੱਲ ਤਾਂ ਸੀ ਬੀਤੇ ਸਮੇਂ ਦੀ, ਜਿਸ ਤੋਂ ਅਸੀ ਅਜੇ ਵੀ ਸਬਕ ਨਹੀਂ ਸਿਖਿਆ, ਪਰ ਹੁਣ ਕਿਹੜਾ ਸਿਖ ਲਿਆ ਹੈ? ਇੱਕੀਵੀਂ ਸਦੀ ਵਿਚ ਵੀ ਅਸੀ ਗੁਰੂ ਸਿਧਾਂਤਾਂ ਤੋਂ ਅਜੇ ਕੋਹਾਂ ਦੂਰ ਹਾਂ। ਜ਼ਰਾ ਗਹੁ ਨਾਲ ਨਜ਼ਰ ਮਾਰੋ ਅਪਣੇ ਚਾਰ-ਚੁਫੇਰੇ ਕਿ ਮੌਜੂਦਾ ਸਮੇਂ ਵੀ ਕਈ ਜਾਤ ਅਭਿਮਾਨੀ ਡੇਰਿਆਂ ਵਿਚ ਜਾਤ-ਪਾਤ ਦਾ ਕੋਹੜ ਸਿਖਰਾਂ ਤੇ ਹੈ। ਇਸੇ ਹੀ ਪੰਜਾਬ ਅੰਦਰ ਗੁਰੂਆਂ ਦੀ ਪਾਕ ਸਰਜ਼ਮੀਂ ਵਿਚ ਕਿੰਨੇ ਹੀ ਗੁਰੂਘਰਾਂ ਵਿਚ ਸਿੱਖ, ਸਿੱਖ ਨਾਲ ਹੀ ਵਿਤਕਰਾ ਕਰਦਾ ਨਜ਼ਰ ਆ ਰਿਹਾ ਹੈ। ਸੋ ਜੇਕਰ ਕਿਸੇ ਸੰਤ-ਮਹੰਤ ਨੂੰ ਆਖ ਦੇਈਏ ਕਿ 'ਜਨਾਬ ਤੁਸੀ ਇੰਜ ਕਿਉਂ ਕਰਦੇ ਹੋ?

ਸਿੱਖੀ ਵਿਚ ਤਾਂ ਜਾਤ-ਪਾਤ ਨੂੰ ਕੋਈ ਥਾਂ ਹੀ ਨਹੀਂ ਹੈ।' ਅੱਗੋਂ ਇਹ ਬੋਲਦੇ ਨੇ ਕਿ ਸਾਡੇ ਮਹਾਂਪੁਰਸ਼ਾਂ (ਵੱਡਿਆਂ ਸੰਤਾਂ) ਦਾ ਹੁਕਮ ਸੀ ਜੀ। ਭਲਾ ਉਹ ਕਿਹੜਾ ਮਹਾਂਪੁਰਸ਼ ਹੈ, ਜਿਹੜਾ ਕਿ ਗੁਰੂ ਸਾਹਿਬਾਨਾਂ ਤੋਂ ਵੀ ਸਿਰਮੌਰ ਹੋਵੇ? ਇਥੋਂ ਤਕ ਕਿ ਸਿੱਖ ਕੌਮ ਵਿਚ ਹੁਣ ਅੰਮ੍ਰਿਤ ਛਕਾਉਣ ਦੀ ਵਿਧੀ ਅਤੇ ਮਰਿਆਦਾ ਵੀ ਇਕ ਨਹੀਂ ਰਹੀ। ਜੋ ਸਿੱਖ ਪੰਥ ਦੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉੱਚੀ-ਸੁੱਚੀ ਮਰਿਆਦਾ ਸੀ, ਐਨ ਉਸ ਦੇ ਉਲਟ ਕਿੰਨੇ ਹੀ ਡੇਰੇ ਅਤੇ ਸੰਸਥਾਵਾਂ ਮੌਜੂਦ ਹਨ ਜਿਥੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਾਤ ਪੁੱਛ ਕੇ, ਹੁਕਮ ਕੀਤਾ ਜਾਂਦਾ ਹੈ

ਕਿ ਚੌਥੇ-ਪਉੜੇ ਵਾਲੇ ਅਲੱਗ ਕਤਾਰ ਵਿਚ ਖੜੇ ਹੋ ਜਾਣ ਅਤੇ ਫਿਰ ਉਨ੍ਹਾਂ ਨੂੰ ਅੰਮ੍ਰਿਤ ਵੀ ਅਲੱਗ ਬਾਟੇ ਵਿਚੋਂ ਹੀ ਛਕਾਇਆ ਜਾਂਦਾ ਹੈ। ਕੀ ਇਨ੍ਹਾਂ ਨੂੰ ਗੁਰੂ ਸਾਹਿਬ ਤਰਫ਼ੋਂ ਚਲਾਈ ਹੋਈ ਮਰਿਆਦਾ ਮਨਜ਼ੂਰ ਨਹੀਂ ਜਾਂ ਫਿਰ ਇਹ ਗੁਰੂ ਸਾਹਿਬਾਂ ਜੀ ਤੋਂ ਉਪਰ ਨੇ? ਪਰ ਇਹ ਉਹੀ ਲੋਕ ਨੇ ਜਿਹੜੇ ਕਿ ਦੂਜੀਆਂ ਕੌਮਾਂ ਸਾਹਮਣੇ ਫ਼ਖ਼ਰ ਨਾਲ ਕਹਿੰਦੇ ਨੇ ਕਿ ਅਸੀ (ਸਿੱਖ ਕੌਮ) ਜਾਤ-ਪਾਤ ਨੂੰ ਨਹੀਂ ਮੰਨਦੇ। ਪਰ ਅਸਲ ਤਸਵੀਰ ਤਾਂ ਕੁੱਝ ਹੋਰ ਹੀ ਹੁੰਦੀ ਹੈ।

ਅਸੀ ਗੁਰੂ ਸਿਧਾਂਤਾਂ ਤੋਂ ਏਨੇ ਜ਼ਿਆਦਾ ਮੁਨਕਰ ਅਤੇ ਬਾਗ਼ੀ ਹੋ ਚੁੱਕੇ ਹਾਂ ਕਿ ਸਿੱਖ ਹੋ ਕੇ ਕਿਸੇ ਮਰਦਾਨੇ ਕਿਆਂ ਜਾਂ ਰੰਘਰੇਟਿਆਂ, ਰਵਿਦਾਸੀਆਂ, ਰਮਦਾਸੀਆਂ, ਬੇਸ਼ੱਕ ਉਹ ਅੰਮ੍ਰਿਤਧਾਰੀ ਪ੍ਰਵਾਰ ਵੀ ਹੋਣ, ਦੇ ਨਾਲ ਗੁਰਸਿੱਖੀ ਰਿਸ਼ਤਾ ਕਾਇਮ ਕਰਨ ਤੋਂ ਪਰਹੇਜ਼ ਅਤੇ ਭਿੱਟ ਕਰਦੇ ਹਾਂ। ਅਪਣੇ ਅੰਮ੍ਰਿਤਧਾਰੀ ਸਿੱਖਾਂ ਤੋਂ ਹੀ ਦੂਰੀ ਕਿਉਂ? ਮੇਰੀ ਜਾਚੇ ਇਹੋ ਹੀ ਮੁੱਖ ਕਾਰਨ ਹੈ ਕਿ ਅੱਜ ਸਿੱਖ ਪੰਥ ਨਾਲੋਂ ਟੁੱਟ ਕੇ ਇਕ ਸਾਡਾ ਹੀ ਅੰਗ, ਪਖੰਡੀਆਂ ਦੇ ਡੇਰਿਆਂ ਨੂੰ ਅਪਣਾ ਕੇ ਭਟਕ ਰਿਹਾ ਹੈ।

ਮੇਰੀ ਸੁਰਤ ਦੀ ਹੀ ਗੱਲ ਹੈ ਕਿ ਪੰਜਾਬ ਦੇ ਪਿੰਡੀਂ ਥਾਂਈਂ, ਸਮੁੱਚੇ ਸਿੱਖਾਂ ਦਾ ਇਕੋ ਹੀ ਸਾਂਝਾ ਧਰਮ ਅਸਥਾਨ (ਗੁਰਦੁਆਰਾ) ਹੁੰਦਾ ਸੀ ਅਤੇ ਸੱਭ ਲੋਕ ਉਥੇ ਹੀ ਸੀਸ ਨਿਵਾਉਂਦੇ ਸਨ। ਪਰ ਅੱਜ ਉਨ੍ਹਾਂ ਹੀ ਪਿੰਡਾਂ ਵਿਚ ਪੰਜ-ਪੰਜ ਗੁਰਦਵਾਰੇ ਬਣ ਗਏ ਨੇ, ਉਹ ਵੀ ਜਾਤਾਂ ਦੇ ਨਾਂ ਤੇ। ਇਸ ਦੇ ਪਿੱਛੇ ਵੀ ਇਕ ਖ਼ਾਸ ਕਾਰਨ ਸੀ ਕਿ ਜਦੋਂ ਕਿਤੇ ਨਾ ਕਿਤੇ ਉਪਰੋਕਤ ਲੋਕਾਂ ਨਾਲ ਗੁਰੂ-ਘਰਾਂ ਵਿਚ ਹੀ ਵਿਤਕਰਾ ਹੋਣਾ ਸ਼ੁਰੂ ਹੋ ਗਿਆ,

ਗੁਰੂ ਦੇ ਲੰਗਰਾਂ ਵਿਚ ਵੜਨ ਦੀ ਮਨਾਹੀ ਕੀਤੀ ਜਾਣ ਲੱਗੀ ਅਤੇ ਗੁਰਦੁਆਰੇ ਦੀ ਹੱਦ ਤੋਂ ਬਾਹਰ ਹੀ ਰੋਕ ਕੇ ਪ੍ਰਸ਼ਾਦ ਦੇਣ ਦਾ ਰਿਵਾਜ ਚਲ ਪਿਆ ਤਾਂ ਗ਼ਰੀਬੜੇ ਸਿੱਖਾਂ ਨੇ ਅਪਣੀ ਘੋਰ-ਨਿਰਾਦਰੀ ਤਕਦਿਆਂ ਅਲੱਗ ਅਲੱਗ ਗੁਰੂਘਰ ਉਸਾਰਨੇ ਸ਼ੁਰੂ ਕਰ ਦਿਤੇ।ਹੁਣ ਕੀ ਪੰਜਾਬ ਵਿਚ ਅਤੇ ਕੀ ਬਾਹਰਲੇ ਮੁਲਕਾਂ ਵਿਚ ਵੀ ਹਰ ਸਿੱਖ ਬਰਾਦਰੀ ਨੇ ਮਨੂੰਵਾਦੀ ਸਿੱਖਾਂ ਤੋਂ ਤੰਗ ਆ ਕੇ ਅਪਣੇ ਅਪਣੇ ਗੁਰਦੁਆਰੇ ਉਸਾਰ ਲਏ ਹਨ ਅਤੇ ਬਰਾਦਰੀ ਨਾਲ ਸਬੰਧਤ ਸਿੱਖ ਅਪਣੇ ਅਪਣੇ ਗੁਰੂਘਰ ਜਾਣ ਨੂੰ ਪਹਿਲ ਦੇਂਦੇ ਹਨ। ਇਹ ਰੁਝਾਨ ਇੰਗਲੈਂਡ, ਅਮਰੀਕਾ, ਕੈਨੇਡਾ, ਸਿੰਘਾਪੁਰ, ਮਲੇਸ਼ੀਆ, ਹਾਂਗਕਾਂਗ, ਆਸਟਰੇਲੀਆ ਆਦਿਕ ਹਰ ਦੇਸ਼ ਵਿਚ ਹੀ ਵੱਧ ਰਿਹਾ ਹੈ।

ਕੀ ਸਾਨੂੰ ਹੁਣ ਗੁਰੂ ਸਾਹਿਬਾਨ ਜੀ ਦੇ ਸੰਦੇਸ਼ ਅਤੇ ਸਿਧਾਂਤ ਭੁੱਲ ਗਏ ਨੇ? ਯਕੀਨਨ ਇਸ ਵੇਲੇ ਸਿੱਖ ਕੌਮ ਵਿਚ ਬਹੁਤ ਸਾਰੇ ਵਾਦ-ਵਿਵਾਦ ਨੇ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਬਾਰੇ, ਰਹਿਤ ਮਰਿਆਦਾ ਬਾਰੇ, ਖਾਣ-ਪੀਣ ਬਾਰੇ, ਦਸਤਾਰਾਂ ਅਤੇ ਕਪੜੇ ਪਹਿਨਣ ਬਾਰੇ ਅਪਣੀਆਂ ਅਪਣੀਆਂ ਜਥੇਬੰਦੀਆਂ ਦੀ ਹੋਂਦ ਬਾਰੇ, ਅਪਣੇ ਆਪ ਨੂੰ ਸਿਰਮੌਰ ਅਤੇ ਅਸਲੀ ਸਿੱਖ ਕਹਾਉਣ ਬਾਰੇ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਦਾ ਤਾਂ ਜਿਵੇਂ ਇਕ ਰੁਝਾਨ ਹੀ ਚਲ ਪਿਆ ਹੋਵੇ।

ਇਕ-ਦੂਜੇ ਸਿੱਖ ਦੀਆਂ ਗ਼ਲਤੀਆਂ ਨੂੰ ਉਛਾਲਣਾ, ਚਿੱਕੜ ਸੁਟਣਾ ਅਪਣੇ ਹੀ ਭਰਾਵਾਂ ਦੀ ਪੱਗ ਰੋਲਣੀ ਇਕ-ਦੂਜੇ ਨੂੰ ਏਜੰਸੀਆਂ ਦੇ ਏਜੰਟ ਗਰਦਾਨਣਾ, ਸੋਸ਼ਲ ਮੀਡੀਆ ਤੇ ਭੱਦੇ ਅਤੇ ਅਸਭਿਅਕ ਲਫ਼ਜ਼ ਬੋਲਣੇ, ਇਕ-ਦੂਜੇ ਦੀ ਰੱਜ ਕੇ ਬੇਇੱਜ਼ਤੀ ਕਰਨੀ, ਨਿੰਦਿਆ ਚੁਗਲੀ, ਬਖੀਲੀ ਆਦਿ ਕਰਨੀ ਤਾਂ ਹੁਣ ਆਮ ਜਿਹੀ ਹੀ ਗੱਲ ਹੋ ਗਈ ਜਾਪਦੀ ਹੈ ਜਦਕਿ ਰੋਜ਼ਾਨਾ ਹੀ ਲੱਖਾਂ ਗੁਰੂ-ਘਰਾਂ ਵਿਚ ਹਰ ਸਿੱਖ ਅਰਦਾਸ ਵਿਚ ਕਹਿੰਦਾ ਹੈ ਕਿ 'ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਵੇਖ ਕੇ ਅਣਡਿੱਠ ਕਰਨਾ ਅਤੇ ਤੇਰੇ ਭਾਣੇ ਸਰਬੱਤ ਦਾ ਭਲਾ'। ਜ਼ਰਾ ਸੋਚੋ ਅਜਿਹਾ ਅਸੀ ਕਿਸ ਲਈ ਕਰ ਰਹੇ ਹਾਂ?

ਗੁਰੂ ਸਾਹਿਬ ਤਾਂ ਆਖਦੇ ਨੇ ਕਿ 'ਸਾਂਝ ਕਰੀਜੈ ਗੁਣਾਂ ਕੇਰੀ, ਛੋਡਿ ਅਵਗੁਣ ਚਲੀਐ' ਅਤੇ 'ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨ ਨਾ ਹੰਢਾਇ£' ਅਤੇ 'ਨਾ ਕੋ ਬੈਰੀ ਨਾ ਹੀ ਬਿਗਾਨਾ£' ਪਰ ਇਸ ਦੇ ਬਾਵਜੂਦ ਵੀ ਅਸੀ ਇਕ-ਦੂਜੇ ਨੂੰ ਛੱਜ ਵਿਚ ਪਾ ਕੇ ਛੱਟਣ ਤੇ ਲੱਗੇ ਹੋਏ ਹਾਂ।ਅਸੀ ਸਮਝ ਨਹੀਂ ਰਹੇ ਕਿਉਂਕਿ ਸਾਡਾ ਚਲਾਕ ਦੁਸ਼ਮਣ ਵੀ ਇਹੋ ਚਾਹੁੰਦਾ ਹੈ ਕਿ ਸਿੱਖ ਕੌਮ ਇਕ ਮੰਚ ਤੇ ਇਕੱਠੀ ਨਾ ਹੋ ਸਕੇ ਅਤੇ ਸਿੱਖ ਫ਼ਾਲਤੂ ਦੇ ਮੁੱਦਿਆਂ 'ਚ ਹੀ ਉਲਝਦੇ ਅਤੇ ਝਗੜਦੇ ਰਹਿਣ।

ਗੁਰੂ ਸਾਹਿਬਾਨ ਦੇ ਵਾਰਸੋ, ਅੱਜ ਸਾਡਾ ਮੁੱਖ ਮੁੱਦਾ ਕੋਈ ਹੋਰ ਹੈ, ਉਸ ਤੇ ਗ਼ੌਰ ਕਰੋ ਕਿਉਂਕਿ ਸਫ਼ਰਾਂ ਵਿਚ ਭਟਕਿਆਂ ਹੋਇਆਂ ਨੂੰ ਕਦੀ ਮੰਜ਼ਲਾਂ ਨਹੀਂ ਮਿਲਦੀਆਂ। ਛੱਡ ਦਿਉ ਸਾਰੇ ਗਿਲੇ-ਸ਼ਿਕਵੇ ਅਤੇ ਲੜਾਈਆਂ-ਝਗੜੇ। ਸਿੱਧੇ ਹੋ ਕੇ ਆ ਜਾਉ ਗੁਰੂ ਸਿਧਾਂਤਾਂ ਦੇ ਗੁਰਮਤਿ ਗਾਡੀਰਾਹ ਉਤੇ। ਜਿੰਨੀ ਵੀ ਜਲਦੀ ਹੋ ਸਕੇ ਜਾਤ-ਪਾਤ ਦੇ ਕੋਹੜ ਦਾ ਇਲਾਜ ਕਰੋ ਅਤੇ ਗੁਰੂ ਦੇ ਬਚਨਾਂ ਦੀ ਪਾਲਣਾ ਕਰੋ।

ਵਕਤ ਵਿਗੜ ਰਿਹਾ ਹੈ। ਹੱਟ ਜਾਉ ਅਪਣੀ ਅਪਣੀ ਡਫ਼ਲੀ ਵਜਾਉਣੀ, ਜੋਸ਼ ਨਾਲ ਹੋਸ਼ ਦੀ ਵਰਤੋਂ ਵੀ ਕਰੋ। ਆਪਸੀ ਝਗੜੇ, ਬਖੇੜਿਆਂ ਅਤੇ ਖਾਮਖਾਹੀ ਮੁੱਦਿਆਂ ਦਾ ਤਿਆਗ ਕਰ ਕੇ ਇਕੋ ਇਕ ਸਿੱਖੀ ਮਾਰਗ ਦੇ ਪਾਂਧੀ ਬਣ ਕੇ ਗੁਰੂ ਸਾਹਿਬਾਨ  ਦੀਆਂ ਸਦਖ਼ੁਸ਼ੀਆਂ ਦੇ ਪਾਤਰ ਬਣੋ ਅਤੇ ਸਿੱਖੀ ਦੇ ਮਾਰਗ ਤੋਂ ਭਟਕ ਚੁੱਕੇ ਅਪਣੇ ਸਿੱਖ ਭਰਾਵਾਂ ਨੂੰ ਅਪਣੇ ਅਪਣੇ ਗਲੇ ਨਾਲ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰੋ।

ਅੱਜ ਪੰਜਾਬ ਵਿਚ ਹੀ ਸਿੱਖੀ ਨੂੰ ਏਨਾ ਖੋਰਾ ਲੱਗ ਗਿਆ ਹੈ ਕਿ ਨਗਰਾਂ-ਪਿੰਡਾਂ ਵਿਚੋਂ ਬਹੁਤ ਸਾਰੇ ਗ਼ਰੀਬ ਸਿੱਖ, ਈਸਾਈ ਧਰਮ ਦੀ ਪਨਾਹ ਵਿਚ ਜਾ ਕੇ ਅਪਣੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੇ ਜੋ ਕਿ ਸਾਡੇ ਲਈ ਅਤਿ ਚਿੰਤਾ ਅਤੇ ਸ਼ਰਮ ਵਾਲੀ ਗੱਲ ਹੈ। ਪੂਰੇ ਭਾਰਤ ਵਿਚ ਲੱਖਾਂ ਦੀ ਗਿਣਤੀ ਵਿਚ ਸਿਕਲੀਗਰ ਅਤੇ ਵਣਜਾਰੇ ਸਿੱਖ ਬੈਠੇ ਨੇ ਜਿਨ੍ਹਾਂ ਦੀ ਹਾਲਤ ਅਤਿ-ਤਰਸਯੋਗ ਵੀ ਹੈ।

ਉਨ੍ਹਾਂ ਨੂੰ ਉਡੀਕ ਹੈ ਪੰਥਕ ਰਹਿਬਰਾਂ ਦੀ, ਸਿੱਖ ਸੰਸਥਾਵਾਂ ਦੀ, ਗੁਰੂ ਦੇ ਪੱਕੇ ਸਿੱਖਾਂ ਦੀ, ਹਮਦਰਦੀ ਭਰੇ ਬੋਲਾਂ ਦੀ, ਗਲੇ ਨਾਲ ਲੱਗਣ ਦੀ ਅਤੇ ਇਮਦਾਦ ਦੀ। ਸੱਚਮੁਚ ਉਹ ਅੱਜ ਵੀ ਸਿੱਖੀ ਦੇ ਤਲਬਗਾਰ ਹਨ, ਗੁਰੂ ਨੂੰ ਸਮਰਪਿਤ ਨੇ। ਹੈ ਕੋਈ ਉਨ੍ਹਾਂ ਦੀ ਬਾਂਹ ਫੜਨ ਵਾਲਾ? ਅਜੇ ਵੀ ਵੇਲਾ ਹੈ ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਅਪਣੇ ਸਿੱਖੀ ਧਰਮ ਨੂੰ ਛੱਡ ਕੇ ਕਿਤੇ ਰਸਤਾ ਭਟਕ ਜਾਣ ਅਤੇ ਫਿਰ ਬਾਅਦ ਵਿਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਣ ਲੱਗਾ।

ਮੈਨੂੰ ਇਹ ਵੀ ਪਤਾ ਅਤੇ ਅਹਿਸਾਸ ਹੈ ਕਿ ਮੇਲੇ 'ਚ ਚੱਕੀ-ਰਾਹਿਆਂ ਨੂੰ ਕੌਣ ਪੁਛਦਾ ਹੈ, ਕਿਉਂਕਿ ਮੈਂ ਤਾਂ ਇਕ ਨਕਾਰਖ਼ਾਨੇ ਵਿਚ ਤੂਤੀ ਹੀ ਹਾਂ, ਪਰ ਮੈਂ ਅਪਣੇ ਅੰਦਰ ਦੇ ਪੰਥਕ ਜਜ਼ਬਾਤ ਨੂੰ ਰੋਕ ਨਹੀਂ ਸਕਿਆ। ਇਸੇ ਕਰ ਕੇ ਪੰਥਕ ਮੁਨਸਫ਼ਾਂ ਅਤੇ ਸੱਚੇ ਸਿੱਖਾਂ ਦੀ ਕਚਹਿਰੀ ਵਿਚ ਪੇਸ਼ ਹੋ ਕੇ ਅਪਣੀ ਬੌਣੀ ਅਤੇ ਨਿਗੁਣੀ ਸੋਚ ਦਾ ਪ੍ਰਗਟਾਵਾ ਕਰਨ ਦਾ ਹੀਆ ਅਤੇ ਯਤਨ ਕੀਤਾ ਹੈ, ਸੋ ਜੇਕਰ ਕਿਸੇ ਵੀ ਸਿੱਖ ਹਿਰਦੇ ਨੂੰ ਮੇਰੇ ਲਫ਼ਜ਼ੀ ਬੋਲਾਂ ਨਾਲ ਕਿਸੇ ਕਿਸਮ ਦੀ ਠੇਸ ਪਹੁੰਚੀ ਹੋਵੇ ਤੇ ਮੈਨੂੰ ਨਾਚੀਜ਼ ਨੂੰ ਮਾਫ਼ ਕਰ ਦੇਣਾ ਜੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement