ਫੁੱਲਾਂ ਵਰਗੀ ਬੋਲੀ ਨੂੰ, ਨਾ ਮਿੱਟੀ ਵਿਚ ਰੋਲੋ!
Published : Feb 25, 2019, 1:46 pm IST
Updated : Feb 25, 2019, 1:46 pm IST
SHARE ARTICLE
Punjabi language
Punjabi language

ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ-ਬੋਲੀ ਪ੍ਰਤੀ ਬਹੁਤ ਹੀ ਗੰਭੀਰ ਅਤੇ ਚਿੰਤਾ ਕਰਨ ਵਾਲੇ ਬਣ ਗਏ ਹਨ........

ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ-ਬੋਲੀ ਪ੍ਰਤੀ ਬਹੁਤ ਹੀ ਗੰਭੀਰ ਅਤੇ ਚਿੰਤਾ ਕਰਨ ਵਾਲੇ ਬਣ ਗਏ ਹਨ। ਭਾਵੇਂ ਕਿ ਅਜਿਹੀ ਸਥਿਤੀ ਵੇਖਦੇ ਹੋਏ ਹੀ ਪੰਜਾਬ ਸਰਕਾਰ ਵਲੋਂ ਬਕਾਇਦਾ ਪੰਜਾਬੀ ਮਾਂ-ਬੋਲੀ ਕਾਨੂੰਨ (ਐਕਟ) ਬਣਾ ਕੇ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਜਾ ਚੁਕੀ ਹੈ ਪਰ ਅਮਲੀ ਰੂਪ ਵਿਚ  ਹਾਲਤ ਜਿਉਂ ਦੀ ਤਿਉਂ ਸਥਿਤੀ ਵਾਲੀ ਹੀ ਹੈ। ਅੱਜ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਰਗ, ਖ਼ਾਸ ਤੌਰ ਉਤੇ ਪਹਿਲੀ ਜਮਾਤ ਤੋਂ 12ਵੀਂ ਵਾਲਿਆਂ ਤਕ ਦੀ ਪੰਜਾਬੀ ਮਾਂ-ਬੋਲੀ ਪ੍ਰਤੀ ਸ਼ਰਧਾ ਲਗਭਗ ਖ਼ਤਮ ਹੋ ਚੁਕੀ ਹੈ।

ਭਾਵੇਂ ਕਿ ਸਾਡੀ ਮਾਂ-ਬੋਲੀ ਦੀ ਸ਼ੁਰੂਆਤ ਸਾਡੇ ਘਰ ਤੋਂ ਹੁੰਦੀ ਹੈ, ਭਾਵ ਮੁੱਢ ਘਰੋਂ ਹੀ ਬਝਦਾ ਹੈ, ਪਰ ਇਸ ਦੀ ਨੀਂਹ ਪੱਕੀ ਹੁੰਦੀ ਹੈ ਸਕੂਲ ਵਿਚ ਜਾ ਕੇ ਜਿਥੇ ਬੱਚੇ ਨੇ ਪੈਂਤੀ ਨੂੰ ਸਮਝਣਾ ਸਿੱਖਣਾ ਹੁੰਦਾ ਹੈ ਤੇ ਉਸ ਦੇ ਨਾਲ ਹੀ ਹੋਰ ਭਾਸ਼ਾਵਾਂ ਖ਼ਾਸ ਤੌਰ ਉਤੇ ਹਿੰਦੀ ਤੇ ਅੰਗ੍ਰੇਜ਼ੀ ਨੂੰ ਵੀ ਸਿਖਣਾ, ਸਮਝਣਾ ਹੁੰਦਾ ਹੈ। ਪਰ ਅੱਜ ਦੇ ਇਸ ਸਮੇਂ ਵਿਚ ਸਕੂਲਾਂ ਵਲੋਂ ਖ਼ਾਸ ਤੌਰ ਉਤੇ ਨਿਜੀ ਸਕੂਲਾਂ ਵਲੋਂ ਵੱਡੇ ਪੱਧਰ ਉਤੇ ਪੰਜਾਬੀ ਮਾਂ-ਬੋਲੀ ਨਾਲ ਵਿਤਕਰਾ ਕਰਨ ਸਬੰਧੀ ਕਈ ਮਾਮਲੇ ਕਈ ਵਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਚੁੱਕੇ ਹਨ।

ਅੰਗ੍ਰੇਜ਼ੀ ਮਾਧਿਅਮ ਸਕੂਲਾਂ ਦੇ ਵਿਦਿਆਰਥੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਭਾਵੇਂ ਕਿ ਸਕੂਲਾਂ ਦੇ ਨਾਂ ਪੰਜਾਬ ਦੇ ਯੋਧਿਆਂ, ਸੂਰਬੀਰਾਂ ਤੇ ਗੁਰੂ ਸਾਹਿਬਾਨ ਦੇ ਨਾਂ ਉਤੇ ਹੀ ਕਿਉਂ ਨਾ ਹੋਣ ਪਰ ਅੰਦਰ ਪੰਜਾਬੀ ਨੂੰ ਬਾਹਰ ਦਾ ਰਸਤਾ ਹੀ ਵਿਖਾਇਆ ਹੁੰਦਾ ਹੈ। ਇਸੇ ਕਰ ਕੇ ਹੀ ਸਾਡੇ ਲੱਖ ਚਾਹੁਣ ਤੇ ਵੀ ਸਾਡੇ ਬੱਚੇ ਸਾਡੇ ਨਾਲ ਪੰਜਾਬੀ ਵਿਚ ਗੱਲ ਨਹੀਂ ਕਰਦੇ ਤੇ ਹਿੰਦੀ ਨੂੰ ਪਹਿਲ ਦਿੰਦੇ ਹਨ ਕਿਉਂਕਿ ਸਕੂਲ ਦਾ ਸਾਰਾ ਮਾਹੌਲ ਅਧਿਆਪਕਾਂ ਤੋਂ ਲੈ ਕੇ ਹਰ ਉਪਰਲੇ ਤੇ ਹੇਠਲੇ ਦਰਜੇ ਤਕ ਹਿੰਦੀ ਹੀ ਹੈ।

ਇ  ਹ ਮੰਨਿਆ ਜਾਂਦਾ ਹੈ ਕਿ 'ਜੇ ਕੋਈ ਦੁਨੀਆਂ ਵਿਚ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ 'ਮਾਂ' ਤੇ ਇਹ ਸ਼ਬਦ ਕੇਵਲ ਇਕ ਉਸ ਲਈ ਹੀ ਵਰਤਿਆ ਜਾਂਦਾ ਹੈ ਜਿਸ ਦੀ ਕੁੱਖੋਂ ਇਨਸਾਨ ਜਨਮ ਲੈਂਦਾ ਹੈ ਤੇ ਹੋਰ ਕਿਸੇ ਲਈ ਨਹੀਂ। ਪਰ ਜੇ ਕੋਈ ਹੋਰ ਮਾਂ ਜਿੰਨਾ ਹੀ ਪਿਆਰਾ ਹੁੰਦਾ ਹੈ ਤਾਂ ਉਹ ਹੈ ਸਾਡੀ 'ਮਾਂ-ਬੋਲੀ'। ਭਾਵ ਜੋ ਬੋਲੀ ਅਸੀ ਅਪਣੀ ਮਾਂ ਤੋਂ ਸਿਖਦੇ ਹਾਂ ਤੇ ਜਿਸ ਬੋਲੀ ਵਿਚ ਜਨਮ ਤੋਂ ਬਾਅਦ ਅਸੀ ਅਪਣੀ ਮਾਂ ਕੋਲੋਂ ਮਿੱਠੀਆਂ ਲੋਰੀਆਂ ਸੁਣੀਆਂ ਸਨ, ਜਦ ਸਾਨੂੰ ਸ਼ਬਦ ਜਾਂ ਅੱਖਰਾਂ ਦਾ ਕੋਈ ਗਿਆਨ ਹੀ ਨਹੀਂ ਸੀ। ਮਾਂ-ਬੋਲੀ ਤੋਂ ਹੀ ਇਨਸਾਨ ਦੀ ਪਹਿਚਾਣ ਹੁੰਦੀ ਹੈ ਕਿ ਉਹ ਕਿਸ ਸਭਿਆਚਾਰ, ਕਿਸ ਇਲਾਕੇ, ਕਿਸ ਦੇਸ਼ ਨਾਲ ਸਬੰਧ ਰਖਦਾ ਹੈ।

ਜਿਵੇਂ ਮਾਂ ਦੇ ਰਿਸ਼ਤੇ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ, ਉਸੇ ਤਰ੍ਹਾਂ ਮਾਂ-ਬੋਲੀ ਦੀ ਥਾਂ ਵੀ ਕੋਈ ਹੋਰ ਨਹੀਂ ਲੈ ਸਕਦਾ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਅਕ੍ਰਿਤਘਣ ਹੀ ਕਹਿ ਸਕਦੇ ਹਾਂ ਅਤੇ ਇਹ ਗੱਲ ਬਿਲਕੁਲ ਸਾਫ਼ ਤੇ ਸਪੱਸ਼ਟ ਹੈ ਕਿ ਕੋਈ ਵੀ ਇਨਸਾਨ ਅਪਣੀਆਂ ਭਾਵਨਾਵਾਂ ਨੂੰ ਸੱਭ ਤੋਂ ਵਧੀਆ ਢੰਗ ਨਾਲ ਅਪਣੀ ਮਾਂ-ਬੋਲੀ ਵਿਚ ਹੀ ਪ੍ਰਗਟ ਕਰ ਸਕਦਾ ਹੈ। ਬਿਨ੍ਹਾਂ ਸ਼ੱਕ ਹੋਰ ਭਾਸ਼ਾਵਾਂ ਨੂੰ ਸਿਖਣਾ ਸਾਡੇ ਗਿਆਨ ਭੰਡਾਰ ਵਿਚ ਵਾਧਾ ਕਰਦਾ ਹੈ। ਮੈਂ ਤਾਂ ਇਹ ਮੰਨਦਾ ਹਾਂ ਕਿ ਇਹ ਸਾਡੇ ਗੁਣਾਂ ਵਿਚੋਂ ਸੱਭ ਤੋਂ ਵੱਡਾ ਗੁਣ ਹੈ ਜੇਕਰ ਅਸੀ ਅਪਣੀ ਮਾਂ ਬੋਲੀ ਤੋਂ ਇਲਾਵਾ ਹੋਰ ਭਾਸ਼ਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ

ਤੇ ਬੋਲਣ, ਲਿਖਣ ਤੇ ਸੁਣਨ ਵਿਚ ਮੁਹਾਰਤ ਹਾਸਲ ਕਰਦੇ ਹਾਂ। ਪਰ ਇਹ ਸੱਭ ਤੋਂ ਵੱਡਾ ਔਗੁਣ ਬਣ ਸਕਦਾ ਹੈ ਜੇਕਰ ਅਸੀ ਅਪਣੀ ਮਾਂ ਬੋਲੀ ਨੂੰ ਅਪਣੀ ਜ਼ਿੰਦਗੀ ਵਿਚੋਂ ਜਾਂ ਅਪਣੀ ਬੋਲਬਾਣੀ ਵਿਚੋਂ ਦਰਕਿਨਾਰ ਕਰ ਦਿੰਦੇ ਹਾਂ। ਪੰਜਾਬੀ ਮਾਂ-ਬੋਲੀ ਜਿਸ ਨੂੰ ਗੁਰੂਆਂ/ਪੀਰਾਂ ਦੀ ਬੋਲੀ ਵੀ ਕਿਹਾ ਜਾਂਦਾ ਹੈ, ਲੰਮੇ ਸਮੇਂ ਤੋਂ ਬੁਧੀਜੀਵੀਆਂ ਦੇ ਮਨਾਂ ਅੰਦਰ ਪੰਜਾਬੀ ਮਾਂ-ਬੋਲੀ ਪ੍ਰਤੀ ਪੰਜਾਬੀਆਂ ਵਲੋਂ ਅਪਣਾਈ ਜਾ ਰਹੀ ਬੇਰੁਖੀ ਵਿਰੁਧ ਆਵਾਜ਼ ਉਠਦੀ ਰਹਿੰਦੀ ਹੈ ਤੇ ਮਾਂ-ਬੋਲੀ ਨੂੰ ਜਿਊਂਦਾ ਰੱਖਣ ਲਈ ਯਤਨ ਜਾਰੀ ਰਹਿੰਦੇ ਹਨ।

ਪਰ ਬਾਵਜੂਦ ਉਸ ਦੇ ਨਿਜੀ ਸਕੂਲਾਂ, ਬੈਂਕਾਂ ਵਿਚ, ਸਰਕਾਰੀ ਦਫ਼ਤਰਾਂ ਤੇ ਹੋਰ ਜਨਤਕ ਥਾਵਾਂ ਉਤੇ ਪੰਜਾਬੀ ਮਾਂ-ਬੋਲੀ ਨੂੰ ਬਣਦਾ ਦਰਜਾ ਨਹੀਂ ਦਿਤਾ ਜਾ ਰਿਹਾ।
ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ-ਬੋਲੀ ਪ੍ਰਤੀ ਬਹੁਤ ਹੀ ਗੰਭੀਰ ਅਤੇ ਚਿੰਤਾ ਕਰਨ ਵਾਲੇ ਬਣ ਗਏ ਹਨ। ਭਾਵੇਂ ਕਿ ਅਜਿਹੀ ਸਥਿਤੀ ਵੇਖਦੇ ਹੋਏ ਹੀ ਪੰਜਾਬ ਸਰਕਾਰ ਵਲੋਂ ਬਕਾਇਦਾ ਪੰਜਾਬੀ ਮਾਂ-ਬੋਲੀ ਕਾਨੂੰਨ (ਐਕਟ) ਬਣਾ ਕੇ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਜਾ ਚੁਕੀ ਹੈ ਪਰ ਅਮਲੀ ਰੂਪ ਵਿਚ  ਹਾਲਤ ਜਿਉਂ ਦੀ ਤਿਉਂ ਵਾਲੀ ਹੀ ਹੈ। ਅੱਜ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਰਗ,

ਖ਼ਾਸ ਤੌਰ ਉਤੇ ਪਹਿਲੀ ਜਮਾਤ ਤੋਂ 12ਵੀਂ ਵਾਲਿਆਂ ਤਕ ਦੀ ਪੰਜਾਬੀ ਮਾਂ-ਬੋਲੀ ਪ੍ਰਤੀ ਸ਼ਰਧਾ ਲਗਭਗ ਖ਼ਤਮ ਹੋ ਚੁਕੀ ਹੈ। ਭਾਵੇਂ ਕਿ ਸਾਡੀ ਮਾਂ-ਬੋਲੀ ਦੀ ਸ਼ੁਰੂਆਤ ਸਾਡੇ ਘਰ ਤੋਂ ਹੁੰਦੀ ਹੈ, ਭਾਵ ਮੁੱਢ ਘਰੋਂ ਹੀ ਬਝਦਾ ਹੈ, ਪਰ ਇਸ ਦੀ ਨੀਂਹ ਪੱਕੀ ਹੁੰਦੀ ਹੈ ਸਕੂਲ ਵਿਚ ਜਾ ਕੇ ਜਿਥੇ ਬੱਚੇ ਨੇ ਪੈਂਤੀ ਨੂੰ ਸਮਝਣਾ ਸਿਖਣਾ ਹੁੰਦਾ ਹੈ ਤੇ ਉਸ ਦੇ ਨਾਲ ਹੀ ਹੋਰ ਭਾਸ਼ਾਵਾਂ ਖ਼ਾਸ ਤੌਰ ਉਤੇ ਹਿੰਦੀ ਤੇ ਅੰਗ੍ਰੇਜ਼ੀ ਨੂੰ ਵੀ ਸਿਖਣਾ, ਸਮਝਣਾ ਹੁੰਦਾ ਹੈ। ਪਰ ਅੱਜ ਦੇ ਇਸ ਸਮੇਂ ਵਿਚ ਸਕੂਲਾਂ ਵਲੋਂ 'ਖ਼ਾਸ ਤੌਰ ਉਤੇ ਨਿਜੀ ਸਕੂਲਾਂ ਵਲੋਂ' ਵੱਡੇ ਪੱਧਰ ਉਤੇ ਪੰਜਾਬੀ ਮਾਂ-ਬੋਲੀ ਨਾਲ ਵਿਤਕਰਾ ਕਰਨ ਸਬੰਧੀ ਕਈ ਮਾਮਲੇ ਕਈ ਵਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਚੁੱਕੇ ਹਨ।

