ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 1)
Published : May 23, 2018, 10:43 pm IST
Updated : May 23, 2018, 10:43 pm IST
SHARE ARTICLE
Amin Malik
Amin Malik

ਮੇਰੀ ਉਮਰ ਨੇ ਤੇ ਭਾਵੇਂ ਸੱਤਰਾਂ ਨੂੰ ਟੱਪ ਲਿਆ ਹੈ ਪਰ ਸੱਤ ਮਾਹਿਆ ਜੰਮ ਕੇ ਵੀ ਮੇਰੀਆਂ ਯਾਦਾਂ ਤੇ ਮੇਰੇ ਚੇਤੇ ਉਤੇ ਖੱਚਰਪੁਣਾ ਇੰਜ ਦਾ ਸੀ ਕਿ ਸੌ ਵਰ੍ਹੇ ਪਹਿਲਾਂ ...

ਮੇਰੀ ਉਮਰ ਨੇ ਤੇ ਭਾਵੇਂ ਸੱਤਰਾਂ ਨੂੰ ਟੱਪ ਲਿਆ ਹੈ ਪਰ ਸੱਤ ਮਾਹਿਆ ਜੰਮ ਕੇ ਵੀ ਮੇਰੀਆਂ ਯਾਦਾਂ ਤੇ ਮੇਰੇ ਚੇਤੇ ਉਤੇ ਖੱਚਰਪੁਣਾ ਇੰਜ ਦਾ ਸੀ ਕਿ ਸੌ ਵਰ੍ਹੇ ਪਹਿਲਾਂ ਦੀਆਂ ਗੱਲਾਂ ਵੀ ਮੇਰੀ ਵੱਖੀ ਵਿਚ ਅਜੇ ਜੁਆਨ ਅਤੇ ਜਾਗਦੀਆਂ ਹਨ। ਮੈਂ ਮਸਾਂ ਪੰਜਾਂ ਕੁ ਵਰ੍ਹਿਆਂ ਦਾ ਹੋਵਾਂਗਾ ਜਦੋਂ ਮੈਨੂੰ ਪੂਰਾ ਪਤਾ ਹੁੰਦਾ ਸੀ ਕਿ ਪਿੰਡ 'ਚੋਂ ਸੱਭ ਤੋਂ ਸੋਹਣੀ ਕੁੜੀ ਕਿਹੜੀ ਹੈ। ਇਹ ਵੀ ਪਤਾ ਸੀ ਕਿ ਕਿਹੜੀ ਕੁੜੀ ਨੂੰ ਕਿਹੜਾ ਮੁੰਡਾ ਪਸੰਦ ਹੈ ਅਤੇ ਪਿੰਡ ਦੀ ਜੀਰਾਂ ਨਾਇਣ ਕਿਹਦੇ ਕਿਹਦੇ ਸੁਨੇਹੇ ਲੈ ਕੇ ਜਾਂਦੀ ਹੈ ਆਸ਼ਕਾਂ ਦੇ ਟਾਂਕੇ ਜੋੜਨ ਲਈ।

ਕੁੜੀਆਂ ਮੈਨੂੰ ਬਾਲ ਸਮਝ ਕੇ ਮੇਰੇ ਕੋਲ ਹੀ ਲੁੱਚੀਆਂ ਲੁੱਚੀਆਂ ਗੱਲਾਂ ਕਰ ਲੈਂਦੀਆਂ ਸਨ ਕਿ ਇਹਨੂੰ ਕਾਹਦੀ ਸਮਝ ਹੈ। ਮੈਂ ਵੀ ਮੀਸਣਾ ਬਣ ਕੇ ਨਹੁੰ 'ਚੋਂ ਮੈਲ ਕਢਦਾ ਰਹਿੰਦਾ ਸਾਂ ਕਿ ਮੈਨੂੰ ਕੀ ਤੁਹਾਡੀਆਂ ਗੱਲਾਂ ਨਾਲ.... ਸਾਧਾਂ ਨੂੰ ਕੀ ਸੁਆਦਾਂ ਨਾਲ। ਬਦਨਸੀਬੀ ਮੇਰੀ ਇਹ ਸੀ ਕਿ ਮੈਨੂੰ ਉਨ੍ਹਾਂ ਨਾਲੋਂ ਵੀ ਬਹੁਤਾ ਪਤਾ ਸੀ ਕਿ ਕਿਸ ਕਿਸ ਦੀ ਸੀਟੀ ਕਿਹੜੇ ਕਿਹੜੇ ਨਾਲ ਰਲੀ ਹੋਈ ਹੈ ਅਤੇ ਕੌਣ ਕੌਣ ਕਿਸ ਕਿਸ ਨੂੰ ਦਸੂਤੀ ਉਤੇ ਕਰੋਸ਼ੀਏ ਨਾਲ ਦਿਲ ਬਣਾ ਕੇ ਰੁਮਾਲ ਘਲਦੀ ਹੈ। ਕਈਆਂ ਨੂੰ ਤਾਂ ਹੱਟੀ ਤੋਂ ਡੀ ਸੀ ਐਮ ਦਾ ਧਾਗਾ ਵੀ ਮੈਂ ਹੀ ਲਿਆ ਕੇ ਦਿੰਦਾ ਹੁੰਦਾ ਸਾਂ।

