
ਭਾਰਤੀ ਸਿਆਸਤ ਵਿਚ ਜਦੋਂ ਵੀ ਵੰਸ਼ਵਾਦ ਦੀ ਗੱਲ ਤੁਰਦੀ ਹੈ ਤਾਂ ਪੈਂਦੀ ਸੱਟੇ ਨਜ਼ਰ ਪੰਡਤ ਨਹਿਰੂ ਦੇ ਖ਼ਾਨਦਾਨ ਉਤੇ ਜਾ ਟਿਕਦੀ ਹੈ..............
ਭਾਰਤੀ ਸਿਆਸਤ ਵਿਚ ਜਦੋਂ ਵੀ ਵੰਸ਼ਵਾਦ ਦੀ ਗੱਲ ਤੁਰਦੀ ਹੈ ਤਾਂ ਪੈਂਦੀ ਸੱਟੇ ਨਜ਼ਰ ਪੰਡਤ ਨਹਿਰੂ ਦੇ ਖ਼ਾਨਦਾਨ ਉਤੇ ਜਾ ਟਿਕਦੀ ਹੈ। ਇਹ ਸੁਭਾਵਿਕ ਵੀ ਹੈ। ਆਜ਼ਾਦ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸਨ ਹਾਲਾਂਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਉਨ੍ਹਾਂ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੇ ਪਿਤਾ ਪੰਡਤ ਮੋਤੀ ਲਾਲ ਨਹਿਰੂ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਸਨ। ਅੱਜ ਵੀ ਇਸੇ ਕਾਂਗਰਸ ਦੀ ਵਾਗਡੋਰ ਇਸੇ ਖ਼ਾਨਦਾਨ ਦੀ ਪੰਜਵੀਂ ਪੀੜ੍ਹੀ ਰਾਹੁਲ ਗਾਂਧੀ ਦੇ ਹੱਥਾਂ ਵਿਚ ਹੈ।
ਸੱਚ ਪੁੱਛੋ ਤਾਂ ਭਾਰਤੀ ਸਿਆਸਤ ਵਿਚ ਵੰਸ਼ਵਾਦ ਦੀ ਪ੍ਰਥਾ ਨਹਿਰੂ ਖ਼ਾਨਦਾਨ ਤੋਂ ਹੀ ਸ਼ੁਰੂ ਹੋਈ, ਜੋ ਹੌਲੀ-ਹੌਲੀ ਸਾਰੇ ਸਿਆਸਤਦਾਨਾਂ ਦੇ ਪ੍ਰਵਾਰਾਂ ਤਕ ਫੈਲਣ ਲੱਗੀ ਅਤੇ ਫੈਲ ਵੀ ਰਹੀ ਹੈ। ਪੰਡਤ ਨਹਿਰੂ ਨੇ ਅਪਣੀ ਧੀ ਇੰਦਰਾ ਗਾਂਧੀ ਨੂੰ ਨਾ ਕੇਵਲ ਸਿਆਸਤ ਵਿਚ ਆਉਣ ਲਈ ਪ੍ਰੇਰਿਆ ਤੇ ਅਗਵਾਈ ਕੀਤੀ, ਸਗੋਂ ਉਸ ਨੂੰ ਸਿਆਸਤ ਦੀਆਂ ਕਈ ਬਾਰੀਕੀਆਂ ਸਮਝਾਈਆਂ। ਇਹੀ ਵਜ੍ਹਾ ਹੈ ਕਿ ਉਹ ਨਾ ਸਿਰਫ਼ ਭਾਰਤ ਦੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਬਣੀ, ਸਗੋਂ ਉਹ ਦੁਨੀਆਂ ਦੀਆਂ ਕੁੱਝ ਚੋਟੀ ਦੀਆਂ ਪ੍ਰਧਾਨ ਮੰਤਰੀਆਂ ਵਿਚ ਗਿਣੀ ਜਾਂਦੀ ਸੀ।
Jawaharlal Nehru
ਜੇਕਰ ਕੱਲ ਨੂੰ ਉਹ ਵਿਆਹਿਆ ਵਰ੍ਹਿਆ ਜਾਂਦਾ ਹੈ ਤਾਂ ਇਹ ਗੱਲ ਪੱਕੀ ਹੈ ਕਿ ਇਸੇ ਚਾਪਲੂਸ ਪਾਰਟੀ ਦੇ ਸਿਰਕੱਢ ਆਗੂ ਉਸ ਦੇ ਬੱਚੇ ਨੂੰ ਵੀ ਕਾਂਗਰਸ ਦੀ ਵਾਗਡੋਰ ਸੌਂਪਣ ਲਈ ਹਰ ਵੇਲੇ ਤਰਲੋਮੱਛੀ ਹੋਏ ਮਿਲਣਗੇ। ਵੈਸੇ ਤਾਂ ਭਾਰਤੀ ਸਿਆਸਤ ਦਾ ਬਾਬਾ ਆਦਮ ਹੀ ਨਿਰਾਲਾ ਹੈ। ਵੰਸ਼ਵਾਦ ਨੂੰ ਬੜ੍ਹਾਵਾ ਕੇਵਲ ਕਾਂਗਰਸ ਵਲੋਂ ਹੀ ਨਹੀਂ ਦਿਤਾ ਜਾ ਰਿਹਾ, ਸਗੋਂ ਬਹੁਤ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਵੀ ਇਸ ਤੋਂ ਨਹੀਂ ਬਚੀਆਂ ਹੋਈਆਂ। ਮਿਸਾਲ ਵਜੋਂ ਪਿਛਲੇ 70 ਵਰ੍ਹਿਆਂ ਵਿਚ ਹਿੰਦੁਸਤਾਨ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਕੇਂਦਰੀ ਮੰਤਰੀ ਜਾਂ ਸੂਬਿਆਂ ਦੇ ਮੁੱਖ ਮੰਤਰੀ ਜਾਂ ਮੰਤਰੀ ਜਾਂ ਫਿਰ ਜਿੰਨੇ ਵੀ ਐਮ.ਪੀ. ਤੇ ਵਿਧਾਇਕ ਹੋਏ ਹਨ,
ਬਹੁਤਿਆਂ ਨੇ ਅਪਣੇ ਧੀਆਂ-ਪੁਤਰਾਂ, ਨੂੰਹਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਵੰਸ਼ਵਾਦ ਵਿਚ ਲਿਆਂਦਾ ਹੈ। ਜੇ ਇਕ-ਇਕ ਨੇਤਾ ਦੇ ਇਨ੍ਹਾਂ ਜੀਆਂ ਦਾ ਵੇਰਵਾ ਲਿਖਣ ਲਗੀਏ ਤਾਂ ਪੂਰੀ ਕਿਤਾਬ ਬਣ ਜਾਵੇਗੀ। ਕੁੱਲ ਮਿਲਾ ਕੇ ਇਹ ਕਹਿਣਾ ਬਹੁਤ ਹੀ ਉਚਿਤ ਹੋਵੇਗਾ ਕਿ ਇਸ ਵਗਦੀ ਗੰਗਾ ਵਿਚ ਕਿਸੇ ਨੇ ਵੀ ਹੱਥ ਧੋਣੋਂ ਗੁਰੇਜ਼ ਨਹੀਂ ਕੀਤਾ। ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੁੱਤਰ ਇਸ ਵੇਲੇ ਕਰਨਾਟਕ ਸੂਬੇ ਦਾ ਮੁੱਖ ਮੰਤਰੀ ਹੈ ਤੇ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੁੱਤਰ ਪੰਜਾਬ ਤੋਂ ਲੋਕਸਭਾ ਦਾ ਮੈਂਬਰ ਹੈ।
ਜੇ ਕੇਂਦਰ ਤੇ ਹੋਰ ਸੂਬਿਆਂ ਦਾ ਇਸ ਪੱਖੋਂ ਜ਼ਿਕਰ ਨਾ ਵੀ ਕਰੀਏ ਅਤੇ ਸਿੱਧੇ ਪੰਜਾਬ ਦੀ ਸਿਆਸਤ ਉਤੇ ਆ ਕੇਂਦਰਿਤ ਕਰੀਏ ਤਾਂ ਇਥੇ ਵੀ ਹਾਲ ਕੋਈ ਵਖਰਾ ਨਹੀਂ।
ਪਿਛਲੇ 70 ਸਾਲਾਂ ਵਿਚ ਪੰਜਾਬ ਦੇ ਸਿਆਸਤਦਾਨ ਭਾਵੇਂ ਕਈ ਹੋਏ ਹਨ ਪਰ ਗੱਲ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਕਰਨੀ ਹੀ ਉਚਿਤ ਰਹੇਗੀ। ਸ. ਬਾਦਲ ਦਾ ਸਬੰਧ ਤਾਂ ਭਾਵੇਂ ਇਕ ਖੇਤਰੀ ਪਾਰਟੀ ਅਕਾਲੀ ਦਲ ਨਾਲ ਹੈ ਪਰ ਉਨ੍ਹਾਂ ਦਾ ਕੱਦ ਕੌਮੀ ਪੱਧਰ ਦਾ ਹੈ। ਉਹ 2017 ਤਕ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। 90ਵਿਆਂ ਵਿਚ ਉਨ੍ਹਾਂ ਨੇ ਅਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਰਾਹ ਤੋਰ ਲਿਆ। ਵਿਚ ਹੀ ਸੁਖਬੀਰ ਦਾ ਪਹਿਲਾਂ ਭਣਵਈਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਫਿਰ ਸਾਲਾ ਬਿਕਰਮ ਸਿੰਘ ਮਜੀਠੀਆ ਸਿਆਸਤ ਵਿਚ ਆ ਕੇ ਸਰਕਾਰ ਵਿਚ ਅਹਿਮ ਥਾਂ ਉਤੇ ਬਿਰਾਜਮਾਨ ਹੋਏ।
Indira Gandhi
ਰਹਿੰਦੀ ਖੂੰਹਦੀ ਕਸਰ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਪੂਰੀ ਕਰ ਦਿਤੀ। ਉਹ ਦੋ ਵਾਰ ਲੋਕਸਭਾ ਚੋਣ ਜਿੱਤ ਕੇ ਮੋਦੀ ਸਰਕਾਰ ਵਿਚ ਵਜ਼ੀਰ ਬਣ ਗਈ। ਬਾਦਲ ਪ੍ਰਵਾਰ ਦੇ ਕਈ ਹੋਰ ਕਰੀਬੀ ਰਿਸ਼ਤੇਦਾਰ ਵੀ ਉਨ੍ਹਾਂ ਦੀ ਸਰਕਾਰ ਵਿਚ ਮੰਤਰੀ ਬਣੇ ਰਹੇ। ਹੋਰ ਕਈ ਮੁੱਖ ਮੰਤਰੀਆਂ ਤੇ ਮੰਤਰੀਆਂ ਦੇ ਪ੍ਰਵਾਰ ਵੀ ਇਸ ਖੇਤਰ ਵਿਚ ਪਿੱਛੇ ਨਹੀਂ ਰਹੇ। ਸ. ਪ੍ਰਕਾਸ਼ ਸਿੰਘ ਬਾਦਲ ਤੋਂ ਪਿਛੋਂ ਜੇ ਪੰਜਾਬ ਦੇ ਦੂਜੇ ਮੁੱਖ ਮੰਤਰੀਆਂ ਦੇ ਪ੍ਰਵਾਰਾਂ ਉਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਪਿਛੇ ਕੋਈ ਵੀ ਨਹੀਂ ਰਿਹਾ।
ਹਾਲਾਂਕਿ ਹਰ ਮੁੱਖ ਮੰਤਰੀ ਕਹਿੰਦਾ ਇਹੀ ਹੁੰਦਾ ਸੀ ਕਿ ਉਸ ਦਾ ਕੋਈ ਧੀ ਪੁੱਤਰ ਜਾਂ ਹੋਰ ਰਿਸ਼ਤੇਦਾਰ ਸਰਕਾਰ ਜਾਂ ਸਿਆਸਤ ਵਿਚ ਦਖ਼ਲਅੰਦਾਜ਼ੀ ਨਹੀਂ ਕਰੇਗਾ। ਕੁੱਲ ਮਿਲਾ ਕੇ ਇਹ ਕਹਿਣ ਦੀਆਂ ਗੱਲਾਂ ਹੀ ਸਨ। ਸੱਭ ਕੁੱਝ ਪਹਿਲਾਂ ਵੀ ਚਲਦਾ ਸੀ ਤੇ ਹੁਣ ਵੀ ਚਲਦਾ ਹੈ। ਪੰਜਾਬ ਦੇ ਤੀਜੇ ਮੁੱਖ ਮੰਤਰੀ ਸਨ ਸ. ਪ੍ਰਤਾਪ ਸਿੰਘ ਕੈਰੋਂ। ਉਸ ਦਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਸਿਆਸਤ ਵਿਚ ਰਿਹਾ। ਹੁਣ ਪ੍ਰਤਾਪ ਸਿੰਘ ਕੈਰੋਂ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ ਜੋ ਬਾਦਲ ਪ੍ਰਵਾਰ ਦਾ ਜਵਾਈ ਹੈ। ਬਾਦਲ ਪ੍ਰਵਾਰ ਵਿਚੋਂ ਇਸ ਵੇਲੇ ਕੈਰੋਂ ਤੇ ਛੋਟੇ ਬਾਦਲ ਤੋਂ ਬਿਨਾਂ ਹਰਸਿਮਰਤ ਕੌਰ ਬਾਦਲ ਰਾਜਨੀਤੀ ਵਿਚ ਹੈ।
ਕੱਲ ਨੂੰ ਉਨ੍ਹਾਂ ਦਾ ਧੀ-ਪੁੱਤਰ ਰਾਜਨੀਤੀ ਵਿਚ ਆਉਂਦਾ ਹੈ ਜਾਂ ਨਹੀਂ, ਹਾਲ ਦੀ ਘੜੀ ਕੋਈ ਸੰਕੇਤ ਨਹੀਂ। ਸੁਰਜੀਤ ਸਿੰਘ ਬਰਨਾਲਾ ਦਾ ਪੁੱਤਰ ਗਗਨਜੀਤ ਸਿੰਘ ਬਰਨਾਲਾ ਵੀ ਸਿਆਸਤ ਵਿਚ ਹੈ ਬਲਕਿ ਉਸ ਦੀ ਮਾਂ ਸੁਰਜੀਤ ਕੌਰ ਬਰਨਾਲਾ ਵੀ ਸਿਆਸਤ ਵਿਚ ਕਾਫ਼ੀ ਸਰਗਰਮ ਹੈ। ਬੇਅੰਤ ਸਿੰਘ ਪੰਜਾਬ ਦਾ ਤਾਕਤਵਰ ਮੁੱਖ ਮੰਤਰੀ ਰਿਹਾ। ਉਸ ਦਾ ਇਕ ਪੁੱਤਰ ਤੇ ਧੀ ਪੰਜਾਬ ਵਜ਼ਾਰਤ ਵਿਚ ਰਹੇ। ਇਸ ਵੇਲੇ ਉਨ੍ਹਾਂ ਦੇ ਦੋ ਪੋਤਰਿਆਂ ਵਿਚੋਂ ਇਕ ਰਵਨੀਤ ਸਿੰਘ ਬਿੱਟੂ ਐਮ.ਪੀ. ਹੈ ਤੇ ਦੂਜਾ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਹੈ। ਹਰਚਰਨ ਸਿੰਘ ਬਰਾੜ ਵੀ ਪੰਜਾਬ ਦਾ ਮੁੱਖ ਮੰਤਰੀ ਰਿਹਾ ਤੇ ਹਰਿਆਣਾ ਦਾ ਗਵਰਨਰ ਵੀ।
Rajiv Gandhi
ਉਸ ਦਾ ਪੁੱਤਰ ਤੇ ਨੂੰਹ ਦੋਵੇਂ ਵਿਧਾਇਕ ਰਹਿ ਚੁੱਕੇ ਹਨ। ਬੀਬੀ ਰਜਿੰਦਰ ਕੌਰ ਭੱਠਲ ਵੀ ਸ਼ਕਤੀਸ਼ਾਲੀ ਮੁੱਖ ਮੰਤਰੀ ਰਹੀ। ਉਸ ਦਾ ਜਵਾਈ ਤੇ ਪੁੱਤਰ ਵੀ ਰਾਜਨੀਤੀ ਵਿਚ ਸਰਗਰਮ ਹਨ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਜੋ ਦੂਜੀ ਵਾਰ ਇਸ ਅਹੁਦੇ ਉਤੇ ਬਿਰਾਜਮਾਨ ਹੋਏ ਹਨ। ਉਨ੍ਹਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਤਾਂ ਸਰਗਰਮ ਸਿਆਸਤ ਵਿਚ ਹੈ ਹੀ, ਉਨ੍ਹਾਂ ਨੇ ਅਪਣੇ ਪੁੱਤਰ ਨੂੰ ਵੀ ਇੱਧਰ ਤੋਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਗੱਲ ਬਹੁਤੀ ਬਣੀ ਨਹੀਂ।
ਤਾਂ ਵੀ ਪੰਜਾਬ ਦੀ ਸਿਆਸਤ ਦਾ ਇਸ ਵੇਲੇ ਦਿਲਚਸਪ ਪਹਿਲੂ ਇਹ ਹੈ ਕਿ ਇਸ ਵੇਲੇ ਜਿੰਨੇ ਵੀ ਮੰਤਰੀ ਹਨ, ਵਿਧਾਇਕ ਤੇ ਐਮ.ਪੀ. ਉਹ ਆਪ ਤਾਂ ਸਿਆਸਤ ਵਿਚ ਵਿਚਰ ਹੀ ਰਹੇ ਹਨ, ਸਗੋਂ ਹੁਣ ਉਨ੍ਹਾਂ ਦੇ ਧੀ ਪੁੱਤਰ ਵੀ ਗਾਹੇ ਬਗਾਹੇ ਹਾਜ਼ਰੀ ਲਾਉਣ ਲੱਗੇ ਹਨ। ਵਜ਼ੀਰਾਂ ਦੇ ਧੀਆਂ ਪੁਤਰਾਂ ਦਾ ਤਾਂ ਚਲੋ ਵੱਖ-ਵੱਖ ਸਮਾਗਮਾਂ ਵਿਚ ਹਾਜ਼ਰੀ ਭਰਨਾ ਕਾਫ਼ੀ ਵਾਜਬ ਮੰਨਿਆ ਜਾ ਸਕਦਾ ਹੈ ਪਰ ਜਦੋਂ ਸਧਾਰਣ ਤੋਂ ਸਧਾਰਣ ਆਗੂਆਂ ਦੇ ਧੀ ਪੁੱਤਰ ਵੀ ਹਾਜ਼ਰੀ ਲੁਆਉਣ ਲਗਦੇ ਹਨ ਤਾਂ ਕਈ ਵਾਰੀ ਹਾਸੇ ਮਜ਼ਾਕ ਦਾ ਪਾਤਰ ਵੀ ਬਣ ਜਾਂਦੇ ਹਨ।
ਅੱਗੋਂ ਉਸ ਦਾ ਛੋਟਾ ਪੁੱਤਰ ਸੰਜੇ ਗਾਂਧੀ ਤਾਂ ਐਮਰਜੰਸੀ ਵੇਲੇ ਇਕ ਚੰਗਾ ਸੁਧਾਰਕ ਤੇ ਗਤੀਸ਼ਾਲੀ ਬਣ ਕ ਉਭਰਿਆ ਸੀ। ਰਾਜੀਵ ਗਾਂਧੀ ਭਲੇ ਹੀ ਸਿਆਸੀ ਪ੍ਰਵਾਰ ਦਾ ਬਾਸ਼ਿੰਦਾ ਸੀ ਪਰ ਉਸ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਉਹ ਪਾਇਲਟ ਦੀ ਨੌਕਰੀ ਕਰਦਾ ਸੀ ਪਰ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਕੁੱਝ ਹਾਲਾਤ ਨੇ ਅਤੇ ਕੁੱਝ ਕਾਂਗਰਸੀ ਆਗੂਆਂ ਨੇ ਉਸ ਨੂੰ ਸਿਆਸਤ ਵਿਚ ਲਿਆ ਵਾੜਿਆ। ਹੁਣ ਉਸੇ ਰਾਜੀਵ ਗਾਂਧੀ ਦਾ ਪੁੱਤਰ ਰਾਹੁਲ ਗਾਂਧੀ ਕਾਂਗਰਸ ਦਾ ਪ੍ਰਧਾਨ ਤੇ ਭਾਰਤ ਦਾ ਸੰਭਾਵੀ ਪ੍ਰਧਾਨ ਮੰਤਰੀ ਮੰਨਿਆ ਜਾਣ ਲੱਗਾ ਹੈ। ਹਾਲ ਦੀ ਘੜੀ ਰਾਹੁਲ ਗਾਂਧੀ ਇਕੱਲਾ ਹੀ ਹੈ।
Rahul Gandhi
ਉਂਜ ਵੰਸ਼ਵਾਦ ਇਸ ਤਰ੍ਹਾਂ ਹੀ ਚਲਦਾ ਹੈ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸਿਆਸਤਦਾਨਾਂ ਦੇ ਧੀਆਂ ਪੁੱਤਰਾਂ ਨੂੰ ਕਾਫ਼ੀ ਲੋਕ ਸਵੀਕਾਰ ਵੀ ਕਰ ਲੈਂਦੇ ਹਨ।
ਸਵਾਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀ ਜਿਸ ਨੌਜਵਾਨ ਪੀੜ੍ਹੀ ਨੂੰ ਸਿਆਸਤ ਵਲ ਆਉਣ ਲਈ ਕਹਿੰਦੇ ਹਨ, ਉਸ ਪੀੜ੍ਹੀ (ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਸਰਕਾਰ ਵਿਚ ਨਹੀਂ) ਦੀ ਵਾਰੀ ਕਿਵੇਂ ਆਵੇ?
ਇਸ ਦੇਸ਼ ਵਿਚ ਇਸ ਵੇਲੇ ਬਹੁਤ ਸਾਰੇ ਅਜਿਹੇ ਪ੍ਰਤਿਭਾਸ਼ੀਲ ਨੌਜੁਆਨ ਹਨ ਜਿਹੜੇ ਸਿਆਸਤ ਵਿਚ ਚੰਗੀ ਭੂਮਿਕਾ ਨਿਭਾ ਸਕਦੇ ਹਨ। ਇਹੋ ਜਿਹੇ ਨੌਜੁਆਨਾਂ ਨੂੰ ਅੱਜ ਤੁਰਤ ਅੱਗੇ ਲਿਆਉਣ ਦੀ ਜ਼ਰੂਰਤ ਵੀ ਹੈ। ਉਹ ਇਸ ਲਈ ਕਿ ਦੇਸ਼ ਦੀ 70 ਸਾਲਾਂ ਦੀ ਸਿਆਸਤ ਨੇ ਸਾਨੂੰ ਹੁਣ ਤਕ ਦੱਸ ਦਿਤਾ ਹੈ ਕਿ ਇਸ ਵਿਚ ਗੰਧਲੀਆਂ ਹੋ ਚੁੱਕੀਆਂ ਪੁਰਾਣੀਆਂ ਨੀਤੀਆਂ ਨੂੰ ਬਦਲ ਕੇ ਠੋਸ ਤੇ ਨਵੀਆਂ ਨੀਤੀਆਂ ਦੀ ਲੋੜ ਹੈ। ਵੈਸੇ ਵੀ ਤਬਦੀਲੀ ਕੁਦਰਤ ਦਾ ਸੱਭ ਤੋਂ ਵੱਡਾ ਨਿਯਮ ਹੈ।
ਸੰਪਰਕ : 98141-22870