ਔਰਤ ਵਰਗ ਦੇ ਸਵੈਮਾਣ ਲਈ ਪ੍ਰੇਰਨਾ ਬਣੀ ਇਰਾਨੀ ਮੁਟਿਆਰ ਰਿਹਾਨਾ ਜ਼ੁਬਾਰੀ
Published : Oct 25, 2020, 9:56 am IST
Updated : Oct 25, 2020, 10:13 am IST
SHARE ARTICLE
Reyhaneh Jabbari
Reyhaneh Jabbari

ਇਸ ਧਰਤੀ ਉਪਰ ਕੁਦਰਤੀ ਅਤੇ ਗ਼ੈਰ-ਕੁਦਰਤੀ ਤੌਰ 'ਤੇ ਰੋਜ਼ਾਨਾ ਅਣਗਿਣਤ ਲੋਕ ਮਰਦੇ ਹਨ ਜਾਂ ਮਾਰੇ ਜਾਂਦੇ ਹਨ।

ਇਸ ਧਰਤੀ ਉਪਰ ਕੁਦਰਤੀ ਅਤੇ ਗ਼ੈਰ-ਕੁਦਰਤੀ ਤੌਰ 'ਤੇ ਰੋਜ਼ਾਨਾ ਅਣਗਿਣਤ ਲੋਕ ਮਰਦੇ ਹਨ ਜਾਂ ਮਾਰੇ ਜਾਂਦੇ ਹਨ। ਸਦੀਵੀ ਤੌਰ 'ਤੇ ਤੁਰ ਜਾਣ ਵਾਲਿਆਂ ਵਿਚ ਜਿਹੜੇ ਲੋਕ ਵੱਡਾ ਖ਼ਲਾਅ ਪੈਦਾ ਕਰ ਜਾਂਦੇ ਹਨ, ਉਨ੍ਹਾਂ ਵਿਚ ਇਰਾਨੀ ਮੁਟਿਆਰ 'ਰਿਹਾਨਾ ਜ਼ੁਬਾਰੀ' ਵੀ ਸ਼ਾਮਲ ਹੋ ਚੁਕੀ ਹੈ। ਵਿਸ਼ਵ ਨੇ ਇਹ ਨਿਰਛਲ ਚਿਹਰਾ 26 ਅਕਤੂਬਰ 2014 ਦੇ ਅਖ਼ਬਾਰਾਂ ਜਾਂ ਛੋਟੇ ਪਰਦੇ 'ਤੇ ਵੇਖਿਆ ਸੀ ਕਿਉਂਕਿ 25 ਅਕਤੂਬਰ 2014 ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਨੇੜੇ ਗੋਹਾਰਦਸਤ ਜੇਲ੍ਹ ਵਿਚ ਹਕੂਮਤ ਵਲੋਂ ਇਸ ਮੁਟਿਆਰ ਨੂੰ ਫ਼ਾਂਸੀ ਲਾ ਕੇ ਮਾਰ ਦਿਤਾ ਗਿਆ ਸੀ।

Reyhaneh JabbariReyhaneh Jabbari

ਇਮਾਰਤਾਂ ਅਤੇ ਦਫ਼ਤਰਾਂ ਦੀ ਅੰਦਰੂਨੀ ਸਜਾਵਟ ਦੀ ਮਾਹਰ ਇਸ ਕੁੜੀ ਦਾ ਕਸੂਰ ਇਹ ਸੀ ਕਿ ਉਸ ਨੇ ਅਪਣੇ ਆਤਮ-ਸਨਮਾਨ ਲਈ, ਆਤਮ ਰਖਿਆ ਵਜੋਂ ਇਰਾਨੀ ਖ਼ੁਫ਼ੀਆ ਵਿਭਾਗ ਦੇ ਇਕ ਸਾਬਕਾ ਅਧਿਕਾਰੀ ਮੁਰਤਜ਼ਾ ਸਰਬੰਦੀ ਨੂੰ ਉਦੋਂ ਚਾਕੂ ਮਾਰ ਦਿਤਾ ਸੀ ਜਦੋਂ ਉਸ ਨੇ ਉਸ ਸਮੇਂ 19 ਵਰ੍ਹਿਆਂ ਦੀ ਇਸ ਨੌਜਵਾਨ ਲੜਕੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। 

