
ਗ਼ਰੀਬ ਵਰਗ ਦੇ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਮੁਫ਼ਤ ਬਿਜਲੀ, ਪਾਣੀ ਆਦਿ ਦੇਣਾ, ਦੋ ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਆਦਿ ਦੇਣ
ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਸਰਕਾਰਾਂ ਤੋਂ ਸਬਸਿਡੀ ਮੰਗਣਾ ਤੇ ਸਮੇਂ ਦੀਆਂ ਸਰਕਾਰਾਂ ਵਲੋਂ ਵੋਟ ਰਾਜਨੀਤੀ ਕਾਰਨ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਠੁਮਣਾ ਦੇਣਾ ਜਾਂ ਮਰਦੇ ਦੇ ਮੂੰਹ ਵਿਚ ਪਾਣੀ ਪਾ ਕੇ ਤੜਫਦੇ ਰੂਪ ਵਿਚ ਜਿਊਂਦਾ ਰਖਣਾ ਅੱਜ ਇਕ ਆਮ ਵਰਤਾਰਾ ਬਣ ਗਿਆ ਹੈ। ਸਰਕਾਰਾਂ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਸਬਸਿਡੀ ਸਭਿਆਚਾਰ ਦੇ ਵਿਕਾਸ ਦਾ ਗਰਾਫ਼ ਨਿੱਤ ਦਿਨ ਉੱਪਰ ਵਲ ਨੂੰ ਜਾ ਰਿਹਾ ਹੈ ਜਿਸ ਕਾਰਨ ਇਕ ਤਾਂ ਸਮਾਜ ਵਿਚ ਸਬਸਿਡੀ ਪ੍ਰਾਪਤ ਕਰਨ ਵਾਲਿਆਂ ਤੇ ਨਾ ਪ੍ਰਾਪਤ ਕਰਨ ਵਾਲਿਆਂ ਵਿਚਕਾਰ ਪਾੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਦੂਜਾ ਸਬਸਿਡੀ ਪ੍ਰਾਪਤ ਕਰਨ ਵਾਲਾ ਵਰਗ ਅਪਣੀ ਕੰਮ ਕਰਨ ਦੀ ਯੋਗਤਾ ਤੇ ਸਮਰੱਥਾ ਨੂੰ ਅਜਾਈਂ ਹੀ ਗਵਾ ਕੇ ਨਿਕੰਮਾ ਬਣ ਰਿਹਾ ਹੈ ਜੋ ਦੇਸ਼ ਦੇ ਚੰਗੇ ਭਵਿੱਖ ਲਈ ਕਿਸੇ ਵੀ ਰੂਪ ਵਿਚ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਜਿਵੇਂ ਅਸੀ ਸਾਰੇ ਜਾਣਦੇ ਹੀ ਹਾਂ ਕਿ ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ ਤੇ ਲੋਕਤੰਤਰ ਵਿਚ ਲੋਕ ਮੱਤ ਨੂੰ ਅਪਣੇ ਪੱਖ ਵਿਚ ਕਰਨ ਤੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਰਕਾਰ ਵਿਚ ਸ਼ਾਮਲ ਸਿਆਸੀ ਪਾਰਟੀਆਂ ਅਤੇ ਵਿਰੋਧੀ ਪਾਰਟੀਆਂ ਵਲੋਂ ਅਨੇਕਾਂ ਹਥਕੰਡੇ ਅਪਣਾਏ ਜਾਂਦੇ ਹਨ, ਭਾਵੇਂ ਉਹ ਹਥਕੰਡੇ ਦੇਸ਼ ਦੇ ਭਵਿੱਖ ਲਈ ਘਾਤਕ ਹੀ ਸਿੱਧ ਹੋਣ। ਗ਼ਰੀਬ ਵਰਗ ਦੇ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਮੁਫ਼ਤ ਬਿਜਲੀ, ਪਾਣੀ ਆਦਿ ਦੇਣਾ, ਦੋ ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਆਦਿ ਦੇਣ ਨੂੰ ਭਾਵੇਂ ਕਿ ਸਰਕਾਰ ਵਲੋਂ ਗ਼ਰੀਬਾਂ ਦੇ ਪੇਟ ਦੀ ਅੱਗ ਬੁਝਾਉਣ ਲਈ ਚੁੱਲ੍ਹਾ ਬਾਲਣ ਦਾ ਜੁਗਾੜ ਕਰਨ ਦੇ ਇਕ ਯਤਨ ਵਜੋਂ ਵੇਖਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਬਸਿਡੀਆਂ ਕਾਰਨ ਗ਼ਰੀਬ ਵਰਗ ਦੇ ਲੋਕ ਹੋਰ ਵੀ ਗ਼ਰੀਬ, ਅਪਾਹਜ, ਆਲਸੀ ਕੰਮ ਤੋਂ ਜੀਅ ਚੁਰਾਉਣ ਵਾਲੇ ਬਣ ਰਹੇ ਹਨ। ਇਹ ਇਕ ਕੁਦਰਤੀ ਸੱਚਾਈ ਹੈ। ਸਮਾਜ ਦੇ ਬਹੁਤੇ ਲੋਕ ਅਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਹੀ ਕੋਈ ਕੰਮ-ਧੰਦਾ ਕਰਦੇ ਹਨ। ਹੁਣ ਸੋਚਣ ਵਾਲੀ ਗੱਲ ਹੈ ਕਿ ਜਦੋਂ ਇਕ ਆਮ ਅਤੇ ਸਾਧਾਰਣ ਸੋਝੀ ਰੱਖਣ ਵਾਲੇ ਵਿਅਕਤੀ ਨੂੰ ਰਹਿਣ ਲਈ ਸਰਕਾਰ ਵਲੋਂ ਅਲਾਟ ਕੀਤੇ ਮਕਾਨ, ਵਰਤਣ ਲਈ ਬਿਜਲੀ, ਪਾਣੀ ਮੁਫ਼ਤ ਅਤੇ ਖਾਣ ਲਈ ਕਣਕ ਦਾਲ ਬਿਲਕੁਲ ਹੀ ਨਾਂਮਾਤਰ ਮੁੱਲ ਤੇ ਸਬਸਿਡੀ ਦੇ ਕਾਰਨ ਮੁਹਈਆ ਕਰਵਾਇਆ ਜਾਵੇਗਾ ਤਾਂ ਉਹ ਕੰਮ ਕਿਉਂ ਕਰੇਗਾ? ਇਹੀ ਹੋ ਰਿਹਾ ਹੈ। ਇਨ੍ਹਾਂ ਸਬਸਿਡੀਆਂ ਦੇ ਕਾਰਨ ਗ਼ਰੀਬ ਤੇ ਦਲਿਤ ਵਰਗ ਦੇ ਲੋਕ ਹੋਰ ਗ਼ਰੀਬ ਹੋ ਰਹੇ ਹਨ। ਜੇ ਇਹ ਕਿਹਾ ਜਾਵੇ ਕਿ ਵਿਹਲੇ ਰਹਿਣ ਕਾਰਨ ਅਪਾਹਜ ਬਣ ਗਏ ਹਨ ਤਾਂ ਇਹ ਗ਼ਲਤ ਨਹੀਂ ਹੋਵੇਗਾ। ਇਨ੍ਹਾਂ ਸਬਸਿਡੀਆਂ ਦੇ ਕਾਰਨ ਸਬਸਿਡੀਆਂ ਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਨਸ਼ਿਆਂ ਦਾ ਰੁਝਾਨ ਵੀ ਕਾਫ਼ੀ ਵੱਧ ਗਿਆ ਹੈ ਜਿਸ ਕਾਰਨ ਸਾਡੇ ਸਮਾਜ ਨੂੰ ਹੋਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਸਾਡਾ ਮਕਸਦ ਰੋਂਦੇ ਨੂੰ ਲਾਲੀਪਾਪ ਦੇ ਕੇ ਚੁੱਪ ਕਰਵਾਉਣਾ ਨਹੀਂ ਹੋਣਾ ਚਾਹੀਦਾ ਸਗੋਂ ਉਸ ਦੇ ਰੋਣ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਾਡੀਆਂ ਲੋਕਤੰਤਰੀ ਸਰਕਾਰਾਂ ਦਾ ਮੁੱਖ ਮੰਤਵ ਗ਼ਰੀਬ ਵਰਗ ਦੇ ਲੋਕਾਂ ਨੂੰ ਸਬਸਿਡੀਆਂ ਦੇ ਰੂਪ ਵਿਚ ਕੁੱਝ ਸਹੂਲਤਾਂ ਦੇਣਾ ਨਹੀਂ ਹੋਣਾ ਚਾਹੀਦਾ ਸਗੋਂ ਵੱਖ-ਵੱਖ ਤਰ੍ਹਾਂ ਦੇ ਸਵੈ-ਰੁਜ਼ਗਾਰ ਦੇ ਸਾਧਨਾਂ ਨਾਲ ਤੇ ਸਿਖਿਆ ਦੇ ਪ੍ਰਸਾਰ ਨਾਲ ਲੋਕਾਂ ਨੂੰ ਅਪਣੇ ਪੈਰਾਂ ਉਤੇ ਖੜਾ ਕਰਨਾ ਹੋਣਾ ਚਾਹੀਦਾ ਹੈ। ਲੋਕਾਂ ਦਾ ਵੀ ਉਦੇਸ਼ ਸਬਸਿਡੀਆਂ ਦੇ ਰੂਪ ਵਿਚ ਭੀਖ ਮੰਗਣ ਨਾਲੋਂ ਸਰਕਾਰਾਂ ਤੋਂ ਬਿਨਾਂ ਮਤਲਬ ਦੇ ਵਾਧੂ ਕਰਾਂ (ਜਿਨ੍ਹਾਂ ਦੇ ਕਾਰਨ ਕੀਮਤਾਂ ਵਿਚ ਅਣਉਚਿਤ ਵਾਧਾ ਹੁੰਦਾ ਹੈ) ਨੂੰ ਹਟਾਉਣ ਜਾਂ ਘੱਟ ਕਰਵਾਉਣ ਤੇ ਅਪਣੀ ਮਿਹਨਤ ਦੀ ਕਮਾਈ ਨਾਲ ਉਪਰ ਉਠਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਹੀ ਖ਼ੁਦ ਦੀ, ਸਮਾਜ ਦੀ ਤੇ ਦੇਸ਼ ਦੀ ਸਹੀ ਅਰਥਾਂ ਵਿਚ ਖ਼ਿਦਮਤ ਹੋਵੇਗੀ।
-ਮੁਹੰਮਦ ਬਸ਼ੀਰ,
ਸੰਪਰਕ : 94171-58300