
Special Artical : ਮਿਲਾਪ
ਅੱਜ ਉਨ੍ਹਾਂ ਦੇ ਕੇਸ ਦੀ ਆਖ਼ਰੀ ਤਾਰੀਕ ਸੀ ਤੇ ਇਸ ਦਿਨ ਨੂੰ ਦੋਵੇਂ ਪਿਛਲੇ ਦੋ ਸਾਲ ਤੋਂ ਉਡੀਕ ਰਹੇ ਸਨ। ਆਖ਼ਰ ਜੱਜ ਨੇ ਫ਼ੈਸਲਾ ਸੁਣਾ ਦਿਤਾ ਤੇ ਦੋਹਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿਤੀ। ਜੱਜ ਨੇ ਪਤੀ ਨੂੰ ਤਿੰਨ ਮਹੀਨਿਆਂ ਅੰਦਰ ਪੈਸੇ ਦੇਣ ਦਾ ਹੁਕਮ ਦੇ ਦਿਤਾ ਤੇ ਦੋਹਾਂ ਦੇ ਹੱਥ ਤਲਾਕ ਵਾਲੇ ਦਸਤਾਵੇਜ਼ ਫੜਾ ਦਿਤੇ।
ਪਤੀ ਭਰੇ ਮਨ ਨਾਲ ਅਦਾਲਤ ’ਚੋਂ ਨਿਕਲ ਕੇ, ਸੜਕ ’ਤੇ ਆ ਕੇ ਆਟੋ ਦੀ ਉਡੀਕ ਕਰਨ ਲੱਗਾ। ਇੰਨੇ ਨੂੰ ਪਤਨੀ ਵੀ ਉਥੇ ਪਹੁੰਚ ਗਈ। ਆਟੋ ਆਇਆ ਤੇ ਪਤੀ ਚੜ੍ਹ ਗਿਆ। ਉਸ ਦੇ ਨਾਲ ਹੀ ਪਤਨੀ ਵੀ ਬੈਠ ਗਈ, ‘ਅੱਡੇ ਤਕ ਦਾ ਆਖ਼ਰੀ ਸਫ਼ਰ ਤੁਹਾਡੇ ਨਾਲ ਕਰ ਰਹੀ ਹਾਂ--’ ਉਹ ਬੋਲੀ।--‘ਹੂੰ-’ ਕਹਿ ਕੇ ਉਹ ਚੁੱਪ ਕਰ ਗਿਆ।
‘ਜ਼ਿਆਦਾ ਮਨ ’ਤੇ ਨਾ ਲਾਇਉ-ਅੱਗੇ ਜ਼ਿੰਦਗੀ ਸ਼ੁਰੂ ਕਰ ਲੈਣੀ’ ਉਹ ਬੋਲੀ।
‘ਪੈਸੇ ਛੇਤੀ ਦੇ ਦਿਆਂਗਾ, ਘਰ ਵੇਚ ਦਿਆਂਗਾ--ਕੀ ਕਰਨੈ ਮੈਂ ਘਰ-ਤੇਰੇ ਲਈ ਬਣਾਇਆ ਸੀ’ ਪਤੀ ਨੇ ਉਲਟਾ ਜਵਾਬ ਦੇ ਦਿਤਾ।
‘ਨਹੀਂ-ਨਹੀਂ, ਘਰ ਨਾ ਵੇਚਿਉ, ਉਹ ਤਾਂ ਮਸਾਂ ਬਣਾਇਆ ਸੀ--ਮੈਨੂੰ ਨਹੀਂ ਪੈਸੇ ਦੀ ਲੋੜ--ਪ੍ਰਾਈਵੇਟ ਨੌਕਰੀ ਕਰਨ ਲੱਗ ਗਈ ਆਂ-ਗੁਜ਼ਾਰਾ ਹੋੋ ਜਾਇਆ ਕਰੇਗਾ’ ਇੰਨੀ ਗੱਲ ਆਟੋ ਵਾਲੇ ਦੇ ਕੰਨੀ ਪਈ ਤਾਂ ਉਸ ਨੇ ਇਕਦਮ ਬਰੇਕ ਮਾਰ ਦਿਤੀ। ਬਰੇਕ ਲਗਦਿਆਂ ਹੀ ਪਤਨੀ ਅੱਗੇ ਨੂੰ ਡਿੱਗੀ ਪਰ ਪਤੀ ਨੇ ਬਾਂਹ ਅੱਗੇ ਕਰ ਕੇ ਡਿੱਗਣੋ ਬਚਾ ਲਈ।
‘ਦੋ ਸਾਲ ਅੱਡ ਰਹਿੰਦਿਆਂ ਨੂੰ ਹੋ ਗਏ ਪਰ ਪਰਵਾਹ ਕਰਨੀ ਨਹੀਂ ਛੱਡੀ’ ਪਤਨੀ ਬੋਲੀ ਪਰ ਉਹ ਚੁੱਪ ਰਿਹਾ।
‘ਇਕ ਆਖ਼ਰੀ ਗੱਲ ਪੁੱਛ ਲਵਾਂ’ ਉਹ ਫਿਰ ਬੋਲੀ।
‘ਹਾਂ’
‘ਤੁਹਾਨੂੰ ਦੋ ਸਾਲਾਂ ’ਚ ਮੇਰੀ ਕਦੇ ਵੀ ਯਾਦ ਨਹੀਂ ਆਈ?--ਮੈਨੂੰ ਤਾਂ ਦੋ ਸਾਲਾਂ ’ਚ ਇਕ ਵਾਰ ਵੀ ਉਸ ਤਰ੍ਹਾਂ ਦੀ ਨੀਂਦ ਨਹੀਂ ਆਈ ਜਿਹੜੀ ਤੁਹਾਡੀ ਬਾਂਹ ਦਾ ਸਿਰਹਾਣਾ ਲਾ ਕੇ ਆਉਂਦੀ ਸੀ’ ਉਹ ਬੋਲੀ।
‘ਭਲਾਂ ਹੁਣ ਇਨ੍ਹਾਂ ਗੱਲਾਂ ਦਾ ਕੀ ਫ਼ਾਇਦਾ ਹੈ--ਹੁਣ ਅਪਣੇ ਰਸਤੇ ਵੱਖ-ਵੱਖ ਹੋ ਗਏ ਨੇ’ ਪਤੀ ਬੋਲਿਆ।
ਬੱਸ ਅੱਡਾ ਆ ਗਿਆ ਸੀ, ਆਟੋ ਰੁਕਿਆ-ਦੋਵੇਂ ਉਤਰੇ-ਦੋਹਾਂ ਨੇ ਇਕ-ਦੂਜੇ ਨੂੰ ਅੱਖਾਂ ’ਚ ਅੱਖਾਂ ਪਾ ਕੇ ਦੇਖਿਆ। ਪਤਨੀ ਨੇ ਜਿਵੇਂ ਹੀ ਪਾਸਾ ਮੋੜਿਆ ਤਾਂ ਪਤੀ ਨੇ ਉਸ ਦੀ ਬਾਂਹ ਫੜ੍ਹ ਲਈ। ਪਤਨੀ ਨੇ ਉਸ ਹੱਥ ਵਿਚ ਰੱਬੀ ਸਰੂਰ ਵਰਗੀ ਛੋਹ ਮਹਿਸੂਸ ਕੀਤੀ।
‘ਚੱਲ ਘਰੇ ਚਲਦੇ ਹਾਂ-’ ਪਤੀ ਬੋਲਿਆ।
‘ਤਲਾਕ ਦੇ ਕਾਗ਼ਜ਼ਾਂ ਦਾ ਕੀ ਕਰਾਂਗੇ?’
‘ਪਾੜ ਦਿਆਂਗੇ’ ਇਹ ਸੁਣ ਕੇ ਪਤਨੀ ਪਤੀ ਦੇ ਗਲ ਲੱਗ ਕੇ ਭੁੱਬਾਂ ਮਾਰਨ ਲੱਗੀ ਤੇ ਪਿਛਲੇ ਆਟੋ ਵਿਚ ਆ ਰਹੇ ਪਤਨੀ ਦੇ ਰਿਸ਼ਤੇਦਾਰ ਚੁਪਚਾਪ ਬੱਸ ਚੜ੍ਹ ਕੇ ਤਿੱਤਰ ਹੋ ਗਏ ਤੇ ਉਨ੍ਹਾਂ ਦੇ ਮਿਲਾਪ ਨੂੰ ਦੇਖ ਕੇ ਆਟੋ ਵਾਲੇ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ।
ਭੋਲਾ ਸਿੰਘ ‘ਪ੍ਰੀਤ’