Special article : ਬਾਬਾ ਨਾਨਕ ਵਲੋਂ ਦਿਤੀ ਆਜ਼ਾਦੀ ਸਾਂਭਣ ’ਚ ਨਾਕਾਮ ਸਾਬਤ ਹੋ ਰਿਹੈ ਅਕਾਲ ਤਖਤ

By : BALJINDERK

Published : Aug 25, 2024, 1:03 pm IST
Updated : Aug 25, 2024, 1:03 pm IST
SHARE ARTICLE
 S. Joginder Singh
S. Joginder Singh

Special article : ਸਿੱਖ ਵਿਦਵਾਨ ਸ. ਜੋਗਿੰਦਰ ਸਿੰਘ ਵਲੋਂ ਤਰਕਾਂ ਜ਼ਰੀਏ ਕੀਤੇ ਖੁਲਾਸੇ ਦੀ ਖਾਸ ਇੰਟਰਵਿਊ

Special article : ਬਾਬੇ ਨਾਨਕ ਨੇ ਦੂਜੀ ਗੱਲ ਸਿਆਸੀ ਖ਼ੁਦ-ਮੁਖਤਿਆਰੀ ਦੀ। ਬਾਬੇ ਬਾਬਾ ਨਾਨਕ ਨੇ ਉਸ ਸਮੇਂ ਕਿਹਾ ਸੀ ‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥’ ਯਾਨੀ ਕਿ ਰਾਜੇ ਬਘਿਆੜ ਨੇ। ਲੋਕੀ ਰਾਜਿਆਂ ਕੋਲ ਜਾਂਦੇ ਕਿ ਸਾਨੂੰ ਇਨਸਾਫ਼ ਦਿਉ, ਸਾਡੇ ਨਾਲ ਧੱਕਾ ਹੋਇਆ। ਅੱਗੋਂ ਜਿਹੜੇ ਰਾਜੇ ਦੇ ਬੰਦੇ ਸੀ ਉਹ ਇਨਸਾਫ਼ ਦਿੰਦੇ ਸਨ, ਉਹ ਰਾਜੇ ਦੇ ਕੁੱਤੇ ਹੁੰਦੇ ਸਨ। ਯਾਨੀ ਕਿ ਰਾਜੇ ਦੇ ਕਹਿਣ ’ਤੇ ਇਨਸਾਫ਼ ਕਰਦੇ ਸਨ। ਬਾਬਾ ਨਾਨਕ ਕਹਿੰਦੇ ਕਿ ਇਹ ਤਾਂ ਪੈਸੇ ਲੈ ਕੇ ਕੰਮ ਕਰਨ ਵਾਲੇ ਨੇ, ਯਾਨੀ ਕਿ ਇਹ ਕੁੱਤੇ ਨੇ ਤੇ ਕੁੱਤਿਆਂ ਵਾਂਗ ਇਨਸਾਨ ਨੂੰ ਪੈਂਦੇ ਨੇ। ਜਿਵੇਂ ਕੁੱਤੇ ਖਾਣ ਨੂੰ ਪੈਂਦੇ ਨੇ, ਉਸ ਤਰ੍ਹਾਂ ਇਹ ਵੀ ਪੈਂਦੇ ਨੇ। ਇਸ ਤਰ੍ਹਾਂ ਬਾਬੇ ਨਾਨਕ ਨੇ ਸਾਡੀ ਖ਼ੁਦ-ਮੁਖ਼ਤਿਆਰੀ ਤੈਅ ਕੀਤੀ। ਬਾਬਾ ਨਾਨਕ ਨੇ ਹਾਕਮ ਨੂੰ ਮਾੜੀ ਤੋਂ ਮਾੜੀ ਭਾਸ਼ਾ ’ਚ ਕਿਹਾ ਕਿ ਤੂੰ ਗ਼ਲਤ ਹੈ, ਤੂੰ ਲੋਕਾਂ ਨੂੰ ਲੁੱਟ ਰਿਹਾ ਹੈਂ, ਤੇਰੇ ਜਿਹੜੇ ਇਨਸਾਫ਼ ਕਰਨ ਵਾਲੇ ਬੰਦੇ ਹਨ, ਉਹ ਵੀ ਲੋਕਾਂ ਨੂੰ ਕੁੱਤਿਆਂ ਦੀ ਤਰ੍ਹਾਂ ਪੈਂਦੇ ਨੇ। ਇਸ ਤਰ੍ਹਾਂ ਸਾਡੀ ਸਿਆਸੀ ਖ਼ੁਦ-ਮੁਖਤਿਆਰੀ ਐਲਾਨ ਕੀਤੀ ਬਾਬਾ ਨਾਨਕ ਜੀ ਨੇ। 
ਫਿਰ ਬਾਬਰ ਫ਼ੌਜ ਲੈ ਕੇ ਸਾਡੇ ਦੇਸ਼ ’ਤੇ ਚੜ੍ਹ ਆਇਆ। ਉਸ ਨੇ ਸਾਡੇ ਦੇਸ਼ ਵਿਚ ਬੜਾ ਕਤਲੇਆਮ ਕੀਤਾ, ਬੜੇ ਲੋਕ ਮਾਰੇ ਗਏ। ਬਾਬੇ ਨਾਨਕ ਨੇ ਉਸ ਵਿਰੁਧ ਪ੍ਰਦਰਸ਼ਨ ਕੀਤਾ ਤਾਂ ਬਾਬਾ ਨਾਨਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਦ ਬਾਬਾ ਨਾਨਕ ਨੇ ਕਿਹਾ ਸੀ, ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥’ ਇਹ ਨਹੀਂ ਕਿਹਾ ਕਿ ਬਾਦਸ਼ਾਹ ਸਲਾਮਤ ਆਇਆ ਹੈ, ਨਹੀਂ! ਉਨ੍ਹਾਂ ਕਿਹਾ ਕਿ ‘ਪਾਪ ਦੀ ਜੰਞ ਲੈ ਕੇ ਇਕ ਜ਼ਾਲਮ ਆਇਆ ਹੈ ਤੇ ਉਸ ਨੇ ਸਾਡੇ ਕੋਲੋਂ ਸਾਡੇ ਹੱਕ ਖੋਹ ਲਏ ਹਨ। ਜੋ ਕੁੱਝ ਵੀ ਸਾਡੇ ਘਰਾਂ ’ਚ ਪਿਆ ਸੀ, ਉਸ ਨੇ ਸੱਭ ਖੋਹ ਲਿਆ। ਇਸ ਤਰ੍ਹਾਂ ਬਾਬੇ ਨਾਨਕ ਜੀ ਨੇ ਸੱਭ ਤੋਂ ਪਹਿਲਾਂ ਜ਼ਾਲਮ ਹਾਕਮਾਂ ਵਿਰੁਧ ਆਵਾਜ਼ ਬੁਲੰਦ ਕੀਤੀ। ਭਾਵ ਸਾਨੂੰ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਆਪ ਉਹ ਕੰਮ ਕਰ ਕੇ ਵਿਖਾਇਆ। 
ਫਿਰ ਵਾਰੀ ਆ ਜਾਂਦੀ ਹੈ ਸਾਡੀ ਭਾਸ਼ਾ ਅਤੇ ਸਭਿਆਚਾਰ ਦੀ ਅਤੇ ਖ਼ੁਦ-ਮੁਖਤਿਆਰੀ ਦੀ ਗੱਲ। ਪਹਿਲਾਂ ਵੀ ਕਿਹਾ ਗਿਆ ਤੇ ਹੁਣ ਵੀ ਸਾਨੂੰ ਕਿਹਾ ਜਾਂਦਾ ਹੈ ਕਿ ਇਕ ਦੇਸ਼, ਇਕ ਭਾਸ਼ਾ ਹੋਣੀ ਚਾਹੀਦੀ ਹੈ। ਉਸ ਵੇਲੇ ਵੀ ਬਾਬਾ ਨਾਨਕ ਨੂੰ ਕਿਹਾ ਗਿਆ ਕਿ ਤੁਸੀ ਧਾਰਮਕ ਗੱਲ ਕਰਨ ਲੱਗੇ ਹੋ ਤੇ ਤੁਹਾਡੇ ਕਹੇ ਦਾ ਅਸਰ ਤਦ ਹੀ ਹੋਵੇਗਾ ਜੇਕਰ ਤੁਸੀ ਸੰਸਕ੍ਰਿਤ ਵਿਚ ਲਿਖੋਗੇ। ਬੁੱਧ ਨੇ ਪਾਲੀ ਭਾਸ਼ਾ ’ਚ ਲਿਖਿਆ ਸੀ। ਹਾਕਮਾਂ ਨੇ ਉਸ ਨੂੰ ਵੀ ਕਿਹਾ ਸੀ ਕਿ ਇਹ ਤਾਂ ਨਾਸਤਕ ਹੈ, ਇਹ ਧਾਰਮਕ ਹੀ ਨਹੀਂ ਹੈ। ਇਸੇ ਤਰ੍ਹਾਂ ਬਾਬਾ ਨਾਨਕ ਨੂੰ ਵੀ ਕਿਹਾ ਗਿਆ। ਪ੍ਰੰਤੂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀ ਨਹੀਂ ਮੰਨਦੇ ਤਾਂ ਨਾ ਮੰਨੋ ਪਰ ਮੈਂ ਤਾਂ ਲੋਕਾਂ ਦੀ ਆਮ ਬੋਲੀ ਵਿਚ ਹੀ ਗੱਲ ਕਰਾਂਗਾ। ਪੰਜਾਬੀ ਆਮ ਲੋਕਾਂ ਦੀ ਬੋਲੀ ਸੀ ਤੇ ਉਨ੍ਹਾਂ ਨੇ ਪੰਜਾਬੀ ਵਿਚ ਹੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬੀ ਨੂੰ ਸੰਵਾਰਿਆ ਤੇ ਲਿਖਣ ਯੋਗ ਬਣਾਇਆ ਕਿਉਂਕਿ ਉਸ ਵਕਤ ਇਸ ਨੂੰ ਵਪਾਰੀ ਵਰਤਦੇ ਸਨ, ਲੰਡੇ ਕਹਿ ਕੇ ਤਾਕਿ ਬਾਹਰਲੇ ਦੇਸ਼ਾਂ ਨੂੰ ਪਤਾ ਨਾ ਲੱਗ ਸਕੇ ਕਿ ਹਿਸਾਬ ਕਿਸ ਤਰ੍ਹਾਂ ਰਖਦੇ ਨੇ। 
ਫਿਰ ਮੁਸਲਮਾਨ ਆ ਗਏ। ਤੇ ਬਾਬੇ ਨਾਨਕ ਨੇ ਕਿਹਾ ਕਿ ਹੁਣ ਸ਼ੇਖ਼ ਆ ਗਏ ਨੇ ਤੇ ਰੱਬ ਨੂੰ ਅੱਲਾ ਕਹਿਣ ਲੱਗ ਪਏ ਹਨ ਅਤੇ ਘਰਾਂ ’ਚ ‘ਹਮ-ਤੁਮ’ ਕਰ ਕੇ ਗੱਲ ਕਰਦੇ ਹਨ। ਬਾਬੇ ਨਾਨਕ ਨੇ ਕਿਹਾ ਕਿ ਮੈਂ ਅਪਣੀ ਭਾਸ਼ਾ ਪੰਜਾਬੀ ਨੂੰ ਨਹੀਂ ਛੱਡਾਂਗਾ ਤੇ ਇਸ ਵਿਚ ਹੀ ਗੱਲ ਕਰਾਂਗਾ। ਉਨ੍ਹਾਂ ਕਿਹਾ ‘‘ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥’’ ਬਾਬੇ ਨਾਨਕ ਨੇ ਲੋਕਾਂ ਨੂੰ ਕਿਹਾ ਕਿ ਮੈਂ ਪੰਜਾਬੀ ਨਹੀਂਂ ਛਡਾਂਗਾ ਤੇ ਤੁਸੀਂ ਵੀ ਨਾ ਛੱਡੋ ਤੇ ਉਸ ਵਿਚ ਹੀ ਗੱਲ ਕਰੋ, ਉਸ ਨੂੰ ਹੀ ਪੜ੍ਹੋ। ਇਹ ਬਾਬੇ ਨਾਨਕ ਨੇ ਭਾਸ਼ਾਈ ਤੇ ਸਭਿਆਚਾਰਕ ਖ਼ੁਦ-ਮੁਖ਼ਤਿਆਰੀ ਦਿਤੀ ਤੇ ਲੋਕਾਂ ਨੂੰ ਇਸ ਨੂੰ ਅਪਣਾਉਣ ਲਈ ਕਿਹਾ। ਇਹ ਦੂਜੀ ਚੀਜ਼ ਸੀ ਜਿਹੜੀ ਅਕਾਲ ਤਖ਼ਤ ਨੇ ਸੁਰੱਖਿਅਤ ਕਰਨੀ ਸੀ। ਭਾਵ ਜੇ ਤਖ਼ਤ ਬਣਦਾ ਹੈ ਤਾਂ ਉਸ ਦਾ ਫ਼ਰਜ਼ ਬਣਦਾ ਹੈ ਇਸ ਦਾ ਬਚਾਅ ਕਰਨ ਦਾ ਪ੍ਰੰਤੂ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਗ਼ਲਤ ਹੈ। 
ਫਿਰ ਉਸ ਤੋਂ ਬਾਅਦ ਖਾਣ-ਪੀਣ ਦੀ ਖ਼ੁਦ-ਮੁਖਤਿਆਰੀ ਦੀ ਗੱਲ ਆਉਂਦੀ ਹੈ। ਕਿਸੇ ਵੀ ਧਰਮ ਨੇ ਇਨਸਾਨ ਨੂੰ ਖਾਣ-ਪੀਣ ਦੀ ਖ਼ੁਦ-ਮੁਖ਼ਤਿਆਰੀ ਨਹੀਂ ਦਿਤੀ। ਕੋਈ ਕਹਿੰਦਾ ਹੈ ਤੂੰ ਗਊ ਦਾ ਮਾਸ ਨਹੀਂ ਖਾਣਾ, ਜੇ ਤੂੰ ਖਾਏਂਗਾ ਤਾਂ ਤੈਨੂੰ ਧਰਮ ’ਚੋਂ ਕੱਢ ਦਿਤਾ ਜਾਏਗਾ। ਤੂੰ ਫਲਾਣੀ ਚੀਜ਼ ਨਹੀਂ ਖਾਣੀ। ਮੰਗਲਵਾਰ ਨੂੰ ਇਹ ਨਹੀਂ ਖਾਣਾ, ਵੀਰਵਾਰ ਨੂੰ ਸਿਰ ਨਹੀਂ ਧੋਣਾ, ਕਪੜੇ ਨਹੀਂ ਧੋਣੇ, ਇਸ ਤਰ੍ਹਾਂ ਦੀਆਂ ਪਾਬੰਦੀਆਂ ਸਨ। ਉਥੇ ਬਾਬੇ ਨਾਨਕ ਨੇ ਕਿਹਾ ਸੀ : ‘‘ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।’’ ਜੇ ਸੋਚਿਆ ਜਾਵੇ ਤਾਂ ਇਸ ’ਚ ਧਰਮ ਦਾ ਕੀ ਕੰਮ ਹੈ? ਧਰਮ ਕੌਣ ਹੁੰਦਾ ਕਹਿਣ ਵਾਲਾ ਕਿ ਤੁਸੀਂ ਇਹ ਨਾ ਖਾਉ, ਉਹ ਨਾ ਖਾਉ? ਜਿਹੜੀ ਚੀਜ਼ ਖਾਣ ਨਾਲ ਤੁਹਾਡੇ ਮਨ ’ਚ ਬੁਰਾਈ ਪੈਦਾ ਹੋਵੇ ਜਾਂ ਤਨ ’ਚ ਖ਼ਰਾਬੀ ਪੈਦਾ ਹੋਵੇ, ਉਹ ਨਾ ਖਾਉ। ਦੁੱਧ ਵੀ ਕਈ ਵਾਰੀ ਖ਼ਰਾਬ ਹੋ ਜਾਂਦੈ। ਸੰਗ੍ਰਹਿਣੀ ਬਿਮਾਰੀ ਹੈ, ਜਿਸ ’ਚ ਦੁੱਧ ਖ਼ਤਰਨਾਕ ਹੋ ਜਾਂਦਾ ਹੈ ਬੰਦੇ ਲਈ। ਮਾਰੂ ਹੋ ਸਕਦਾ ਹੈ। ਬਾਬਾ ਨਾਨਕ ਕਹਿੰਦੇ ਨੇ ਕਿ ਮਨੁੱਖ ਨੇ ਅਪਣੇ ਆਪ ਫ਼ੈਸਲਾ ਕਰਨਾ ਹੈ ਕਿ ਉਸ ਨੇ ਮੀਟ ਖਾਣਾ ਹੈ ਜਾਂ ਨਹੀਂ ਖਾਣਾ। ਪੁਰਾਣਾਂ ਵਾਲੇ ਤਾਂ ਕਹਿੰਦੇ ਸੀ ਕਿ ਜੋ ਮੀਟ ਦੇ ਹੱਕ ’ਚ ਬੋਲ ਜਾਵੇ, ਉਸ ਤੋਂ ਵੱਡਾ ਪਾਪੀ ਕੋਈ ਨਹੀਂ। ਇਸ ਨੂੰ ਇਥੋਂ ਕੱਢ ਦੇਵੋ ਕਿਉਂਕਿ ਇਹ ਮੀਟ ਖਾਣ ਦੀ ਗੱਲ ਕਰਦਾ ਹੈ। ਇਸ ਤੋਂ ਵੱਡਾ ਤਾਂ ਕੋਈ ਪਾਪੀ ਹੀ ਨਹੀਂ ਹੈ। ਇਹ ਜੀਵਾਂ ਨੂੰ ਮਾਰਦਾ ਹੈ। ਬਾਬੇ ਨਾਨਕ ਨੇ ਕਿਹਾ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥’’ ਯਾਨੀ ਕਿ ਮਾਸ-ਮਾਸ ’ਤੇ ਜਿਹੜੇ ਬਹਿਸ ਕਰਦੇ ਹਨ, ਉਹ ਮੂਰਖ ਹਨ ਕਿਉਂਕਿ ਦੁਨੀਆਂ ਵਿਚ ਹਰ ਚੀਜ਼, ਮਾਸ ਹੀ ਹੈ। ਜਿਸ ਨੂੰ ਤੁਸੀਂ ਸਾਗ ਕਹਿੰਦੇ ਹੋ ਉਹ ਵੀ ਮਾਸ ਹੀ ਹੈ। ਵਿਗਿਆਨੀ ਵੀ ਇਹੀ ਮੰਨਦੇ ਨੇ ਕਿ ਉਸ ਵਿਚ ਵੀ ਜਾਨ ਹੈ। ਜਦ ਤੁਸੀਂ ਕਿਸੇ ਫੁੱਲ ਨੂੰ ਹੱਥ ਲਗਾਉਂਦੇ ਹੋ ਤਾਂ ਉਹ ਕੰਬਣ ਲੱਗ ਜਾਂਦਾ ਹੈ ਕਿ ਇਹ ਮੈਨੂੰ ਤੋੜ ਦੇਵੇਗਾ। ਸਾਇੰਸ ਨੇ ਵੀ ਹੁਣ ਬਾਬੇ ਨਾਨਕ ਦੀ ਗੱਲ ਸਾਬਤ ਵੀ ਕੀਤੀ ਹੈ। ਇਸ ਕਰ ਕੇ ਤੁਸੀਂ ਸਿਰਫ਼ ਅਪਣੇ ਸਰੀਰ ਨੂੰ ਪੁਛੋ, ਅਪਣੇ ਮਨ ਨੂੰ ਪੁੱਛੋ ਕਿ ਇਹ ਚੀਜ਼ ਖਾਣੀ ਹੈ ਜਾਂ ਨਹੀਂ। ਇਸ ਬਾਰੇ ਬਹਿਸ ਨਾ ਕਰਿਆ ਕਰੋ। ਇਹ ਖ਼ੁਦ-ਮੁਖ਼ਤਿਆਰੀ ਬਾਬੇ ਨਾਨਕ ਨੇ ਆਪ ਵੀ ਨਿਭਾਈ ਤੇ ਅੱਗੇ ਮਨੁੱਖ ਨੂੰ ਵੀ ਦਿਤੀ। 
ਸਵਾਲ : ਪ੍ਰੰਤੂ ਅੱਜ ਵੀ ਇਹੀ ਕਿਹਾ ਜਾਂਦੈ ਕਿ ਜਿਹੜਾ ਅਸਲ ਗੁਰਸਿੱਖ ਹੈ, ਉਸ ਨੂੰ ਇਹ ਨਹੀਂ ਖਾਣਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਸਿਰ ’ਤੇ ਤੁਸੀਂ ਚੁੰਨੀ ਲੈ ਕੇ ਬੈਠੋ... ਵਰਗੇ ਸਵਾਲ ਵੀ ਉਠ ਕੇ ਆਉਂਦੇ ਹਨ। ਮਤਲਬ ਹਰ ਚੀਜ਼ ’ਤੇ ਪਾਬੰਦੀ ਹੈ?
ਜਵਾਬ : ਉਸੇ ਸ਼ਬਦ ’ਚ ਬਾਬੇ ਨਾਨਕ ਨੇ ਇਹ ਵੀ ਕਿਹਾ ਹੈ ਕਿ ‘‘ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥’’ ਯਾਨੀ ਕਿ ਜਿਹੜੀ ਚੀਜ਼ ਪਹਿਨਣ ਨਾਲ ਤੇਰੇ ਮਨ ’ਚ ਬੁਰਾ ਵਿਕਾਰ ਪੈਦਾ ਹੁੰਦਾ ਹੈ, ਜਾਂ ਜਿਸ ਨੂੰ ਪਹਿਨਣ ਨਾਲ ਤੇਰੇ ਸਰੀਰ ਨੂੰ ਤਕਲੀਫ਼ ਹੁੰਦੀ ਹੈ, ਉਹ ਨਾ ਪਹਿਨ। 
ਸਵਾਲ : ਪਰ ਅੱਜ ਕਿਸੇ ਵਿਅਕਤੀ ਨੂੰ ਇਹ ਹੱਕ ਤਾਂ ਮਿਲਦਾ ਨਹੀਂ?
ਜਵਾਬ : ਅਕਾਲ ਤਖ਼ਤ ਦਾ ਕੰਮ ਇਹੀ ਹੈ ਕਿ ਬਾਬੇ ਨਾਨਕ ਨੇ ਜਿਹੜੇ ਤੁਹਾਨੂੰ ਹੱਕ ਦਿਤੇ ਹਨ, ਤੁਸੀ ਉਸ ਨੂੰ ਲਾਗੂ ਕਰੋ। ਬਾਬੇ ਨਾਨਕ ਨੇ ਜਿਹੜੀ ਸਾਨੂੰ ਆਜ਼ਾਦੀ ਦਿਤੀ ਹੈ, ਤੁਸੀਂ ਉਸ ਨੂੰ ਖੋਹਣ ਵਾਲੇ ਕੌਣ ਹੁੰਦੇ ਹੋ? ਤੁਸੀ ਪ੍ਰਚਾਰ ਕਰ ਸਕਦੇ ਹੋ, ਜੇਕਰ ਤੁਸੀਂ ਕੋਈ ਚੰਗੀ ਗੱਲ ਸਮਝਦੇ ਹੋ ਤਾਂ ਉਸ ਨੂੰ ਪ੍ਰੇਰ ਸਕਦੇ ਹੋ ਪਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੂੰ ਦਾੜ੍ਹੀ ਬੰਨ੍ਹੀ ਹੈ, ਤੂੰ ਪੱਕਾ ਸਿੱਖ ਨਹੀਂ ਹੈ। ਪਰ ਮੈਂ ਜਾਣਦਾ ਹਾਂ ਕਿ ਜਿਹੜੇ ਖੁਲ੍ਹੀ ਦਾੜ੍ਹੀ ਵਾਲੇ ਨੇ ਉਨ੍ਹਾਂ ਨੇ ਸਿੱਖੀ ਦਾ ਕੀ ਹਾਲ ਕਰ ਦਿਤਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੀ ਹੈ। ਤੁਸੀਂ ਜਾਣ-ਬੁਝ ਕੇ ਮੈਨੂੰ ਉਨ੍ਹਾਂ ਦੇ ਪਾਜ ਉਧੇੜਨ ਲਈ ਮਜਬੂਰ ਕਰਦੇ ਹੋ। ਉਹ ਜਾਣਬੁਝ ਕੇ ਲੋਕਾਂ ਸਾਹਮਣੇ ਧਰਮੀ ਬਣ ਕੇ ਆਉਂਦੇ ਨੇ। ਬਾਬੇ ਨਾਨਕ ਨੇ ਬਾਣੀ ਵਿਚ ਵੀ ਲਿਖਿਆ ਹੈ ਕਿ ਪੰਡਤ ਕੀ ਹੈ, ਮੁਲਾਣਾ ਕੀ ਹੈ? ਇਹ ਮੱਥੇ ’ਤੇ ਤਿਲਕ ਲਗਾ ਕੇ, ਜਨੇਊ ਪਾ ਕੇ, ਧੋਤੀ ਪਾ ਆ ਜਾਂਦਾ ਹੈ ਪਰ ਮਨ ਤਾਂ ਇਸ ਦਾ ਗੰਦਾ ਹੈ। ਇਹ ਲੁੱਟਣ ਵਾਸਤੇ ਬਾਹਰ ਨਿਕਲਿਆ ਹੈ, ਮਨ ਤਾਂ ਇਸ ਦਾ ਬੇਈਮਾਨ ਹੀ ਹੈ। ਇਹ ਬਾਬੇ ਨਾਨਕ ਦੇ ਲਿਖੇ ਸ਼ਬਦ ਨੇ। ਤੁਸੀਂ ਉਨ੍ਹਾਂ ਨੂੰ ਕਿਉਂ ਨਹੀਂ ਪੜ੍ਹਦੇ। 
ਪਹਿਲਾਂ ਪੁਜਾਰੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਸਦਾ ਮੱਥੇ ’ਤੇ ਤਿਲਕ ਲਗਾ ਕੇ ਬਾਹਰ ਨਿਕਲੋ। ਤੁਸੀਂ ਸੱਜ ਸੰਵਰ ਕੇ ਨਿਕਲੋ। ਜੋ ਅਜਿਹਾ ਨਹੀਂ ਕਰਦਾ, ਉਸ ਨੂੰ ਪੁਜਾਰੀ ਮੰਨਦਾ ਹੀ ਨਹੀਂ ਸੀ। ਅੱਜ ਵੀ ਸਾਡੇ ’ਤੇ ਇਹੀ ਪਾਬੰਦੀ ਲਗਾਈ ਜਾਂਦੀ ਹੈ ਕਿ ਉਸ ਤਰ੍ਹਾਂ ਦੇ ਸਿੱਖ ਬਣ ਕੇ ਵਿਖਾਉ, ਤਦ ਹੀ ਅਸੀਂ ਤੁਹਾਨੂੰ ਧਰਮੀ ਮੰਨਾਂਗੇ, ਨਹੀਂ ਤਾਂ ਨਹੀਂ ਮੰਨਦੇ। 
ਸਵਾਲ : ਸਿਰਫ਼ ਦਿਖ ’ਤੇ ਹੀ ਜ਼ੋਰ ਰਹਿ ਗਿਆ ਹੈ। ਪਰ ਇਹ ਜੋ ਤੁਸੀਂ ਆਜ਼ਾਦੀ ਦੱਸ ਰਹੇ ਹੋ, ਕੀ ਇਹ ਅੰਦਰ ਦੀ ਤਾਕਤ ਨੂੰ ਬਣਾਉਂਦੀ ਹੈ?
ਜਵਾਬ: ਹਾਂ, ਪਰ ਇਹ ਅੰਦਰ ਦੀ ਸਿੱਖੀ ਨੂੰ ਨਹੀਂ ਮੰਨਦੇ, ਇਹ ਸਰੀਰ ਦੀ ਸਿੱਖੀ ਨੂੰ ਮੰਨਦੇ ਹਨ। ਪਰ ਸਰੀਰ ਦੀ ਸਿੱਖੀ ਤਾਂ ਨਕਲੀ ਹੁੰਦੀ ਹੈ। ਮੈਂ ਮਰ ਜਾਵਾਂਗਾ, ਮੇਰੀ ਸਿੱਖੀ ਕਿੱਥੇ ਰਹਿ ਜਾਵੇਗੀ? ਜੇ ਮਨ ’ਚ ਹੈ ਤਾਂ ਰੱਬ ਨੂੰ ਦਿਸੇਗੀ। ਬਾਹਰ ਤੋਂ ਸਿੱਖ ਬਣਾਂਗਾ ਤਾਂ ਰੱਬ ਕਹੇਗਾ ਕਿ ਬਾਹਰਲੀ ਸਿੱਖੀ ਤਾਂ ਤੇਰੀ ਉਥੇ ਹੀ ਰਹਿ ਗਈ, ਮੇਰੇ ਕੰਮ ਦੀ ਨਹੀਂ। ਰੱਬ ਨੇ ਮੇਰੇ ਮਨ ਦੀ ਸਿੱਖੀ ਵੇਖਣੀ ਹੈ। 
ਬਾਬੇ ਨਾਨਕ ਨੇ ਤੁਹਾਨੂੰ ਇਹ ਸਾਰੀਆਂ ਆਜ਼ਾਦੀਆਂ ਦੇ ਦਿਤੀਆਂ, ਖ਼ੁਦ-ਮੁਖ਼ਤਿਆਰੀ ਦੇ ਦਿਤੀ। ਫਿਰ ਇਸ ਨੂੰ ਬਚਾਉਣ ਦਾ ਵੀ ਹੱਕ ਵੀ ਤਾਂ ਤੁਹਾਨੂੰ ਦਿਤਾ ਹੈ। ਗੁਰੂ ਸਾਹਿਬ ਨੇ ਫ਼ੁਰਮਾਇਆ ਸੀ : ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’’ ਯਾਨੀ ਕਿ ਤੈਨੂੰ ਇਹ ਆਜ਼ਾਦੀਆਂ ਸੌਖੀਆਂ ਨਹੀਂ ਕਿਸੇ ਨੇ ਦੇਣੀਆਂ। ਤੈਨੂੰ ਰੋਕਣਗੇ-ਟੋਕਣਗੇ, ਤੇਰਾ ਮਜ਼ਾਕ ਉਡਾਉਣਗੇ। ਫਿਰ ਜੇ ਤੂੰ ਇਹ ਸਾਰੀਆਂ ਆਜ਼ਾਦੀਆਂ ਮਾਣਨੀਆਂ ਹਨ ਤਾਂ ਫਿਰ ਤੈਨੂੰ ਸਿਰ ਤਲੀ ’ਤੇ ਧਰ ਕੇ ਲਿਆਉਣਾ ਪਵੇਗਾ ਕਿ ਮੈਨੂੰ ਤਾਂ ਆਜ਼ਾਦੀ ਚਾਹੀਦੀ ਹੈ ਭਾਵੇਂ ਇਸ ਲਈ ਮੈਨੂੰ ਮਰਨਾ ਹੀ ਕਿਉਂ ਨਾ ਪਵੇ। 
ਫਿਰ ਅਗਲੀ ਗੱਲ ‘‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’’ ਹੁਣ ਜੇ ਤੇਰੇ ਮਨ ’ਚ ਇਹ ਵੀ ਖ਼ਿਆਲ ਆਉਂਦਾ ਹੈ ਕਿ ਇਨ੍ਹਾਂ ਦੇ ਕਹਿਣ ’ਤੇ ਜਾਂ ਬਹੁਤ ਦਬਾਅ ਪੈਣ ’ਤੇ ਬਹੁਗਿਣਤੀ ਮੇਰੇ ਵਿਰੁਧ ਹੋ ਜਾਏਗੀ ਤਾਂ ਮੈਂ ਕੀ ਕਰਾਂਗਾ? ਮੈਨੂੰ ਵੋਟਾਂ ਨਹੀਂ ਮਿਲਣਗੀਆਂ, ਮੈਂ ਐਮ.ਐਲ.ਏ. ਨਹੀਂ ਚੁਣਿਆ ਜਾਵਾਂਗਾ ਤੇ ਪੰਚਾਇਤ ਦੇ ਇਲੈਕਸ਼ਨ ’ਚ ਨਹੀਂ ਜਿੱਤ ਸਕਾਂਗਾ। ਇਸ ਲਈ ਚਲੋ ਜਥੇਦਾਰਾਂ ਕੋਲ ਹੀ ਪੇਸ਼ ਹੋ ਜਾਂਦੇ ਹਾਂ। ਉਨ੍ਹਾਂ ਦੀ ਫਲਾਣੀ-ਫਲਾਣੀ ਗੱਲ ਮੰਨ ਲੈਂਦੇ ਹਾਂ।  
ਸੋ ਬਹੁਤੇ ਇਸ ਤਰ੍ਹਾਂ ਹੀ ਕਰਦੇ ਨੇ, ਜਿਹੜੇ ਉਥੇ ਜਾਂਦੇ ਨੇ। ਮੈਨੂੰ ਪਤਾ ਹੈ ਇਨ੍ਹਾਂ ਬਾਰੇ। ਮੇਰੇ ਕੋਲ ਆ ਕੇ ਜਥੇਦਾਰ ਨੂੰ ਗਾਲ੍ਹਾਂ ਕੱਢ ਕੇ ਗਏ ਨੇ ਅਕਾਲੀ ਲੀਡਰ ਜਿਹੜੇ ਮੇਰੇ ਕੋਲ ਆਉਂਦੇ ਸੀ ਤੇ ਕਹਿੰਦੇ ਸੀ ਕਿ ਮੈਂ ਨਹੀਂ ਜਾਵਾਂਗਾ ਉਥੇ। ਪਰ ਫਿਰ ਚਲੇ ਗਏ। ਮੈਂ ਉਨ੍ਹਾਂ ਦੇ ਨਾਂ ਨਹੀਂ ਲਵਾਂਗਾ। ਪਰ ਜਦੋਂ ਮੈਂ ਪੁਛਦਾ ਹਾਂ, ‘‘ਕਿਉਂ ਚਲੇ ਗਏ?’’ ਤਾਂ ਕਹਿੰਦੇ ਨੇ ‘‘ਕੀ ਕਰੀਏ ਜੀ, ਵੋਟਾਂ ਲੈਣੀਆਂ ਨੇ, ਹੁਣ ਲੋਕਾਂ ਨੂੰ ਕਿਵੇਂ ਸਮਝਾਈਏ।’’ 
ਪਰ ਬਾਬਾ ਨਾਨਕ ਤਾਂ ਕਹਿੰਦਾ ਹੈ ‘‘ਜੇ ਜੀਵੈ ਪਤਿ ਲਥੀ ਜਾਇ॥’’ ਯਾਨੀ ਜੇ ਮੇਰੇ ਅਪਣੇ ਮਨ ’ਚ ਮੇਰੀ ਪੱਤ ਲੱਥ ਗਈ ਹੈ ਤਾਂ ਫਿਰ ਮੈਨੂੰ ਜੀਣ ਦਾ ਹੱਕ ਹੀ ਕੀ ਹੈ? ਫਿਰ ਤਾਂ ਖਾਧਾ-ਪੀਤਾ ਫ਼ਜੂਲ ਹੈ ਮੇਰਾ। ਇਸ ਕਰ ਕੇ ਉਸ ਨੂੰ ਬਚਾਉਣ ਦੀ ਤਾਕਤ ਵੀ ਤੇਰੇ ਵਿਚ ਆਉਣੀ ਚਾਹੀਦੀ ਹੈ। ‘‘ਸਿਰੁ ਧਰਿ ਤਲੀ ਗਲੀ ਮੇਰੀ ਆਉ॥’’ ਯਾਨੀ ਕਿ ਇਸ ਹਾਲਤ ਵਾਸਤੇ ਤਿਆਰ ਹੋਣਾ ਪਵੇਗਾ ਤਾਂ ਤੇਰੀਆਂ ਆਜ਼ਾਦੀਆਂ ਬਚਣਗੀਆਂ। ਬਾਬੇ ਨਾਨਕ ਨੇ ਆਪ ਅਪਣੀ ਜ਼ਿੰਦਗੀ ’ਚ ਅਜਿਹਾ ਕੀਤਾ ਸੀ। 
ਸਵਾਲ : ਇਹ ਤਾਂ ਬਹੁਤ ਆਜ਼ਾਦ ਜ਼ਿੰਦਗੀ ਹੈ ਜਿਸ ਤੋਂ ਵਾਂਝਾ ਕਰ ਕੇ ਬੰਦੇ ਨੂੰ ਪਾਬੰਦੀਆਂ ’ਚ ਜਕੜਿਆ ਜਾ ਰਿਹੈ। ਅੱਜ ਨੌਜੁਆਨ ਪੀੜ੍ਹੀ ਇਸ ਤੋਂ ਦੂਰ ਜਾ ਰਹੀ ਹੈ, ਇਨ੍ਹਾਂ ਪਾਬੰਦੀਆਂ ਕਾਰਨ। ਹੋ ਸਕਦੈ ਕਿ ਇਹ ਅਸਲ ਸਿੱਖ ਨੂੰ ਸਿੱਖੀ ਤੋਂ ਦੂਰ ਕਰ ਰਹੇ ਹੋਣ। ਇਹ ਕੌਣ ਫ਼ੈਸਲਾ ਕਰ ਸਕਦਾ ਹੈ ਕਿ ਅਸਲ ਸਿੱਖ ਕੌਣ ਹੈ?
ਜਵਾਬ: ਬਾਬੇ ਨਾਨਕ ਦੀ ਬਾਣੀ ਦਸਦੀ ਹੈ ਕਿ ਤੁਸੀ ਠੀਕ ਕਰ ਰਹੇ ਹੋ ਜਾਂ ਨਹੀਂ। ਜਿਵੇਂ ਹਿੰਦੋਸਤਾਨ ਵਿਚ ਸੰਵਿਧਾਨ ਬਣਿਆ ਹੋਇਆ ਹੈ ਜਿਹੜਾ ਦਸਦਾ ਹੈ ਕਿ ਤੁਸੀ ਗ਼ਲਤ ਹੋ ਜਾਂ ਠੀਕ ਹੋ। ਤੁਸੀ ਉਸ ਨੂੰ ਪੜ੍ਹਦੇ ਹੋ। ਜੇਕਰ ਸਰਕਾਰ ਤੁਹਾਡੇ ਨਾਲ ਗ਼ਲਤ ਵੀ ਕਰਦੀ ਹੈ ਤਾਂ ਤੁਸੀਂ ਸੰਵਿਧਾਨ ਦਾ ਹਵਾਲਾ ਦੇ ਕੇ ਸੁਪਰੀਮ ਕੋਰਟ ਚਲੇ ਜਾਂਦੇ ਹੋ ਕਿ ਮੈਂ ਤਾਂ ਸੰਵਿਧਾਨ ਮੁਤਾਬਕ ਠੀਕ ਕਰ ਰਿਹਾ ਹਾਂ ਤੇ ਇਹ ਹਿੰਦੋਸਤਾਨ ਦੀ ਸਰਕਾਰ ਮੇਰੀ ਆਜ਼ਾਦੀ ਖੋਹ ਰਹੀ ਹੈ। ਅੱਗੋਂ ਸੁਪਰੀਮ ਕੋਰਟ ਵੀ ਸਰਕਾਰ ਨੂੰ ਕਹਿ ਦਿੰਦੀ ਹੈ ਕਿ ਇਹ ਤੁਸੀਂ ਗ਼ਲਤ ਕਰ ਰਹੇ ਹੋ। ਇਹ ਬੰਦਾ ਠੀਕ ਹੈ, ਤੁਸੀ ਇਸ ਨਾਲ ਇੰਜ ਨਹੀਂ ਕਰ ਸਕਦੇ। ਸੋ ਇਸ ਤਰ੍ਹਾਂ ਹੀ ਸਾਡਾ ਤਖ਼ਤ ਹੈ। ਜੇ ਤਖ਼ਤ ਹੈ ਤਾਂ ਇਹ ਸਾਰੀਆਂ ਆਜ਼ਾਦੀਆਂ ਜੋ ਬਾਬੇ ਨਾਨਕ ਨੇ ਦਿਤੀਆਂ ਹਨ, ਉਨ੍ਹਾਂ ਨੂੰ ਜੇ ਕੋਈ ਸਾਡੇ ਤੋਂ ਖੋਂਹਦਾ ਹੈ ਤਾਂ ਅਕਾਲ ਤਖ਼ਤ ਦਾ ਫ਼ਰਜ਼ ਬਣਦੈ ਕਿ ਇਸ ਦਾ ਬਚਾਅ ਕਰੇ ਤੇ ਕਹੇ ਕਿ ਤੁਸੀ ਕੌਣ ਹੁੰਦੇ ਹੋ ਇਨ੍ਹਾਂ ਆਜ਼ਾਦੀਆਂ ਨੂੰ ਖੋਹਣ ਵਾਲੇ ਜਿਹੜੀਆਂ ਸਾਨੂੰ ਬਾਬੇ ਨਾਨਕ ਨੇ ਦਿਤੀਆਂ ਹਨ। 
ਇਸ ’ਚੋਂ ਅਗਲੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਅਸਲ ’ਚ ਅਕਾਲ ਤਖ਼ਤ ਕਿਸ ਨੇ ਬਣਾਇਆ ਤੇ ਉਸ ਦੀ ਸਾਡੀ ਜ਼ਿੰਦਗੀ ’ਚ ਕੀ ਅਹਿਮੀਅਤ ਹੈ? ਇਸ ਬਾਰੇ ਅਸੀ ਅਗਲੀ ਵਾਰੀ ਗੱਲ ਕਰਾਂਗੇ।                  
 (ਚਲਦਾ)

(For more news apart from Akal Takht is proving to be failure in maintaining the freedom given by Baba Nanak News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement