ਕਰਨਾਟਕ ਨੇਵਲ ਬੇਸ ਨੇੜਿਓਂ ਸੀਗਲ ਪੰਛੀ ਕਾਬੂ, ਪੰਛੀ ਦੀ ਪਿੱਠ ’ਤੇ ਲੱਗਿਆ ਸੀ ਜੀਪੀਐਸ ਟ੍ਰੈਕਰ
ਕਾਰਵਾਰ/ਸ਼ਾਹ : ਕਰਨਾਟਕ ਦੇ ਤੱਟੀ ਸ਼ਹਿਰ ਕਾਰਵਾਰ ਵਿਚ ਇਕ ਸੀਗਲ ਪੰਛੀ ਦੇ ਮਿਲਣ ਨਾਲ ਹੜਕੰਪ ਮੱਚ ਗਿਆ,, ਹੈਰਾਨੀ ਦੀ ਗੱਲ ਇਹ ਐ ਕਿ ਇਸ ਪੰਛੀ ਦੀ ਪਿੱਠ ’ਤੇ ਇਕ ਹਾਈਟੈੱਕ ਚੀਨੀ ਜੀਪੀਐਸ ਟ੍ਰੈਕਰ ਲੱਗਿਆ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਏ ਕਿ ਚੀਨ ਨੇ ਇਸ ਪੰਛੀ ਨੂੰ ਇੰਡੀਅਨ ਨੇਵੀ ਬੇਸ ’ਤੇ ਜਾਸੂਸੀ ਕਰਨ ਦੇ ਲਈ ਭੇਜਿਆ ਹੋਵੇਗਾ। ਕੀ ਐ ਪੂਰਾ ਮਾਮਲਾ, ਆਓ ਤੁਹਾਨੂੰ ਵਿਸਥਾਰ ’ਚ ਦੱਸਦੇ ਆਂ।
ਦਰਅਸਲ ਪੰਛੀ ਦਾ ਰੰਗ ਅਜ਼ੀਬ ਲੱਗ ਰਿਹਾ ਸੀ, ਜਿਸ ਕਰਕੇ ਸ਼ੱਕ ਹੋਣ ’ਤੇ ਸਥਾਨਕ ਲੋਕਾਂ ਨੇ ਮਰੀਨ ਫਾਰੈਸਟ ਡਿਪਾਰਟਮੈਂਟ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਪੰਛੀ ਨੂੰ ਫੜ ਕੇ ਉਸ ਦੀ ਜਾਂਚ ਕੀਤੀ, ਜਿਸ ਵਿਚ ਪਤਾ ਚੱਲਿਆ ਕਿ ਜੀਪੀਐਸ ਡਿਵਾਇਸ ’ਤੇ ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼ ਲਿਖਿਆ ਹੋਇਆ ਸੀ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਇਸ ਜੀਪੀਐਸ ਦੀ ਵਰਤੋਂ ਪੰਛੀਆਂ ਦੀ ਮੂਵਮੈਂਟ, ਖਾਣ ਪੀਣ ਦੀਆਂ ਆਦਤਾਂ ਅਤੇ ਮਾਈਗ੍ਰੇਸ਼ਨ ਨੂੰ ਸਟੱਡੀ ਕਰਨ ਲਈ ਕੀਤੀ ਜਾਂਦੀ ਐ,,, ਪਰ ਇਹ ਪੰਛੀ ਕਦੰਬਾ ਨੇਵਲ ਬੇਸ ਦੇ ਕੋਲ ਫੜਿਆ ਗਿਆ ਸੀ, ਇਸ ਕਰਕੇ ਸ਼ੱਕ ਜਤਾਇਆ ਜਾ ਰਿਹਾ ਏ ਕਿ ਇਸ ਨੂੰ ਭਾਰਤੀ ਨੇਵਲ ਬੇਸ ਸ’ਤੇ ਜਾਸੂਸੀ ਕਰਨ ਲਈ ਭੇਜਿਆ ਗਿਆ ਹੋਵੇਗਾ।
ਚੀਨੀ ਜਾਸੂਸੀ ਦਾ ਸ਼ੱਕ ਕਿਉਂ?
- ਪੰਛੀ ’ਤੇ ਲੱਗੇ ਡਿਵਾਇਸ ’ਤੇ ਇਕ ਈ-ਮੇਲ ਆਈਡੀ ਲਿਖੀ ਹੋਈ ਸੀ, ਜੋ ਚੀਨ ਦੀ ਇਕ ਵੱਡੀ ਸਰਕਾਰੀ ਸੰਸਥਾ ‘ਚਾਈਨੀਜ਼ ਅਕੈਡਮੀ ਆਫ਼ ਸਾਇੰਸਜ਼’ ਦੀ ਦੱਸੀ ਜਾ ਰਹੀ ਹੈ।
- ਇਹ ਪੰਛੀ ਆਰਕਟਿਕ ਦੇ ਬਰਫ਼ੀਲੇ ਇਲਾਕਿਆਂ ਤੋਂ ਕਰੀਬ 10 ਹਜ਼ਾਰ ਕਿਲੋਮੀਟਰ ਦੀ ਲੰਬੀ ਉਡਾਣ ਭਰ ਕੇ ਭਾਰਤ ਪੁੱਜਾ ਹੈ।
- ਜਿਸ ਜਗ੍ਹਾ ਇਹ ਪੰਛੀ ਮਿਲਿਆ, ਉਥੇ ਭਾਰਤ ਦੀਆਂ ਪਣਡੁੱਬੀਆਂ ਅਤੇ ਜੰਗੀ ਬੇੜੇ ਖੜ੍ਹੇ ਹੁੰਦੇ ਨੇ।
- ਪੰਛੀ ’ਤੇ ਲੱਗੇ ਡਿਵਾਇਸ ਵਿਚ ਇਕ ਛੋਟਾ ਸੋਲਰ ਪੈਨਲ ਵੀ ਲੱਗਿਆ ਸੀ, ਜਿਸ ਨਾਲ ਇਹ ਧੁੱਪ ਵਿਚ ਚਾਰਜ ਹੁੰਦਾ ਰਹਿੰਦਾ ਸੀ।
ਕੀ ਹੈ ਸੀਗਲ ਪੰਛੀਆਂ ਦੀ ਖ਼ਾਸੀਅਤ?
- ਸੀਗਲ ਸਮੁੰਦਰ ਦੇ ਕਿਨਾਰੇ ਪਾਇਆ ਜਾਣ ਵਾਲਾ ਸਭ ਤੋਂ ਬੁੱਧੀਮਾਨ ਅਤੇ ਚਲਾਕ ਪੰਛੀਆਂ ਵਿਚੋਂ ਇਕ ਹੈ।
- ਇਹ ਪੰਛੀ ਆਪਣੀ ਅਨੁਕੂਲ ਸਮਰੱਥਾ ਦੇ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਨੇ।
- ਜ਼ਿਆਦਾਤਰ ਸੀਗਲ ਦਾ ਸਰੀਰ ਚਿੱਟੇ ਅਤੇ ਸਲੇਟੀ ਰੰਗ ਦਾ ਹੁੰਦਾ ਹੈ, ਜਿਸ ਨਾਲ ਇਹ ਆਸਾਨੀ ਨਾਲ ਮੱਛੀਆਂ ਫੜ ਸਕਦੇ ਨੇ।
- ਇਨ੍ਹਾਂ ਦੇ ਪੈਰ ਝਿੱਲੀਦਾਰ ਹੁੰਦੇ ਹਨ ਜੋ ਇਨ੍ਹਾਂ ਨੂੰ ਪਾਣੀ ਵਿਚ ਤੈਰਨ ਲਈ ਮਦਦ ਕਰਦੇ ਨੇ।
-ਇਨ੍ਹਾਂ ਪੰਛੀਆਂ ਦੀ ਨਿਗ੍ਹਾ ਬਹੁਤ ਤੇਜ਼ ਹੁੰਦੀ ਐ, ਜਿਸ ਨਾਲ ਇਹ ਉਚਾਈ ਤੋਂ ਵੀ ਪਾਣੀ ਦੇ ਅੰਦਰ ਸ਼ਿਕਾਰ ਨੂੰ ਦੇਖ ਲੈਂਦੇ ਨੇ।
- ਸੀਗਲ ਇਨਸਾਨਾਂ ਦੇ ਵਿਵਹਾਰ ਨੂੰ ਸਮਝਣ ਵਿਚ ਵੀ ਮਾਹਿਰ ਹੁੰਦੇ ਨੇ।
- ਇਹ ਪੰਛੀ ਝੁੰਡ ਵਿਚ ਰਹਿਣਾ ਪਸੰਦ ਕਰਦੇ ਨੇ, ਇਕ ਦੂਜੇ ਨਾਲ ਗੱਲ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ।
ਦੱਸ ਦਈਏ ਕਿ ਨੇਵਲ ਬੇਸ ਕੋਲੋਂ ਇਸ ਸੀਗਲ ਪੰਛੀ ਦੇ ਮਿਲਣ ਤੋਂ ਬਾਅਦ ਪੁਲਿਸ ਅਤੇ ਨੇਵੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪਤਾ ਲਗਾਇਆ ਜਾ ਰਿਹਾ ਏ ਕਿ ਇਹ ਮਾਮਲਾ ਸਿਰਫ਼ ਪੰਛੀਆਂ ਦੀ ਰਿਸਰਚ ਨਾਲ ਜੁੜਿਆ ਹੈ ਜਾਂ ਇਸ ਦੇ ਪਿੱਛੇ ਚੀਨ ਦੀ ਕੋਈ ਰਣਨੀਤਕ ਚਾਲ ਐ। ਇਸ ਤੋਂ ਇਲਾਵਾ ਪਿਛਲੇ ਸਾਲ ਨਵੰਬਰ ਮਹੀਨੇ ਇਸੇ ਕਾਰਵਾਰ ਬੇਸ ਤੋਂ ਜੀਪੀਐਸ ਦੇ ਨਾਲ ਇਕ ਬਾਜ ਵੀ ਮਿਲਿਆ ਸੀ, ਉਦੋਂ ਵੀ ਇਹੀ ਸ਼ੱਕ ਜਤਾਇਆ ਗਿਆ ਸੀ ਕਿ ਕੋਈ ਰਿਸਰਚ ਦੇ ਨਾਂਅ ’ਤੇ ਭਾਰਤ ਦੀ ਜਾਸੂਸੀ ਕਰ ਰਿਹਾ ਏ। ਉਸ ਬਾਜ ਨੂੰ ਹਾਲੇ ਵੀ ਮਰੀਨ ਫਾਰੈਸਟ ਡਿਪਾਰਟਮੈਂਟ ਦੇ ਦਫ਼ਤਰ ਵਿਚ ਸੁਰੱਖਿਅਤ ਰੱਖਿਆ ਗਿਆ ਏ। ਫਰਵਰੀ 2024 ਵਿਚ ਵੀ ਮੁੰਬਈ ਵਿਚ ਇਕ ਕਬੂਤਰ ਨੂੰ ਚੀਨ ਦਾ ਜਾਸੂਸ ਮੰਨਦਿਆਂ 8 ਮਹੀਨੇ ਤੱਕ ਪੁਲਿਸ ਦੀ ਨਿਗਰਾਨੀ ਵਿਚ ਰੱਖਿਆ ਗਿਆ ਸੀ।