ਅੰਗ੍ਰੇਜ਼ੀ ਮਾਧਿਅਮ ਸਕੂਲਾਂ ਦੇ ਵਿਦਿਆਰਥੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਭਾਵੇਂ ਕਿ ਸਕੂਲਾਂ ਦੇ ਨਾਂ ਪੰਜਾਬ ਦੇ ਯੋਧਿਆਂ, ਸੂਰਬੀਰਾਂ ਤੇ ਗੁਰੂ ਸਾਹਿਬਾਨ ਦੇ ਨਾਂ ਉਤੇ ਹੀ ਕਿਉਂ ਨਾ ਹੋਣ ਪਰ ਅੰਦਰ ਪੰਜਾਬੀ ਨੂੰ ਬਾਹਰ ਦਾ ਰਸਤਾ ਹੀ ਵਿਖਾਇਆ ਹੁੰਦਾ ਹੈ। ਇਸੇ ਕਰ ਕੇ ਹੀ ਸਾਡੇ ਲੱਖ ਚਾਹੁਣ ਤੇ ਵੀ ਸਾਡੇ ਬੱਚੇ ਸਾਡੇ ਨਾਲ ਪੰਜਾਬੀ ਵਿਚ ਗੱਲ ਨਹੀਂ ਕਰਦੇ ਤੇ ਹਿੰਦੀ ਨੂੰ ਪਹਿਲ ਦਿੰਦੇ ਹਨ ਕਿਉਂਕਿ ਸਕੂਲ ਦਾ ਸਾਰਾ ਮਾਹੌਲ ਅਧਿਆਪਕਾਂ ਤੋਂ ਲੈ ਕੇ ਹਰ ਉਪਰਲੇ ਤੇ ਹੇਠਲੇ ਦਰਜੇ ਤਕ ਹਿੰਦੀ ਹੀ ਹੈ। ਅੱਜ ਪੰਜਾਬ ਵਿਚ ਵੱਸਣ ਵਾਲਾ ਹਰ ਪੰਜਾਬੀ ਅਪਣੇ ਦਿਲ ਨੂੰ ਕੋਸ ਰਿਹਾ ਹੈ ਕਿ ਉਸ ਦੇ ਬੱਚੇ ਨੂੰ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਨਹੀਂ ਆਉਂਦੀ

ਤੇ ਮੇਰੇ ਤੇ ਹੋਰਾਂ ਵਾਂਗ ਸਕੂਲਾਂ ਨੂੰ ਇਸ ਦਾ ਦੋਸ਼ੀ ਵੀ ਮੰਨਦਾ ਹੈ ਪਰ ਕਰ ਕੁੱਝ ਨਹੀਂ ਰਿਹਾ। ਯਾਦ ਰਹੇ ਕੇਵਲ ਸਕੂਲਾਂ ਨੂੰ ਦੋਸ਼ ਦੇਣ ਤੋਂ ਬਾਅਦ ਅਸੀ ਖ਼ੁਦ ਵੀ ਦੋਸ਼ ਮੁਕਤ ਨਹੀਂ ਹੋ ਸਕਦੇ। ਸਾਡੀ ਨਿਜੀ ਜ਼ਿੰਦਗੀ ਵਿਚ ਸਾਡੇ ਵਰਤੋਂ ਵਰਤਾਉ ਵਿਚ ਕਈ ਥਾਈਂ ਘਾਟਾਂ ਦਰਜ ਹੋ ਚੁਕੀਆਂ ਹਨ ਕਿਉਂਕਿ ਸਾਡੇ ਘਰਾਂ ਵਿਚੋਂ ਪੰਜਾਬੀ ਪੁਸਤਕਾਂ/ਸਾਹਿਤ ਨਾਂ-ਮਾਤਰ ਹੈ, ਸਾਡੀਆਂ ਦੁਕਾਨਾਂ ਜਾਂ ਵਪਾਰਕ ਥਾਵਾਂ 'ਤੇ ਲੱਗੇ ਬੋਰਡ ਵੀ ਬਹੁਤਾਤ ਵਿਚ ਅੰਗ੍ਰੇਜ਼ੀ ਵਿਚ ਹਨ। ਸੋ ਆਉ! ਪੰਜਾਬੀ ਮਾਂ-ਬੋਲੀ ਨੂੰ ਅਪਣੇ ਅਮਲੀ ਜੀਵਣ ਦਾ  ਹਿੱਸਾ ਬਣਾਈਏ ਤਾਕਿ ਮਸ਼ਹੂਰ ਸ਼ਾਇਰ ਫ਼ਿਰੋਜ਼ਦੀਨ ਸ਼ਰਫ਼ ਵਾਂਗ ਕਿਸੇ ਹੋਰ ਨੂੰ ਇਹ ਨਾ ਲਿਖਣਾ ਪਵੇ :

'ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, 
ਟੁੱਟੀ ਹੋਈ ਸਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, 
ਵੇ ਮੈਂ ਬੋਲੀ ਹਾਂ, ਉਨ੍ਹਾਂ ਪੰਜਾਬੀਆਂ ਦੀ।'

ਇਸ ਲਈ 'ਮਾਂ-ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗ ਰੁਲ ਜਾਉਗੇ' ਦਾ ਨਾਹਰਾ ਕੇਵਲ ਕੰਧਾਂ ਉੱਤੇ ਹੀ ਨਹੀਂ, ਅਪਣੇ ਦਿਲ ਦਿਮਾਗ਼ ਵਿਚ ਵੀ ਸੰਭਾਲ ਕੇ ਰਖੀਏ। ਇਕ ਕਵਿਤਾ ਆਪ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗਾ :

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, 
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਉਂ, 
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।

ਜੇ ਪੰਜਾਬੀ, ਪੰਜਾਬੀ ਏ, ਈ ਕੂਕਣਾ ਈ, 
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਇੰਜ ਲਗਦੈ, ਲੋਕੀ ਆਖਦੇ ਨੇ, 
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।

ਪਰ ਸਾਡੀ ਹਾਲਤ ਅੱਜ ਸਾਡੇ ਘਰਾਂ ਵਿਚ ਵੀ ਹਰ ਖ਼ੁਸ਼ੀ/ਗ਼ਮੀ ਸਬੰਧੀ ਸੰਦੇਸ਼ ਪੰਜਾਬੀ ਵਿਚ ਨਹੀਂ ਹੁੰਦੇ। ਇਸੇ ਤਰ੍ਹਾਂ ਪੰਜਾਬ ਵਿਚ ਦੂਜੇ ਰਾਜਾਂ (ਸੂਬਿਆਂ) ਵਿਚਲੀਆਂ ਸੰਸਥਾਵਾਂ (ਕੰਪਨੀਆਂ) ਦਾ ਸਮਾਨ ਤੇ ਹੋਰ ਇਸ਼ਤਿਹਾਰਬਾਜ਼ੀ ਵਿਚ ਵੀ ਜਦੋਂ ਪੰਜਾਬੀ ਲਿਖੀ ਜਾਂਦੀ ਹੈ ਤਾਂ ਵੱਡੀ ਗਿਣਤੀ ਵਿਚ ਗ਼ਲਤੀਆਂ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਸਾਡੇ ਹਸਤਾਖਰ ਪੰਜਾਬੀ ਵਿਚ ਨਹੀਂ ਹਨ। ਕਿਸੇ ਵੀ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਸਬੰਧੀ ਪੰਜਾਬੀ ਵਿਚ ਛਪੀ ਹੋਈ ਰਸੀਦ ਵੇਖਣ ਨੂੰ ਨਹੀਂ ਮਿਲਦੀ।

ਦੇਵ ਸਮਾਜ ਕਾਲਜ ਚੰਡੀਗੜ੍ਹ ਵਿਚ ਭਾਸ਼ਣ ਦੇਣ ਆਏ ਜਾਪਾਨੀ ਪ੍ਰੋ. ਡਾ. ਤੋਮੀਉ ਮੀਜ਼ੋਕਾਮੀ ਦੇ ਵਿਚਾਰ ਸੁਣ ਰਿਹਾ ਸੀ ਜਿਸ ਨੇ ਅਪਣਾ ਇਕ ਘੰਟੇ ਦਾ ਲੈਕਚਰ ਪੰਜਾਬੀ ਵਿਚ ਦਿਤਾ। ਉਹ ਕਹਿ ਰਹੇ ਸਨ ਮੈਨੂੰ ਪੰਜਾਬੀ ਬਹੁਤ ਮਿੱਠੀ ਤੇ ਸੌਖੀ ਲਗਦੀ ਹੈ ਤੇ ਮੈਂ 'ਜਪੁਜੀ ਸਾਹਿਬ' ਦਾ ਅਨੁਵਾਦ ਵੀ ਕੀਤਾ ਹੈ। ਇਸੇ ਤਰ੍ਹਾਂ ਦਾ ਕਰਨਾਟਕਾ ਦੇ ਜਨਮੇ ਪਲੇ ਸਰਕਾਰੀ ਕਾਲਜ ਚੰਡੀਗੜ੍ਹ ਦੇ ਪ੍ਰੋਫ਼ੈਸਰ ਰਾਉ ਦਾ ਤਜੁਰਬਾ ਹੈ

ਤੇ ਉਹ ਇਕਲਿਆਂ ਹੀ ਪੰਜਾਬੀ ਮਾਂ-ਬੋਲੀ ਵਾਸਤੇ ਘੋਲ ਆਰੰਭ ਕਰੀ ਬੈਠਾ ਹੈ। ਜਦ ਬੇਗਾਨਿਆਂ ਦਾ ਏਨਾ ਮੋਹ ਹੈ ਤਾਂ ਸਾਡੇ ਮਨਾਂ ਅੰਦਰ ਅਪਣੀ ਹੀ ਮਾਂ-ਬੋਲੀ ਪ੍ਰਤੀ ਨਫ਼ਰਤ ਕਿਉਂ? ਮੈਨੂੰ ਤਾਂ ਇਹ ਗੱਲ 'ਅਕਲ ਨੂੰ ਧੱਕਾ ਦੇ ਕੇ, ਆਕੜ ਨੂੰ ਜੱਫਾ ਪਾ ਕੇ ਬੈਠਣ' ਵਾਲੀ ਲਗਦੀ ਹੈ। ਅੱਜ ਸਾਨੂੰ ਬਾਬੂ ਫ਼ਿਰੋਜ਼ਦੀਨ ਸ਼ਰਫ਼ ਜੋ ਪੰਜਾਬੀ ਜ਼ੁਬਾਨ ਦਾ ਸ਼ੈਦਾਈ ਸੀ, ਉਸ ਕੋਲੋਂ ਕੁੱਝ ਸਿਖਣ ਦੀ ਲੋੜ ਹੈ, ਉਹ ਲਿਖਦਾ ਹੈ :

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, 
ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ।
ਰਵ੍ਹਾਂ ਇਥੇ ਮੈਂ ਯੂ.ਪੀ. ਵਿਚ ਕਰਾਂ ਗੱਲਾਂ, 

ਐਸੀ ਗੱਲ ਨੂੰ ਛਿੱਕੇ ਉਤੇ ਟੰਗਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, 
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

ਇਸੇ ਤਰ੍ਹਾਂ ਨਸੀਰ ਜਿਹਲਮੀ ਵੀ ਪੰਜਾਬੀ ਦਾ ਵੱਡਾ ਖ਼ੈਰ ਖਾਹ ਹੈ। ਉਹ ਲਿਖਦਾ ਹੈ ਕਿ

'ਮਾਂ-ਬੋਲੀ ਵਿਚ ਲਿਖੋ, ਪੜ੍ਹੋ ਤੇ ਮਾਂ-ਬੋਲੀ ਵਿਚ ਬੋਲੋ,
ਫੁੱਲਾਂ ਵਰਗੀ ਬੋਲੀ ਨੂੰ ਨਾ, ਮਿੱਟੀ ਦੇ ਵਿਚ ਰੋਲੋ।'

ਹਾਕਮਾਂ ਨੇ ਜਿਵੇਂ ਸਾਡੀ ਜ਼ੁਬਾਨ ਨੂੰ ਫ਼ਿਰਕੂ ਰੰਗਤ ਦਿਤੀ ਤੇ ਸਾਨੂੰ ਫ਼ਿਰਕਿਆਂ ਵਿਚ ਵੰਡ ਕੇ ਸਾਡੀ ਮਾਂ-ਬੋਲੀ ਨੂੰ ਵੰਡਣ ਦਾ ਕੰਮ ਕੀਤਾ ਸੀ, ਉਸ ਬਾਰੇ ਜਸਵੰਤ ਰਾਏ ਸਾਂਝੀ ਬੋਲੀ ਤੇ ਇਸ ਦੀ ਸਾਂਝੀਵਾਲਤਾ ਦੀ ਗੱਲ ਕਰਦਿਆਂ ਮਜ਼੍ਹਬ ਨਾਲੋਂ ਭਾਸ਼ਾ ਦਾ ਨਾਤਾ ਤੋੜਦਾ ਹੋਇਆ ਕਹਿੰਦਾ ਹੈ-

ਮਜ਼੍ਹਬ ਨਾਲ ਕੋਈ ਬੋਲੀ ਦਾ ਵਾਸਤਾ ਨਹੀਂ, 
ਸਾਂਝੀ ਸਿੱਖ-ਹਿੰਦੂ-ਮੁਸਲਮਾਨ ਦੀ ਏ।
ਬੱਚਾ, ਬੁੱਢਾ ਪੰਜਾਬ ਦਾ ਬੋਲਦਾ ਏ, 

ਸਾਂਝੀ ਬੋਲੀ ਇਹ ਹਰ ਇਨਸਾਨ ਦੀ ਏ।
ਮਾਂ ਬੋਲੀ ਪੰਜਾਬੀ 'ਤੇ ਫ਼ਖ਼ਰ ਸਾਨੂੰ, 
ਦੁਨੀਆਂ ਸਾਰੀ ਇਸ ਗੱਲ ਨੂੰ ਜਾਣਦੀ ਏ।

ਇਹੋ ਜਿਹੇ ਸਮੇਂ ਵਿਚ ਦਾਨ ਸਿੰਘ ਜੀ ਕੋਮਲ ਪੰਜਾਬੀ ਦੇ ਰਾਜ ਭਾਸ਼ਾ ਹੁੰਦਿਆਂ ਇਸ ਨਾਲ ਹੁੰਦੇ ਅਨਿਆ ਦੀ ਗੱਲ ਕਰਦਿਆਂ ਤੇ ਇਸ ਦੀ ਵਰਤਮਾਨ ਹੋਣੀ ਵਲ ਇਸ਼ਾਰਾ ਕਰਦਿਆਂ ਲਿਖੀਆਂ ਸਤਰਾਂ ਆਪ ਨਾਲ ਸਾਂਝੀਆਂ ਕਰਨੀਆਂ ਕੁਥਾਂ ਨਹੀਂ ਹੋਣਗੀਆਂ।

ਸੈਂਤੀ ਸਾਲ ਤੋਂ ਬਣੀ ਇਹ ਰਾਜ ਭਾਸ਼ਾ, 
ਐਪਰ ਇਹਦਿਆਂ ਹੱਥਾਂ ਵਿਚ ਰਾਜ ਕੋਈ ਨਾ।
ਬੈਠੀ ਤਖ਼ਤ ਉੱਤੇ ਸਿਰ 'ਤੇ ਤਾਜ ਵੀ ਏ, 
ਚਲਦਾ ਹੁਕਮ ਕੋਈ ਨਾ, ਸੁਣਦਾ ਆਵਾਜ਼ ਕੋਈ ਨਾ।

ਕੁੱਝ ਕੁ ਪੁੱਤਰ ਕਹਿੰਦੇ ਸਾਡੀ ਮਾਂ ਹੀ ਨਹੀਂ, 
ਮੁਨਕਰ ਹੋਏ ਦਾ ਹੁੰਦਾ ਇਲਾਜ ਕੋਈ ਨਾ।
ਪੂਰੀ ਤਰ੍ਹਾਂ ਪੰਜਾਬ ਦੇ ਦਫ਼ਤਰਾਂ ਵਿਚ, 
ਇਸ ਦੇ ਵਿਚ ਹੁੰਦਾ ਕੰਮ-ਕਾਜ ਕੋਈ ਨਾ।

ਅਸੀ ਕੌਮਾਂਤਰੀ ਪੱਧਰ ਉਤੇ ਮਾਂ-ਬੋਲੀ ਦਿਹਾੜਾ ਮਨਾਉਂਦੇ ਹਾਂ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ''ਮਾਂ-ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗ ਰੁੱਲ ਜਾਉਗੇ'' ਦੇ ਨਾਹਰੇ ਕੇਵਲ ਕੰਧਾਂ ਉਤੇ ਲਿਖਣ ਤਕ ਹੀ ਸੀਮਤ ਨਾ ਰੱਖ ਬਲਕਿ ਅਪਣੀ ਜ਼ਿੰਦਗੀ ਦਾ ਹਿੱਸਾ ਬਣਾਉ।

ਇਕਵਾਕ ਸਿੰਘ ਪੱਟੀ
ਸੰਪਰਕ : 98150-24920

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement