Safar-E-Shahadat: ਇਸ ਸ਼ਹਾਦਤ ਨੂੰ ਸਲਾਮ...ਸਰਹਿੰਦ ਦੀਏ ਦੀਵਾਰੇ ਨੀ, ਕੀ ਕੀਤੇ ਖ਼ੂਨੀ ਕਾਰੇ ਨੀ?
Published : Dec 24, 2024, 7:13 am IST
Updated : Dec 24, 2024, 1:20 pm IST
SHARE ARTICLE
 Safar-E-Shahadat
Safar-E-Shahadat

ਹਾਏ...! ਮਾਰ ਮੁਕਾਏ ਨੀਹਾਂ ਵਿਚ, ਦੋ ਨੰਨ੍ਹੇ ਰਾਜ ਦੁਲਾਰੇ ਨੀ!

 

Safar-E-Shahadat:  ਮਨੁੱਖੀ ਜੀਵਨ ਅਤੇ ਉਸ ਨਾਲ ਜੁੜੀਆਂ ਲਾਲਸਾਵਾਂ ਨੂੰ ਅਪਣੇ ਜੀਵਨ ਪੰਧ ਤੋਂ ਪਰਾਂ ਹਟਾ ਕੇ ਕੁਰਬਾਨੀ ਦੇ ਸਿਧਾਂਤ ਲਈ ਅਪਣੀ ਜਿੰਦ ਕੁਰਬਾਨ ਕਰ ਦੇਣਾ ਕਿਸੇ ਵੀ ਕੌਮ ਦਾ ਸੁਨਹਿਰੀ ਸਿਧਾਂਤ ਮੰਨਿਆ ਜਾਂਦਾ ਹੈ। ਮਨੁੱਖੀ ਹੱਕਾਂ ਤੇ ਆਜ਼ਾਦੀ ਨੂੰ ਕੁਚਲ ਕੇ ਅਪਣਾ ਕਬਜ਼ਾ ਜਮਾਈ ਬੈਠੀਆਂ ਸ਼ਕਤੀਆਂ ਨਾਲ ਟੱਕਰ ਲੈਣ ਲਈ ਕੌਮਾਂ ਨੂੰ ਹਮੇਸ਼ਾ ਮਰਜੀਵੜਿਆਂ ਦੀ ਲੋੜ ਹੁੰਦੀ ਹੈ। ਕੋਈ ਵੀ ਕੌਮ ਤੇ ਕੋਈ ਇਨਕਲਾਬੀ ਲਹਿਰ ਸ਼ਹੀਦੀਆਂ ਦੇ ਇਸ ਸੰਕਲਪ ਨੂੰ ਅਪਣੇ ਪੈਰੋਕਾਰਾਂ ਦੇ ਅੰਦਰ ਤਕ ਕਿੰਨਾ ਕੁ ਪਹੁੰਚਾ ਸਕਦੀ ਹੈ, ਇਸ ਭੇਦ ਵਿਚ ਹੀ ਉਸ ਲਹਿਰ ਦੀ ਸਫ਼ਲਤਾ ਦਾ ਰਾਜ਼ ਛੁਪਿਆ ਹੁੰਦਾ ਹੈ। ਸ਼ਹੀਦ ਹੋਣ ਵਾਲੇ ਨੂੰ ਇਹ ਫ਼ਿਕਰ ਨਹੀਂ ਹੁੰਦੀ ਕਿ ਉਸ ਦੀ ਸ਼ਹੀਦੀ ਕੁੱਝ ਪ੍ਰਾਪਤ ਕਰ ਸਕੇਗੀ ਜਾਂ ਨਹੀਂ, ਉਹ ਤਾਂ ਅਪਣੇ ਕੌਮੀ ਜਜ਼ਬੇ ਨਾਲ ਅਪਣੇ ਮੰਜ਼ਿਲੇ ਮਕਸੂਦ ਵਲ ਹਮੇਸ਼ਾ ਕਦਮ ਵਧਾਉਂਦਾ ਹੋਇਆ ਸ਼ਹੀਦੀ ਦੇ ਰਸਤੇ ’ਤੇ ਤੁਰਿਆ ਰਹਿੰਦਾ ਹੈ।

ਸਿੱਖ ਇਤਿਹਾਸ ਅਦੁਤੀ ਕੁਰਬਾਨੀਆਂ ਦਾ ਇਤਿਹਾਸ ਹੈ ਤੇ ਇਸ ਇਤਿਹਾਸ ਵਿਚ ਦਸੰਬਰ ਸੰਨ 1704 ਵਿਚ ਹੋਈਆਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੀ ਉਦਾਹਰਣ ਸੰਸਾਰ ਦੇ ਇਤਿਹਾਸ ਵਿਚ ਦੁਰਲਭ ਹੈ। ਦਾਸਤਾਨ ‘ਸਰਹੰਦ ਦੀ ਦੀਵਾਰ’ ਦੀ ਜਿਥੇ ਨਿੱਕੀਆਂ-ਨਿੱਕੀਆਂ ਜਿੰਦਾਂ (ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ) ਨੇ ਬਹੁਤ ਵੱਡਾ ਸਾਕਾ ਕਰ ਵਿਖਾਇਆ। ਸੌ-ਸੌ ਪ੍ਰਣਾਮ ਹੈ, ਇਹੋ ਜਹੇ ਸੂਰਬੀਰਾਂ ਨੂੰ ਜਿਨ੍ਹਾਂ ਨੇ ਧਰਮ, ਦੇਸ਼ ਤੇ ਮਨੁੱਖਤਾ ਦੇ ਸਵੈਮਾਣ, ਅਣਖ ਤੇ ਆਜ਼ਾਦੀ ਹਿਤ ਜਾਨਾਂ ਵਾਰ ਦਿਤੀਆਂ।

ਜਿੰਦਾਂ ਭਾਵੇਂ ਨਿੱਕੀਆਂ ਕੋਮਲ ਸਨ ਪਰ ਉਨ੍ਹਾਂ ਦਾ ਸਿੱਖੀ ਲਈ ਕੁਰਬਾਨ ਹੋ ਜਾਣਾ ਬੇਮਿਸਾਲ ਹੈ। ਹਿੰਦੀ ਦੇ ਰਾਸ਼ਟਰ ਕਵੀ ਮੈਥਲੀ ਸ਼ਰਨ ਗੁਪਤ ਨੇ ਅਪਣੇ ਮਹਾਂ ਕਾਵਯ ‘ਭਾਰਤ-ਭਾਰਤੀ’ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਇਸ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ :
‘‘ਜਿਸ ਕੁਲ ਜਾਤ ਕੌਮ ਕੇ ਬੱਚੇ,
ਦੇ ਸਕਤੇ ਹੋਂ ਯੂੁੰ ਬਲਿਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ,
ਭਵਿਸ਼ ਹੈ ਮਹਾਂ ਮਹਾਨ।’’

ਦਸੰਬਰ ਦੇ ਪਿਛਲੇ ਪੰਦਰਵਾੜੇ ਫ਼ਤਹਿਗੜ੍ਹ ਸਾਹਿਬ ਨੂੰ ਕਿਸੇ ਵੀ ਰਾਹ ਤੋਂ ਚਲੇ ਜਾਉ, ਦੂਰ-ਦੂਰ ਤਕ ਦਾ ਇਲਾਕਾ ਸਾਹਿਬਜ਼ਾਦਿਆਂ ਦੇ ਪਿਆਰ ਸਤਿਕਾਰ ਵਿਚ ਰਾਹਾਂ ’ਚ ਅੱਖਾਂ ਵਿਛਾਈ ਖੜਾ ਦਿਸੇਗਾ। ਸੜਕ ਦੇ ਦੋਵੇਂ ਪਾਸੇ ਹੱਥ ਬੰਨ੍ਹੀ ਸੇਵਾਦਾਰ, ਬੱਚੇ, ਨੌਜੁਆਨ ਰਾਹ ਰੋਕ ਲੰਗਰ ਦੇਣ ਲਈ ਖੜੇ ਵਿਖਾਈ ਦਿੰਦੇ ਹਨ। ਬਸ ਕਈ ਵਾਰ ਇਹ ਵੇਖ ਅਫ਼ਸੋਸ ਜ਼ਰੂਰ ਹੁੰਦਾ ਹੈ ਕਿ ਜਿਨ੍ਹਾਂ ਦੀ ਯਾਦ ’ਚ ਲੰਗਰ ਲਾ ਰਹੇ ਹਨ, ਉਨ੍ਹਾਂ ਨੇ ਸਿੱਖ ਧਰਮ ਦੀ ਰਖਿਆ ਲਈ ਜਾਨਾਂ ਵਾਰ ਦਿਤੀਆਂ ਪਰ ਅੱਜਕਲ ਲੰਗਰ ਵਰਤਾਉਣ ਵਾਲੇ ਨੌਜੁਆਨ ਜ਼ਿਆਦਾਤਰ ਦਾੜ੍ਹੀ ਕੇਸ ਕੱਟੇ ਵਿਖਾਈ ਦਿੰਦੇ ਹਨ।

ਕਿਸੇ ਦਾਰਸ਼ਨਿਕ ਨੇ ਸਹੀ ਕਿਹਾ ਹੈ, ‘‘ਪਵਿੱਤਰ ਬਲੀਦਾਨ ਦੇ ਖ਼ੂਨ ਦਾ ਹਰ ਕਤਰਾ ਸੱਚੇ ਧਰਮ ਦੇ ਮਾਹੌਲ ਦੀ ਬੁਨਿਆਦ ਬਣਦਾ ਹੈ।’’ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਣਚਾਹੀਆਂ ਮੌਤਾਂ ਨਹੀਂ ਸਗੋਂ ਚੇਤੰਨ ਸਰੂਪ ’ਚ ਆਪ ਸਿਰਜੇ ਤੇ ਰੂਪਮਾਨ ਕੀਤੇ ਬਹਾਦਰੀ ਦੇ ਜੌਹਰ ਸਨ ਜੋ ਕੌਮ ਅਤੇ ਦੇਸ਼ ਦਾ ਫ਼ਖ਼ਰ ਬਣੇ।

ਔਰੰਗਜ਼ੇਬ ਨੇ ਨਵਾਬ ਦਿਲਾਵਰ ਖ਼ਾਨ ਤੇ ਉਸ ਦੇ ਲੜਕੇ ਰੁਸਤਮ ਖ਼ਾਨ ਨੂੰ ਅਨੰਦਪੁਰ ਸਾਹਿਬ ’ਤੇ ਭਾਰੀ ਹਮਲਾ ਕਰਨ ਹਿਤ ਭੇਜਿਆ। ਨਵੰਬਰ 1699 ਦੀ ਇਕ ਰਾਤ ਨੂੰ ਭਾਰੀ ਗਿਣਤੀ ਵਿਚ ਆਈ ਮੁਗ਼ਲ ਸੈਨਾ ਗੁਰੂ ਜੀ ਦੀ ਖ਼ਾਲਸਾ ਫ਼ੌਜ ਨਾਲ ਆ ਟਕਰਾਈ ਪਰ ਸਿੱਖਾਂ ਦਾ ਸਾਹਮਣਾ ਨਾ ਕਰ ਸਕੀ। ਇਸ ਤਰ੍ਹਾਂ ਅਨੰਦਪੁਰ ਦੀ ਪਹਿਲੀ ਜੰਗ ਵਿਚ ਖ਼ਾਲਸੇ ਦੀ ਜਿੱਤ ਹੋਈ। ਉਪ੍ਰੰਤ 1700-1705 ਈ. ਦੇ ਸਮੇਂ ’ਚ ਕਿੰਨੇ ਹੀ ਹੋਰ ਯੁੱਧ ਹੋਏ ਪਰ ਹਰ ਕੋਸ਼ਿਸ਼ ਦੇ ਬਾਵਜੂਦ ਮੁਗ਼ਲ ਅਨੰਦਗੜ੍ਹ ਦਾ ਕਿਲ੍ਹਾ ਸਰ ਨਾ ਕਰ ਸਕੇ। ਇਥੇ ਹੀ ਮੁਗ਼ਲਾਂ ਨੇ ਇਕ ਮਸਤ ਹਾਥੀ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਜਿਸ ਨੂੰ ਭਾਈ ਬਚਿੱਤਰ ਸਿੰਘ ਨੇ ਨਾਗਣੀ ਨਾਲ ਜ਼ਖ਼ਮੀ ਕਰ ਦਿਤਾ ਤੇ ਉਹ ਅਪਣੀ ਹੀ ਸੈਨਾ ਲਈ ਮੁਸੀਬਤ ਬਣ ਗਿਆ। ਜਦੋਂ ਮੁਗ਼ਲ ਸੈਨਾ ਦੀ ਪੇਸ਼ ਨਾ ਗਈ ਤਾਂ ਉਨ੍ਹਾਂ ਇਕ ਬ੍ਰਾਹਮਣ ਤੇ ਮੌਲਵੀ ਨੂੰ ਜ਼ਾਮਨ ਬਣਾ ਕੇ ਭੇਜਿਆ ਜਿਨ੍ਹਾਂ ਨੇ ਗੀਤਾ ਤੇ ਕੁਰਾਨ ਦੀ ਸਹੁੰ ਚੁਕ ਕੇ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਛੱਡ ਦੇਣ ਤਾਂ ਯੁੱਧ ਸਮਾਪਤ ਹੋ ਜਾਏਗਾ ਤੇ ਜਿਥੇ ਵੀ ਸਿੰਘ ਜਾਣਾ ਚਾਹੁਣ ਉਹ ਜਾ ਸਕਣਗੇ। ਗੁਰੂ ਜੀ ਮੁਗ਼ਲਾਂ ਦੀ ਬੇਈਮਾਨ ਸੋਚ ਨੂੰ ਬਾਖ਼ੂਬੀ ਜਾਣਦੇ ਸਨ ਪਰ ਉਨ੍ਹਾਂ ਨੇ ਮੁਗ਼ਲਾਂ ਦੇ ਬਚਨਾਂ ਨੂੰ ਪਰਖਣ ਲਈ ਕੁੱਝ ਗੱਡੇ ਕੂੜ ਕਬਾੜ ਨਾਲ ਲੱਦ ਕੇ ਉਪਰ ਰੇਸ਼ਮੀ ਚਾਦਰਾਂ ਪਾ ਦਿਤੀਆਂ ਤੇ ਕਿਹਾ ਕਿ ਗੁਰੂ ਦਾ ਖ਼ਜ਼ਾਨਾ ਜਾ ਰਿਹਾ ਹੈ। ਲਾਲਚੀ ਤੇ ਨੀਚ ਮੁਗ਼ਲ ਖ਼ਜ਼ਾਨਾ ਲੁੱਟਣ ਲਈ ਟੁੱਟ ਪਏ ਤੇ ਅੰਤ ਸ਼ਰਮਿੰਦਗੀ ਸਹਾਰਨੀ ਪਈ।

ਕੁੱਝ ਦਿਨਾਂ ਬਾਅਦ ਉਨ੍ਹਾਂ ਨੇ ਔਰੰਗਜ਼ੇਬ ਵਲੋਂ ਦਸਤਖ਼ਤ-ਸ਼ੁਦਾ ਕੁਰਾਨ ਤੇ ਉਸ ਵਿਚ ਚਿੱਠੀ ਪੇਸ਼ ਕੀਤੀ, ਪਿਛਲੀ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਕਿਹਾ ਕਿ ਜੇਕਰ ਗੁਰੂ ਜੀ ਸਿੰਘਾਂ ਸਮੇਤ ਕਿਲ੍ਹਾ ਛੱਡ ਦੇਣ ਤਾਂ ਲੜਾਈ ਹਮੇਸ਼ਾ ਲਈ ਮੁਕ ਜਾਏਗੀ। ਅਖ਼ੀਰ 20 ਦਸੰਬਰ 1704 ਦੀ ਸਰਦ ਰਾਤ ਨੂੰ ਗੁਰੂ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਤੇ ਪੰਜ ਪਿਆਰੇ ਨਾਲ ਲੈ ਕੇ ਕਿਲ੍ਹੇ ਤੋਂ ਬਾਹਰ ਆ ਗਏ। ਬਾਕੀ ਸਿੱਖ ਜੱਥੇ ਵੀ ਮਗਰ ਤੁਰ ਪਏ। ਅੰਮ੍ਰਿਤ ਵੇਲੇ ਆਪ ਜੀ ਸਰਸਾ ਨਦੀ ਦੇ ਕਿਨਾਰੇ ਪੁੱਜੇ। ਉਥੇ ‘ਆਸਾ ਦੀ ਵਾਰ’ ਦਾ ਪਾਠ ਕੀਤਾ, ਸਮਾਪਤੀ ਉਪ੍ਰੰਤ ਦਰਿਆ ਪਾਰ ਕੀਤਾ ਗਿਆ। ਤਦ ਤਕ ਮੁਗ਼ਲ ਫ਼ੌਜ ਇਕਰਾਰ ਭੁੱਲ ਕੇ ਗੁਰੂ ਜੀ ਤੇ ਸਿੱਖ ਸੈਨਾ ਦੇ ਪਿੱਛੇ ਲੱਗ ਚੁਕੀ ਸੀ। ਇਸ ਵੇਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਪ੍ਰਵਾਰ ਤੋਂ ਵਿਛੜ ਗਏ।

ਘਰੇਲੂ ਸੇਵਾਦਾਰ ਗੰਗੂ ਦੇ ਕਹਿਣ ’ਤੇ ਪਿੰਡ ਖੇੜੀ ਜਾ ਟਿਕੇ। ਮੁਗ਼ਲ ਫ਼ੌਜ ਨੇ ਹਮਲੇ ਕਰਨੇ ਸ਼ੁਰੂ ਕਰ ਦਿਤੇ। ਸੰਸਾਰ ਦੇ ਯੁੱਧ ਇਤਿਹਾਸ ਵਿਚ ਕਿਤੇ ਵੀ ਇਹੋ ਜਹੀ ਉਦਾਹਰਣ ਨਹੀਂ ਮਿਲਦੀ ਜਿਥੇ 40-50 ਸੂਰਮਿਆਂ ਨੇ ਲੱਖਾਂ ਦੀ ਗਿਣਤੀ ’ਚ ਸ਼ਾਹੀ ਸੈਨਾ ਨਾਲ ਲੋਹਾ ਲਿਆ ਹੋਵੇ। ‘‘ਸਵਾ ਲਾਖ ਸੇ ਏਕ ਲੜਾਊਂ’’ ਦਾ ਨਜ਼ਾਰਾ ਚਮਕੌਰ ਦੀ ਗੜ੍ਹੀ ਦੇ ਯੁੱਧ ਵਿਚ ਪ੍ਰਤੱਖ ਨਜ਼ਰ ਆਇਆ।

22 ਦਸੰਬਰ 1704 ਨੂੰ ਘਮਾਸਾਨ ਯੁੱਧ ਹੋਇਆ। ਸਿੱਖ ਭਾਵੇਂ ਗਿਣਤੀ ਵਿਚ ਬਹੁਤ ਥੋੜੇ ਸਨ ਪਰ ਗੁਰੂ ਜੀ ਦੀ ਹਜ਼ੂਰੀ, ਪਿਆਰ ਸਿਦਕ ਤੇ ਦ੍ਰਿੜਤਾ ਕਾਰਨ ਚੜ੍ਹਦੀ ਕਲਾ ’ਚ ਅਤੇ ਪੂਰੇ ਜਲਾਲ ’ਚ ਸਨ। ਅਖ਼ੀਰ ਗੜ੍ਹੀ ’ਚ ਕੇਵਲ ਗਿਆਰਾਂ ਸਿੰਘ ਹੀ ਰਹਿ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਹਿਫ਼ਾਜ਼ਤ ਨਾਲ ਉਨ੍ਹਾਂ ਨੂੰ ਮਾਛੀਵਾੜੇ ਦੇ ਜੰਗਲਾਂ ਤਕ ਪਹੁੰਚਾ ਦਿਤਾ। ਨਬੀ ਖ਼ਾਂ ਤੇ ਗਨੀ ਖ਼ਾਂ ਗੁਰੂ ਜੀ ਪ੍ਰਤੀ ਪੂਰੀ ਸ਼ਰਧਾ ਰਖਦੇ ਸਨ, ਉਹ ਗੁਰੂ ਜੀ ਨੂੰ ਇਥੇ ਹੀ ਆ ਕੇ ਮਿਲੇ। ਮਾਛੀਵਾੜੇ ਦੇ ਜੰਗਲਾਂ ਵਿਚ ਹੀ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸਰਹੱਦ ਦੇ ਨਵਾਬ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ ਹੈ। ਛੋਟੇ ਸਾਹਿਬਜ਼ਾਦੇ ਆਖ਼ਰੀ ਸਾਹ ਤਕ ਅਪਣੀ ਸਿੱਖੀ, ਅਪਣੇ ਧਰਮ ਲਈ ਦ੍ਰਿੜ ਰਹੇ। ਛੋਟੇ ਸਾਹਿਬਜ਼ਾਦਿਆਂ ਨੂੰ ਕੋਈ ਵੱਡੇ ਤੋਂ ਵੱਡਾ ਲਾਲਚ ਵੀ ਉਨ੍ਹਾਂ ਨੂੰ ਮਕਸਦ ਤੋਂ ਹਿਲਾ ਨਾ ਸਕਿਆ। ਕਾਜ਼ੀ ਨੇ ਸਲਾਹ ਦਿਤੀ ਕਿ ਇਹ ਕਾਰਜ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਰਾਹੀਂ ਕੀਤਾ ਜਾਵੇ ਕਿਉਂਕਿ ਉਸ ਦਾ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਜੰਗ ਵਿਚ ਮਾਰਿਆ ਗਿਆ ਸੀ ਪਰ ਮਲੇਰਕੋਟਲੇ ਦਾ ਨਵਾਬ ਰੱਬ ਤੋਂ ਡਰਨ ਵਾਲਾ ਇਨਸਾਨ ਸੀ, ਉਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, ‘‘ਇਹ ਸਹੀ ਨਹੀਂ। ਮੇਰਾ ਭਰਾ ਤਾਂ ਯੁੱਧ ਵਿਚ ਲੜਦਿਆਂ ਮਾਰਿਆ ਗਿਆ ਸੀ, ਬੱਚੇ ਉਸ ਲਈ ਜ਼ਿੰਮੇਵਾਰ ਨਹੀਂ। ਬਦਲਾ ਲੈਣਾ ਹੈ ਤਾਂ ਇਨ੍ਹਾਂ ਦੇ ਪਿਤਾ ਤੋਂ ਲਿਆ ਜਾਵੇ। ਬੱਚਿਆਂ ’ਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੋਵੇਗਾ।’’

ਨਵਾਬ ਮਲੇਰਕੋਟਲਾ ਨੇ ਉਸ ਵੇਲੇ ਹਾਅ ਦਾ ਨਾਅਰਾ ਮਾਰਿਆ ਸੀ। ਇਸੇ ਕਾਰਨ ਹੀ ਸਿੱਖ ਕੌਮ ਸਦਾ ਮਲੇਰਕੋਟਲਾ ਦੇ ਨਵਾਬਾਂ ਦਾ ਉਸ ਵੇਲੇ ਤੋਂ ਹੀ ਸਤਿਕਾਰ ਕਰਦੀ ਆਈ ਹੈ। ਜ਼ਾਲਮ ਹਾਕਮਾਂ ਨੇ ਅੰਤ ਬੱਚਿਆਂ ਨੂੰ ਨੀਹਾਂ ਵਿਚ ਚਿਣਵਾ ਦਿਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਵਾਰਤਾ ਸੁਣੀ ਤੇ ਉਸੇ ਵੇਲੇ ਕੋਲੋਂ ਇਕ ਬੂਟਾ ਪੁਟਦਿਆਂ ਫ਼ੁਰਮਾਇਆ, ‘‘ਹੁਣ ਮੁਗ਼ਲ ਰਾਜ ਦੀ ਜੜ੍ਹ ਇਸੇ ਤਰ੍ਹਾਂ ਪੁੱਟੀ ਜਾਵੇਗੀ।’’

ਗੁਰੂ ਜੀ ਦੇ ਸਿਰਜੇ ਖ਼ਾਲਸੇ ਨੇ ਸਦੀਆਂ ਤੋਂ ਲਤਾੜੇ, ਲੁੱਟੇ ਤੇ ਮਾਰੇ ਜਾ ਰਹੇ ਹਿੰਦੁਸਤਾਨ ਦੇ ਵਾਸੀਆਂ ਨੂੰ ਮੁਗ਼ਲ ਹਕੂਮਤ ਤੋਂ ਨਿਜਾਤ ਦਿਵਾਈ। ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹਾਦਤ ਤੋਂ ਬਾਅਦ ਪੰਜਾਬ ਵਿਚ ਇਹੋ ਜਹੀ ਜਾਗ੍ਰਿਤੀ ਆਈ ਕਿ ਨਿਮਾਣੀ ਨਿਤਾਣੀ ਜਨਤਾ ਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਮੁਗ਼ਲਾਂ ਨਾਲ ਜੂਝਣ ਵਾਲੇ ਜਥਿਆਂ ਵਿਚ ਸ਼ਾਮਲ ਹੋਣ ਲੱਗ ਗਈ। ਕੁੱਝ ਸਾਲਾਂ ਵਿਚ ਹੀ ਮੁਗ਼ਲ ਹਕੂਮਤ ਦੇ ਪੈਰ ਉਖੜ ਗਏ ਤੇ ਪੰਜਾਬ ਵਿਚ ਪੰਜਾਬੀਆਂ ਦਾ ਅਪਣਾ ਰਾਜ ਸਥਾਪਤ ਹੋ ਗਿਆ ਜੋ ਕਿ ਬਾਅਦ ਵਿਚ ਦਿੱਲੀ ਤਕ ਫੈਲ ਗਿਆ। ਮੁਸਲਮਾਨ ਅੱਲ੍ਹਾ ਯਾਰ ਖ਼ਾਂ ਨੇ ਅਪਣੀ ਲਿਖਤ ਵਿਚ ਕਿਹਾ, ‘‘ਜੇਕਰ ਦੁਨੀਆਂ ਵਿਚ ਸਜਦਾ (ਮੱਥਾ ਟੇਕਣਾ) ਕਰਨ ਦੀ ਕੋਈ ਜਗ੍ਹਾ ਹੈ ਤਾਂ ਉਹ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਥੇ ਧਰਮ ਦੀ ਰਖਿਆ ਲਈ ਇਕ ਬਾਪ ਦੇ ਛੋਟੇ ਪੁੱਤਰ ਸ਼ਹੀਦ ਕਰ ਦਿਤੇ ਗਏ।’’

ਅਸੀ ਵਾਰ-ਵਾਰ ਨਤਮਸਤਕ ਹੁੰਦੇ ਹਾਂ, ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਤੇ ਉਨ੍ਹਾਂ ਨਾਲ ਧਰਮ ਦੀ ਰਖਿਆ ਲਈ ਸ਼ਹੀਦ ਹੋਏ ਗੁਰੂ ਦੇ ਸਿੱਖਾਂ ਨੂੰ। ਸੰਸਾਰ ਦੇ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਮੇਸ਼ਾ ਬੇਮਿਸਾਲ ਤੇ ਅਮਰ ਰਹੇਗੀ।

‘‘ਸਰਹੰਦ ਨੂੰ ਜਾਣ ਵਾਲਿਉ ਰਾਹੀਉ,
ਸੁਣਿਉ ਗੱਲ ਇਕ ਖ਼ਾਸ ਤੁਸੀ।
ਮੱਥਾ ਟੇਕਣ ਵਾਲਿਉ ਕਰਿਉ,
ਦਿਲ ਤੋਂ ਇਕ ਅਰਦਾਸ ਤੁਸੀ।
ਕੰਧਾਂ ਵਿਚ ਤਕਿਉ ਜਾ ਕੇ,
ਅਮਰ ਹੋਈ ਜ਼ਿੰਦਗਾਨੀ ਨੂੰ।
ਮੇਲੇ ਦੇ ਵਿਚ ਰੋਲ ਨਾ ਛਡਿਉ,
ਬੱਚਿਆਂ ਦੀ ਕੁਰਬਾਨੀ ਨੂੰ।’’

ਅੰਦਲੀਬ ਕੌਰ
ਈਮੇਲ: kaurandleeb0gmail.com

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement