
ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਦੱਬੇ, ਝੰਬੇ ਤੇ ਲਤਾੜੇ ਲੋਕਾਂ ਵਿਚ ਨਵੀਂ ਜਾਨ ਭਰੀ
ਮੁਹਾਲੀ: ਸਿੱਖ ਇਤਿਹਾਸ ਦਾ ਸਫਰ ਬਹੁਤਾ ਲੰਮਾ ਨਹੀਂ ਹੈ ਪਰ ਇਹ ਕੁਰਬਾਨੀਆਂ ਦੀਆਂ ਲਾਸਾਨੀ ਮਿਸਾਲਾਂ ਨਾਲ ਭਰਿਆ ਪਿਆ ਹੈ। 1469 ਤੋਂ 1708 ਤਕ ਦਾ 239 ਸਾਲ ਦਾ ਇਹ ਸਫਰ ਬਹੁਤ ਵੱਡੀਆਂ ਚੁਣੌਤੀਆਂ ਨੂੰ ਸਫ਼ਲਤਾ ਸਹਿਤ ਪਾਰ ਕਰ ਕੇ ਇਕ ਪੜਾਅ ’ਤੇ ਪਹੁੰਚਿਆ ਅਤੇ ਇਥੋਂ ਇਸ ਦਾ ਨਵਾਂ ਸਫਰ ਸ਼ੁਰੂ ਹੋਇਆ। ਪਹਿਲਾਂ ਇਸ ਦੀ ਅਗਵਾਈ ਗੁਰੂ ਸਾਹਿਬਾਨ ਨੇ ਕੀਤੀ ਪਰ ਇਸ ਪੜਾਅ ਤੋਂ ਅੱਗੇ ਇਸ ਦੀ ਅਗਵਾਈ ਕਰਨ ਲਈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁਣਿਆ ਗਿਆ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਨਵੇਂ ਪੰਥ ਨੂੰ ਨਵੇਂ ਪੰਧ ’ਤੇ ਤੋਰਨ ਲਈ ਹਜ਼ਾਰਾਂ ਮੀਲਾਂ ਦਾ ਪੈਦਲ ਸਫਰ ਕੀਤਾ। ਹਿੰਦੂ ਅਤੇ ਇਸਲਾਮ ਧਰਮ ਦੇ ਉਸ ਵੇਲੇ ਦੇ ਕਥਿਤ ਧਰਮ-ਗੁਰੂਆਂ ਨਾਲ ਗਹਿਰੀ ਵਿਚਾਰ ਚਰਚਾ ਕੀਤੀ, ਸੂਰਜ ਨੂੰ ਪਾਣੀ ਦਿਤੇ ਜਾਣ ਵਰਗੀਆਂ ਕਰਮ-ਕਾਂਡੀ ਪ੍ਰਵਿਰਤੀਆਂ ਨੂੰ ਖ਼ਤਮ ਕਰਨ ਲਈ ਅਪਣੇ ਖੇਤਾਂ ਨੂੰ ਪਾਣੀ ਅਰਪਤ ਕੀਤਾ, ਰੱਬ ਦੀ ਹੋਂਦ ਸੱਭ ਪਾਸੇ ਹੋਣ ਬਾਰੇ ਦੱਸਣ ਲਈ ਪ੍ਰਤੀਕ ਰੂਪ ਵਿਚ ਇਕ ਧਾਰਮਕ ਸਥਾਨ ਵੱਲ ਪੈਰ ਤਕ ਕੀਤੇ। ਜਿੰਨਾ ਸੰਭਵ ਹੋ ਸਕਿਆ, ਉਤਨਾ ਉਹ ਤੁਰੇ। ਗੁਰੂ ਸਾਹਿਬ ਤੁਰੇ ਵੀ ਇਕ ਖਾਸ ਉਦੇਸ਼ ਨਾਲ ਸਨ।
Guru Gobind Singh Ji
ਇਸਤਰੀ ਦੀ ਸਮਾਜ ਵਿਚ ਉਸ ਵੇਲੇ ਦੀ ਦੁਰਦਸ਼ਾ ਤੋਂ ਪਰੇਸ਼ਾਨ ਬਾਬੇ ਨਾਨਕ ਨੇ ਉਸ ਨੂੰ ਇਕ ਉਚੇਰਾ ਸਥਾਨ ਦਿਤਾ। ਮਲਕ ਭਾਗੋਆਂ ਅਤੇ ਕੌਡਿਆਂ ਨਾਲ ਮੱਥਾ ਲਾਇਆ ਅਤੇ ਉਨ੍ਹਾਂ ਨੂੰ ਸੰਗਤ ਨਾਲ ਜੋੜਿਆ। ਹੱਥੀਂ ਕਿਰਤ ਕਰਨ ਅਤੇ ਵੰਡ ਛਕਣ ਦੀ ਗੱਲ ਆਖ ਕੇ ਅਤੇ ਉਪਰੋਕਤ ਸਾਰੀਆਂ ਗੱਲਾਂ ਦੀ ਪੰਡ ਭਰ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੇ ਸਿਰ ’ਤੇ ਟਿਕਾ ਦਿਤੀ। ਗੁਰੂ ਸਾਹਿਬ ਤੋਂ ਅਮੀਰ ਵਿਰਾਸਤੀ ਪੰਡ ਪ੍ਰਾਪਤ ਕਰ ਕੇ ਉਸ ਨੂੰ ਹੋਰ ਅਮੀਰ ਬਣਾਉਣ ਦੀ ਜ਼ਿੰਮੇਵਾਰੀ ਲੈ ਕੇ ਗੁਰੂ ਅੰਗਦ ਦੇਵ ਜੀ ਨੇ ਲੰਗਰ ਪਰੰਪਰਾ ਸ਼ੁਰੂ ਕੀਤੀ। ਜਿਥੇ ਗੁਰੂ ਨਾਨਕ ਦੇਵ ਜੀ ਦੀ ਪਤਨੀ ਮਾਤਾ ਸੁਲੱਖਣੀ ਨੇ ਘਰ ਰਹਿ ਕੇ ਗ਼ੈਰਹਾਜ਼ਰੀ ਵਿਚ ਗੁਰੂ ਸਾਹਿਬ ਦਾ ਸਾਥ ਦਿਤਾ, ਉਥੇ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਨੇ ਗੁਰੂ ਜੀ ਦੇ ਨਾਲ ਰਹਿ ਕੇ ਅਤੇ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਪਰੰਪਰਾ ਨੂੰ ਹੋਰ ਅਮੀਰ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਗੁਰਮੁਖੀ ਨੂੰ ਲੋਕ ਮਨਾਂ ਤਕ ਪਹੁੰਚਾਉਣ ਅਤੇ ਲੰਗਰ ਦੀ ਪਰੰਪਰਾ ਦੇਣ ਵਿਚ ਮਾਤਾ ਜੀ ਦਾ ਯੋਗਦਾਨ ਅਹਿਮ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਲਿਖਤੀ ਰੂਪ ਦੇਣ ਅਤੇ ਨਾਲ ਹੀ ਧਰਮ ਪ੍ਰਚਾਰ ਅਤੇ ਸੰਗਤ ਦੇ ਨਾਲ ਨਾਲ ਲੰਗਰ ਦੀ ਨਵੀਂ ਪਰੰਪਰਾ ਦੇ ਕੇ ਇਸ ਨੂੰ ਹੋਰ ਕੀਮਤੀ ਬਣਾ ਕੇ ਸਿੱਖ ਵਿਰਾਸਤ ਗੁਰੂ ਅਮਰ ਦਾਸ ਜੀ ਨੂੰ ਦੇ ਦਿਤੀ ਗਈ।
Guru Gobind Singh Ji
ਗੁਰੂ ਅਮਰ ਦਾਸ ਜੀ ਨੇ ਸੇਵਾ ਭਾਵਨਾ ਦਾ ਜਿਹੜਾ ਸਿਖਰ ਹਾਸਲ ਕੀਤਾ, ਉਸ ਤਕ ਪਹੁੰਚਣਾ ਬਹੁਤ ਹੀ ਮੁਸ਼ਕਲ ਹੈ। ਉਮਰ ਵਿਚ ਕਾਫ਼ੀ ਵੱਡੇ ਹੋਣ ਦੇ ਬਾਵਜੂਦ, ਉਨ੍ਹਾਂ ਜਿਸ ਢੰਗ ਨਾਲ ਗੁਰੂ ਅੰਗਦ ਦੀ ਸੇਵਾ ਕੀਤੀ, ਉਹ ਨਵੇਂ ਪੂਰਨੇ ਸਿਰਜਦੀ ਹੈ। ਪੂਜਣਯੋਗ ਹੋਣ ਲਈ ਸਿਰਫ਼ ਉਮਰ ਦਾ ਵੱਡਾ ਹੋਣਾ ਕਾਫ਼ੀ ਨਹੀਂ ਹੁੰਦਾ... ਗੁਰੂ ਅੰਗਦ ਵਾਂਗ ਸਮਰਪਤ ਹੋਣਾ ਹੁੰਦਾ ਹੈ। ਗੁਰੂ ਅਮਰ ਦਾਸ ਜੀ ਨੇ “ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤਿ ਹੈਂ ਦਾਤਾ” ਕਹਿ ਕੇ ਖੁਦ ਦੇ ਨਿਮਾਣਾ ਹੋਣ ਦਾ ਰਸਤਾ ਵਿਖਾਇਆ ਅਤੇ ਪਾਣੀ ਢੋਹ-ਢੋਹ ਕੇ ਇਹ ਦਸਿਆ ਕਿ ਸੇਵਾ ਦਾ ਅਸਲ ਰੂਪ ਕੀ ਹੁੰਦਾ ਹੈ। ਵਿਰਾਸਤ ਦੀ ਪਿਛਲੀ ਪੰਡ ਵਿਚ ‘ਨਿਮਰਤਾ ਅਤੇ ਸੇਵਾ’ ਭਰ ਕੇ ਗੁਰੂ ਅਮਰ ਦਾਸ ਜੀ ਅਗਲੇਰੀ ਜ਼ਿੰਮੇਵਾਰੀ ਗੁਰੂ ਰਾਮ ਦਾਸ ਜੀ ਨੂੰ ਦੇ ਕੇ ਵਿਦਾ ਹੋਏ।
ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਉਸ ਵੇਲੇ ਦੀ ਸ਼ਾਹ ਸੜਕ (ਜੀ.ਟੀ.ਰੋਡ) ਦੇ ਨਜ਼ਦੀਕ ਪੈਂਦੇ ਹੋਣ ਕਰ ਕੇ ਇਹ ਦੋਵੇਂ ਨਗਰ ਹਮਲਾਵਰਾਂ ਦੀ ਪਹੁੰਚ ਵਿਚ ਸਨ। ਗੁਰੂ ਰਾਮ ਦਾਸ ਨੇ ਨਵਾਂ ਨਗਰ ਅੰÇ੍ਰਮਤਸਰ ਵਸਾਈਆ ਅਤੇ ਸੱਚਖੰਡ ਦਾ ਨਿਰਮਾਣ ਹੋਇਆ। ਇਸ ਦੀ ਨੀਂਹ ਰੱਖਣ ਲਈ ਤੀਸਰੇ ਗੁਰੂ ਦੀ ਪਰੰਪਰਾ ਵਰਤੀ ਗਈ। ਸਾਈਂ ਮੀਆਂ ਮੀਰ ਜੀ ਨੂੰ ਉਨ੍ਹਾਂ ਦੀ ਭਗਤੀ, ਨਿਰਛਲਤਾ, ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਓਤਪ੍ਰੋਤ ਹੋਣ ਕਰ ਕੇ ਇਸ ਸੱਚਖੰਡ ਦੀ ਨੀਂਹ ਉਨ੍ਹਾਂ ਕੋਲੋਂ ਰਖਵਾਈ ਗਈ। ਸੰਗਤ ਅਤੇ ਲੰਗਰ ਦੀ ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ... “ਏਕ ਨੂਰ ਤੇ ਸਭ ਜਗੁ ਉਪਜਿਆ” ਨੂੰ ਸਿਰ-ਅੱਖਾਂ ’ਤੇ ਰਖਦਿਆਂ ਸਾਂਈਂ ਜੀ ਨੂੰ ਇਹ ਕੰਮ ਦਿਤਾ ਗਿਆ ਸੀ। ਅੰਮਿ੍ਰਤ ਦਾ ਸਰੋਵਰ ਤਿਆਰ ਹੋਇਆ, ਸੱਚਖੰਡ ਦੀ ਸਥਾਪਨਾ ਹੋਈ ਅਤੇ ਨਵੇਂ ਅਰਥਾਂ ਵਾਲੀ ਇਹ ਵਿਰਾਸਤ ਗੁਰੂ ਅਰਜਨ ਦੇਵ ਜੀ ਕੋਲ ਪਹੁੰਚਾ ਦਿਤੀ ਗਈ।
ਸ਼ਾਂਤੀ ਦੇ ਪੁੰਜ ਅਤੇ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਨੇ ਭਾਰਤ ਦੇ ਕੋਨੇ ਕੋਨੇ ਤੋਂ ਆਏ ਸੰਤਾਂ, ਮਹਾਪੁਰਖਾਂ, ਭਗਤਾਂ, ਭੱਟਾਂ, ਪੀਰਾਂ-ਫਕੀਰਾਂ ਦੀਆਂ ਉਨ੍ਹਾਂ ਵਲੋਂ ਰਚੀਆਂ ਪ੍ਰਭੂ ਭਗਤੀ ਦੇ ਨਾਲ-ਨਾਲ ਜੀਵਨ ਨੂੰ ਸਾਰਥਕ ਢੰਗ ਨਾਲ ਜਿਉਣ ਦਾ ਨਵਾਂ ਸੁਨੇਹਾ ਦਿੰਦੀਆਂ ਰਚਨਾਵਾਂ ਨੂੰ ਘੋਖਿਆ, ਪੜਿ੍ਹਆ ਤੇ ਇਕ ਥਾਂ ਸੰਕਲਨ ਕਰ ਕੇ ਇਕ ਗ੍ਰੰਥ ਤਿਆਰ ਕਰਵਾਇਆ। ਕਿਸ ਨੂੰ ਪਤਾ ਸੀ ਕਿ ਇਸ ਗ੍ਰੰਥ ਨੇ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਦੀ ਅਗਵਾਈ ਕਰਨੀ ਹੈ? ਸਿੱਖ ਰੀਤ ਹੋਰ ਅਮੀਰ ਹੋਈ... ਇਸ ਦੇ ਗ੍ਰੰਥ ਵਿਚ ਨਾ ਧਰਮ ਦਾ ਵਿਤਕਰਾ ਸੀ ਅਤੇ ਨਾ ਹੀ ਜਾਤ ਪਾਤ ਦਾ। “ਹੈ ਭੀ ਹੋਸੀ” ਦਾ ਸੁਨੇਹਾ ਅੱਗੇ ਤੁਰਿਆ... ਸ਼ਾਂਤੀ ਰੱਖਣ ਦਾ, ਇੰਨੀ ਸ਼ਾਂਤੀ ਕਿ ਸਿਰ ’ਤੇ ਗਰਮ ਰੇਤ ਵੀ ਗਰਮੀ ਨਾ ਦੇ ਸਕੇ ਅਤੇ ਤੱਤੀ ਤਵੀ ਦਾ ਸੇਕ ਵੀ ਨਾ ਆਵੇ। ਪਹਿਲੀ ਸ਼ਹੀਦੀ ਵੀ ਸਿੱਖ ਵਿਰਾਸਤ ਵਿਚ ਦਰਜ ਕਰ ਦਿਤੀ ਗਈ। ਜਦੋਂ ਅਗਿਆਨਤਾ ਦੇ ਹਨ੍ਹੇਰੇ ਨੇ ਖ਼ਤਮ ਹੋਣਾ ਹੋਵੇ ਤਾਂ ਗਿਆਨ ਦਾ ਸੂਰਜ ਚੜ੍ਹਦਾ ਹੀ ਹੈ। ਸੂਰਜ ਨੂੰ ਫਿਰ ਤੱਤੀ ਤਵੀ ਦਾ ਡਰ ਕਿਵੇਂ ਹੋ ਸਕਦੈ? ਪਰੰਪਰਾ, ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ’ਤੇ ਟਿਕਾ ਦਿਤੀ ਗਈ।
ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਪਰੰਪਰਾ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦੇ ਦਿਤਾ। ਸ਼ਾਇਦ ਕਿਸੇ ਨੇ ਕਲਪਨਾ ਵੀ ਨਾ ਕੀਤੀ ਹੋਵੇ ਕਿ ਜਿਸ ਪਰੰਪਰਾ ਵਿਚ ਸਿਰਫ਼ ਸ਼ਾਂਤੀ ਦਾ ਹੀ ਬੋਲਬਾਲਾ ਹੈ, ਭਗਤੀ ਦੀ ਹੀ ਲਹਿਰ ਹੈ, ਤੱਤੀ ਤਵੀ ’ਤੇ ਬੈਠ ਕੇ ਵੀ ‘ਸੀਅ’ ਤਕ ਨਾ ਕਹਿਣ ਦੀ ਰੀਤ ਹੈ, ਉਥੇ ਕੋਈ ਡੰਡਾ ਵੀ ਚੁਕ ਸਕਦੈ! ਅਸੀ ਇਕੱਲੇ ਪੀਰ ਹੀ ਨਹੀਂ ਮੀਰ ਵੀ ਹੁੰਦੇ ਹਾਂ, ਇਹ ਸਬਕ ਨਵਾਂ ਸੀ। ਸੰਤ ਰਹੇ ਹਾਂ ਪਰ ਹੁਣ ਸਿਪਾਹੀ ਵੀ ਘੱਟ ਨਹੀਂ ਹੋਵਾਂਗੇ। ਜਿਹੜਾ ਮਰਜ਼ੀ, ਜਦੋਂ ਮਰਜ਼ੀ ਮੂੰਹ ਚੁਕੇ ਤੇ ਆ ਕੇ ਢਾਹ ਲਵੇ? ਹੁਣ ਅਜਿਹਾ ਨਹੀਂ ਹੋਵੇਗਾ, ਇਹ ਗੁਰੂ ਹਰਗੋਬਿੰਦ ਜੀ ਦੀ ਪਰੰਪਰਾ ਸ਼ੁਰੂ ਹੁੰਦੀ ਹੈ। ਫ਼ੌਜ ਦਾ ਮਨੋਬਲ ਉੱਚਾ ਕਰਨ ਲਈ ਢਾਡੀ ਲਿਆਂਦੇ ਗਏ ਜਿਹੜੇ ਵਾਰਾਂ ਰਾਹੀਂ ਬੀਰ-ਰਸੀ ਰਚਨਾਵਾਂ ਪੇਸ਼ ਕੇ ਉਨ੍ਹਾਂ ਵਿਚ ਨਵੇਂ ਜ਼ੋਸ਼ ਦਾ ਸੰਚਾਰ ਕਰਦੇ ਸਨ। ਭਗਤੀ, ਸੰਗਤ, ਪੰਗਤ, ਲੰਗਰ, ਸੇਵਾ, ਨਿਮਰਤਾ, ਸ਼ਾਂਤੀ, ਸਾਂਝੀਵਾਲਤਾ, ਕੁਰਬਾਨੀ ਅਤੇ ਹੁਣ ਤਲਵਾਰ। ਕੰਮ ਉਹੀ, ਸਿਰਫ਼ ਢੰਗ ਬਦਲਿਆ। ਪਹਿਲਾਂ ਬੁਰਾਈਆਂ ਉਤੇ ਅਹਿੰਸਕ ਜਿੱਤ ਸੀ, ਹੁਣ ਭਾਵੇਂ ਤਲਵਾਰ ਆ ਗਈ ਪਰ ਮਕਸਦ ਬੁਰਾਈ ਦਾ ਅੰਤ ਹੀ ਰਿਹਾ। ਵਿਰਾਸਤ ਵਿਚ ਸੰਤ ਮਿਲੇ ਸਨ, ਉਸ ਵਿਚ ਢਾਡੀ, ਪਹਿਲਵਾਨ ਅਤੇ ਫ਼ੌਜੀ ਸ਼ਾਮਲ ਕਰ ਦਿਤੇ ਗਏ। ਅਕਾਲ ਤਖ਼ਤ ਦੀ ਸਥਾਪਨਾ ਨੇ ਸਿੱਖ ਪਰੰਪਰਾ ਵਿਚ ਨਵਾਂ ਮੋਤੀ ਜੜ ਦਿਤਾ। ਨਵਾਂ ‘ਕੋਡ ਆਫ਼ ਕੰਡਕਟ’ ਜਾਰੀ ਹੋਇਆ ਫਿਰ ਆਨੰਦ ਕਾਰਜ ਦੀ ਪਰੰਪਰਾ ਆਈ। ਵਿਰਾਸਤ ਹੋਰ ਅਮੀਰ ਹੋਈ ਅਤੇ ਆ ਟਿਕੀ ਗੁਰੂ ਹਰਿ ਰਾਇ ਜੀ ਦੇ ਸਿਰ ’ਤੇ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਕੋਲ ਹੁਣ ਭਗਤੀ ਵੀ ਸੀ ਅਤੇ ਸ਼ਕਤੀ (ਫ਼ੌਜ) ਵੀ ਸੀ। ਉਨ੍ਹਾਂ ਨੇ ਜਾਨਵਰਾਂ ਅਤੇ ਬੀਮਾਰਾਂ ਲਈ ਪ੍ਰੇਮ ਇਸ ਪਰੰਪਰਾ ਵਿਚ ਜੋੜ ਦਿਤਾ। ਜਾਨਵਰਾਂ ਦੀ ਸੁਰੱਖਿਆ ਲਈ ਜਿਥੇ ਚਿੜੀਆਘਰ ਬਣਾਇਆ ਉਥੇ ਬੀਮਾਰ ਲੋਕਾਂ ਲਈ ਦਵਾਖ਼ਾਨੇ ਵੀ ਖੋਲ੍ਹੇ। ਗ਼ਰੀਬਾਂ ਦੀ ਮਦਦ ਲਈ ਦਾਨ ਇਕੱਤਰ ਕੀਤਾ। ਜਿੱਥੇ ਛੇਵੇਂ ਪਾਤਸ਼ਾਹ ਵਾਲੀ ਪਰੰਪਰਾ ਨੂੰ ਜਾਰੀ ਰਖਿਆ ਉਥੇ ਮਜ਼ਲੂਮਾਂ, ਬੀਮਾਰਾਂ ਦੀ ਦੇਖ ਭਾਲ ਲਈ ਨਵੇਂ ਕਦਮ ਵੀ ਚੁਕੇ ਗਏ। ਇਸ ਨਾਲ ਛੇ ਗੁਰੂਆਂ ਦੀ ਵਿਰਾਸਤ ਹੋਰ ਅਮੀਰ ਹੋਈ। ਗੁਰੂ ਹਰਿਕਿ੍ਰਸ਼ਨ ਸਾਹਿਬ ਨੂੰ ਜਿਸ ਸਮੇਂ ਇਸ ਵੱਡੀ ਜ਼ਿੰਮੇਵਾਰੀ ਦਾ ਮਾਲਕ ਬਣਾਇਆ ਗਿਆ ਉਸ ਵੇਲੇ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ। ਸਮੇਂ ਦੇ ਸ਼ਾਸਕ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਸ ਨੇ ਇਸ ਅਮੀਰ ਪਰੰਪਰਾ ਨੂੰ ਸਦਾ ਲਈ ਰੋਕ ਦੇਣ ਦਾ ਮਨ ਬਣਾਇਆ ਤੇ ਗੁਰੂ ਜੀ ਨੂੰ ਦਿੱਲੀ ਸੱਦ ਲਿਆ। ਸੱਤਵੇਂ ਨਾਨਕ ਦੀ ਸਿਖਿਆ ਬੀਮਾਰਾਂ ਦੀ ਦੇਖਭਾਲ ਦਾ ਸੰਕਲਪ ਲੈ ਕੇ ਬਾਲ ਗੁਰੂ ਦਿੱਲੀ ਪਹੁੰਚੇ। ਕਈ ਸਵਾਲ ਸਨ ਕਿ ਇਹ ‘ਬੱਚਾ’ ਨਾਨਕ ਦੀ ਪਰੰਪਰਾ ਨੂੰ ਕਿੰਨਾ ਕੁ ਅੱਗੇ ਵਧਾਵੇਗਾ, ਕਿਵੇਂ ਕਰੇਗਾ, ਕੌਣ ਸਾਥ ਦੇਵੇਗਾ ਆਦਿ? ਜਿਵੇਂ ਗੁਰੂ ਅਮਰਦਾਸ ਜੀ ਨੇ ਉਮਰ ਵਿਚ ਅਪਣੇ ਤੋਂ ਕਾਫ਼ੀ ਛੋਟੇ ਦੂਸਰੇ ਗੁਰੂ ਦੀ ਸੇਵਾ ਕੀਤੀ, ਇਸੇ ਤਰ੍ਹਾਂ ਲੋਕ ਗੁਰੂ ਹਰਿਕਿ੍ਰਸ਼ਨ ਜੀ ਅੱਗੇ ਸਿਰ ਝੁਕਾਉਂਦੇ ਸਨ।
ਗੱਲ ਤਾਂ ਗੁਰੂ ਪਰੰਪਰਾ ਦੀ ਸੀ, ਉਮਰ ਦੀ ਜਾਂ ਛੋਟੇ-ਵੱਡੇ ਹੋਣ ਦੀ ਨਹੀਂ ਸੀ। ਉਸ ਵੇਲੇ ਦਿੱਲੀ ਵਿਚ ਚੇਚਕ ਰੋਗ ਫੈਲਿਆ ਹੋਇਆ ਸੀ। ਅੱਜ-ਕੱਲ੍ਹ ਜਿਥੇ ਬੰਗਲਾ ਸਾਹਿਬ ਗੁਰਦਵਾਰਾ ਹੈ, ਉਥੇ ਹਵੇਲੀ ਵਿਚ ਰਹਿੰਦਿਆਂ ਗੁਰੂ ਜੀ ਨੇ ਚੇਚਕ ਰੋਗੀਆਂ ਦੀ ਦਵਾ-ਦਾਰੂ ਦੀ ਸੇਵਾ ਅਪਣੇ ਹੱਥੀਂ ਕੀਤੀ ਅਤੇ ਇਸ ਰੋਗ ਦੀ ਇਨਫ਼ੈਕਸ਼ਨ ਉਨ੍ਹਾਂ ਨੂੰ ਵੀ ਹੋ ਗਈ। “ਜਿਸ ਡਿਠੇ ਸਭ ਦੁਖ ਜਾਇ’’ ਵਾਲੇ ਗੁਰੂ ਸਾਹਿਬ ਨੇ ਇਸੇ ਰੋਗ ਕਾਰਨ ਜੀਵਨ ਤੋਂ ਵਿਦਾਈ ਲਈ ਅਤੇ ਨੌਂਵੇਂ ਗੁਰੂ ਲਈ ਜ਼ਿੰਮੇਵਾਰੀ ਛੱਡ ਦਿਤੀ ਗਈ। ਨੌਵੇਂ ਗੁਰੂ ਨੂੰ ਬਾਬਾ ਬਕਾਲਾ ਤੋਂ ਲੱਭ ਲਿਆ ਗਿਆ। ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਆਈ ਨਾਨਕ-ਜੋਤ ਇਤਨੀ ਕੁ ਚਮਕਦਾਰ ਹੋ ਚੁਕੀ ਸੀ ਕਿ ਸ਼ਾਸਕਾਂ ਦੀਆਂ ਅੱਖਾਂ ਚੁੰਧਿਆਉਣ ਲਗ ਪਈਆਂ ਸਨ। ਉਨ੍ਹਾਂ ਨੇ ਹਿੰਦੂਆਂ ਨੂੰ ਹੋਰ ਤੰਗ ਪਰੇਸ਼ਾਨ ਕਰਨਾ ਕਰਨਾ ਸ਼ੁਰੂ ਕਰ ਦਿਤਾ ਸੀ। ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਵਿਚ ਇੰਨਾ ਕੁੱਝ ਜੁੜ ਚੁਕਿਆ ਸੀ ਕਿ ਅਗੋਂ ਉਸ ਤੋਂ ਊਣਾ ਕੁੱਝ ਹੋ ਹੀ ਨਹੀਂ ਸਕਦਾ ਸੀ। ਪੰਜਵੇਂ ਪਾਤਸ਼ਾਹ ਗ੍ਰੰਥ ਦੀ ਰਚਨਾ ਕਰ ਕੇ ਇਕ ਨਵਾਂ ਰਾਹ ਵਿਖਾ ਗਏ ਸਨ। ਲੰਗਰ, ਸੰਗਤ ਅਤੇ ਪੰਗਤ ਨੇ ਭੇਦਭਾਵ ਖ਼ਤਮ ਕਰ ਦਿਤੇ ਸਨ। ਹੁਣ ਕੋਈ ਬੇਗਾਨਾ ਰਹਿ ਹੀ ਨਹੀਂ ਸੀ ਗਿਆ। ਇਸ ਭਾਵਨਾ ਨੇ ਸਮਾਜਕ-ਰਾਜਨੀਤਕ ਤਬਦੀਲੀ ਲੈ ਆਂਦੀ। ਇਹੀ ਤਬਦੀਲੀ ਸ਼ਾਸਕਾਂ ਲਈ ਖ਼ਤਰੇ ਦੀ ਘੰਟੀ ਸੀ।
ਉਧਰ ਇਸ ਨਾਨਕ ਪਰੰਪਰਾ ਵਿਚ ਗੁਰੂ ਅਰਜਨ ਸਾਹਿਬ ਅਪਣੀ ਸ਼ਹੀਦੀ ਦੇ ਕੇ ਇਕ ਨਵਾਂ ਕੁਰਬਾਨੀ ਦਾ ਰਾਹ ਖੋਲ੍ਹ ਗਏ ਸਨ। ਜਿਸ ਦੇ ਸਰੀਰ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਖ਼ੂਨ ਦੌੜ ਰਿਹਾ ਹੋਵੇ, ਉਹ ਕੁਰਬਾਨੀ ਤੋਂ ਪਿਛੇ ਕਿਵੇਂ ਹਟ ਸਕਦਾ ਹੈ? ਗੁਰੂ ਤੇਗ਼ ਬਹਾਦਰ ਜੀ ਨੇ ਇਹੀ ਰਾਹ ਫੜਿਆ। ਇਕੱਲਿਆਂ ਉਨ੍ਹਾਂ ਨੇ ਹੀ ਨਹੀਂ ਸਗੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਤੋਂ ਪਹਿਲਾਂ ਹੀ ਸ਼ਹਾਦਤ ਦਾ ਜਾਮ ਪੀ ਗਏ। ਜਿਸ ਸ਼ਾਨਦਾਰ ਪਰੰਪਰਾ ਵਾਲੀ ਕੌਮ ਦੀ ਨੀਂਹ ਰੱਖੀ ਜਾ ਰਹੀ ਹੋਵੇ ਉਸ ਵਿਚ ਹੀਰੇ-ਮੋਤੀ ਹੀ ਚਿਣੇ ਜਾਂਦੇ ਹਨ। ਇਹ ਸਿਲਸਿਲਾ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਚੁਕਿਆ ਸੀ ਪਰੰਤੂ ਇਸ ਦਾ ਸਿਖਰ ਅਜੇ ਬਾਕੀ ਸੀ। ਉਹ ਸਿਖਰ ਲਿਆਉਣ ਲਈ ਅਗਲਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿਤਾ ਗਿਆ।
ਜਿਸ ਦੇ ਪੜਦਾਦੇ ਨੇ ਸ਼ਹੀਦੀ ਹਾਸਲ ਕੀਤੀ ਹੋਵੇ, ਜਿਸ ਦੇ ਦਾਦੇ ਨੇ ਦੁਸ਼ਮਣਾਂ ਨਾਲ ਜੰਗਾਂ ਲੜੀਆਂ ਹੋਣ, ਜਿਸ ਦੇ ਪਿਤਾ ਨੇ ਸਾਥੀਆਂ ਸਮੇਤ ਸ਼ਹੀਦੀ ਲਈ ਹੋਵੇ ਅਤੇ ਜਿਸ ਨੂੰ ਵਿਰਾਸਤ ਵਿਚ ਇਹ ਹੁਕਮ ਮਿਲਿਆ ਹੋਵੇ ਕਿ ਇਸ ਨੂੰ ਹੋਰ ਅਮੀਰ ਕਰਨਾ ਹੈ, ਫਿਰ ਉਹ ਪਿਛੇ ਕਿਵੇਂ ਰਹਿ ਸਕਦਾ ਹੈ? ਜਿਸ ਕੌਮ ਦੀ ਉਸਾਰੀ ਲਈ ਉਸ ਦੀਆਂ ਨੀਂਹਾਂ ਵਿਚ ਪੜਦਾਦਾ ਪਿਆ ਹੋਵੇ, ਪਿਤਾ ਅਤੇ ਉਨ੍ਹਾਂ ਦੇ ਸਾਥੀ ਪਏ ਹੋਣ ਤਾਂ ਉਸ ਨੂੰ ਹੋਰ ਕਿਵੇਂ ਵਧੇਰੇ ਅਸਰਦਾਰ ਕੀਤਾ ਜਾ ਸਕਦਾ ਹੈ?
ਕੋਈ ਸ਼ਾਇਦ ਸੋਚ ਵੀ ਨਾ ਸਕੇ ਪਰ ਉਨ੍ਹਾਂ ਅਪਣੇ ਚਾਰੇ ਪੁੱਤਰ ਕੌਮ ਲਈ ਵਾਰ ਦਿਤੇ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਹਜ਼ਾਰਾਂ-ਹਜ਼ਾਰਾਂ ਯੋਧੇ ਵੇਖਦੇ ਹੀ ਵੇਖਦੇ ਸ਼ਹੀਦੀ ਜਾਮ ਪੀ ਗਏ। ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਪੁੱਤਰ, ਉਸ ਦੇ ਫੌਜੀ, ਕਿਸ ਕਿਸ ਦੇ ਨਾਮ ਲਿਖੀਏ, ਇਕ ਤੋਂ ਵੱਧ ਇਕ ਕੀਮਤੀ ਹੀਰਾ, ਸੱਭ ਇਸ ਕੌਮ ਦੀ ਨੀਂਹ ਵਿਚ ਚਿਣੇ ਗਏ ਪਰ ਪਰੰਪਰਾ ਕਮਜ਼ੋਰ ਨਹੀਂ ਹੋਣ ਦਿਤੀ। ਵਿਰਾਸਤ ਹੀ ਇੰਨੀ ਵੱਡੀ ਤੇ ਭਾਰੀ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਦੂਜਾ ਕੋਈ ਹੋਰ ਰਸਤਾ ਹੀ ਨਹੀਂ ਸੀ ਕਿ ਇਸ ਵਿਰਾਸਤ ਨੂੰ ਹੋਰ ਅਮੀਰ ਕਿਵੇਂ ਬਣਾਉਂਦੇ?
ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਦੱਬੇ, ਝੰਬੇ ਤੇ ਲਤਾੜੇ ਲੋਕਾਂ ਵਿਚ ਨਵੀਂ ਜਾਨ ਭਰੀ। ਉੱਚੇ-ਨੀਵੇਂ ਦਾ ਭੇਦ ਖ਼ਤਮ ਕਰਨ ਲਈ ‘ਪੰਜ ਪਿਆਰਿਆਂ’ ਕੋਲੋਂ ਅੰਮਿ੍ਰਤ ਪੀ ਕੇ ਅਤੇ ਅਪਣੇ ਹੱਥੀਂ ਉਨ੍ਹਾਂ ਨੂੰ ਅੰਮਿ੍ਰਤ ਛਕਾ ਕੇ ਬਰਾਬਰੀ ਦਾ ਦਰਜਾ ਦਿਤਾ। ਕੋਮਲ ਸੰਤ, ਜਾਂਬਾਜ਼ ਸਿਪਾਹੀ, ਅਦਭੁਤ ਪਿਤਾ, ਅਦੁੱਤੀ ਪੁੱਤਰ, ਮਰਦ ਅਗੰਮੜਾ, ਕਮਾਲ ਦਾ ਇਨਸਾਨ, ਕੋਮਲ ਕਵੀ ਦਿਲ ਵਾਲੇ ਇਹ ਦਸਮ ਪਿਤਾ ਅਪਣੇ ਅੰਦਰ ਪਿਛਲੇ ਨੌਵਾਂ ਗੁਰੂਆਂ ਦੇ ਗੁਣ ਲੈ ਕੇ ਆਏ ਸਨ। ਇਹ ਸਾਰੀ ਵਿਰਾਸਤ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਸਮੁੱਚੀ ਕੌਮ ਦੀ ਅਗਵਾਈ ਲਈ ਉਨ੍ਹਾਂ ਦੇ ਲੜ ਲਾਇਆ ਤੇ ਪਿਛੇ ਛੱਡ ਕੇ ਗਏ ਅਜਿਹੀ ਉਦਾਹਰਣ ਜਿਹੜੀ ਰਹਿੰਦੀ ਦੁਨੀਆਂ ਤਕ ਦੁਹਰਾਈ ਨਾ ਜਾ ਸਕੇਗੀ। ਉਹਨਾਂ ਦੇ 351ਵੇਂ ਆਗਮਨ ਦਿਹਾੜੇ ’ਤੇ ਦਿਲੋਂ ਸਤਿਕਾਰ ਸਹਿਤ ਪ੍ਰਣਾਮ ਹੈ!
(ਲੇਖਕ, ਯੁਨਿਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਅਤੇ ਰੈਡ ਐਫ.ਐਮ, 106.7 ਕੈਲਗਰੀ-ਕਨੇਡਾ ਦੇ ਨਿਊਜ ਡਾਇਰੈਕਟਰ ਅਤੇ ਹੋਸਟ ਹਨ)