ਵਿਆਹਾਂ ’ਚ ਸਪੀਕਰ ਲਿਆਉਣ ਦਾ ਚਾਅ ਵੀ ਵਖਰਾ ਹੀ ਹੁੰਦਾ ਸੀ
Published : Jan 25, 2023, 2:25 pm IST
Updated : Jan 25, 2023, 2:25 pm IST
SHARE ARTICLE
The desire to bring speakers in weddings was also different
The desire to bring speakers in weddings was also different

ਵਿਆਹ ਜਾਂ ਹੋਰ ਖ਼ੁਸ਼ੀ ਦੇ ਸਮਾਗਮ ਮੌਕੇ ਸਪੀਕਰ ਲਿਆਉਣ ਦਾ ਚਾਅ ਵੀ ਵਖਰਾ ਹੀ ਹੁੰਦਾ ਸੀ। ਵਿਆਹ ਵਿਚ ਸ਼ਾਮਲ ਹਰ ਵਿਅਕਤੀ ਸਪੀਕਰ ਲਿਆਉਣ ਲਈ ਉਤਾਵਲਾ...

 

ਵਿਆਹ ਜਾਂ ਹੋਰ ਖ਼ੁਸ਼ੀ ਦੇ ਸਮਾਗਮ ਮੌਕੇ ਸਪੀਕਰ ਲਿਆਉਣ ਦਾ ਚਾਅ ਵੀ ਵਖਰਾ ਹੀ ਹੁੰਦਾ ਸੀ। ਵਿਆਹ ਵਿਚ ਸ਼ਾਮਲ ਹਰ ਵਿਅਕਤੀ ਸਪੀਕਰ ਲਿਆਉਣ ਲਈ ਉਤਾਵਲਾ ਹੁੰਦਾ ਸੀ ਅਤੇ ਬੱਚਿਆਂ ਨੇ ਸਪੀਕਰ ਲਿਆਉਣ ਵਾਲਿਆਂ ਨਾਲ ਵੈਸੇ ਹੀ ਦੌੜ ਜਾਣਾ ਹੁੰਦਾ ਸੀ। ਸਪੀਕਰ ਲਿਆਉਣ ਲਈ ਘਰ ਦੇ ਸਿਆਣੇ ਬੰਦਿਆਂ ਵਲੋਂ ਬਕਾਇਦਾ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਂਦੀ ਸੀ। ਸਮਾਗਮ ਤੋਂ ਪਹਿਲਾਂ ਸਪੀਕਰ ਵਾਲੇ ਨੂੰ ਸਾਈ ਫੜਾ ਕੇ ਬੁਕਿੰਗ ਕੀਤੀ ਜਾਂਦੀ ਸੀ ਅਤੇ ਸਮਾਗਮ ਵਾਲੇ ਦਿਨ ਉਹ ਅਪਣਾ ਸਾਰਾ ਸਾਮਾਨ ਤਿਆਰ ਕਰ ਕੇ ਰਖਦਾ ਸੀ।

ਉਸ ਕੋਲ ਬਾਲਟੀਨੁਮਾ ਸਪੀਕਰ ਤੋਂ ਇਲਾਵਾ ਇਕ ਲੱਕੜ ਦੇ ਟਰੰਕ ਜਹੇ ’ਚ ਪੱਥਰ ਦੇ ਰਿਕਾਰਡ ਅਤੇ ਰਿਕਾਰਡ ਵਜਾਉਣ ਵਾਲੀ ਮਸ਼ੀਨ ਟਿਕਾਈ ਹੁੰਦੀ ਸੀ। ਸਪੀਕਰ ਲੈਣ ਗਏ ਵਿਅਕਤੀਆਂ ਨੂੰ ਸਪੀਕਰ ਵਾਲਾ ਬਾਲਟੀਨੁਮਾ ਸਪੀਕਰ ਅਤੇ ਸਾਮਾਨ ਵਾਲਾ ਟਰੰਕ ਫੜਾ ਦਿੰਦਾ ਜਾਂ ਕਈ ਵਾਰ ਉਹ ਅਪਣੇ ਸਾਈਕਲ ਦੇ ਹੈਂਡਲ ਵਿਚ ਬਾਲਟੀਨੁਮਾ ਸਪੀਕਰ ਫਸਾ ਕੇ ਪਿੱਛੇ ਕੈਰੀਅਰ ’ਤੇ ਟਰੰਕ ਟਿਕਾ ਸਪੀਕਰ ਲੈਣ ਗਏ ਵਿਅਕਤੀਆਂ ਨਾਲ ਹੋ ਤੁਰਦਾ। ਘਰ ਵਿਚ ਹਰ ਕਿਸੇ ਨੂੰ ਸਪੀਕਰ ਵਾਲੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਕਿਉਂਕਿ ਘਰ ’ਚ ਸਮਾਗਮ ਦਾ ਮਾਹੌਲ ਸਪੀਕਰ ਵੱਜਣ ਨਾਲ ਹੀ ਬਣਨਾ ਹੁੰਦਾ ਸੀ। 

ਸਪੀਕਰ ਵਾਲੇ ਨੂੰ ਸਪੀਕਰ ਦਾ ਸਾਰਾ ਸਾਮਾਨ ਟਿਕਾਉਣ ਲਈ ਉਸ ਵਲੋਂ ਕੀਤੀ ਚੋਣ ਅਨੁਸਾਰ ਥਾਂ ਦਿਤੀ ਜਾਂਦੀ ਸੀ। ਘਰ ਵਿਚ ਸਪੀਕਰ ਦੇ ਆਉਣ ’ਤੇ ਘਰ ਦੀ ਛੱਤ ’ਤੇ ਦੋ ਮੰਜੇ ਦੌਣਾਂ ਵਾਲਾ ਪਾਸਾ ਉਪਰ ਕਰ ਕੇ ਖੜੇ ਕਰ ਲਏ ਜਾਂਦੇ ਸਨ। ਮੰਜੇ ਖੜੇ ਕਰਨ, ਉਨ੍ਹਾਂ ਨੂੰ ਟਿਕਾਉਣ ਅਤੇ ਰੱਸੇ ਨਾਲ ਬੰਨ੍ਹਣ ਦਾ ਸਾਰਾ ਕੰੰਮ ਸਪੀਕਰ ਵਾਲਾ ਖ਼ੁਦ ਕਰਦਾ ਹੁੰਦਾ ਸੀ। ਦੌਣਾਂ ਵਾਲਾ ਪਾਸਾ ਉਪਰ ਇਸ ਲਈ ਕੀਤਾ ਜਾਂਦਾ ਸੀ ਤਾਕਿ ਦੌਣ ਵਿਚ ਸਪੀਕਰ ਆਸਾਨੀ ਨਾਲ ਬੰਨਿ੍ਹਆ ਜਾ ਸਕੇ। ਵੱਡੇ ਪਿੰਡਾਂ ’ਚ ਵੱਖ ਵੱਖ ਦਿਸ਼ਾਵਾਂ ਵਲ ਮੂੰਹ ਕਰ ਕੇ ਦੋ ਦੋ ਸਪੀਕਰ ਬੰਨ੍ਹਣ ਦਾ ਵੀ ਰਿਵਾਜ ਸੀ। ਮੰਜਿਆਂ ਨਾਲ ਸਪੀਕਰ ਬੰਨ੍ਹਣ ਤੋਂ ਬਾਅਦ ਸਪੀਕਰ ਵਾਲਾ ਸਪੀਕਰ ਦੇ ਪਿਛਲੇ ਪਾਸੇ ਯੂਨਿਟ ਕਸਦਿਆਂ ਉਸ ਨਾਲ ਤਾਰਾਂ ਜੋੜ ਕੇ ਥੱਲੇ ਟਿਕਾਈ ਮਸ਼ੀਨ ਨਾਲ ਜੋੜ ਲੈਂਦਾ ਸੀ। ਸਾਰੀ ਫ਼ਿਟਿੰਗ ਉਪਰੰਤ ਮਸ਼ੀਨ ’ਤੇ ਤਵਾ ਚੜ੍ਹਾ ਕੇ ਉਸ ਦੀ ਸਵਿਚ ਆਨ ਕਰਦਾ ਤਾਂ ਵੱਜਿਆ ਪਹਿਲਾ ਗੀਤ ਸੱਭ ਨੂੰ ਸਮਾਗਮ ਦੇ ਰੰਗ ਵਿਚ ਰੰਗ ਜਾਂਦਾ।

ਸਪੀਕਰ ਵਾਲਾ ਮਸ਼ੀਨ ’ਤੇ ਤਵਾ ਘੁੰਮਣਾ ਸ਼ੁਰੂ ਕਰ ਕੇ ਖ਼ੁਦ ਚਾਹ ਪਾਣੀ ਪੀਣ ਬੈਠ ਜਾਂਦਾ ਅਤੇ ਯਮਲੇ ਜੱਟ ਦੇ ਗੀਤਾਂ ਤੋਂ ਬਾਅਦ ਵਾਰੀ ਆਉਂਦੀ ਪਾਲੀ ਦੇਤਵਾਲੀਆ ਅਤੇ ਕੁਲਦੀਪ ਮਾਣਕ ਜਿਹੇ ਗਾਇਕਾਂ ਦੀਆਂ ਕਲੀਆਂ ਅਤੇ ਇਤਿਹਾਸਕ, ਧਾਰਮਕ ਗੀਤਾਂ ਦੀ। ਕਈ ਵਾਰ ਕਵੀਸ਼ਰੀ ਵਾਰਾਂ ਅਤੇ ਢਾਡੀਆਂ ਦਾ ਦੌਰ ਵੀ ਚਲਦਾ। ਸਪੀਕਰ ਦੀ ਚਲਦੀ ਮਸ਼ੀਨ ਅਤੇ ਇਸ ਦੇ ਤਵੇ ਬਦਲਣ ਦਾ ਨਜ਼ਾਰਾ ਵੇਖਣ ਲਈ ਸਪੀਕਰ ਵਾਲੇ ਕੋਲ ਬੱਚਿਆਂ ਦਾ ਝੁਰਮਟ ਜੁੜਿਆ ਰਹਿੰਦਾ। ਸਪੀਕਰ ਵਾਲੇ ਵਲੋਂ ਬਹੁਤ ਹੀ ਸਲੀਕੇ ਨਾਲ ਟਿਕਾਏ ਪੱਥਰ ਦੇ ਤਵੇ ਅਤੇ ਤਵਿਆਂ ’ਤੇ ਪ੍ਰਕਾਸ਼ਤ ਗਾਇਕਾਂ ਦੀਆਂ ਤਸਵੀਰਾਂ ਬੱਚਿਆਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਸਨ। ਜਿਉਂ ਜਿਉਂ ਸ਼ਾਮ ਢਲਦੀ ਤਾਂ ਪ੍ਰਵਾਰ ਵਾਲੇ ਅਪਣੇ ਨਾਲ ਹੀ ਸਪੀਕਰ ਵਾਲੇ ਨੂੰ ਹਵਾ ਪਿਆਜ਼ੀ ਕਰ ਲੈਂਦੇ। ਸ਼ਰਾਬ ਦੀ ਰੰਗੀਨੀ ’ਚ ਰੰਗਿਆ ਸਪੀਕਰ  ਵਾਲਾ ਦਾਰੂ ਪੀ ਰਹੇ ਪ੍ਰਵਾਰਕ ਮੈਂਬਰਾਂ, ਪਰੀਹਿਆਂ ਅਤੇ ਰਿਸ਼ਤੇਦਾਰਾਂ ਦੀਆਂ ਸਿਫ਼ਾਰਸ਼ਾਂ ’ਤੇ ਗੀਤ ਵਜਾਉਣੇ ਸ਼ੁਰੂ ਕਰਦਾ। ਇਹ ਦੌਰ ਮੁਹੰਮਦ ਸਦੀਕ, ਦੀਦਾਰ ਸੰਧੂ ਅਤੇ ਸੁਰਿੰਦਰ ਛਿੰਦਾ ਜਿਹੇ ਗਾਇਕਾਂ ਦੇ ਦੋਗਾਣੇ ਗੀਤਾਂ ਦਾ ਹੁੰਦਾ ਸੀ। ਪੱਥਰ ਦੇ ਤਵੇ ’ਤੇ ਟਿਕਾਈ ਸੂਈ ਦੇ ਵੱਜਣ ਨਾਲ ਕਈ ਵਾਰ ਗੀਤ ਦੇ ਕੁੱਝ ਬੋਲ ਹੀ ਵਾਰ ਵਾਰ ਵੱਜਣ ਲਗਦੇ। ਇਸ ਤਰ੍ਹਾਂ ਵਾਰ ਵਾਰ ਬੋਲ ਵੱਜਣ ਨੂੰ ਝਿਰਖੀ ਪੈਣਾ ਕਹਿੰਦੇ ਸਨ। ਝਿਰਖੀ ਪੈਣ ’ਤੇ ਸਪੀਕਰ ਵਾਲਾ ਤਵੇ ਤੋਂ ਸੂਈ ਚੁਕ ਕੇ ਦੁਬਾਰਾ ਟਿਕਾਉਂਦਾ ਤਾਂ ਗੀਤ ਅੱਗੇ ਵੱਜਣਾ ਸ਼ੁਰੂ ਹੋ ਜਾਂਦਾ। ਕਈ ਵਾਰ ਸਪੀਕਰ ਵਾਲਾ ਬਰਾਤੀਆਂ ਤੋਂ ਵੀ ਪਹਿਲਾਂ ਸ਼ਰਾਬੀ ਹੋ ਕੇ ਖਿੱਲਰ ਪੁਲਰ ਜਾਂਦਾ ਤਾਂ ਬਰਾਤ ਵਾਲੇ ਖ਼ੁਦ ਹੀ ਤਵੇ ਬਦਲਣ ਲਗਦੇ।