Reyhaneh JabbariReyhaneh Jabbari

ਚਾਕੂ ਦੇ ਵਾਰ ਨਾਲ ਹੋਏ ਜ਼ਖਮ ਵਿਚੋਂ ਵਧੇਰੇ ਖ਼ੂਨ ਨਿਕਲਣ ਕਰ ਕੇ ਇਸ ਅਧਿਕਾਰੀ ਦੀ ਮੌਤ ਹੋ ਗਈ ਸੀ ਅਤੇ ਰਿਹਾਨਾ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਲਿਆ ਗਿਆ ਸੀ। ਰਿਹਾਨਾ ਦੇ ਮਾਪਿਆਂ ਨੂੰ ਵੀ ਉਸ ਸਮੇਂ ਰਿਹਾਨਾਂ ਦੀ ਇਹ ਕਾਰਵਾਈ ਚੰਗੀ ਨਹੀਂ ਸੀ ਲੱਗੀ ਪਰ ਅਪਣੇ ਇਕ ਪੱਤਰ ਵਿਚ ਉਸ ਨੇ ਅਪਣੀ ਮਾਂ ਨੂੰ ਲਿਖੀਆਂ ਇਹ ਲਾਈਨਾਂ ਇਸ ਮੁਟਿਆਰ ਦੇ ਸਵੈਮਾਣ ਲਈ ਸੰਜੀਦਾ ਪਹਿਰੇਦਾਰੀ ਦਾ ਪ੍ਰਗਟਾਵਾ ਕਰਦੀਆਂ ਹਨ। 

Reyhaneh JabbariReyhaneh Jabbari

ਉਸ ਨੇ ਅਪਣੀ ਮਾਂ ਨੂੰ ਲਿਖਿਆ, ''ਮੇਰੀ ਪਿਆਰੀ ਮਾਂ! ਮੇਰੀ ਮੌਤ ਤੋਂ ਬਾਅਦ ਤੈਨੂੰ ਮੇਰੀ ਲਾਸ਼ ਦੀ ਸ਼ਨਾਖ਼ਤ ਲਈ ਬੁਲਾਇਆ ਜਾਣਾ ਸੀ। ਤੇਰੇ ਲਈ ਇਹ ਸੁਣਨਾ ਕਿੰਨਾ ਔਖਾ ਹੋਣਾ ਸੀ ਕਿ ਜਦੋਂ ਤੈਨੂੰ ਇਹ ਪਤਾ ਲਗਣਾ ਸੀ ਕਿ ਮਾਰਨ ਤੋਂ ਪਹਿਲਾਂ ਤੇਰੀ ਧੀ 'ਰਿਹਾਨਾ' ਨਾਲ ਜਬਰ-ਜਿਨਾਹ ਵੀ ਕੀਤਾ ਗਿਆ ਸੀ।'' ਸਪਸ਼ਟ ਹੈ ਰਿਹਾਨਾ ਨੇ ਸਮਝੌਤਾ ਨਹੀਂ ਸੀ ਕੀਤਾ, ਸਗੋਂ ਇਕ ਦਰਿੰਦੇ ਨੂੰ ਵੰਗਾਰਿਆ ਸੀ, ਬੁਰੀ ਸੋਚਣੀ ਤੇ ਅਮਲ ਨੂੰ ਸਬਕ ਦਿਤਾ ਸੀ ਅਤੇ ਉਸ ਨੇ ਇਕ ਮਿਸਾਲੀ ਕੰਮ ਕੀਤਾ ਸੀ।

Reyhaneh JabbariReyhaneh Jabbari

ਇਹ ਘਟਨਾ 2007 ਦੀ ਸੀ ਅਤੇ ਉਹ ਮਰਨ ਸਮੇਂ ਤਕ 7 ਸਾਲ ਜੇਲ੍ਹ ਵਿਚ ਰਹੀ। ਤਹਿਰਾਨ ਅਦਾਲਤ ਨੇ ਉਸ ਨੂੰ 2009 ਵਿਚ ਇਸ ਕਾਰਨ ਕਿ ਰਿਹਾਨਾ ਨੇ ਘਟਨਾ ਤੋਂ 2 ਦਿਨ ਪਹਿਲਾਂ ਹੀ ਚਾਕੂ ਖਰੀਦਿਆ ਸੀ, ਦੋਸ਼ੀ ਕਰਾਰ ਦਿੰਦਿਆਂ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਉੱਚ ਅਦਾਲਤਾਂ ਵੀ ਉਸ ਦੀਆਂ ਅਪੀਲਾਂ ਰੱਦ ਕਰਦੀਆਂ ਗਈਆਂ।

