ਚੰਗੀ ਖੇਤੀ ਭੂਤ ਪਾਲ ਕੇ?
Published : Sep 25, 2018, 1:59 pm IST
Updated : Sep 25, 2018, 1:59 pm IST
SHARE ARTICLE
Tantrik
Tantrik

ਪਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਸ਼ਾਲਬਾਨੀ ਥਾਣੇ ਖੇਤਰ ਤਹਿਤ ਆਉਣ ਵਾਲੇ ਪਿੰਡ ਭੀਮਸ਼ੋਲ ਵਿਚ ਪੰਚਾਇਤ ਬੁਲਾ ਕੇ ਇਕ ਪ੍ਰਵਾਰ ਦੇ ਲੋਕਾਂ ਨੂੰ ਭੂਤ ਪਾਲਣ..........

ਪਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਸ਼ਾਲਬਾਨੀ ਥਾਣੇ ਖੇਤਰ ਤਹਿਤ ਆਉਣ ਵਾਲੇ ਪਿੰਡ ਭੀਮਸ਼ੋਲ ਵਿਚ ਪੰਚਾਇਤ ਬੁਲਾ ਕੇ ਇਕ ਪ੍ਰਵਾਰ ਦੇ ਲੋਕਾਂ ਨੂੰ ਭੂਤ ਪਾਲਣ ਦਾ ਸਿਰਫ਼ ਕਸੂਰਵਾਰ ਹੀ ਨਾ ਮੰਨਿਆ ਸਗੋਂ ਪ੍ਰਵਾਰ ਦਾ ਹੁੱਕਾ ਪਾਣੀ ਦੀ ਬੰਦ ਕਰ ਦਿਤਾ ਗਿਆ। ਪਿੰਡ ਭੀਮਸ਼ੋਲ ਵਿਚ ਕਿਸਾਨ ਮਾਨਿਕ ਮਹਿਤੋ ਖੇਤੀਬਾੜੀ ਨਾਲ ਅਪਣੇ ਘਰ ਦਾ ਖ਼ਰਚ ਚਲਾਉਂਦਾ ਸੀ। ਉਨ੍ਹਾਂ ਦਾ ਪੁੱਤਰ ਰਮੇਸ਼ ਮਹਿਤੋ 10ਵੀਂ ਜਮਾਤ ਤਕ ਪੜ੍ਹਿਆ ਸੀ। ਪੜ੍ਹਾਈ ਵਿਚੇ ਹੀ ਰੁਕ ਜਾਣ ਕਾਰਨ ਉਹ ਅਪਣੇ ਪਿਤਾ ਦੀ ਖੇਤੀਬਾੜੀ ਵਿਚ ਮਦਦ ਕਰਦਾ ਸੀ।

ਚੰਗੀ ਫ਼ਸਲ ਕਿਵੇਂ ਪੈਦਾ ਕੀਤੀ ਜਾਵੇ, ਇਸ ਲਈ ਰਮੇਸ਼ ਨੇ ਵਿਗਿਆਨਕ ਢੰਗ ਦੀ ਖੇਤੀਬਾੜੀ ਨਾਲ ਜੁੜੀਆਂ ਕਈ ਕਿਤਾਬਾਂ ਪੜ੍ਹੀਆਂ ਅਤੇ ਧਾਨ ਸਮੇਤ ਦੂਜੀਆਂ ਫ਼ਸਲਾਂ ਦੀ ਖੇਤੀ ਵੀ ਕੀਤੀ। ਇਸ ਨਾਲ ਫ਼ਸਲਾਂ ਫੁੱਲ ਵਾਂਗ ਖਿੜ ਗਈਆਂ। ਮਾਨਿਕ ਮਹਿਤੋ ਦੀ ਚੰਗੀ ਫ਼ਸਲ ਵੇਖ ਕੇ ਪਿੰਡ ਦੇ ਕੁੱਝ ਈਰਖਾਲੂ ਲੋਕਾਂ ਨੇ ਇਹ ਅਫ਼ਵਾਹ ਫੈਲਾਅ ਦਿਤੀ ਕਿ ਇਸ ਸੱਭ ਦੇ ਪਿਛੇ ਭੂਤਪ੍ਰੇਤ ਦਾ ਹੱਥ ਹੈ। ਮਾਨਿਕ ਮਹਿਤੋ ਦੇ ਘਰ ਵਿਚ ਪਾਲਤੂ ਭੂਤ ਦਾ ਪਤਾ ਲਗਾਉਣ ਲਈ ਪਿੰਡ ਭੀਮਸ਼ੋਲ ਵਿਚ ਲੋਕਾਂ ਨੇ ਇਕ ਸਾਲਸੀ ਸਭਾ ਬੁਲਾਈ। ਆਦਿਵਾਸੀ ਸਮਾਜ ਵਿਚ ਪੰਚਾਇਤ ਨੂੰ ਸਾਲਸੀ ਕਿਹਾ ਜਾਂਦਾ ਹੈ। ਸਭਾ ਵਿਚ ਇਕ ਜਾਨਗੁਰੂ ਨੂੰ ਬੁਲਾਇਆ ਗਿਆ।

ਆਦਿਵਾਸੀ ਸਮਾਜ ਵਿਚ ਸਿਆਣੇ ਜਾਂ ਤਾਂਤਰਿਕ ਨੂੰ ਜਾਨਗੁਰੂ ਕਹਿੰਦੇ ਹਨ। ਜਾਨਗੁਰੂ ਨੇ ਤੰਤਰ ਮੰਤਰ ਕਰ ਕੇ ਕਿਹਾ, ''ਮੈਨੂੰ ਤਾਂ ਮਾਨਿਕ ਮਹਿਤੋ ਦੀ ਜ਼ਮੀਨ ਵਿਚ ਹੋਈ ਭਰਵੀਂ ਫ਼ਸਲ ਪਿੱਛੇ ਕਿਸੇ ਭੂਤ ਪ੍ਰੇਤ ਦਾ ਹੱਥ ਦਿਸਦਾ ਹੈ। ਮਹਿਤੋ ਦੇ ਘਰ ਵਿਚ ਕੋਈ ਪਾਲਤੂ ਭੂਤ ਹੈ। ਉਸੇ ਭੂਤ ਦੀ ਮਦਦ ਨਾਲ ਉਸ ਨੇ ਏਨੀ ਚੰਗੀ ਫ਼ਸਲ ਪੈਦਾ ਕੀਤੀ ਹੈ।'' ਜਾਨਗੁਰੂ ਦੀਆਂ ਗੱਲਾਂ ਦੀ ਕਾਟ ਕਰਦੇ ਹੋਏ ਰਮੇਸ਼ ਮਹਿਤੋ ਨੇ ਕਿਹਾ, ''ਮੈਂ ਵਿਗਿਆਨਕ ਢੰਗ ਨਾਲ ਖੇਤੀ ਕਰਨ ਲਈ ਕਈ ਕਿਤਾਬਾਂ ਪੜ੍ਹੀਆਂ ਹਨ। ਉਨ੍ਹਾਂ ਹੀ ਢੰਗਾਂ ਅਨੁਸਾਰ ਫ਼ਸਲ ਉਗਾਈ ਹੈ। ਇਸ ਪਿੱਛੇ ਭੂਤਪ੍ਰੇਤ ਦਾ ਕੋਈ ਹੱਥ ਨਹੀਂ।''

ਪਰ ਜਾਨਗੁਰੂ ਦੀਆਂ ਗੱਲਾਂ ਨੂੰ ਪਿੰਡ ਦੇ ਲੋਕਾਂ ਨੇ ਵੱਧ ਮਹੱਤਤਾ ਦਿਤੀ। ਮਾਨਿਕ ਮਹਤੋ ਦੇ ਘਰ ਵਿਚ ਸੱਚਮੁੱਚ ਭੂਤ ਹੈ, ਇਸ ਗੱਲ ਦੀ ਜਾਂਚ ਉਨ੍ਹਾਂ ਨੇ ਦੂਜੇ ਜਾਨਗੁਰੂ ਤੋਂ ਕਰਵਾਉਣ ਦੀ ਸੋਚੀ। ਇਸ ਦੇ ਬਾਅਦ ਮਾਨਿਕ ਤੇ ਉਸ ਦੇ ਪੁੱਤਰ ਰਮੇਸ਼ ਮਹਿਤੋ ਤੇ ਪਿੰਡ ਦੇ ਹਰ ਪ੍ਰਵਾਰ ਦੇ ਇਕ ਮੈਂਬਰ ਨੂੰ ਇਕ ਗੱਡੀ ਰਾਹੀਂ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਾਏਰਾਂਗਪੁਰ ਥਾਣਾ ਖੇਤਰ ਦੇ ਪਿੰਡ ਮਟੀਪੁਰ ਵਿਚ ਵਿਧਾਤਾਸਮ ਨਾਂ ਦੇ ਇਕ ਜਾਨਗੁਰੂ ਕੋਲ ਲਿਜਾਇਆ ਗਿਆ। ਉਸ ਜਾਨਗੁਰੂ ਨੇ ਪਿੰਡ ਭੀਮਸ਼ੋਲ ਤੋਂ ਆਏ ਹਰ ਮੈਂਬਰ ਦੀ ਹਥੇਲੀ ਉਤੇ 2-2 ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਪਾ ਕੇ ਮੁੱਠੀ ਬੰਦ ਕਰਨ ਲਈ ਕਿਹਾ।

ਕੁੱਝ ਦੇਰ ਤਕ ਮੰਤਰ ਪੜ੍ਹਨ ਤੋਂ ਬਾਅਦ ਉਸ ਜਾਨਗੁਰੂ ਨੇ ਇਕ-ਇਕ ਬੰਦੇ ਦੀ ਮੁੱਠੀ ਖੋਲ੍ਹ ਕੇ ਹਥੇਲੀ ਨੂੰ ਵੇਖਣਾ ਸ਼ੁਰੂ ਕੀਤਾ। ਅਚਾਨਕ ਰਮੇਸ਼ ਮਹਿਤੋ ਦੀ ਹਥੇਲੀ ਨੂੰ ਵੇਖ ਕੇ ਜਾਨਗੁਰੂ ਨੇ ਕਿਹਾ, ''ਇਸ ਦੀ ਹਥੇਲੀ ਉਤੇ ਸਰ੍ਹੋਂ ਦੇ ਤੇਲ ਵਿਚ ਵਾਲ ਦਾ ਇਕ ਟੁਕੜਾ ਹੈ। ਇਸ ਦੇ ਘਰ ਵਿਚ ਭੂਤ ਹੈ। ਪਾਲਤੂ ਭੂਤ ਦੇ ਸਹਾਰੇ ਹੀ ਇਸ ਨੇ ਅਪਣੇ ਖੇਤ ਵਿਚ ਚੰਗੀ ਫ਼ਸਲ ਪੈਦਾ ਕੀਤੀ। ਪਰ ਫਿਕਰ ਦੀ ਗੱਲ ਇਹ ਹੈ ਕਿ ਇਸ ਭੂਤ ਤੋਂ ਪਿੰਡ ਭੀਮਸ਼ੋਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ।'' ਮਾਨਿਕ ਮਹਿਤੋ ਦੇ ਘਰ ਵਿਚ ਭੂਤ ਹੈ, ਉਸ ਨੂੰ ਸਾਬਤ ਕਰਨ ਲਈ ਉਸ ਜਾਨਗੁਰੂ ਨੇ ਪਿੰਡ ਭੀਲਸ਼ੋਲ ਤੋਂ ਆਏ ਲੋਕਾਂ ਤੋਂ ਮੋਟੀ ਰਕਮ ਵੀ ਵਸੂਲੀ ਸੀ।

ਪਿੰਡ ਮੁੜਨ ਤੋਂ ਬਾਅਦ ਲੋਕਾਂ ਨੇ ਫਿਰ ਸਾਲਸੀ ਸਭਾ ਬੁਲਾਈ ਜਿਸ ਵਿਚ ਮਾਨਿਕ ਮਹਿਤੋ ਤੇ ਉਸ ਦੇ ਸਾਰੇ ਪ੍ਰਵਾਰ ਉਤੇ ਭੂਤ ਪਾਲਣ ਦਾ ਦੋਸ਼ ਲਗਾਇਆ ਗਿਆ। ਇਸ ਤੋਂ ਬਾਅਦ ਪੰਚਾਇਤ ਨੇ ਫ਼ੁਰਮਾਨ ਜਾਰੀ ਕੀਤਾ ਕਿ ''ਜਦ ਤਕ ਮਾਨਿਕ ਮਹਿਤੋ ਅਪਣੇ ਘਰੋਂ ਭੂਤ ਨੂੰ ਭਜਾ ਨਹੀਂ ਦੇਂਦਾ, ਤਦ ਤਕ ਉਸ ਦੇ ਸਾਰੇ ਪ੍ਰਵਾਰ ਦਾ ਹੁੱਕਾ ਪਾਣੀ ਬੰਦ ਰਹੇਗਾ।'' ਪੰਚਾਇਤ ਦੇ ਇਸ ਹੁਕਮ ਤੋਂ ਬਾਅਦ ਅਪਣੇ ਪ੍ਰਵਾਰ ਦੀ ਸੁਰੱਖਿਆ ਲਈ ਮਾਨਿਕ ਮਹਿਤੋ ਨੇ ਪੁਲਿਸ ਤੋਂ ਸਹਾਇਤਾ ਮੰਗੀ। ਇਸ ਉਤੇ ਪੁਲਿਸ ਨੇ ਪਿੰਡ ਵਾਲਿਆਂ ਨੂੰ ਸੁਚੇਤ ਵੀ ਕੀਤਾ, ਪ੍ਰੰਤੂ ਪੁਲਿਸ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਹਿਤੋ ਪ੍ਰਵਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ। 

ਅਖ਼ੀਰ ਵਿਚ ਭੂਤ ਪਾਲਣ ਦੇ ਝੂਠ ਤੋਂ ਛੁਟਕਾਰਾ ਪਾਉਣ ਲਈ ਮਾਨਿਕ ਮਹਿਤੋ ਨੇ ਭਾਰਤੀ ਵਿਗਿਆਨ ਤੇ ਯੁਕਤੀਵਾਦੀ ਸਮਿਤੀ ਕੋਲੋਂ ਲਿਖਤੀ ਰੂਪ ਵਿਚ ਮਦਦ ਮੰਗੀ। ਇਸ ਮਾਮਲੇ ਦਾ ਜ਼ਿਕਰ ਕਰਦੇ ਹੋਏ ਭਾਰਤੀ ਵਿਗਿਆਨ ਤੇ ਯੁਕਤੀਵਾਦੀ ਸਮਿਤੀ ਦੇ ਮੁਖੀ ਪ੍ਰਬੀਰ ਘੋਸ਼ ਨੇ ਇਸ ਰਿਪੋਰਟ ਨਾਲ ਮੋਬਾਈਲ ਫ਼ੋਨ ਉਤੇ ਕਿਹਾ, ''ਤੁਸੀ ਅਤੇ ਸੁਮਨ ਦੋਵੇਂ ਸਮਿਤੀ ਦੇ ਵਰਕਰ ਹੋ। ਤੁਹਾਨੂੰ ਪਿੰਡ ਭੀਮਸ਼ੋਲ ਦਾ ਦੌਰਾ ਕਰਨਾ ਪਵੇਗਾ। ਮਾਨਿਕ ਮਹਿਤੋ ਦੇ ਪ੍ਰਵਾਰ ਨੂੰ ਭੂਤ ਪਾਲਣ ਦੇ ਦੋਸ਼ ਤੋਂ ਛੁਟਕਾਰਾ ਦਿਵਾਉਣਾ ਪਵੇਗਾ। ਇਸ ਕੰਮ ਵਿਚ ਯੁਕਤੀਵਾਦੀ ਸਮਿਤੀ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਵਰਕਰ ਵੀ ਤੁਹਾਡੀ ਮਦਦ ਕਰਨਗੇ।''

ਪ੍ਰਬੀਰ ਘੋਸ਼ ਦੇ ਸੁਝਾਅ ਉਤੇ ਰੀਪੋਰਟਰ ਸੁਮਨ ਨੂੰ ਨਾਲ ਲੈ ਮਿਦਾਨਪੁਰ ਸ਼ਹਿਰ ਪਹੁੰਚੇ ਜਿਥੇ ਸਮਿਤੀ ਦੇ ਵਰਕਰ ਅਨਿੰਦਯ ਸੁੰਦਰ ਮੰਡਲ ਨਾਲ ਇਕ ਮੀਟਿੰਗ ਕਰ ਕੇ ਦੂਜੇ ਦਿਨ ਸਵੇਰੇ ਕੁੱਲ 8 ਲੋਕ ਪਿੰਡ ਭੀਮਸ਼ੋਲ ਲਈ ਰਵਾਨਾ ਹੋਏ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਕਈ ਪੱਤਰਕਾਰ ਵੀ ਉਨ੍ਹਾਂ ਨਾਲ ਹੀ ਰਵਾਨਾ ਹੋ ਗਏ। ਇਕ ਰੀਪੋਰਟਰ ਨੇ ਲਾਊਡਸਪੀਕਰ ਉਤੇ ਆਵਾਜ਼ ਲਗਾਈ, ''ਅਸੀ ਯੁਕਤੀਵਾਦੀ ਸਮਿਤੀ ਦੇ ਵਰਕਰ ਹਾਂ। ਕੋਲਕਾਤਾ ਤੋਂ ਆਏ ਹਾਂ। ਅਸੀ ਪਿੰਡ ਵਾਲਿਆਂ ਸਾਹਮਣੇ ਇਕ ਪ੍ਰੋਗਰਾਮ ਪੇਸ਼ ਕਰਨ ਵਾਲੇ ਹਾਂ।'' 

ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਪ੍ਰੋਗਰਾਮ ਸਟੇਜ ਦੇ ਸਾਹਮਣੇ ਇਕੱਠੇ ਹੋਣ ਲਗੇ। ਤਦ ਤਕ ਸਮਿਤੀ ਦੇ ਬਾਕੀ ਮੈਂਬਰ ਵੀ ਉਥੇ ਪਹੁੰਚ ਚੁੱਕੇ ਸਨ। ਸੁਮਨ ਨੇ ਮਿੱਟੀ ਤੋਂ ਬਣੀ ਇਕ ਕਟੋਰੀ ਵਿਚ ਥੋੜੀਆਂ ਜਹੀਆਂ ਸੁੱਕੀਆਂ ਲਕੜਾਂ ਪਾਈਆਂ। ਇਕ ਬੋਤਲ ਤੋਂ ਪਾਣੀ ਵਰਗਾ ਤਰਲ ਪਦਾਰਥ ਚਮਚੇ ਵਿਚ ਲੈ ਕੇ ਉਸ ਕਟੋਰੀ ਵਿਰ ਰਖੀਆਂ ਸੁਕੀਆਂ ਲਕੜਾਂ ਉਤੇ ਬੂੰਦ-ਬੂੰਦ ਸੁਟਦੇ ਹੋਏ ਕੋਈ ਮੰਤਰ ਪੜ੍ਹਨਾ ਸ਼ੁਰੂ ਕੀਤਾ। ਕੁੱਝ ਹੀ ਪਲਾਂ ਵਿਚ ਕਟੋਰੀ ਤੋਂ ਧੂੰਆਂ ਨਿਕਲਣ ਲੱਗਾ ਅਤੇ ਅਚਾਨਕ ਉਸ ਵਿਚ ਅੱਗ ਬਲ ਗਈ। ਇਹ ਵੇਖ ਕੇ ਪਿੰਡ ਵਾਲੇ ਹੈਰਾਨ ਰਹਿ ਗਏ। 

ਇਕ ਖ਼ਾਲੀ ਛੱਜ ਤੇ ਇਕ ਪਰਨਾ ਲੈ ਕੇ ਸਟੇਜ ਉਤੇ ਪਹੁੰਚੇ ਅਨਿੰਦਯ ਨੇ ਪਿੰਡ ਵਾਲਿਆਂ ਤੋਂ ਪੁਛਿਆ, ''ਕੀ ਤੁਹਾਡੇ ਵਿਚੋਂ ਦੋ ਬੰਦੇ ਮੇਰੀ ਥੋੜੀ ਮਦਦ ਕਰ ਸਕਦੇ ਹਨ?'' ਭੀੜ ਵਿਚੋਂ ਦੋ ਬੰਦੇ ਸਾਹਮਣੇ ਆਏ। ਉਨ੍ਹਾਂ ਦੇ ਹੱਥਾਂ ਵਿਚ ਪਰਨਾ ਦੇ ਕੇ ਅਨਿੰਦਯ ਨੇ ਕਿਹਾ, ''ਤੁਸੀ ਪਰਨੇ ਦੇ ਦੋਵੇਂ ਕਿਨਾਰਿਆਂ ਨੂੰ ਕਸ ਕੇ ਫੜੋ।'' ਉਨ੍ਹਾਂ ਦੋਹਾਂ ਦੇ ਹੱਥਾਂ ਵਿਚ ਪਰਨਾ ਫੜਾ ਕੇ ਅਨਿੰਦਯ ਨੇ ਇਕ ਮੁੱਠੀ ਚੌਲ ਲੈ ਕੇ ਪੁਛਿਆ, ''ਚੌਲ ਤੋਂ ਖਿੱਲਾਂ ਬਣਾਉਣ ਲਈ ਕੀ-ਕੀ ਲਗਦਾ ਹੈ?'' ਲੋਕਾਂ ਨੇ ਦਸਿਆ, ''ਕੜਾਹੀ ਜਾਂ ਹਾਂਡੀ, ਅੱਗ ਤੇ ਰੇਤ...।''

ਇਕ ਮੁੱਠੀ ਛੱਜ ਉਤੇ ਲੈ ਕੇ ਅਨਿੰਦਯ ਨੇ ਛੱਜ ਨੂੰ ਪਰਨੇ ਉਪਰ ਹਿਲਾਉਂਦੇ ਹੋਏ ਮੰਤਰ ਪੜ੍ਹਨੇ ਸ਼ੁਰੂ ਕੀਤੇ। ਵੇਖਦੇ ਹੀ ਵੇਖਦੇ ਛੱਜ ਖਿੱਲਾਂ ਨਾਲ ਭਰ ਗਿਆ। ਇਹ ਵੇਖ ਕੇ ਸੱਭ ਹੈਰਾਨ ਹੋ ਗਏ।  ਪ੍ਰੋਗਰਾਮ ਦੌਰਾਨ ਇਕ ਪੱਤਰਕਾਰ ਆਇਆ ਤੇ ਉਸ ਨੇ ਪ੍ਰੋਗਰਾਮ ਪੇਸ਼ ਕਰ ਰਹੇ ਰੀਪੋਰਟਰ ਦੇ ਕੰਨ ਵਿਚ ਬੋਲਿਆ, ''ਤੁਸੀ ਲੋਕ ਪਿੰਡ ਵਿਚ ਪ੍ਰੋਗਰਾਮ ਕਰ ਰਹੇ, ਇਹ ਖ਼ਬਰ ਪਿੰਡ ਦੇ ਸ਼ਰਾਰਤੀ ਅਨਸਰਾਂ ਦੇ ਕੰਨਾਂ ਤਕ ਪਹੁੰਚ ਗਈ ਹੈ। ਉਹ ਲੋਕ ਕਿਸੇ ਵੀ ਸਮੇਂ ਤੁਹਾਡੇ ਉਤੇ ਹਮਲਾ ਕਰ ਸਕਦੇ ਹਨ।'' ''ਪਰ ਕਿਉਂ?'' ਪ੍ਰੋਗਰਾਮ ਪੇਸ਼ ਕਰ ਰਹੇ ਰੀਪੋਰਟਰ ਨੇ ਪੁਛਿਆ।

ਪੱਤਰਕਾਰ ਨੇ ਦਸਿਆ, ''ਪਿੰਡ ਦੇ ਕਈ ਮਸਤਾਨਿਆਂ ਨੇ ਹੀ ਇਕ ਸਾਜ਼ਸ਼ ਤਹਿਤ ਮਹਿਤੋ ਦੇ ਪ੍ਰਵਾਰ ਉਤੇ ਭੂਤ ਪਾਲਣ ਦਾ ਦੋਸ਼ ਲਗਾਇਆ ਹੈ। ਇਹ ਮਸਤਾਨੇ ਚਾਹੁੰਦੇ ਹਨ ਕਿ ਪਿੰਡ ਦੇ ਲੋਕ ਭੂਤ ਪਾਲਣ ਦੇ ਦੋਸ਼ ਵਿਚ ਮਾਨਿਕ ਮਹਤੋ ਦੇ ਪ੍ਰਵਾਰ ਦਾ ਕਤਲ ਕਰ ਦੇਣ। ਇਸ ਦੇ ਬਾਅਦ ਉਹ ਉਸ ਦੀ ਜ਼ਮੀਨ ਤੇ ਘਰ ਉਤੇ ਕਬਜ਼ਾ ਕਰ ਲੈਣਗੇ।'' ''ਅਸੀ ਪੱਤਰਕਾਰਾਂ ਨੇ ਪਹਿਲਾਂ ਤੋਂ ਹੀ ਇਹ ਖ਼ਬਰ ਪਿੜਕਾਂਟਾ ਥਾਣੇ ਨੂੰ ਦਿਤੀ ਹੋਈ ਹੈ ਕਿ ਯੁਕਤੀਵਾਦੀ ਵਰਕਰ ਪਿੰਡ ਭੀਮਸ਼ੋਲ ਵਿਚ ਜਾਣ ਵਾਲੇ ਹਨ। ਤੁਸੀ ਕਹੋਗੇ ਤੇ ਪੁਲਿਸ ਪਿੰਡ ਵਿਚ ਆ ਜਾਵੇਗੀ। ਤੁਸੀ ਪੁਲਿਸ ਨੂੰ ਪਿੰਡ ਵਿਚ ਆਉਣ ਦੀ ਸੂਚਨਾ ਦੇ ਦਿਉ।''

ਥੋੜੀ ਹੀ ਦੇਰ ਵਿਚ ਉਥੇ ਪਿੜਕਾਂਟਾ ਪੁਲਿਸ ਚੌਕੀ ਤੋਂ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ। ਕੁੱਝ ਹੀ ਦੇਰ ਵਿਚ ਪੰਚਾਇਤ ਪ੍ਰਧਾਨ ਆਰਤੀ ਬਾਸਕੇ ਅਤੇ ਉਪ ਪ੍ਰਧਾਨ ਪਰਿਮਲ ਧਰ ਵੀ ਉਥੇ ਆ ਗਏ। ਹੁਣ ਸਟੇਜ ਉਤੇ ਕੱਚ ਦਾ ਇਕ ਗਲਾਸ, ਇਕ ਭਾਂਡੇ ਵਿਚ ਪਾਣੀ ਤੇ ਥੋੜਾ ਆਟਾ ਰਖਿਆ ਗਿਆ। ਪਾਣੀ ਵਿਚ ਆਟਾ ਗੁੰਨ੍ਹਿਆ। ਉਸ ਦੀਆਂ ਛੋਟੀਆਂ-ਛੋਟੀਆਂ ਕਈ ਗੋਲੀਆਂ ਬਣਾ ਕੇ ਇਕ ਪੱਤਲ ਵਿਚ ਰਖੀਆਂ ਗਈਆਂ।

ਦਰਸ਼ਕਾਂ ਦੀ ਭੀੜ ਵਿਚ ਖੜੇ ਰਮੇਸ਼ ਮਹਿਤੋ ਨੂੰ ਕੋਲ ਬੁਲਾ ਕੇ ਸੁਮਨ ਅਤੇ ਅਨਿੰਦਯ ਨੇ ਲੋਕਾਂ ਨੂੰ ਕਿਹਾ ਕਿ ''ਤੁਸੀ ਵੇਖਿਆ ਹੋਵੇਗਾ ਕਿ ਪਿੰਡ ਵਿਚ ਕਿਸੇ ਘਰ ਵਿਚ ਭੂਤਪ੍ਰੇਤ ਦਾ ਪਤਾ ਲਗਾਉਣ ਲਈ ਜਾਨਗੁਰੂ 2-4 ਕਾਰਨਾਮੇ ਕਰ ਕੇ ਵਿਖਾਉਂਦੇ ਹਨ। ਅੱਜ ਅਸੀ ਵੀ ਅਜਿਹਾ ਹੀ ਕਰ ਕੇ ਵਿਖਾਉਣ ਵਾਲੇ ਹਾਂ।'' ਗਲਾਸ ਪਾਣੀ ਨਾਲ ਭਰਿਆ ਗਿਆ। ਪੱਤਲ ਤੋਂ ਆਟੇ ਦੀ ਇਕ ਗੋਲੀ ਹੱਥ ਵਿਚ ਲੈ ਕੇ ਕਿਹਾ ਗਿਆ, ''ਗੋਲੀ ਵਿਚ ਮੰਤਰ ਪੜ੍ਹਿਆ ਹੋਇਆ ਹੈ। ਕਤਾਰ ਵਿਚ ਖੜੇ ਇਕ ਦੇ ਬਾਅਦ ਇਕ ਆਦਮੀ ਦਾ ਨਾਂ ਲਿਆ ਜਾਵੇਗਾ ਤੇ ਉਸ ਦੇ ਨਾਂ ਉਤੇ ਗੋਲੀ ਗਲਾਸ ਦੇ ਪਾਣੀ ਵਿਚ ਪਾਈ ਜਾਵੇਗੀ

ਜਿਸ ਦਾ ਨਾਂ ਲੈਣ ਉਤੇ ਗੋਲੀ ਪਾਣੀ ਵਿਚ ਨਹੀਂ ਡੁੱਬੀ ਤਾਂ ਇਹ ਸਾਬਤ ਹੋਵੇਗਾ ਕਿ ਉਸ ਦੇ ਘਰ ਵਿਚ ਭੂਤ  ਹੈ।'' ਹੁਣ ਅਨਿੰਦਯ ਦੇ ਨਾਂ ਉਤੇ ਗਲਾਸ ਵਿਚ ਗੋਲੀ ਪਾਈ ਤਾਂ ਉਹ ਤੈਰਨ ਲੱਗੀ। ਇਹ ਵੇਖ ਕੇ ਲੋਕ ਹੈਰਾਨ ਹੋ ਗਏ। ਤਦੇ ਭੀੜ ਵਿਚੋਂ ਇਕ ਆਦਮੀ ਨੇ ਉੱਚੀ ਆਵਾਜ਼ ਵਿਚ ਕਿਹਾ, ''ਰਮੇਸ਼ ਦੇ ਘਰ ਵਿਚ ਭੂਤ ਹੈ।'' 
ਅਨਿੰਦਯ ਨੇ ਪੁਛਿਆ, ''ਕੌਣ ਕਹਿੰਦਾ ਹੈ ਕਿ ਰਮੇਸ਼ ਦੇ ਘਰ ਵਿਚ ਭੂਤ ਹੈ?'' ''ਜਾਨਗੁਰੂ ਨੇ ਤੰਤਰ ਮੰਤਰ ਕਰ ਕੇ ਇਹ ਸਾਬਤ ਕਰ ਕੇ ਵਿਖਾਇਆ ਹੈ ਕਿ ਰਮੇਸ਼ ਦੇ ਘਰ ਵਿਚ ਭੂਤ ਹੈ।'' ਭੀੜ ਵਿਚੋਂ ਇਕ ਆਵਾਜ਼ ਆਈ। 

''ਕੀ ਤੁਸੀ ਲੋਕ ਜਾਨਗੁਰੂ ਨੂੰ ਇਸ ਸਟੇਜ ਉਤੇ ਹਾਜ਼ਰ ਕਰ ਸਕਦੇ ਹੋ? ਜੇਕਰ ਉਸ ਨੇ ਸਾਡੇ ਸਾਹਮਣੇ ਦੁਬਾਰਾ ਇਹ ਸਾਬਤ ਕਰ ਦਿਤਾ ਕਿ ਰਮੇਸ਼ ਦੇ ਘਰ ਵਿਚ ਭੂਤ ਹੈ ਤਾਂ ਅਸੀ ਉਸ ਨੂੰ 25 ਲੱਖ ਦਾ ਇਨਾਮ ਦੇਵਾਂਗੇ।'' ''ਰਮੇਸ਼ ਦੇ ਘਰ ਵਿਚ ਭੂਤ ਹੈ, ਇਸ ਨੂੰ ਦੱਸਣ ਲਈ ਜਾਨਗੁਰੂ ਨੇ ਜੋ ਕਾਰਨਾਮਾ ਵਿਖਾਇਆ ਸੀ, ਉਸ ਵਿਚ ਸਿਰਫ਼ ਧੋਖਾਧੜੀ ਹੈ। ਭੂਤਪ੍ਰੇਤ ਦੀ ਗੱਲ ਬਕਵਾਸ ਹੈ। ਪਰ ਜਾਨਗੁਰੂ ਵਰਗੇ ਪਾਖੰਡੀ ਲੋਕ ਅਪਣਾ ਉੱਲੂ ਸਿੱਧਾ ਕਰਨ ਲਈ ਭੂਤਪ੍ਰੇਤ ਦੇ ਨਾਂ ਦਾ ਡਰ ਵਿਖਾ ਕੇ ਅੰਧਵਿਸ਼ਵਾਸ ਵਿਚ ਡੁੱਬੇ ਲੋਕਾਂ ਨੂੰ ਲੁਟਦੇ ਹਨ। ਮਾਨਿਕ ਮਹਿਤੋ ਦੇ ਘਰ ਵਿਚ ਭੂਤ ਹੋਣ ਦਾ ਦੋਸ਼ ਵੀ ਬਿਲਕੁਲ ਬੇਬੁਨਿਆਦ ਹੈ।'' 

ਇਕ ਪਿੰਡ ਵਾਲੇ ਨੇ ਪੁਛਿਆ, ''ਤੁਸੀ ਸਟੇਜ ਉਤੇ ਜੋ ਵੀ ਕਾਰਨਾਮਾ ਵਿਖਾਇਆ ਹੈ ਉਸ ਦੇ ਪਿਛੇ ਤੰਤਰਮੰਤਰ ਨਹੀਂ ਹੈ?'' ਇਸ ਰੀਪੋਰਟਰ ਨੇ ਕਿਹਾ, ''ਅਸੀ ਸਿਰਫ਼ ਲੌਕਿਕ ਢੰਗ ਨਾਲ ਇਹ ਕਾਰਨਾਮਾ ਵਿਖਾਇਆ ਹੈ।'' ''ਬਿਨਾਂ ਮਾਚਿਸ ਦੇ ਮਿੱਟੀ ਦੀ ਕਟੋਰੀ ਵਿਚ ਰਖੀਆਂ ਲਕੜੀਆਂ ਵਿਚ ਅੱਗ ਕਿਵੇਂ ਲੱਗ ਗਈ?'' ਇਕ ਹੋਰ ਆਦਮੀ ਨੇ ਸਵਾਲ ਦਾਗਿਆ। ''ਤੁਸੀ ਵੇਖਿਆ ਹੋਵੇਗਾ ਕਿ ਸੁਮਨ ਨੇ ਇਕ ਚਮਚੇ ਨਾਲ ਪਾਣੀ ਵਰਗਾ ਤਰਲ ਕਟੋਰੀ ਵਿਚ ਬੂੰਦ-ਬੂੰਦ ਕਰ ਕੇ ਡੇਗਿਆ ਸੀ। ਇਹ ਕੋਈ ਆਮ ਤਰਲ ਨਹੀਂ, ਸਗੋਂ ਗਿਲਸਰੀਨ ਸੀ ਤੇ ਕਟੋਰੀ ਵਿਚ ਪਹਿਲਾਂ ਤੋਂ ਹੀ ਲਕੜੀ ਦੇ ਨਾਲ ਇਕ ਕੈਮੀਕਲ ਪੋਟੇਸ਼ੀਅਮ ਪਰਮੈਗਨੇਟ ਰਖਿਆ ਹੋਇਆ ਸੀ।

ਪੋਟੇਸ਼ੀਅਮ ਪਰਮੈਗਨੇਟ ਵਿਚ ਗਲਿਸਰੀਨ ਘੁਲਦੇ ਸਾਰ ਕਟੋਰੀ ਵਿਚ ਅੱਗ ਸੁਲਗ ਪਈ ਸੀ।'' ''ਆਟੇ ਦੀ ਗੋਲੀ ਪਾਣੀ ਵਿਚ ਕਿਵੇਂ ਤੈਰਨ ਲਗਦੀ ਹੈ?'' 
''ਆਟੇ ਦੀਆਂ ਗੋਲੀਆਂ ਵਿਚ ਤੰਤਰਮੰਤਰ ਦੀ ਸ਼ਕਤੀ ਨਹੀਂ ਹੈ। ਪੱਤਲ ਵਿਚ ਰਖੀਆਂ ਹੋਈਆਂ ਗੋਲੀਆਂ ਵਿਚੋਂ ਕਈਆਂ ਵਿਚ ਪਹਿਲਾਂ ਤੋਂ ਥਰਮਾਕੋਲ ਦੇ ਛੋਟੇ-ਛੋਟੇ ਟੁਕੜੇ ਭਰੇ ਹੋਏ ਸਨ। ਅਜਿਹੀ ਗੋਲੀ ਪਾਣੀ ਵਿਚ ਡੁੱਬਣ ਦੀ ਬਜਾਏ ਤੈਰਨ ਲਗਦੀ ਹੈ। ਜਾਨਗੁਰੂ, ਤਾਂਤਰਿਕ, ਬਾਬਾ ਕੋਲ ਕੋਈ ਵੀ ਅਲੌਕਿਕ ਸ਼ਕਤੀ ਨਹੀਂ ਹੁੰਦੀ। ਉਹ ਜੋ ਵੀ ਕਾਰਨਾਮੇ ਵਿਖਾਉਂਦੇ ਹਨ, ਉਨ੍ਹਾਂ ਨੂੰ ਵੇਖ ਕੇ ਆਮ ਲੋਕ ਸਮਝਣ ਲਗਦੇ ਹਨ ਕਿ ਜਾਨਗੁਰੂ ਕੋਲ ਅਲੌਕਿਕ ਸ਼ਕਤੀ ਹੈ।'' 

ਇਹ ਸੁਣ ਕੇ ਪੰਚਾਇਤ ਪ੍ਰਧਾਨ ਆਰਤੀ ਬਾਸਕੇ ਨੇ ਕਿਹਾ, ''ਜਾਨਗੁਰੂ ਦੀਆਂ ਗੱਲਾਂ ਵਿਚ ਆ ਕੇ ਪਿੰਡ ਵਾਲਿਆਂ ਨੇ ਬੇਗੁਨਾਹ ਮਾਨਿਕ ਮਹਤੋਂ ਦੇ ਪ੍ਰਵਾਰ ਨੂੰ ਸਮਾਜ ਤੋਂ ਬਾਹਰ ਕੀਤਾ। ਇਸ ਦਾ ਸਾਨੂੰ ਦੁੱਖ ਹੈ। ਮਹਤੋ ਪ੍ਰਵਾਰ ਨੂੰ ਘਰ ਵਿਚ ਭੂਤ ਪਾਲਣ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ, ਉਹ ਬਿਲਕੁਲ ਗ਼ਲਤ ਹੈ। ਅੱਜ ਤੋਂ ਪੰਚਾਇਤ ਮਹਿਤੋ ਪ੍ਰਵਾਰ ਉਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਮੁਕਤ ਕਰਦੀ ਹੈ।'' 

ਅਨੁਵਾਦਕ : ਪਵਨ ਕੁਮਾਰ ਰੱਤੋਂ, 
ਸੰਪਰਕ : 94173-71455

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM
Advertisement