ਕਸੂਰ ਉਨ੍ਹਾਂ ਵਿਚਾਰੀਆਂ ਦਾ ਵੀ ਕੋਈ ਨਹੀਂ ਸੀ। ਮੇਰਾ ਨਿੱਕੇ ਹੁੰਦਿਆਂ ਦਾ ਮੁਹਾਂਦਰਾ ਹੀ ਕੁੱਝ ਇੰਜ ਦਾ ਸੀ ਕਿ ਵਲੈਤੀ ਕੁਕੜੀ ਵਾਂਗ ਮੋਟਾ ਜਿਹਾ ਅਤੇ ਚੁਪ ਚਾਪ ਰਹਿਣ ਵਾਲਾ ਮਾਸੂਮ ਚਿਹਰਾ ਪਰ ਅੰਦਰੋਂ ਰੱਜ ਕੇ ਖੋਟਾ।ਦੂਰੋਂ ਲਗਦੇ ਮੇਰੇ ਮਾਮੇ ਦੀ ਧੀ ਰਸੂਲਾਂ ਨੇ ਬਰਵਾਲਿਆਂ ਦੇ ਮੁਕਲਾਵਾ ਲੈਣ ਆਏ ਹੋਏ ਜੁਆਈ ਸੱਤਾਰ ਨੂੰ ਕਾਗ਼ਜ਼ ਵਿਚ ਵਲ੍ਹੇਟ ਕੇ ਲਾਲ ਥੇਵੇ ਵਾਲੀ ਛਾਪ ਮੇਰੇ ਹੱਥ ਘੱਲੀ ਤਾਂ ਮੈਨੂੰ ਬੜਾ ਵੱਟ ਚੜ੍ਹਿਆ।

ਰਸੂਲਾਂ ਨੂੰ ਕੀ ਪਤਾ ਕਿ ਮੈਂ ਬਾਹਰੋਂ ਬਾਲ ਅਤੇ ਅੰਦਰੋਂ ਬਾਬਾ ਹਾਂ। ਮੈਂ ਅਪਣੇ ਸੁਆਦ ਲਈ ਤਾਂ ਘੇਸ ਮਾਰ ਸਕਦਾ ਸਾਂ ਪਰ ਮਾਮੇ ਦੀ ਧੀ ਨੂੰ ਬਰਵਾਲਿਆਂ ਦੇ ਜੁਆਈ ਨਾਲ ਘਾਲੇ ਮਾਲੇ ਕਰਦਾ ਤਾਂ ਨਹੀਂ ਸਾਂ ਵੇਖ ਸਕਦਾ। ਮੈਨੂੰ ਇਹ ਵੀ ਪਤਾ ਸੀ ਕਿ ਮੈਂ ਅਤੇ ਮੇਰਾ ਮਾਮਾ ਬਰਵਾਲਿਆਂ ਨਾਲੋਂ ਉੱਚੇ ਹਾਂ। ਸੱਤਾਰ ਦਾ ਸਹੁਰਾ ਰਮਜ਼ਾਨ ਬਰਵਾਲਾ ਸਾਡੀਆਂ ਗੰਢਾਂ ਵੀ ਅੰਗਾਂ ਸਾਕਾਂ ਨੂੰ ਦੇ ਕੇ ਆਉੁਂਦਾ ਹੁੰਦਾ ਸੀ ਅਤੇ ਨਾਲੇ ਉਹ ਅਪਣੀ ਤਾਣੀ ਸਾਡੀ ਹਵੇਲੀ ਵਿਚ ਹੀ ਲਾ ਕੇ ਉਤੇ ਰੱਛ ਫੇਰਦਾ ਸੀ।
ਮੈਂ ਪਿਆਰ ਦੀ ਨਿਸ਼ਾਨੀ, ਲਾਲ ਥੇਵੇ ਵਾਲੀ ਛਾਪ ਨੂੰ ਛੱਪੜ ਵਿਚ ਸੁੱਟ ਕੇ ਪਿਆਰ ਉਤੇ ਪਾਣੀ ਫੇਰ ਦਿਤਾ ਅਤੇ ਨਾਲੇ ਅਪਣਾ ਕਲੇਜਾ ਠੰਢਾ ਕਰ ਲਿਆ।

ਗੱਲ ਕਰ ਰਿਹਾ ਸਾਂ ਭੋਲੀ ਭਾਲੀ ਦੁਨੀਆਂ ਦੀ। ਮੈਂ ਭਾਵੇਂ ਅੰਦਰੋਂ ਰੱਜ ਕੇ ਕਾਲਾ ਜਾਂ ਖਚਰਾ ਸਾਂ ਪਰ ਜਿਵੇਂ ਮੈਂ ਉਸ ਵੇਲੇ ਦੁਨੀਆਂ ਨੂੰ ਵੇਖਿਆ, ਅੱਜ ਉਹਦਾ ਕਿਧਰੇ ਨਿਸ਼ਾਨ ਵੀ ਨਜ਼ਰ ਨਹੀਂ ਆਉੁਂਦਾ।ਉਹ ਦੁਨੀਆਂ ! ਜਦੋਂ ਕੈਂਸਰ, ਏਡਜ਼, ਹਾਰਟ ਟਰੱਬਲ, ਬਲੱਡ ਪਰੈਸ਼ਰ ਅਤੇ ਸ਼ੂਗਰ ਬਹੁਤ ਹੀ ਘੱਟ ਸੀ। ਜਦੋਂ ਕਤਲ, ਡਾਕੇ, ਧੋਖੇ ਅਤੇ ਅਬਾਰਸ਼ਨ ਨਹੀਂ ਸਨ ਹੁੰਦੇ। ਜਦੋਂ ਮਾਂ ਅਪਣੇ ਬਾਲ ਨੂੰ ਜੰਮ ਕੇ ਹਸਪਤਾਲ ਹੀ ਸੁੱਟ ਕੇ ਨਹੀਂ ਸੀ ਆ ਜਾਂਦੀ ਹੁੰਦੀ। ਜਦੋਂ ਬੰਦੇ ਦਾ ਬੰਦੇ ਨਾਲ ਅਤੇ ਜ਼ਨਾਨੀ ਦਾ ਜ਼ਨਾਨੀ ਨਾਲ ਵਿਆਹ ਨਹੀਂ ਸੀ ਹੁੰਦਾ ਅਤੇ ਨਾ ਹੀ ਪਿਉ ਪੁੱਤ ਕੋਲੋਂ ਅਤੇ ਮਾਂ ਧੀ ਕੋਲੋਂ ਡਰਦੀ ਸੀ.... ਜਦੋਂ ਡਰ ਹੁੰਦਾ ਹੀ ਨਹੀਂ ਸੀ।

ਜਦੋਂ 'ਗੇ' ਅਪਣੇ ਹੱਕਾਂ ਲਈ ਜਲੂਸ ਨਹੀਂ ਸਨ ਕਢਦੇ। ਮੈਂ ਨਿੱਕਾ ਹੀ ਸਾਂ ਜਦੋਂ ਇਹ ਭੋਲੀ ਭਾਲੀ ਦੁਨੀਆਂ ਵੇਖੀ, ਜਾਂਚੀ, ਤੋਲੀ, ਪਰਖੀ ਅਤੇ ਦਿਲ ਵਿਚ ਵਸਾਈ। ਅੱਜ ਮੈਂ ਉਸੇ ਹੀ ਦੁਨੀਆਂ ਦੀ ਇਕ ਝਲਕ ਕਾਗ਼ਜ਼ ਦੇ ਪੰਨਿਆਂ ਉਤੇ ਵਾਹ ਰਿਹਾ ਹਾਂ ਅਤੇ ਇਕ ਨਿੱਕੀ ਜਿਹੀ ਤਸਵੀਰ ਬਣਾਉਣ ਲੱਗਾ ਹਾਂ।ਮੇਰੀ ਮਾਂ ਉਸ ਵੇਲੇ ਸੱਤਰ ਵਰ੍ਹਿਆਂ ਦੀ ਹੋ ਗਈ ਸੀ। ਐਵੇਂ ਬੈਠੇ ਬੈਠੇ ਨੂੰ ਖ਼ਿਆਲ ਆਇਆ ਕਿ ਮੈਂ ਹਰ ਸਰਕਾਰੀ ਕਾਗ਼ਜ਼ ਉਤੇ ਅਪਣਾ ਜੰਮਣ ਦਿਹਾੜਾ ਅਪਣੀ ਮਰਜ਼ੀ ਦਾ ਲਿਖ ਛਡਦਾ ਹਾਂ। ਭਲਾ ਮਾਂ ਕੋਲੋਂ ਤਾਂ ਪੁੱਛਾਂ ਕਿ ਉਹ ਅੱਟਾ ਸੱਟਾ ਲਾ ਕੇ ਦੱਸੇ ਕਿ ਮੈਂ ਕਿਹੜੇ ਮਹੀਨੇ ਜਾਂ ਸਾਲ ਦਾ ਜੰਮਪਲ ਹਾਂ।

ਮੈਂ ਆਖਿਆ 'ਮਾਂ ਜੀ! ਤੁਹਾਨੂੰ ਪਤੈ ਮੈਂ ਕਿਹੜੇ ਵਰ੍ਹੇ ਜੰਮਿਆ ਸਾਂ?'
ਮਾਂ ਨੇ ਆਖਿਆ ''ਲੈ ਖਾਂ ਦੱਸ! ਕਮਲਾ ਨਾ ਹੋਵੇ ਤਾਂ, ਭਲਾ ਜੰਮਣ ਵਾਲੀ ਨੂੰ ਇਹ ਵੀ ਨਹੀਂ ਪਤਾ? ਕਦੀ ਘਰ ਦਿਆਂ ਜੰਮਿਆਂ ਦੇ ਵੀ ਕਿਸੇ ਨੇ ਦੰਦ ਗਿਣੇ ਨੇਂ?''
ਮੈਂ ਖ਼ੁਸ਼ ਹੋ ਗਿਆ ਕਿ ਚਲੋ ਸਰਕਾਰੀ ਕਾਗ਼ਜ਼ਾਂ ਵਿਚ ਜੋ ਲਿਖਿਆ ਗਿਆ ਸੋ ਲਿਖਿਆ ਗਿਆ, ਅੱਜ ਅਸਲ ਪਤਾ ਤੇ ਲੱਗੇ।ਮਾਂ ਨੇ ਉੁਂਗਲਾਂ ਉਤੇ ਕੁੱਝ ਗਿਣਿਆ, ਪੈਰਾਂ ਦੀਆਂ ਉਂਗਲਾਂ ਵੀ ਰਲਾਈਆਂ, ਕੰਧਾਂ ਵਲ ਵੇਖਿਆ, ਛੱਤ ਦੇ ਬਾਲਿਆਂ 'ਤੇ ਝਾਤੀ ਮਾਰੀ, ਮੇਰੇ ਸਾਰੇ ਭਰਾਵਾਂ ਦਾ ਨਾਂ ਲਿਆ,

ਨਿੱਕੀ ਮਾਸੀ ਦੇ ਵਿਆਹ ਦੀ ਗੱਲ ਕੀਤੀ, ਅਪਣੇ ਪਿਉ ਦੇ ਮਰਨ ਦਾ ਚੇਤਾ ਕੀਤਾ ਅਤੇ ਆਖਣ ਲੱਗੀ ''ਰੱਬ ਝੂਠ ਨਾ ਬਲਾਵੇ, ਜਿਸ ਵਰ੍ਹੇ ਤਾਊਨ (plague) ਪਿਆ ਸੀ, ਦੂਜੀ ਵੱਡੀ ਜੰਗ ਨਵੀਂ ਨਵੀਂ ਲੱਗ ਕੇ ਹਟੀ ਸੀ, ਤੇਰੀ ਨਾਨੀ ਹੱਜ ਕਰਨ ਗਈ ਸੀ ਅਤੇ ਐਵੇਂ ਕੱਚੇ ਪੱਕੇ ਜਹੇ ਦਿਹਾੜੇ ਸਨ। ਜਦੋਂ ਲੋਕੀਂ ਬਾਹਰ ਵਿਹੜੇ ਵਿਚ ਰਜਾਈਆਂ ਲੈ ਕੇ ਸੌਂਦੇ ਸਨ ਅਤੇ ਉਸ ਵਰ੍ਹੇ ਫ਼ਸਲ ਮਾਰ ਵੀ ਬੜੀ ਹੋਈ ਸੀ ਜਦੋਂ ਤੂੰ ਜੰਮਿਆ ਸੈਂ।''ਇਹ ਗੱਲਾਂ ਜਾਂ ਜਨਮ ਪਤਰੀ ਸੁਣ ਕੇ ਮੈਂ ਦਿਲ ਵਿਚ ਸੋਚਿਆ ਮਾਂ ਨੂੰ ਤਾਂ ਅਪਣੇ ਜੰਮਣ ਦੀ ਤਾਰੀਖ਼ ਪੁਛੀ ਸੀ, ਉਸ ਨੇ ਜੁਗਰਾਫ਼ੀਆ ਅਤੇ ਮੌਸਮ ਦਾ ਹਾਲ ਵੀ ਦਸ ਕੇ ਮਹਿਕਮਾ ਸਿਹਤ ਦੀ ਸਿਹਤ ਵੀ ਦੱਸ ਦਿਤੀ ਹੈ

ਕਿ ਉਸ ਵੇਲੇ ਤਾਊਨ ਫੈਲਿਆ ਸੀ। ਮੈਂ ਆਖਿਆ, ''ਮਾਂ ਜੀ ਮੈਨੂੰ ਪੂਰਾ ਪਤਾ ਲੱਗ ਗਿਆ ਹੈ ਕਿ ਮੈਂ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਜੰਮਿਆ ਸਾਂ।'' ਉਹ ਬਹਿਸ਼ਤਣ ਆਖਣ ਲੱਗੀ ''ਹੱਛਾ ਤੇ ਹੁਣ ਮੈਂ ਫਿਰ ਸੌਂ ਜਾਵਾਂ? ਤੇਰੀ ਤਸੱਲੀ ਹੋ ਗਈ ਏ ਨਾ?'' ਮੈਂ ਆਖਿਆ, ''ਮਾਂ ਜੀ ਸੌਂ ਜਾਉ, ਜੰਮਣ ਦਿਹਾੜਾ ਪੁਛ ਕੇ ਮੇਰੀਆਂ ਅੱਖਾਂ ਖੁਲ੍ਹ ਗਈਆਂ ਨੇ।''
ਅੱਜ ਸੋਚਦਾ ਹਾਂ ਕਿ ਕਿੰਨੀਆਂ ਚੰਗੀਆਂ ਸਨ ਉਹ ਮਾਵਾਂ ਜਿਹੜੀਆਂ ਜੰਮ ਕੇ ਬਾਲ ਨੂੰ ਬੇਬੀ ਸਿੱਟਰ (baby sitter) ਦੇ ਹਵਾਲੇ ਨਹੀਂ ਸਨ ਕਰਦੀਆਂ,

ਜਾਅਲੀ ਅਤੇ ਓਪਰਾ ਦੁੱਧ ਨਹੀਂ ਸਨ ਪਿਆਂਦੀਆਂ.... ਅਪਣੇ ਲਹੂ ਨਾਲ ਪਾਲਦੀਆਂ ਸਨ। ਕਦੀ ਜੁਆਨੀ ਵਿਚ ਰੰਡੀਆਂ ਹੋ ਜਾਂਦੀਆਂ ਤੇ ਇਸ ਕਰ ਕੇ ਹੀ ਦੂਜਾ ਵਿਆਹ ਨਹੀਂ ਸਨ ਕਰਵਾਉੁਂਦੀਆਂ ਕਿ ਮੇਰੇ ਪੁੱਤਰ ਨੂੰ ਕਿਧਰੇ ਮਤਰੇਆ ਪਿਉ ਦਬਕਾ ਨਾ ਮਾਰੇ। ਪਹਾੜ ਜਿੱਡਾ ਰੰਡੇਪਾ ਅਪਣੇ ਪੁੱਤਰ ਲਈ ਕੱਟ ਲੈਂਦੀਆਂ ਸਨ। ਉਹ ਜਿਉਂਦੀਆਂ ਹੀ ਅਪਣੇ ਬਾਲਾਂ ਲਈ ਸਨ। ਉਹ ਮਰ ਵੀ ਜਾਂਦੀਆਂ ਸਨ..... ਧੀਆਂ ਦੇ ਦੁੱਖ ਵੇਖ ਕੇ।  (ਚਲਦਾ)                         ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement