ਤਰੱਕੀ ਬਨਾਮ ਅਸੰਵੇਦਨਸ਼ੀਲਤਾ
Published : May 24, 2018, 4:46 am IST
Updated : May 24, 2018, 4:46 am IST
SHARE ARTICLE
TV Reporter
TV Reporter

ਕੁੱਝ ਘਟਨਾਵਾਂ ਅਸੰਵੇਦਨਸ਼ੀਲਤਾ ਅਤੇ ਅਣਮਨੁੱਖੀ ਵਤੀਰੇ ਦੀਆਂ ਹੱਦਾਂ ਨੂੰ ਪਾਰ ਕਰ ਦਿੰਦੀਆਂ ਹਨ, ਜੋ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਅਸੀ ਅਸਲ ...

ਕੁੱਝ ਘਟਨਾਵਾਂ ਅਸੰਵੇਦਨਸ਼ੀਲਤਾ ਅਤੇ ਅਣਮਨੁੱਖੀ ਵਤੀਰੇ ਦੀਆਂ ਹੱਦਾਂ ਨੂੰ ਪਾਰ ਕਰ ਦਿੰਦੀਆਂ ਹਨ, ਜੋ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਅਸੀ ਅਸਲ ਵਿਚ ਮਨੁੱਖ ਹਾਂ ਜਾਂ ਨਹੀਂ? ਇਕ ਇਹੋ ਜਿਹੀ ਘਟਨਾ ਦਾ ਸਾਹਮਣਾ ਮੈਨੂੰ ਕੁੱਝ ਸਾਲ ਪਹਿਲਾਂ ਕਰਨਾ ਪਿਆ। ਸਾਲ 2004 ਦੀ ਗੱਲ ਹੈ, ਮੈਂ ਜਲੰਧਰ ਵਿਚ ਇਕ ਸਥਾਨਕ ਚੈਨਲ ਵਿਚ ਇਕ ਖ਼ਬਰ ਲੇਖਕ ਦੇ ਤੌਰ ਤੇ ਸਿਖਲਾਈ ਪ੍ਰਾਪਤ ਕਰ ਰਹੀ ਸੀ।

ਇਕ ਦਿਨ ਇਕ ਪੱਤਰਕਾਰ ਨੇ ਕਿਹਾ, ''ਅੱਜ ਸਾਨੂੰ ਅਪਣੇ ਬੌਸ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।”
ਮੈਂ ਪੁਛਿਆ, ''ਕਿਉਂ?'' ਤਾਂ ਉਸ ਨੇ ਕਿਹਾ, ''ਮੇਰੇ ਕੋਲ ਅੱਜ ਕੋਈ ਅਪਰਾਧ ਨਾਲ ਸਬੰਧਤ ਖ਼ਬਰ ਨਹੀਂ ਹੈ।'' ਮੈਂ ਜਵਾਬ ਦਿਤਾ, ''ਇਹ ਤਾਂ ਬਹੁਤ ਵਧੀਆ ਗੱਲ ਹੈ। ਸਾਡੇ ਸਮਾਜ ਲਈ ਤਾਂ ਅਪਰਾਧਾਂ ਵਿਚ ਕਮੀ ਹੋਣਾ ਬਹੁਤ ਚੰਗਾ ਹੈ।'' ਪੱਤਰਕਾਰ ਨੇ ਵਿਅੰਗਾਤਮਕ ਮੁਸਕੁਰਾਹਟ ਨਾਲ ਮੈਨੂੰ ਵੇਖਦਿਆਂ ਕਿਹਾ, ''ਅਪਣੀ ਨੌਕਰੀ ਬਾਰੇ ਸੋਚੋ। ਸਾਡਾ ਉਦੇਸ਼ ਸਾਡੇ ਬੌਸ ਨੂੰ ਸੰਤੁਸ਼ਟ ਕਰਨਾ ਹੈ ਨਾਕਿ ਸਮਾਜ ਸੁਧਾਰ ਕਰਨਾ।''

ਮੈਂ ਹੈਰਾਨ ਸੀ ਕਿ ਸਾਡੇ ਚੈਨਲ ਦਾ ਮਿਸ਼ਨ ਉਸਾਰੂ ਸਮਾਜ ਦੇ ਨਿਰਮਾਣ ਲਈ ਵਿਕਾਸ ਸਬੰਧੀ ਖ਼ਬਰਾਂ ਪ੍ਰਦਾਨ ਕਰਨਾ ਹੈ ਜਾਂ ਖ਼ਬਰਾਂ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕਰ ਕੇ ਲੋਕਾਂ ਦੀ ਮਾਨਸਕਤਾ ਨੂੰ ਪ੍ਰਭਾਵਤ ਕਰਨਾ? ਮੈਂ ਅਪਣੇ ਬੌਸ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਅਚਾਨਕ ਪੱਤਰਕਾਰ ਨੂੰ ਇਕ ਫ਼ੋਨ ਆਇਆ ਅਤੇ ਫ਼ੋਨ ਸੁਣ ਕੇ ਉਹ ਚੀਕਿਆ, ''ਪਾਰਟੀ ਦਾ ਇੰਤਜ਼ਾਮ ਕਰੋ, ਮੈਂ ਬਸ ਹੁਣੇ ਆਇਆ।”

ਕਿਸੇ ਹੋਰ ਨੂੰ ਦੱਸੇ ਬਗ਼ੈਰ, ਰੀਪੋਰਟਰ ਅਤੇ ਕੈਮਰਾਮੈਨ ਉਥੋਂ ਚਲੇ ਗਏ। ਉਸੇ ਸਮੇਂ ਮੈਂ ਇਹੀ ਸੋਚ ਰਹੀ ਸੀ ਕਿ ਅੱਜ ਦਾ ਮਨੁੱਖ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ। ਭਾਵਨਾਤਮਕ ਤੌਰ ਤੇ ਉਹ ਖੋਖਲਾ ਹੁੰਦਾ ਜਾ ਰਿਹਾ ਹੈ ਅਤੇ ਉਸ ਦਾ ਮਕਸਦ ਪੈਸਾ ਜਾਂ ਸ਼ੋਹਰਤ ਹਾਸਲ ਕਰਨ ਤਕ ਸੀਮਤ ਰਹਿ ਗਿਆ ਹੈ। ਮੈਂ ਅਪਣੇ ਵਿਚਾਰਾਂ ਦੀ ਉਧੇੜ-ਬੁਣ ਵਿਚ ਰੁਝੀ ਹੋਈ ਸੀ ਕਿ ਏਨੇ ਨੂੰ ਰੀਪੋਰਟਰ ਅਤੇ ਕੈਮਰਾਮੈਨ ਵਾਪਸ ਆਏ ਤੇ 'ਟਿੱਕੀ' ਲਿਆਉਣ ਦਾ ਹੁਕਮ ਦਿਤਾ।

ਮੈਂ ਬੜੀ ਹੈਰਾਨੀ ਨਾਲ ਉਨ੍ਹਾਂ ਤੋਂ ਖ਼ੁਸ਼ੀ ਦਾ ਕਾਰਨ ਪੁਛਿਆ। ਉਨ੍ਹਾਂ ਨੇ ਵੀਡੀਉ ਕਲਿੱਪ ਵਿਖਾਈ ਜਿਸ ਵਿਚ ਹਾਦਸਾ ਹੋਣ ਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਪਤਨੀ ਅਤੇ ਤਿੰਨ ਛੋਟੇ ਬੱਚੇ ਉਸ ਦੇ ਸਰੀਰ ਨੇੜੇ ਬੈਠੇ ਰੋ ਰਹੇ ਸਨ। ਕਿਸਮਤ ਨੇ ਪ੍ਰਵਾਰ ਨੂੰ ਤਬਾਹ ਕਰ ਦਿਤਾ ਅਤੇ ਸਾਡੇ ਦਫ਼ਤਰ ਗਰਮਾ-ਗਰਮ ਟਿੱਕੀਆਂ ਦਾ ਆਨੰਦ ਲਿਆ ਜਾ ਰਿਹਾ ਸੀ।

ਇਸ ਘਟਨਾ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਇਹ ਕਹਿਣਾ ਕੀ ਸਹੀ ਵੀ ਹੈ ਕਿ 'ਅਸੀ ਮਨੁੱਖ ਹਾਂ?' ਭਾਰਤੀ ਮੀਡੀਆ ਉਦਯੋਗ ਦੇ ਵਪਾਰੀਕਕਰਨ ਨਾਲ ਕਈ ਲੋਕਾਂ ਲਈ ਪੱਤਰਕਾਰੀ ਇਕ ਪੇਸ਼ਾ ਬਣ ਚੁੱਕਾ ਹੈ ਨਾਕਿ ਇਕ ਮਿਸ਼ਨ। ਇਹ ਸਿਰਫ਼ ਮੀਡੀਆ ਉਦਯੋਗ ਦਾ ਦ੍ਰਿਸ਼ਟੀਕੋਣ ਨਹੀਂ ਹੈ ਇਹ ਸਾਡੇ ਸਮਾਜ ਦਾ ਮੌਜੂਦਾ ਦ੍ਰਿਸ਼ਟੀਕੋਣ ਹੈ।

ਅਸਲ ਵਿਚ ਲੋਕ ਇਕ ਨਕਲੀ ਸੰਸਾਰ ਵਿਚ ਰਹਿ ਰਹੇ ਹਨ ਜਿਥੇ ਉਨ੍ਹਾਂ ਦੇ ਸੁਪਨੇ ਅਤੇ ਉਮੀਦਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾ ਦਿੰਦੇ ਹਨ। ਕੋਈ ਸ਼ੱਕ ਨਹੀਂ ਕਿ ਅਸੀ ਵਿਕਾਸ ਦੇ ਮੀਲ ਪੱਥਰ ਸਥਾਪਤ ਕੀਤੇ ਹਨ ਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਪਰ ਇਸ ਦੇ ਨਾਲ ਹੀ ਅਸੀ ਅਪਣੀਆਂ ਜੜ੍ਹਾਂ ਤੋਂ ਦੂਰ ਹੋ ਗਏ ਹਾਂ। ਪਦਾਰਥਵਾਦ ਆਦਮੀ ਦੇ ਜੀਵਨ ਦਾ ਕੇਂਦਰ ਬਿੰਦੂ ਬਣ ਗਿਆ ਹੈ। ਸਾਨੂੰ ਸਾਰਿਆਂ ਨੂੰ ਅਕਸਰ ਹੀ ਇਸ ਕਿਸਮ ਦੀਆਂ ਘਟਨਾਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਪਰ ਹੁਣ ਲੋੜ ਹੈ ਮਨੁੱਖ ਨੂੰ ਅਪਣਾ ਰਵਈਆ ਬਦਲਣ ਦੀ।

ਮਨੁੱਖਤਾ ਅਤੇ ਸੰਵੇਦਨਸ਼ੀਲਤਾ ਆਦਮੀ ਨੂੰ ਮਨੁੱਖ ਬਣਾਉਂਦੇ ਹਨ। ਹਰ ਕਿਸੇ ਨੂੰ ਅਪਣੇ ਜੀਵਨ ਵਿਚ ਪਿਆਰ, ਧੀਰਜ, ਦੇਖਭਾਲ, ਸੰਵੇਦਨਸ਼ੀਲਤਾ ਵਰਗੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਤਕਨੀਕੀ ਪੱਖੋਂ ਹੀ ਨਹੀਂ, ਬਲਕਿ ਮਾਨਵੀ ਆਧਾਰ ਤੇ ਵੀ ਅੱਗੇ ਵਧਣਾ ਚਾਹੀਦਾ ਹੈ ਤਾਂ ਹੀ ਅਸੀ ਇਨਸਾਨ ਕਹਾਉਣ ਦੇ ਲਾਇਕ ਬਣਾਂਗੇ।

ਮੁਖੀ, ਪੱਤਰਕਾਰੀ ਵਿਭਾਗ, ਮਾਤਾ ਗੁਜਰੀ ਕਾਲਜ, 
ਫ਼ਤਹਿਗੜ੍ਹ ਸਾਹਿਬ।
ਈ-ਮੇਲ : gulati.rei0gmail.com

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement