
ਮਸ਼ਹੂਰ ਸ਼ਾਇਰ ਇਕਬਾਲ ਦਾ ਇਕ ਸ਼ੇਅਰ ਅੱਜ ਮੁਲਕ ਦੀ ਬਣੀ ਹੋਈ ਹਾਲਤ ਉਤੇ ਕਿੰਨਾ ਸਹੀ ਢੁਕਦਾ ਹੈ:
ਮੁੱਦਤੇਂ ਗੁਜ਼ਰ ਗਈ ਰੰਜੋ ਗ਼ਮ ਸਹਿਤੇ ਹੁਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੁਏ।
ਕਦੇ ਦੇਸ਼ ਪਿਆਰ ਵਿਚ ਭਿੱਜ ਕੇ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਲਿਖਣ ਵਾਲਾ ਉਹੀ ਪਿਆਰਾ ਸ਼ਾਇਰ, ਆਖ਼ਰ ਕਿਉਂ ਮਜਬੂਰ ਹੋਇਆ ਇਹ ਕਹਿਣ ਲਈ ਕਿ 'ਮੁਦਤੇਂ ਗੁਜ਼ਰ ਗਈ ਹੈਂ...' ਇਹ ਤਾਂ ਅਸੀ ਸਾਰੇ ਹੀ ਵੇਖ ਰਹੇ ਹਾਂ। ਵੇਖ ਤਾਂ ਰਹੇ ਹਾਂ ਪਰ ਕਰ ਕੁੱਝ ਨਹੀਂ ਸਕਦੇ, ਕਿਉਂਕਿ ਜੋ ਲੋਕ ਸੱਤਾ ਉਤੇ ਕਾਬਜ਼ ਹਨ ਉਹ ਕੁੱਝ ਵੀ ਸੁਣਨ ਦੇ ਰੌਂਅ 'ਚ ਨਹੀਂ। ਉਹ ਸਿਰਫ਼ ਜਨਤਾ ਨੂੰ ਸੁਣਾਉਣ ਵਾਲੇ ਹਨ, ਸੁਣਨ ਵਾਲੇ ਕੁੱਝ ਨਹੀਂ। ਲਵ ਜੇਹਾਦ ਤੋਂ ਸ਼ੁਰੂ ਹੋਇਆ ਸਿਲਸਿਲਾ ਗਊ ਰਖਿਆ, ਘਰ ਵਾਪਸੀ, ਸੱਭ ਭਾਰਤ ਵਾਸੀ ਹਿੰਦੂ ਹਨ ਅਤੇ ਹੋਰ ਕਿੰਨੇ ਸੰਕੀਰਣਤਾ ਭਰਪੂਰ ਰਾਹਾਂ ਤੋਂ ਲੰਘਦਾ ਹੋਇਆ ਇਕ ਖ਼ੂਨੀ ਹਨੇਰੀ ਵਾਂਗ ਬੁੱਤਾਂ ਦੀ ਭੰਨਤੋੜ ਤੋਂ ਅੱਗੇ ਹੋਰ ਪਤਾ ਨਹੀਂ ਕਿੰਨੇ ਕੁ ਬੁਰੇ ਵਕਤ ਵਿਖਾਏਗਾ। ਇਹ ਭੂਤਰੇ ਲੋਕ ਕਹਿ ਰਹੇ ਹਨ ਕਿ ਹਾਲਾਤ ਸੀਰੀਆ ਵਰਗੇ ਬਣ ਸਕਦੇ ਹਨ ਅਤੇ ਨਾਲੋ-ਨਾਲ ਅਪਣੀ ਪ੍ਰਾਈਵੇਟ ਫ਼ੌਜ ਦਾ ਸ਼ਰੇਆਮ ਦਬਦਬਾ, ਸ਼ਕਤੀ ਅਤੇ ਚੁਸਤੀ-ਫ਼ੁਰਤੀ ਦਾ ਵਖਿਆਨ ਵੀ ਖੁੱਲ੍ਹਮ-ਖੁੱਲ੍ਹਾ ਕਰ ਰਹੇ ਹਨ। ਪਰ ਸਿਤਮ-ਜ਼ਰੀਫ਼ੀ ਵੇਖੋ ਕਿ ਟੀ.ਵੀ. ਬਹਿਸਾਂ ਵਿਚ ਬੜੇ ਜ਼ੋਰ-ਸ਼ੋਰ ਨਾਲ ਕਹਿ ਰਹੇ ਹਨ ਕਿ ਹਿੰਦੂ ਕਦੇ ਅਤਿਵਾਦੀ ਹੋ ਹੀ ਨਹੀਂ ਸਕਦਾ। ਕੀ ਉਪਰੋਕਤ ਸਾਰੇ ਕਾਰੇ, ਕਰਤੂਤਾਂ, ਵਖਿਆਨ, ਬਿਆਨ ਸ਼ਾਂਤੀ ਸਥਾਪਤ ਕਰਨ ਵਾਲੇ ਹਨ? ਕਿਸ ਨੂੰ ਮੂਰਖ ਬਣਾ ਰਹੇ ਹੋ? ਪੰਜਾਬ, ਦਿੱਲੀ ਅਤੇ ਹੋਰ ਭਾਰਤੀ ਸ਼ਹਿਰਾਂ ਅੰਦਰ '84 ਦਾ ਸਿੱਖ ਕਤਲੇਆਮ, ਥਾਂ ਥਾਂ ਤੇ ਈਸਾਈਆਂ ਦੇ ਕਤਲ, ਗੋਧਰਾ ਅਤੇ ਹੋਰ ਗੁਜਰਾਤੀ ਸ਼ਹਿਰਾਂ ਅੰਦਰ ਮੁਸਲਮਾਨਾਂ ਦੀ ਕਤਲੋਗ਼ਾਰਤ ਕੀ ਪਾਕਿਸਤਾਨੀ ਆ ਕੇ ਕਰ ਗਏ? ਕੁੱਝ ਤਾਂ ਸ਼ਰਮ ਕਰੋ। ਏਨਾ ਚਿੱਟਾ ਝੂਠ! ਤੋਬਾ! ਤੋਬਾ! ਐਮਰਜੈਂਸੀ ਦੇ ਡੇਢ ਕੁ ਸਾਲ ਦਾ ਅਰਸਾ ਛੱਡ ਕੇ ਪਿਛਲੇ ਸੱਤਰ ਸਾਲਾਂ ਵਿਚ ਮੁਲਕ ਅੰਦਰ ਏਨੀ ਜ਼ਿਆਦਾ ਅਫ਼ਰਾ ਤਫ਼ਰੀ ਕਦੇ ਵੀ ਨਹੀਂ ਹੋਈ। ਬਥੇਰੇ ਦੰਗੇ ਹੋਏ, ਬੇਕਾਇਦਗੀਆਂ, ਬੇਜ਼ਾਬਤੀਆਂ ਬਹੁਤ ਹੋਈਆਂ ਪਰ ਜਿਸ ਤਰੀਕੇ ਨਾਲ ਅਜੋਕੇ ਕਾਲ ਵਿਚ ਨੰਗਾ ਚਿੱਟਾ ਵਿਤਕਰਾ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ, ਧਮਕੀਆਂ, ਧੌਂਸਬਾਜ਼ੀ ਅਤੇ ਧੱਕੇਸ਼ਾਹੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦਾ ਸ਼ਰੇਆਮ ਵਿਤਕਰਾ ਕਦੇ ਨਹੀਂ ਸੀ ਹੋਇਆ।
ਅੱਜ ਇਹ ਰਾਜਭਾਗ ਦੇ ਮਾਲਕ ਬਣ ਬੈਠੇ ਲੋਕ ਸਿਰਫ਼ ਇਕ ਤਿਹਾਈ ਵੋਟਾਂ ਦੇ ਆਸਰੇ ਅਪਣੇ ਆਪ ਨੂੰ ਹਿਟਲਰ ਜਾਂ ਮੁਸੋਲੀਨੀ ਬਣਾ ਕੇ ਪੇਸ਼ ਕਰਦੇ ਹੋਏ ਆਖਦੇ ਪਏ ਨੇ ਕਿ ਜੋ ਹਿੰਦੀ, ਹਿੰਦੂ, ਹਿੰਦੋਸਤਾਨ ਤੋਂ ਮੁਨਕਰ ਹੈ, ਜੋ ਭਾਰਤ ਮਾਤਾ ਦੀ ਜੈ ਨਹੀਂ ਬੋਲਦਾ, ਜੋ ਵੰਦੇ ਮਾਤਰਮ ਨਹੀਂ ਆਖਦਾ ਬੇਸ਼ੱਕ ਭਾਰਤ ਤੋਂ ਬਾਹਰ ਚਲਿਆ ਜਾਵੇ। ਜੇ ਭਾਰਤ ਵਿਚ ਰਹਿਣਾ ਹੈ ਤਾਂ ਉਪਰੋਕਤ ਸੱਭ ਕੁੱਝ ਕਹਿਣਾ ਅਤੇ ਸਵੀਕਾਰਨਾ ਹੋਵੇਗਾ। ਪਰ ਮੈਂ ਪੁਛਦਾ ਹਾਂ ਕਿ ਜੋ ਪੰਜਾਬੀ ਬਾਸ਼ਿੰਦਾ ਸਿਰਫ਼ ਪੰਜਾਬੀ ਜ਼ੁਬਾਨ ਬੋਲ ਸਕਦਾ ਹੈ ਅਤੇ ਪੰਜਾਬ ਦਾ ਜੰਮਪਲ ਹੈ, ਪੰਜਾਬ ਦਾ ਹੀ ਖਾਂਦਾ-ਪੀਂਦਾ ਪਹਿਨਦਾ ਅਤੇ ਪੰਜਾਬ ਵਿਚੋਂ ਰੁਜ਼ਗਾਰ ਪ੍ਰਾਪਤ ਕਰ ਕੇ ਅਪਣੇ ਪ੍ਰਵਾਰ ਦਾ ਪਾਲਣ ਪੋਸਣ ਕਰਦਾ ਪਿਆ ਹੈ ਅਤੇ ਪੰਜਾਬੀ ਵਿਚ ਬੋਲ ਕੇ ਕਹਿ ਰਿਹਾ ਹੈ ਕਿ 'ਮੇਰੀ ਮਾਂ-ਬੋਲੀ ਪੰਜਾਬੀ ਨਹੀਂ ਹਿੰਦੀ ਹੈ' ਕੀ ਉਹ ਪੰਜਾਬ ਵਿਚ ਵਸਣ ਦਾ ਹੱਕਦਾਰ ਹੈ? ਉਸ ਨੂੰ ਤਾਂ ਕੋਈ ਪਾਸਪੋਰਟ ਲੈ ਕੇ ਵੀ ਕਿਤੇ ਨਹੀਂ ਜਾਣਾ ਪੈਣਾ। ਹਰਿਆਣਾ, ਹਿਮਾਚਲ, ਰਾਜਸਥਾਨ ਵਿਚ ਬੜੀ ਆਸਾਨੀ ਨਾਲ ਜਾ ਕੇ ਰਹਿ ਸਕਦਾ ਹੈ। ਇਸ ਬਾਰੇ ਵੀ ਕਦੇ ਬਿਆਨ ਦੇਵੋਗੇ? ਕਦੇ ਵੀ ਨਹੀਂ ਦੇਵੋਗੇ ਕਿਉਂਕਿ ਤੁਸੀ ਉਸ ਖੇਡ ਦੇ ਖਿਡਾਰੀ ਹੋ ਜੋ ਸਿਰਫ਼ ਧੋਖਾਧੜੀ ਨਾਲ ਜਾਂ ਧੱਕੇ ਨਾਲ 'ਚਿੱਤ ਵੀ ਸਾਡੀ ਪਟ ਵੀ ਸਾਡੀ' ਆਖ ਕੇ ਸਾਰਾ ਮਾਲ ਸਮੇਟ ਕੇ ਚਲਦੇ ਬਣੇ ਅਤੇ ਓਕੇ, ਟਾਟਾ ਬਾਏ-ਬਾਏ ਖੇਡ ਖ਼ਤਮ ਪੈਸਾ ਹਜ਼ਮ ਉਤੇ ਖ਼ਤਮ ਹੁੰਦੀ ਹੈ। ਇਹ ਤੁਹਾਡੇ ਡੀ.ਐਨ.ਏ. ਵਿਚ ਹੈ। ਇਸ ਨੂੰ ਕਦੇ ਵਿਗਿਆਨੀ, ਡਾਕਟਰ ਤਾਂ ਕੀ ਸ਼ਾਇਦ ਰੱਬ ਵੀ ਬਦਲਣ ਤੋਂ ਅਸਮਰੱਥ ਹੈ।
ਹਿੰਦੂਵਾਦ ਨੂੰ ਔਰੰਗਜ਼ੇਬੀ ਤਰਜ਼ ਤੇ ਜ਼ੋਰ-ਜਬਰ ਨਾਲ ਠੋਸੇ ਜਾਣ ਤੋਂ ਸੱਚਾ-ਸੁੱਚਾ ਹਿੰਦੂ ਵੀ ਨਿਸ਼ਚਿਤ ਤੌਰ ਤੇ ਦੁਖੀ ਹੈ ਕਿਉਂਕਿ ਜਦ ਕਿਤੇ ਵੀ ਕੋਈ ਜਾਤੀ-ਜਮਾਤੀ ਹਿੰਸਾ ਫੈਲਦੀ ਹੈ, ਤਾਂ ਫਿਰ ਪਤਾ ਨਹੀਂ ਭੜਕੀ ਹੋਈ ਅੱਗ ਕਿਸ ਦੇ ਘਰ ਘਾਟ ਨੂੰ ਲਪੇਟੇ ਵਿਚ ਲੈ ਲਵੇ। ਪਰ ਇਹ ਸਾਰੀ ਕਵਾਇਦ ਆਪ ਬਣੀਆਂ ਸਵਰਨ ਜਾਤੀਆਂ, ਜਿਨ੍ਹਾਂ ਦੀ ਗਿਣਤੀ ਇਸ ਦੇਸ਼ ਵਿਚ ਬੜੀ ਮੁਸ਼ਕਲ ਨਾਲ ਪੰਦਰਾਂ ਕੁ ਫ਼ੀ ਸਦੀ ਹੈ ਅਤੇ ਇਹ ਮੁਲਕ ਦੇ ਸਮੁੱਚੇ ਰਾਜ ਪ੍ਰਬੰਧ ਵਿਚ 50 ਫ਼ੀ ਸਦੀ ਉਤੇ ਕਾਬਜ਼ ਹੈ (ਜੇ ਗੱਲ ਉੱਚਤਮ ਰੁਤਬਿਆਂ ਦੀ ਕਰੀਏ ਤਾਂ 80 ਫ਼ੀ ਸਦੀ ਤੋਂ ਵੀ ਟੱਪ ਜਾਵੇਗੀ), ਦਾ ਸਦੀਵੀਂ ਰਾਜਭਾਗ ਪੱਕਾ ਕਰਨ ਲਈ ਹੈ। ਨਾ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਹੋ ਰਹੀ ਹੈ, ਨਾ ਨਿਆਂਪਾਲਿਕਾ ਦੀ ਅਤੇ ਨਾ ਹੀ ਕੋਮਾਂਤਰੀ ਮੰਚਾਂ ਅਤੇ ਦੇਸ਼ ਦੀ ਹੋ ਰਹੀ ਹੈ ਕਿ ਇਨ੍ਹਾਂ ਨੂੰ ਚੁਭਦੀ ਹੈ। ਚਲਦੇ ਹੋਏ ਕਾਲ ਚੱਕਰ ਨੂੰ ਪੁੱਠਾ ਗੇੜਾ ਘੁਮਾਉਣ ਦਾ ਨਾਂ ਬੜਾ ਸੋਹਣਾ 'ਸਨਾਤਨੀ ਵਿਵਸਥਾ' ਰੱਖ ਕੇ ਉਸੇ ਪੁਰਾਣੀ ਵਰਣ ਵੰਡ ਨੂੰ ਪੱਕੇ ਪੈਰੀਂ ਤੋਰਨ ਦੀ ਵਿਉਂਤਬੰਦੀ ਹੈ। ਪਛੜਿਆਂ ਨੂੰ ਸਰਕਾਰੀ ਨੌਕਰੀਆਂ ਤੇ ਵੇਖ ਕੇ ਕਦੇ ਮਹਾਤਮਾ ਗਾਂਧੀ ਵੀ ਤਿਲਮਿਲਾ ਉਠੇ ਸਨ। ਉਨ੍ਹਾਂ ਕਿਹਾ ਸੀ ਕਿ ਲੋਕ ਅਪਣਾ ਪਿਤਾਪੁਰਖੀ ਮੈਲਾ ਢੋਣ ਦਾ ਧੰਦਾ, ਮਰੇ ਪਸ਼ੂ ਚੁੱਕਣ ਦਾ, ਲੋਕਾਂ ਦੀ ਵਗਾਰ ਦਾ ਹੱਲ ਵਾਹੁਣ ਦਾ ਜਾਂ ਜੋ ਵੀ ਅਸੀ ਵੰਡ ਕੇ ਦੇ ਚੁੱਕੇ ਹਾਂ ਉਸੇ ਵਿਚ ਹੀ ਫਸੇ ਰਹੋ ਅਤੇ ਜਿਨ੍ਹਾਂ ਨੂੰ ਅਸੀ ਤਿਆਰ ਕੀਤਾ ਹੈ, ਸਿਰਫ਼ ਉਹੀ ਸਰਕਾਰੀ ਨੌਕਰੀਆਂ ਅਹਿਲਕਾਰੀਆਂ ਦੇ ਹੱਕਦਾਰ ਹਨ ਨਾਕਿ ਆਮ ਕੰਮੀ ਕਮੀਣ। ਪਰ ਜਦ ਮਹਾਤਮਾ ਨੂੰ ਕਿਸੇ ਨੇ ਪੁਛਿਆ ਕਿ ਆਪ ਵੀ ਤਾਂ ਅਪਣਾ ਪਿਤਾ-ਪੁਰਖੀ ਕਿੱਤਾ (ਲੂਣ-ਤੇਲ ਵੇਚਣ ਦਾ) ਛੱਡ ਬੈਠੇ ਹੋ, ਤਾਂ ਸਿਵਾਏ ਖਸਿਆਨੀ ਹਾਸੀ ਦੇ ਕੁੱਝ ਨਹੀਂ ਸਨ ਬੋਲ ਸਕੇ। ਸੋ ਇਸ ਤਰ੍ਹਾਂ ਦਾ ਦੋਗਲਾ ਕਿਰਦਾਰ ਅਤੇ ਸੰਕੀਰਣ ਸੋਚ ਰੱਖਣ ਵਾਲਾ ਆਦਮੀ ਵੀ ਇਨ੍ਹਾਂ ਦਾ ਰੋਲ ਮਾਡਲ ਅਤੇ ਯੁਗ ਪੁਰਸ਼ ਹੈ ਅਤੇ ਉਸ ਦੀ ਸੋਚ ਨੂੰ ਭੈੜੀ ਅਤੇ ਦੇਸ਼ ਲਈ ਘਾਤਕ ਗਰਦਾਨਣ ਵਾਲਾ ਉਸ ਦਾ ਕਾਤਲ ਨੱਥੂ ਰਾਮ ਵੀ ਵੱਡਾ ਕੌਮੀ ਹੀਰੋ ਹੈ। ਇਸ ਤੋਂ ਅਸੀ ਭਲੀਭਾਂਤ ਸਮਝ ਸਕਦੇ ਹਾਂ ਕਿ ਸਾਡੇ ਇਹ ਕੌਮੀ ਲੀਡਰ ਕਿਸ ਕਿਰਦਾਰ ਦੇ ਹਨ। ਸਾਰੇ ਦੇਵਤਿਆਂ ਅਵਤਾਰਾਂ ਨੂੰ ਪੂਜੀ ਵੀ ਜਾਂਦੇ ਹਨ ਅਤੇ ਵਿਭਚਾਰੀ, ਫ਼ਰੇਬੀ ਵੀ ਆਖੀ ਜਾਂਦੇ ਹਨ।
ਅੱਜ ਦੀ ਸਰਕਾਰ ਨਾਹਰਾ ਤਾਂ 'ਸਭ ਕਾ ਸਾਥ ਸਭ ਕਾ ਵਿਕਾਸ' ਅਲਾਪਦੀ ਪਈ ਹੈ, ਪਰ ਏਜੰਡਾ ਸਿਰਫ਼ ਸਨਾਤਨੀ ਪ੍ਰੰਪਰਾ ਨੂੰ ਲਾਗੂ ਕਰ ਕੇ ਪਿਛਲੀ ਮੁੱਢ ਕਦਮੀ ਤੋਂ ਚੱਲੀ ਆ ਰਹੀ 'ਦਾਜ ਪ੍ਰਥਾ' ਲਾਗੂ ੂਕਰਨ ਦਾ ਹੈ ਕਿਉਂਕਿ ਇਨ੍ਹਾਂ ਨੂੰ ਡਰ ਇਹ ਸਤਾ ਰਿਹਾ ਹੈ ਕਿ ਜੇ ਕਦੇ ਅੰਬੇਦਕਰ ਜੀ ਦੀ ਨੀਤੀ (ਐਸ.ਸੀ.+ਬੀ.ਸੀ.+ਓ.ਬੀ.ਸੀ.) ਦਾ ਗਠਜੋੜ ਬਣ ਗਿਆ ਤਾਂ ਉਨ੍ਹਾਂ ਨੂੰ ਰੋਜ਼ੀ ਰੋਟੀ ਹੱਥੀਂ ਕੰਮ ਕਰ ਕੇ ਕਮਾਉਣੀ-ਖਾਣੀ ਮੁਸ਼ਕਲ ਹੋ ਜਾਵੇਗੀ। ਯੂ.ਪੀ. ਵਿਚ ਹੋਏ ਸਪਾ-ਬਸਪਾ ਗਠਜੋੜ ਨੇ ਇਹ ਸਿੱਧ ਕਰ ਕੇ ਵਿਖਾ ਦਿਤਾ ਹੈ ਕਿ ਇਨ੍ਹਾਂ ਕਾਗ਼ਜ਼ੀ ਸ਼ੇਰਾਂ ਵਿਚ ਕਿੰਨਾ ਕੁ ਦਮ ਹੈ ਅਤੇ ਕਿੰਨੀ ਕੁ ਹਰਮਨ ਪਿਆਰਤਾ ਹੈ ਜਨਤਾ ਵਿਚ ਇਨ੍ਹਾਂ ਸਨਾਤਨੀ ਧਰਮੀਆਂ ਦੀ। ਜੇਕਰ ਸਾਰੀਆਂ ਪਾਰਟੀਆਂ ਦਾ ਹੋਰ ਕਿਸੇ ਗੱਲ ਤੇ ਏਕਾ ਨਹੀਂ ਵੀ ਹੁੰਦਾ, ਤਾਂ ਘੱਟੋ-ਘੱਟ ਈ.ਵੀ.ਐਮ. ਮਸ਼ੀਨਾਂ ਨੂੰ ਹਟਾਉਣ ਦਾ ਹੀ ਤਹਈਆ ਕਰ ਲੈਣ ਅਤੇ ਉਸੇ ਪੁਰਾਣੇ ਸਿਸਟਮ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣ ਤਾਂ ਇਨ੍ਹਾਂ ਨੂੰ ਸੌਖਿਆਂ ਹੀ ਪਛਾੜਿਆ ਜਾ ਸਕਦਾ ਹੈ। ਇਨ੍ਹਾਂ ਨੂੰ ਦਿਨ-ਰਾਤ ਇਹੋ ਡਰ ਸਤਾ ਰਿਹਾ ਹੈ ਕਿ ਜੇ ਕਦੇ ਥੱਲੇ ਲੱਗੇ ਲੋਕ ਜਾਗਰੂਕ ਹੋ ਗਏ ਤਾਂ ਉਨ੍ਹਾਂ ਦੀ ਲੁਟੇਰੀ ਜਮਾਤ ਦਾ ਕੀ ਬਣੇਗਾ? ਕਿਉਂਕਿ ਰਾਜ ਭਾਗ ਉਨ੍ਹਾਂ ਹੀ ਅਮੀਰਾਂ, ਵਜ਼ੀਰਾਂ, ਪੁਰਾਣੇ ਰਜਵਾੜਿਆਂ, ਉਨ੍ਹਾਂ ਦੇ ਹੀ ਸਲਾਹਕਾਰਾਂ ਸ਼ਾਹੂਕਾਰਾਂ ਦੇ ਵੰਸ਼ਜਾਂ ਦੇ ਹੱਥ ਵਿਚ ਆ ਚੁੱਕਾ ਹੈ ਜਿਨ੍ਹਾਂ ਤੋਂ ਅੰਗਰੇਜ਼ ਨੇ ਝਪਟ ਲਿਆ ਸੀ। ਆਮ ਲੋਕਾਂ ਨੂੰ ਤਾਂ ਇਹ ਲੋਕ ਕੀੜਿਆਂ-ਮਕੌੜਿਆਂ ਤੋਂ ਵੱਧ ਕੁੱਝ ਸਮਝਦੇ ਹੀ ਨਹੀਂ ਅਤੇ ਜੋ ਕੋਈ ਥੱਲੇ ਵਾਲਿਆਂ ਵਿਚੋਂ ਚੁਣ ਚੁਣਾ ਕੇ ਇਨ੍ਹਾਂ ਦੇ ਬਰਾਬਰ ਬੈਠਣ ਜੋਗਾ ਲੋਕ ਕਰ ਵੀ ਦੇਂਦੇ ਹਨ ਤਾਂ ਉਸ ਨੂੰ ਅਪਣੇ ਹੀ ਭਰੱਪੇ ਵਿਚੋਂ ਮੁਸ਼ਕ ਆਉਣ ਲੱਗ ਪੈਂਦਾ ਹੈ ਤੇ ਉਹ ਇਨ੍ਹਾਂ ਬਗਲਿਆਂ ਸੰਗ ਬਗਲਾ ਬਣ ਮੱਛੀਆਂ-ਡੱਡੀਆਂ ਰੂਪੀ ਜਨਤਾ ਦਾ ਖ਼ੂਬ ਸ਼ਿਕਾਰ ਕਰਨਾ ਸਿਖ ਜਾਂਦਾ ਹੈ। ਨਹੀਂ ਯਕੀਨ ਤਾਂ ਇਨ੍ਹਾਂ ਦੀ ਪਹਿਲਾਂ ਵਾਲੀ ਅਤੇ ਬਾਅਦ ਵਾਲੀ ਧਨ-ਸੰਪੱਤੀ, ਰਹਿਣੀ-ਸਹਿਣੀ ਬੋਲ ਬਾਣੀ ਆਪ ਪਰਖ ਲਉ।
ਕਹਿੰਦੇ ਨੇ ਕਿ ਅੱਤ ਅਤੇ ਰੱਬ ਦਾ ਵੈਰ ਹੁੰਦਾ ਹੈ। ਹੰਕਾਰ ਏਨਾ ਵੱਧ ਗਿਆ ਹੈ ਕਿ ਆਮ ਬੰਦੇ ਦੀ ਤਾਂ ਗੱਲ ਹੀ ਛੱਡੋ, ਇਕ ਹਾਈ ਕੋਰਟ ਦੇ ਜੱਜ ਦੀ ਮੌਤ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਦੀ ਬੇਕਦਰੀ ਅਤੇ ਸਿਤਮ ਦੀ ਗੱਲ ਉਤੋਂ ਇਹ ਕਿ ਕਿਸੇ ਨੇ ਮੀਡੀਆ ਵਿਚ ਵੀ ਉਸ ਦੀ ਚਰਚਾ ਨਹੀਂ ਹੋਣ ਦਿਤੀ, ਪੋਸਟਮਾਰਟਮ ਤਕ ਵੀ ਸ਼ੱਕ ਦੇ ਘੇਰੇ ਵਿਚ ਹੈ ਅਤੇ ਜਾਂਚ ਤਕ ਹੋਣ ਨਹੀਂ ਦਿਤੀ। ਪਤਾ ਨਹੀਂ ਕਿੰਨੇ ਕੁ ਅਪਣੇ ਹੀ ਦੇਸ਼ ਦੇ ਬਾਸ਼ਿੰਦੇ ਨਕਸਲੀ ਕਹਿ ਕਹਿ ਕੇ ਖਪਾਏ ਜਾ ਰਹੇ ਹਨ। ਕਸ਼ਮੀਰ ਵਿਚ ਗ਼ਰੀਬ ਘਰਾਂ ਦੇ ਬੱਚੇ ਜੋ ਅਪਣੇ ਪ੍ਰਵਾਰਾਂ ਦੇ ਪਾਲਣ ਪੋਸਣ ਲਈ ਫ਼ੌਜ ਵਿਚ ਗਏ ਹਨ, ਰੋਜ਼ ਮਾਰੇ ਜਾ ਰਹੇ ਹਨ ਅਤੇ ਸਾਡੇ ਫ਼ੌਜੀ ਜਰਨੈਲ ਸਮੇਤ ਰਖਿਆ ਮੰਤਰੀ, ਦੁਸ਼ਮਣ ਦੇ ਵੱਧ ਬੰਦੇ ਮਾਰਨ ਅਤੇ ਵੱਧ ਨੁਕਸਾਨ ਕਰਦੇ ਕੱਛਾਂ ਵਜਾ ਕੇ ਬਿਆਨ ਦਾਗ਼ ਰਹੇ ਹਨ। ਅਪਣੇ ਮਰਿਆਂ ਦਾ ਕਿਸ ਨੂੰ ਦੁੱਖ ਹੈ? ਸਿਰਫ਼ ਜਿਨ੍ਹਾਂ ਮਾਪਿਆਂ ਦੇ ਲਾਲ, ਜਿਨ੍ਹਾਂ ਸੁਹਾਗਣਾਂ ਦੇ ਸੁਹਾਗ, ਜਿਨ੍ਹਾਂ ਬਾਲਾਂ ਦੇ ਸਿਰ ਦੇ ਸਾਏ ਚਲੇ ਗਏ, ਦਰਦ ਉਨ੍ਹਾਂ ਨੂੰ ਹੈ। ਇਹ ਕਿਹੋ ਜਹੀਆਂ ਸ਼ਹਾਦਤਾਂ ਨੇ, ਇਹ ਕਿਹੋ ਜਹੀ ਦੇਸ਼ ਦੀ ਰਖਿਆ ਹੈ? ਕੋਈ ਦੇਸ਼ ਦੇ ਅੰਦਰ ਆ ਕੇ ਇਲਾਕਾ ਮੱਲ ਰਿਹੈ? ਕੋਈ ਅੰਦਰ ਆ ਕੇ ਲੁੱਟਮਾਰ ਕਰ ਰਿਹੈ? ਇਹ ਸੱਭ ਅਡੰਬਰ ਰਚਿਆ ਹੋਇਆ ਹੈ ਅਪਣੀ ਹੈਂਕੜ ਅਪਣੀ ਚੌਧਰ ਨੂੰ ਚਮਕਾਉਣ ਦਾ। ਕਦੇ ਕਹਿੰਦੇ ਨੇ ਪਾਕਿਸਤਾਨ ਅਤਿਵਾਦ ਬੰਦ ਕਰੇ ਤਾਂ ਗੱਲ ਕਰਾਂਗੇ। ਗੋਲੀ ਦਾ ਜਵਾਬ ਗੋਲੀ ਕਹਿ ਕੇ ਵਿਚਾਰੇ ਫ਼ੌਜੀਆਂ ਨੂੰ ਤਾਂ ਝੋਕ ਰਹੇ ਹੋ ਅਤੇ ਕਹਿੰਦੇ ਹੋ ਕਿ ਜਿਸ ਤਰ੍ਹਾਂ ਦੀ ਭਾਸ਼ਾ ਦੁਸ਼ਮਣ ਬੋਲੇਗਾ ਉਸੇ ਦੀ ਭਾਸ਼ਾ ਵਿਚ ਜਵਾਬ ਦੇਵਾਂਗੇ। ਉਹ ਤਾਂ ਦੋ ਤਿੰਨ ਆਦਮੀ ਭੇਜ ਕੇ ਕੁਰਬਾਨ ਕਰਵਾ ਕੇ ਮਰਵਾ ਕੇ ਦਰਜਨਾਂ ਦੇ ਸੱਥਰ ਵਿਛਾ ਕੇ ਵਿਖਾ ਰਿਹਾ ਹੈ। ਤੁਸੀ ਉਸੇ ਭਾਸ਼ਾ ਵਿਚ ਕਿਉਂ ਨਹੀਂ ਜਵਾਬ ਦੇਂਦੇ? ਅਪਣੇ ਦੋ-ਚਾਰ ਵਤਨਪ੍ਰਸਤ ਭੇਜ ਕੇ ਤਾਂ ਵੇਖੋ। ਭਾਗਵਤ ਕੋਲ ਤਾਂ ਬੇਸ਼ੁਮਾਰ ਫ਼ੌਜ ਹੈ। ਦੇਸ਼ ਉਤੇ ਹਰ ਤਰ੍ਹਾਂ ਦੀ ਬਣੀ ਭੀੜ ਨਾਲ ਨਜਿੱਠਣ ਦੀ ਤਾਕਤ ਹੈ। ਉਹ ਇਸ ਨੂੰ ਸਾਡੀ ਆਮ ਫ਼ੌਜ ਨਾਲੋਂ ਵੀ ਬਿਹਤਰ ਅਤੇ ਤਾਕਤਵਾਰ ਦਸਦੇ ਹਨ। ਇਸ ਤੋਂ ਬਿਹਤਰ ਮੌਕਾ ਦੇਸ਼ ਲਈ ਸ਼ਹਾਦਤਾਂ ਪਾਉਣ ਦਾ ਕਦੋਂ ਮਿਲੇਗਾ? ਨਾਲੇ ਇਹ ਵੀ ਪਤਾ ਲੱਗ ਜਾਵੇਗਾ ਕਿ ਅਤਿਵਾਦੀ ਪੈਸਾ ਲੈ ਕੇ ਕਾਰੇ ਕਰਦੇ ਹਨ, ਪੈਸਾ ਲੈ ਕੇ ਵੀ ਕਿੰਨੇ ਕੁ ਦੇਸ਼ਪ੍ਰੇਮੀ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹਨ? ਜਵਾਬ ਦਿਉ ਉਸੇ ਦੀ ਭਾਸ਼ਾ ਵਿਚ, ਸਿਰਫ਼ ਰੌਲਾ ਪਾਉਣ ਨਾਲ ਕੁੱਝ ਨਹੀਂ ਹੋਣ ਵਾਲਾ। ਜਦ ਗੱਲਬਾਤ ਦਾ ਸਿਲਸਿਲਾ ਚਲੇਗਾ ਦੂਜੀ ਧਿਰ ਨੂੰ ਕੁੱਝ ਸੰਤੁਸ਼ਟੀ ਗੱਲਬਾਤ ਤੋਂ ਜਾਪੇਗੀ ਜਾਂ ਕੁੱਝ ਪ੍ਰਾਪਤੀ ਕਰਵਾਉਗੇ ਤਾਂ ਅਤਿਵਾਦ ਵੀ ਬੰਦ ਹੋ ਜਾਵੇਗਾ ਪਰ ਤੁਸੀ ਕਰਨਾ ਹੀ ਨਹੀਂ ਚਾਹੁੰਦੇ। ਇਸੇ ਤਰ੍ਹਾਂ ਦਾ ਡਰ ਅਤੇ ਸਹਿਮ ਪੈਦਾ ਕਰ ਕੇ ਅਗਲੇ ਪੰਜ ਸਾਲ ਹੋਰ ਰਾਜ ਭਾਗ ਦਾ ਆਨੰਦ ਲੈਣ ਦਾ ਸੁਪਨਾ ਸੰਜੋਈ ਬੈਠੇ ਹੋ।