ਕਈ ਪਿੰਡਾਂ ਅਤੇ ਪੇਂਡੂ ਪਿਛੋਕੜ ਵਾਲੇ ਪ੍ਰਵਾਰਾਂ ਵਲੋਂ ਸ਼ਹਿਰਾਂ ਵਿਚ ਵਿਆਹਾਂ ਅਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਦੌਰਾਨ ਮੁੜ ਤੋਂ ਸਪੀਕਰ ਵਜਾਇਆ ਜਾਣ ਲਗਿਆ ਹੈ। ਪਰ ਹੁਣ ਸਪੀਕਰ ਮੰਜੇ ਜੋੜ ਕੇ ਨਹੀਂ ਸਗੋਂ ਘਰਾਂ ਦੇ ਬਨੇਰਿਆਂ ਨਾਲ ਬੰਨਿ੍ਹਆ ਵਿਖਾਈ ਦਿੰਦਾ ਹੈ। ਡੀ.ਜੇ ਦੇ ਸਾਊਂਡ ਸਿਸਟਮ ਵਿਚ ਗਵਾਚੀ ਮੰਜਿਆਂ ਵਾਲੇ ਸਪੀਕਰ ਦੀ ਆਵਾਜ਼ ਨੂੰ ਯਾਦ ਕਰਦਿਆਂ ਵਿਆਹਾਂ ਵਿਚ ਸਪੀਕਰਾਂ ਵਲੋਂ ਬੰਨਿ੍ਹਆ ਜਾਣ ਵਾਲਾ ਰੰਗ ਮੁੜ ਮੁੜ ਚੇਤੇ ਆਉਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement