ਗੀਤਕਾਰ ਨੇ 2000 ਦੇ ਲਗਭਗ ਗੀਤ ਲਿਖੇ ਹਨ ਅਤੇ 1000 ਗੀਤਾਂ ਦੇ ਲਗਭਗ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ 41 ਕਿਤਾਬਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ
ਜਦੋਂ ਧਰਮ, ਸਿਆਸਤ, ਆਰਥਕ ਤੇ ਸਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਚਾਰੇ ਚੀਜ਼ਾਂ ਦੇ ਸੁਮੇਲ ਨੂੰ ਸਾਹਿਤ ਮੰਨਿਆ ਜਾਂਦਾ ਹੈ। ਦਿਨ ਤੇ ਰਾਤ 24 ਘੰਟੇ ਜੋ ਕੰਮ ਅਸੀਂ ਕਰਦੇ ਹਾਂ, ਖਾਣਾ-ਪੀਣਾ, ਤੁਰਨਾ-ਫਿਰਨਾ, ਉਠਣਾ-ਬੈਠਣਾ, ਰੋਣਾ-ਹੱਸਣਾ, ਸੋਚਣਾ, ਸਮਝਣਾ, ਸਮਝਾਉਣਾ, ਕਲਪਨਾ ਕਰਨਾ ਤੋੜਨਾ-ਜੋੜਨਾ, ਪਰਖਣਾ ਮਤਲਬ ਜੋ ਵੀ ਦਿਨ ਰਾਤ ਅਸੀਂ ਕਰਦੇ ਹਾਂ ਵੇਖਦੇ ਹਾਂ, ਸੁਣਦੇ ਹਾਂ ਕਲਪਨਾ ਕਰਦੇ ਹਾਂ। ਇਹ ਸਾਰਾ ਵਰਤਾਰਾ ਹੀ ਸਾਹਿਤ ਵਿਚ ਆਉਂਦਾ ਹੈ। ਇਸ ਕਰ ਕੇ ਲੋਕ ਗੀਤਾਂ ਵਿਚ ਵੀ ਇਹ ਸੱਭ ਕੱੁਝ ਮੌਜੂਦ ਕਾਰਨ ਗੀਤ ਨੂੰ ਵੀ ਸਾਹਿਤ ਦਾ ਇਕ ਅੰਗ ਵਜੋਂ ਸਮਝਣ ਤੋਂ ਮੁਕਰੀ ਨਹੀਂ ਖਾ ਸਕਦੇ। ਪੰਜਾਬੀ ਗੀਤਕਾਰੀ ਦੇ ਵਿਹੜੇ ਅਨੇਕਾਂ ਫੁਲ ਚਮਕੇ ਹਨ। ਇਸ ਖੇਤਰ ਵਿਚ ਇਕ ਨਾਂ ਆਉਂਦਾ ਹੈ ਜਿਸ ਨੇ ਵੱਡੇ ਪੱਧਰ ਤੇ ਪ੍ਰਸਿੱਧੀ ਖੱਟੀ ਹੈ, ਉਹ ਹੈ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ।
ਹਰਦੇਵ ਦਿਲਗੀਰ ਦਾ ਜਨਮ 19 ਸਤੰਬਰ, 1939 ਈ: ਦਿਨ ਮੰਗਲਵਾਰ ਨੂੰ ਮਾਤਾ ਅਮਰ ਕੌਰ ਦੀ ਕੁੱਖੋਂ, ਪਿਤਾ ਰਾਮ ਸਿੰਘ ਦੇ ਘਰ, ਦਾਦਾ ਰਾਮ ਨੰਦ ਕੁਕ ਗਿੱਲ ਦੇ ਵਿਹੜੇ, ਪਿੰਡ ਥਰੀਕੇ, ਜ਼ਿਲ੍ਹਾ ਲੁਧਿਆਣੇ ਵਿਚ ਹੋਇਆ। ਇਹ ਮਾਪਿਆਂ ਦੀ ਔਲਾਦ ਦੀ ਗਿਣਤੀ ਚਾਰ ਹੈ, ਹਰਦੇਵ ਸਿੰਘ, ਗੁਰਦੇਵ ਸਿੰਘ ਭਰਾ ਅਤੇ ਰਜਿੰਦਰ ਕੌਰ, ਭੁਪਿੰਦਰ ਕੌਰ ਦੋ ਭੈਣਾਂ ਹਨ। ਹਰਦੇਵ ਦਾ ਵਿਆਹ ਸ੍ਰੀਮਤੀ ਪ੍ਰੀਤਮ ਕੌਰ ਨਾਲ ਹੋਇਆ। ਇਨ੍ਹਾਂ ਦੇ ਦੋ ਪੁੱਤਰ ਜਸਵੰਤ ਸਿੰਘ ਤੇ ਹਰਪ੍ਰੀਤ ਸਿੰਘ (ਅਮਰੀਕਾ) ਰਹਿੰਦਾ ਹੈ। ਜਸਵੰਤ ਕੌਰ, ਦੇਵ ਦੀ ਧੀ ਹੈ। ਦੇਵ ਨੇ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਅਠਵੀਂ ਲਲਤੋਂ ਕਲਾਂ ਸਕੂਲ ਤੋਂ, ਦਸਵੀਂ ਮਾਲਵਾ ਲਾਇਲਪੁਰ ਹਾਈ ਸਕੂਲ, ਲੁਧਿਆਣਾ ਤੋਂ ਪਾਸ ਕੀਤੀ ਅਤੇ ਜੇ. ਬੀ. ਟੀ. ਜਗਰਾਉ ਤੋਂ ਕੀਤੀ। ਉਨ੍ਹਾਂ ਨੂੰ 1960 ਈ: ’ਚ ਅਧਿਆਪਕ ਦੀ ਨੌਕਰੀ ਮਿਲੀ, ਪੂਰੇ 37 ਸਾਲ ਨੌਕਰੀ ਕੀਤੀ ਜਿਸ ਵਿਚ ਪਿੰਡ ਝਾਂਡੇ ਦੇ ਸਕੂਲ ’ਚ 25 ਸਾਲ ਰਿਹਾ ਅਤੇ 1997 ਈ: ਨੂੰ ਸੇਵਾ ਮੁਕਤ ਹੋਇਆ।
ਗੀਤਕਾਰ ਅੱਠਵੀਂ ਜਮਾਤ ’ਚ ਪੜ੍ਹਦਿਆਂ ਸਮੇਂ ਹੀ ਲਿਖਣ ਲੱਗ ਪਿਆ ਸੀ। ਪਹਿਲਾਂ ਬਾਲ ਗੀਤ ਬਹੁਤ ਲਿਖੇ, ਫਿਰ ਕਹਾਣੀ ਵਲ ਮੋੜਾ ਖਾਧਾ। ‘ਰੋਹੀ ਦਾ ਫੁੱਲ’ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਗਿਆਨੀ ਹਰੀ ਸਿੰਘ ਦਿਲਬਰ ਨੇ ਉਨ੍ਹਾਂ ਨੂੰ ਬਹੁਤ ਉਤਸ਼ਾਹ ਦਿਤਾ ਅਤੇ ਗੁਰਦੇਵ ਮਾਨ ਨੇ ਲਿਖਣ ਦਾ ਢੰਗ ਸਿਖਾਇਆ। ਇੰਦਰਜੀਤ ਹਸਨਪੁਰੀ, ਨੰਦ ਲਾਲ ਨੂਰਪਰੀ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਚਰਨ ਸਿੰਘ ਸਫ਼ਰੀ ਅਤੇ ਸਾਜਨ ਰਾਏਕੋਟੀ ਆਦਿ ਇਨ੍ਹਾਂ ਦੇ ਸਮਕਾਲੀ ਗੀਤਕਾਰ ਹਨ। 1961 ਈ: ਵਿਚ ਦੇਵ ਦਾ ਪਹਿਲਾ ਗੀਤ ਗਾਇਕ ਪ੍ਰੇਮ ਕੁਮਾਰ ਨੇ ਗਾਇਆ, ਉਸ ਤੋਂ ਬਾਅਦ ਤਾਂ ਬਹੁਤ ਸਾਰੇ ਕਲਾਕਾਰਾਂ ਨੇ ਗੀਤਕਾਰ ਦੇ ਗੀਤਾਂ ਨੂੰ ਗਾਇਆ ਤੇ ਰਿਕਾਰਡ ਕਰਵਾਇਆ ਜਿਨ੍ਹਾਂ ਦੇ ਨਾਂ ਹੇਠ ਲਿਖੇ ਹਨ।
ਲੋਕ ਗਾਇਕ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸਵਰਨ ਲਤਾ, ਸੁਰਿੰਦਰ ਕੌਰ, ਜਗਮੋਹਨ ਕੌਰ, ਸ਼ਾਂਤੀ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਚਾਂਦੀ ਰਾਮ, ਕਰਨੈਲ ਗਿੱਲ, ਆਸਾ ਸਿੰਘ ਮਸਤਾਨਾ, ਮਲਕੀਤ ਯੂ. ਕੇ. ਜੈਜ਼ੀ ਬੈਂਸ, ਕਰਮਜੀਤ ਪੁਰੀ ਆਦਿ ਨੇ ਗੀਤ ਗਾਏ ਤੇ ਰਿਕਾਰਡ ਕਰਵਾਏ ਹਨ। ਹਰਦੇਵ ਨੇ ਕਿੱਸੇ ਵੀ ਲਿਖੇ ਜੋ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਦੀ ਅਵਾਜ਼ ਵਿਚ ਰਿਕਾਰਡ ਹੋਏ ਜਿਵੇਂ: ‘ਸ਼ਹੀਦ ਭਗਤ ਸਿੰਘ’, ਜਿਊਣਾ ਮੌੜ’, ‘ਮਿਰਜ਼ਾ ਖਰਲਾਂ ਦਾ’, ‘ਜੱਗਾ ਡਾਕੂ’ ਤੇ ਮੱਸਾ ਰੰਗੜ ਆਦਿ। ਦੇਵ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਵੇਂ: ‘ਜੱਗਾ ਜੱਟ’, ‘ਬਲਵੀਰੋ ਭਾਬੀ’, ‘ਮਾਵਾਂ ਠੰਡੀਆਂ ਛਾਵਾਂ’, ‘ਸੋਹਣੀ ਮਹੀਵਾਲ’, ‘ਨਿੰਮੋ’, ‘ਲੰਬੜਦਾਰਨੀ’, ‘ਜ਼ੋਰ ਜੱਟ ਦਾ’ ਆਦਿ।
ਬਹੁਤ ਸਾਰੇ ਦੇਵ ਥਰੀਕਿਆਂ ਵਾਲੇ ਦੇ ਗੀਤ ਲੋਕ ਗੀਤਾਂ ਵਰਗੇ ਹੀ ਹੋ ਨਿਬੜੇ ਹਨ ਜਿਵੇਂ: ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਉ’, ‘ਕਿਤੋਂ ਆਜਾ ਬਾਬਲਾ ਵੇ ਦੁਖੜੇ ਸੁਣ ਲੈ ਧੀ ਦੇ ਆ ਕੇ’, ‘ਤੇਰੇ ਟਿੱਲੇ ਉਤੋਂ ਸੂਰਤ ਦੀਂਹਦੀ ਐ ਹੀਰ ਦੀ’ ਆਦਿ। ਗੀਤਕਾਰ ਨੇ 2000 ਦੇ ਲਗਭਗ ਗੀਤ ਲਿਖੇ ਹਨ ਅਤੇ 1000 ਗੀਤਾਂ ਦੇ ਲਗਭਗ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ 41 ਕਿਤਾਬਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ‘ਭਗਤ ਸਿੰਘ ਅਸੈਂਬਲੀ ’ਚ ਬੰਬ ਮਾਰਿਆ’, ‘ਤੂੰਬਾ ਮਾਣਕ ਦਾ’, ‘ਜੱਟ ਮਿਰਜ਼ਾ ਖਰਲਾਂ ਦਾ (ਜੰਡ ਵਾਲਾ ਪੀਰ)’, ‘ਘੋੜੀ ਜਿਊਣੇ ਮੌੜ ਦੀ’ ਆਦਿ। ਦੇਵ ਥਰੀਕੇ ਵਾਲਾ ਕਈ ਦੇਸ਼ਾਂ ਦੀ ਸੈਰ ਕਰ ਚੁੱਕਾ ਹੈ ਜਿਵੇਂ ਕੈਨੇਡਾ, ਇੰਗਲੈਂਡ, ਅਮਰੀਕਾ, ਬੈਲਜੀਅਮ, ਜਰਮਨ, ਸਵਿਟਜ਼ਰਲੈਂਡ, ਪੈਰਿਸ, ਹਾਲੈਂਡ ਆਦਿ। ਉਨ੍ਹਾਂ ਨੂੰ ਗੀਤਕਾਰੀ ਦੇ ਖੇਤਰ ਵਿਚ ਬਹੁਤ ਸਾਰੇ ਇਨਾਮ ਸਨਮਾਨ ਮਿਲ ਚੁੱਕੇ ਹਨ ਜਿਵੇਂ: ਅਮਰੀਕਾ (ਡਬਲਯੂ. ਐਸ. ਟੀ. ਵੀ.) ਵਲੋਂ ਮੁਖੀ ਬਲਜੀਤ ਸਿੰਘ ਨੇ ਇਕ ਲੱਖ ਰੁਪਏ ਨਾਲ ਸਨਮਾਨਤ ਕੀਤਾ) ਪ੍ਰੋ: ਮੋਹਨ ਸਿੰਘ, ਅਮਰ ਸ਼ੌਕੀ ਤੇ ਨੂਰਪੁਰੀ ਦਾ ਐਵਾਰਡ ਪ੍ਰਾਪਤ ਕਰ ਚੁੱਕਾ ਹੈ। ਪੰਜਾਬ ਸਰਕਾਰ ਦੇ ਰਾਜਸੀ ਸਕੱਤਰ ਗੁਰਮੀਤ ਨੇ ਮਰੂਤੀ ਕਾਰ ਸਨਮਾਨ ’ਚ ਦਿਤੀ। ਅੰਤਰ ਰਾਸ਼ਟਰੀ ਸੰਗੀਤ ਸੰਮੇਲਨ ਦਿੱਲੀ ਵਿਚ ਕੇ. ਪੀ. ਐਸ. ਗਿੱਲ ਨੇ ਸਨਮਾਨਤ ਕੀਤਾ ਅਤੇ ਸਾਹਿਤ ਸਭਾਵਾਂ, ਕਲੱਬਾਂ ਵਲੋਂ ਹੋਰ ਸੈਂਕੜੇ ਸਨਮਾਨ ਮਿਲ ਚੁੱਕੇ ਹਨ। ਸੁਖਦੇਵ ਸਿੰਘ ਅਟਵਾਲ ਉਧੋਪੁਰੀਏ ਨੇ ਇੰਗਲੈਂਡ ਵਿਚ ਗੀਤਕਾਰ ਦੇ ਨਾਂ ਤੇ ਸੁਸਾਇਟੀ ਬਣਾਈ ਹੈ ਜਿਸ ਦਾ ਨਾਂ ਰਖਿਆ ਹੈ, ‘ਦੇਵ ਥਰੀਕੇ ਵਾਲਾ ਐਪ੍ਰੀਸੀਏਸ਼ਨ ਸੁਸਾਇਟੀ’। ਇਹ ਦੇਵ ਲਈ ਸੱਭ ਤੋਂ ਵੱਡਾ ਮਾਣ ਹੈ।
ਐਨੀ ਪ੍ਰਸਿੱਧੀ ਖੱਟਣ ਦੇ ਬਾਵਜੂਦ ਦੇਵ ਵਿਚ ਭੋਰਾ ਵੀ ਹੰਕਾਰ ਨਹੀਂ ਸੀ, ਉਹ ਬਹੁਤ ਹੀ ਮਿਲਣਸਾਰ ਇਨਸਾਨ ਸੀ। ਉਹ ਚਾਰ-ਪੰਜ ਘੰਟੇ ਰੋਜ਼ਾਨਾ ਪੜ੍ਹਦਾ ਸੀ। ਵਾਰਸ਼ ਸ਼ਾਹ ਦੀ ਹੀਰ ਪੜ੍ਹਨ ਦਾ ਸ਼ੌਕੀਨ ਸੀ। ਬਿਲਕੁਲ ਸਾਦਾ ਪਹਿਰਾਵਾ ਰਖਦਾ ਸੀ ਤੇ ਸਾਦਾ ਖਾਣਾ ਪਸੰਦ ਕਰਦਾ ਸੀ। ਗੀਤਕਾਰੀ ਦੇ ਇਤਿਹਾਸ ’ਚ ਉਸ ਨੇ ਵਿਲੱਖਣ ਪੈੜਾਂ ਪਾਈਆਂ। ਪਿਛਲੇ ਸਮੇਂ ਵਿਚ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪ੍ਰੀਤਮ ਕੌਰ ਦੀ ਹੋਈ ਮੌਤ ਨੇ ਉਨ੍ਹਾਂ ਨੂੰ ਝਿਜੋੜ ਕੇ ਰੱਖ ਦਿਤਾ ਤੇ ਸਦਾ ਉਦਾਸ ਰਹਿਣ ਲੱਗਾ ਦੇਵ ਥਰੀਕੇ ਵਾਲੇ ਦੇ ਲਿਵਰ ਵਿਚ ਖ਼ਰਾਬੀ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣੇ ਦੇ ਦੀਪਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਉਹ ਅਪਣੀ ਉਮਰ ਦੇ 82 ਸਾਲ 3 ਮਹੀਨੇ 5 ਦਿਨ ਪੂਰੇ ਕਰ ਕੇ ਮਿਤੀ 25-01-2022 ਈ: ਦੀ ਠੰਢੀ ਰਾਤ ਨੂੰ 2.30 ਵਜੇ ਦੇ ਲਗਭਗ ਇਹ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਭਾਵੇਂ ਉਹ ਸਾਡੇ ਵਿਚਕਾਰ ਤਾਂ ਨਹੀਂ ਰਹੇ ਪਰ ਉਨ੍ਹਾਂ ਦਾ ਲਿਖੇ ਗੀਤ,ਕਲੀਆਂ, ਬਾਲ ਕਵਿਤਾਵਾਂ ਅਤੇ ਕਹਾਣੀਆਂ ਉਨ੍ਹਾਂ ਦੀ ਯਾਦ ਨੂੰ ਹਮੇਸ਼ਾਂ ਤਰੋ-ਤਾਜ਼ਾ ਰੱਖਣਗੀਆਂ।
-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ ਫੂਲ।
98786-06963