Reyhaneh JabbariReyhaneh Jabbari

ਅਜਿਹਾ ਹੋਣ ਤੋਂ ਬਾਅਦ ਮਨੁੱਖੀ-ਅਧਿਕਾਰਾਂ ਦੀਆਂ ਸੰਸਥਾਵਾਂ ਐਮਨਿਸਟੀ ਇੰਟਰਨੈਸ਼ਨਲ, ਯੂਰਪੀਨ ਯੂਨੀਅਨ, ਗੇਟ ਸਟੋਨ ਇੰਸਟੀਚਿਊਟ ਆਦਿ ਨੇ ਦੁਨੀਆਂ ਦੇ ਕਿੰਨੇ ਹੀ ਮਹਾਂ-ਨਗਰਾਂ ਵਿਚ ਇਸ ਫਾਂਸੀ 'ਤੇ ਰੋਕ ਲਾਉਣ ਲਈ ਰੋਸ ਪ੍ਰਗਟਾਵੇ ਕੀਤੇ ਅਤੇ ਇਰਾਨੀ ਹੁਕਮਰਾਨਾ ਨੂੰ 20,000 ਤੋਂ ਵਧੇਰੇ ਦਸਤਖ਼ਤਾਂ ਵਾਲੀ ਅਪੀਲ ਸੌਂਪੀ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਰਿਹਾਨਾ ਜ਼ੁਬਾਰੀ ਨੂੰ ਫਾਹੇ ਨਾ ਲਾਇਆ ਜਾਵੇ। 

Reyhaneh JabbariReyhaneh Jabbari

ਭਾਵੇਂ ਸੰਕੇਤ ਇਹ ਮਿਲ ਰਹੇ ਸਨ ਕਿ ਜ਼ੁਬਾਰੀ ਨੂੰ 29 ਸਤੰਬਰ ਤਕ ਫ਼ਾਂਸੀ ਦੇ ਦਿਤੀ ਜਾਵੇਗੀ ਪਰ ਕੌਮਾਂਤਰੀ ਦਬਾਅ ਕਾਰਨ ਇਰਾਨੀ ਹੁਕਮਰਾਨਾਂ ਨੇ 1 ਅਕਤੂਬਰ ਨੂੰ ਇਹ ਬਿਆਨ ਦੇ ਦਿਤਾ ਕਿ ਹਾਲ ਦੀ ਘੜੀ ਰਿਹਾਨਾ ਦੀ ਫ਼ਾਂਸੀ ਰੋਕ ਦਿਤੀ ਗਈ ਹੈ। ਇਥੋਂ ਤਕ ਕਿ ਇਰਾਨ ਦੇ ਇਕ ਮੰਤਰੀ ਨੇ ਤਾਂ ਇਹ ਬਿਆਨ ਵੀ ਦੇ ਦਿਤਾ ਸੀ ਕਿ ਜ਼ੁਬਾਰੀ ਦੇ ਕੇਸ ਦਾ ਖ਼ੁਸ਼ਨੁਮਾ ਅੰਤ ਹੋ ਸਕਦਾ ਹੈ ।

Reyhaneh JabbariReyhaneh Jabbari

ਦੂਸਰੇ ਪਾਸੇ ਇਰਾਨ ਦੀ ਸੁਪਰੀਮ ਕੋਰਟ ਨੇ ਇਸਲਾਮੀ ਕਾਨੂੰਨ ਦੇ ਆਧਾਰ 'ਤੇ ਇਹ ਆਖ਼ਰੀ ਹੁਕਮ ਕੀਤਾ ਸੀ ਕਿ ਹੁਣ ਬਲੱਡ-ਮਨੀ (ਮ੍ਰਿਤਕ ਦੀ ਧਿਰ ਵਲੋਂ ਕਾਤਲ ਦੇ ਵਾਰਸਾਂ ਤੋਂ ਮੂੰਹ ਮੰਗੇ ਪੈਸੇ ਲੈ ਕੇ ਖ਼ਿਮਾਂ ਕਰਨ ਦੇ ਆਧਾਰ 'ਤੇ) ਅਦਾ ਕਰਨ ਉਪਰੰਤ ਹੀ ਰਿਹਾਨਾ ਦੀ ਜਾਨ ਬਚਾਈ ਜਾ ਸਕਦੀ ਹੈ। ਫਿਰ ਰਿਹਾਨਾ ਦੇ ਵਾਰਸਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਆਖ਼ਰੀ ਹੰਭਲੇ ਵਜੋਂ, ਮ੍ਰਿਤਕ ਦੇ ਪਰਵਾਰ ਨੂੰ ਬਲੱਡ ਮਨੀ ਦੀ ਪੇਸ਼ਕਸ਼ ਕੀਤੀ ਜੋ ਮ੍ਰਿਤਕ ਦੇ ਪਰਵਾਰ ਨੇ ਠੁਕਰਾ ਦਿਤੀ ਅਤੇ ਫਿਰ 26 ਅਕਤੂਬਰ ਨੂੰ ਇਹ ਮੰਦਭਾਗੀ ਖ਼ਬਰ ਆਈ ਕਿ ਇਸ ਮੁਟਿਆਰ ਨੂੰ ਫਾਹੇ ਲਾ ਦਿਤਾ ਗਿਆ ਹੈ।

Reyhaneh JabbariReyhaneh Jabbari

ਅਜਿਹਾ ਹੋਣ ਉਪਰੰਤ ਰਿਹਾਨਾ ਨੂੰ ਬਚਾਉਣ ਦੀ ਚਾਰਾਜੋਈ ਕਰਨ ਵਾਲੀ ਧਿਰ ਮਾਯੂਸ ਹੋ ਕੇ ਰਹਿ ਗਈ। ਰਿਹਾਨਾ ਦੀ ਮਾਂ 'ਸੁਲੇਹ' ਨੇ ਅੰਬਰਾਂ ਨੂੰ ਕੰਬਣੀ ਛੇੜ ਦੇਣ ਜਿਹਾ ਵਿਰਲਾਪ ਕੀਤਾ। ਪਰ ਅਣਹੋਣੀ ਵਾਪਰ ਚੁਕੀ ਸੀ। ਰਿਹਾਨਾ ਨੂੰ ਫਾਹੇ ਲਾਉਣ ਉਪਰੰਤ ਹੀ ਰਿਹਾਨਾ ਦਾ 1 ਅਪ੍ਰੈਲ 2014 ਨੂੰ ਲਿਖਿਆ ਖਤ ਜੱਗ-ਜ਼ਾਹਰ ਹੋਇਆ ਸੀ ਜਿਸ ਵਿਚ ਉਸ ਦਾ ਸਵੈਮਾਣ ਦੀ ਰਾਖੀ ਲਈ ਮਰ ਮਿਟਣ ਦਾ ਸੁਨੇਹਾ ਅਤੇ ਉਸ ਦੀ ਮਾਨਵਤਾ ਰੂਪਮਾਨ ਹੁੰਦੀ ਹੈ। ਉਸ ਲੰਮੇ ਖ਼ੱਤ ਦੇ ਕੁਝ ਅੰਸ਼ ਪੇਸ਼ ਹਨ:

Reyhaneh JabbariReyhaneh Jabbari

''ਮੇਰੀ ਪਿਆਰੀ ਮਾਂ, ਮੈਂ ਜ਼ਿੰਦਗੀ ਦੀ ਪੁਸਤਕ ਦੇ ਆਖ਼ਰੀ ਪੰਨੇ 'ਤੇ ਪਹੁੰਚ ਚੁਕੀ ਹਾਂ.... ਮੈਂ ਤੁਹਾਡੇ ਹੱਥਾਂ ਨੂੰ ਚੁੰਮਣਾ ਚਾਹੁੰਦੀ ਹਾਂ। ਦੁਨੀਆਂ ਨੇ ਮੈਨੂੰ ਆਜ਼ਾਦੀ ਨਾਲ 19 ਸਾਲ ਜਿਉਂਣ ਦਾ ਮੌਕਾ ਦਿਤਾ ਹੈ। ਉਸ ਮੰਦਭਾਗੀ ਘੜੀ ਮੇਰੀ ਮੌਤ ਵੀ ਹੋ ਸਕਦੀ ਸੀ। ਮੇਰੀ ਲਾਸ਼ ਨੂੰ ਸ਼ਹਿਰ ਦੀ ਕਿਸੇ ਨੁੱਕਰ ਵਿਚ ਸੁੱਟ ਦਿਤਾ ਜਾਣਾ ਸੀ। ਫਿਰ ਪੁਲਿਸ ਨੇ ਤੈਨੂੰ ਮੇਰੀ ਲਾਸ਼ ਦੀ ਸ਼ਨਾਖ਼ਤ ਲਈ ਲੈ ਕੇ ਆਉਣਾ ਸੀ। ਲਾਸ਼ ਪਹਿਚਾਣਨ ਉਪਰੰਤ ਤੇਰੀ ਪੀੜ ਉਦੋਂ ਅਸਹਿ ਹੋ ਜਾਣੀ ਸੀ

Reyhaneh JabbariReyhaneh Jabbari

ਜਦੋਂ ਤੈਨੂੰ ਇਹ ਪਤਾ ਲਗਣਾ ਸੀ ਕਿ ਮਰਨ ਤੋਂ ਪਹਿਲਾਂ ਤੇਰੀ ਧੀ ਨਾਲ ਜਬਰ-ਜ਼ਨਾਹ ਵੀ ਹੋਇਆ ਸੀ ਕਿਉਂਕਿ ਮੈਨੂੰ ਅਪਮਾਨਤ ਕਰ ਕੇ ਮਾਰਨ ਵਾਲਾ ਇਕ ਰੁਤਬੇ ਵਾਲਾ ਅਤੇ ਧਨਾਢ ਵਿਅਕਤੀ ਹੋਣਾ ਸੀ ਜਿਸ ਕਾਰਨ ਤੁਹਾਨੂੰ ਭਰ-ਉਮਰ ਮੇਰੇ ਕਾਤਲ ਦਾ ਪਤਾ ਨਹੀਂ ਸੀ ਲੱਗ ਸਕਣਾ। ਤੁਸੀ ਇਸ ਮਾਨਸਕ ਪੀੜ ਨੂੰ ਸਹਿੰਦਿਆਂ ਖ਼ੁਦ ਅਗੇਤਿਆਂ ਹੀ ਮਰ ਜਾਣਾ ਸੀ।

Reyhaneh JabbariReyhaneh Jabbari

ਮਾਂ! ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੌਤ, ਜ਼ਿੰਦਗੀ ਦਾ ਅੰਤ ਨਹੀਂ ਹੁੰਦਾ। ਤੂੰ ਹੀ ਤਾਂ ਮੈਨੂੰ ਇਹ ਸਿਖਿਆ ਦਿਤੀ ਸੀ ਕਿ ਬੰਦੇ ਨੂੰ ਨੈਤਿਕ-ਕਦਰਾਂ ਅਤੇ ਅਪਣੇ ਸਵੈ-ਮਾਣ ਦੀ ਰਾਖੀ ਲਈ ਮਰ ਮਿਟਣਾ ਚਾਹੀਦਾ ਹੈ। ਮਾਂ ਜਦੋਂ ਮੈਨੂੰ ਅਦਾਲਤ ਵਿਚ ਹਤਿਆਰਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਤਾਂ ਮੈਂ ਘਬਰਾਈ ਨਹੀਂ, ਨਾ ਮੈਂ ਅੱਥਰੂ ਵਹਾਏ ਤੇ ਨਾ ਹੀ ਮੈਂ ਜਿਊਣ ਲਈ ਭੀਖ ਮੰਗੀ।

Reyhaneh JabbariReyhaneh Jabbari

ਮਾਂ, ਤੂੰ ਇਹ ਵੀ ਜਾਣਦੀ ਏਂ ਕਿ ਮੈਂ ਤਾਂ ਕਦੇ ਮੱਛਰ ਵੀ ਨਹੀਂ ਸੀ ਮਾਰਿਆ, ਮਰੇ ਕਾਕਰੋਚ ਨੂੰ ਵੀ ਮੁੱਛ ਤੋਂ ਫੜ ਕੇ ਪਰ੍ਹਾਂ ਵਗਾਹ ਮਾਰਦੀ ਸੀ। ਪਰ ਹੁਣ ਮੈਨੂੰ ਅਪਰਾਧੀ ਦਸਿਆ ਜਾ ਰਿਹਾ ਹੈ। ਤੂੰ ਮੇਰੀ ਹੋਣੀ ਬਾਰੇ ਸੁਣ ਕੇ ਰੋਈਂ ਨਾ। ਵਿਚਾਰਾਂ, ਉਮੰਗਾਂ, ਸੁੰਦਰ ਲੇਖਣੀ, ਸਲੀਕਾ-ਬੱਧ ਬੋਲ ਚਾਲ, ਸੁਹੱਪਣ ਆਦਿ ਸਿਫ਼ਤਾਂ ਦੀ ਕਦਰ ਤਾਂ ਪੁਲਿਸ ਅਤੇ ਜੇਲ੍ਹਾਂ ਤੋਂ ਪਾਸੇ ਹੀ ਹੁੰਦੀ ਹੈ।

Reyhaneh JabbariReyhaneh Jabbari

ਮਾਂ, ਮੈਂ ਬੜੀ ਬਦਲ ਚੁੱਕੀ ਹਾਂ। ਨਰਮ ਤੋਂ ਕਠੋਰ ਚਿੱਤ ਹੋ ਗਈ ਹਾਂ। ਮੇਰੇ ਕੋਲ ਸ਼ਬਦਾਂ ਦਾ ਅੰਤ ਨਹੀਂ। ਹੋ ਸਕਦਾ ਹੈ ਮੈਨੂੰ ਫ਼ਾਂਸੀ ਲਾਏ ਜਾਣ ਦਾ ਤੈਨੂੰ ਬਾਅਦ ਵਿਚ ਹੀ ਪਤਾ ਲੱਗੇ। ਮੈਂ ਇਹ ਤੇਰੇ ਲਈ ਲਿਖ ਰਹੀ ਹਾਂ। ਮੇਰੀ ਪਿਆਰੀ ਦੁਲਾਰੀ ਅੰਮੀ, ਤੇਰੀ ਦੁੱਧ ਮਖਣਾਂ ਨਾਲ ਪਾਲੀ ਤੇਰੀ ਧੀ ਮਿੱਟੀ ਵਿਚ ਸੜਨਾ ਨਹੀਂ ਚਾਹੁੰਦੀ। ਮੈਂ ਵਸੀਅਤ ਕਰਦੀ ਹਾਂ ਅਤੇ ਬੇਨਤੀ ਵੀ ਕਰਦੀ ਹਾਂ ਕਿ ਮੈਨੂੰ ਫਾਂਸੀ ਲਾਏ ਜਾਣ ਤੋਂ ਤੁਰਤ ਬਾਅਦ ਮੇਰਾ ਦਿਲ, ਮੇਰੇ ਗੁਰਦੇ, ਮੇਰੀਆਂ ਅੱਖਾਂ, ਹੱਡੀਆਂ ਅਤੇ ਮੇਰੇ ਸਰੀਰ ਦੇ ਜੋ ਵੀ ਅੰਗ, ਟਰਾਂਸਪਲਾਂਟ ਹੋ ਸਕਦੇ ਹੋਣ, ਉਹ ਮੇਰੇ ਸਰੀਰ ਵਿਚੋਂ ਕੱਢ ਕੇ ਲੋੜਵੰਦ ਮਰੀਜ਼ਾਂ ਨੂੰ ਦਾਨ ਦੇ ਰੂਪ ਵਿਚ ਦੇ ਦਿਤੇ ਜਾਣ ਅਤੇ ਇਹ ਵੀ ਜ਼ਰੂਰੀ ਹੈ ਕਿ ਅੰਗ ਲੈਣ ਵਾਲੇ ਮਰੀਜ਼ਾਂ ਨੂੰ ਮੇਰੇ ਨਾਂ ਤਕ ਦਾ ਵੀ ਪਤਾ ਨਾ ਲੱਗੇ।
ਦਿਲੀ ਮੋਹ ਨਾਲ ਤੇਰੀ ਧੀ
ਰਿਹਾਨਾ ਜ਼ੁਬਾਰੀ''।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement