ਆਜੋ ਬਈ ਬਚਪਨ ਦੇ ਵਿਹੜੇ ਜਾ ਕੇ ਆਈਏ!
Published : Apr 27, 2020, 2:32 pm IST
Updated : Apr 27, 2020, 2:32 pm IST
SHARE ARTICLE
File Photo
File Photo

ਅਜਕਲ ਕੋਰੋਨਾ ਬੀਮਾਰੀ ਕਾਰਨ ਸਾਰਾ ਸੰਸਾਰ ਪ੍ਰੇਸ਼ਾਨ ਹੈ।

ਅਜਕਲ ਕੋਰੋਨਾ ਬੀਮਾਰੀ ਕਾਰਨ ਸਾਰਾ ਸੰਸਾਰ ਪ੍ਰੇਸ਼ਾਨ ਹੈ। ਡਰ ਦਾ ਮਾਹੌਲ ਵੀ ਹੈ ਤੇ ਅਫ਼ਵਾਹਾਂ ਦਾ ਦੌਰ ਵੀ ਗਰਮ ਹੈ। ਮੈਂ ਸੋਚਿਆ ਕਿ ਕਿਉਂ ਨਾ ਬਚਪਨ ਵਲ ਗੇੜਾ ਮਾਰ ਲਿਆ ਜਾਵੇ। ਆਉ ਫਿਰ ਆਪਾਂ ਇਕੱਠੇ ਹੋ ਕੇ ਬਚਪਨ ਵੇਖਣ ਚਲੀਏ! ਬਚਪਨ ਵਿਚ ਅਸੀ ਕਈ ਖੇਡਾਂ ਖੇਡਦੇ ਹੁੰਦੇ ਸਾਂ। ਮੁੰਡੇ ਸਾਈਕਲ ਦੇ ਪੁਰਾਣੇ ਟਾਇਰ ਭਜਾਉਂਦੇ ਜਾਂ ਸਾਈਕਲ ਦੇ ਚੱਕੇ ਗਲੀ ਵਿਚ ਭਜਾਉਂਦੇ ਸਨ। ਬਾਂਦਰ ਕਿੱਲਾ ਖੇਡ ਨਾਲ ਚੱਪਲਕੁੱਟ ਕੀਤੀ ਜਾਂਦੀ ਸੀ। ਗੇਂਦ ਨਾਲ ਪਿੱਠੂ-ਗਰਮ ਦੀ ਖੇਡ ਖੇਡੀ ਜਾਂਦੀ ਸੀ। ਤਾਰਾਂ ਨੂੰ ਮੋੜ ਕੇ 'ਭੌਣੇ' ਬਣਾ ਲਏ ਜਾਂਦੇ ਸਨ ਤੇ ਇਕ ਦੂਜੇ ਨਾਲ ਦੌੜ ਲਗਾਈ ਜਾਂਦੀ ਸੀ। ਆਥਣ-ਸਵੇਰੇ ਛਪੜਾਂ ਵਿਚ ਪਸ਼ੂਆਂ ਦੀਆਂ ਪੂਛਾਂ ਮਰੋੜ ਕੇ ਖ਼ੁਦ ਵੀ ਨਹਾਇਆ ਜਾਂਦਾ ਤੇ ਪਸ਼ੂ ਵੀ ਨੁਹਾਏ ਜਾਂਦੇ ਸਨ।

ਕੁੜੀਆਂ ਦੀਆਂ ਖੇਡਾਂ ਵਿਚ ਦੋ ਮੁੱਖ ਖੇਡਾਂ ਸਨ 'ਠੀਕਰੀ-ਘਰਨਾ' ਤੇ 'ਗੀਟੇ' ਖੇਡਣਾ। ਇਸ ਤੋਂ ਬਿਨਾਂ 'ਕਿੱਕਲੀ' ਪਾਉਣਾ ਤੇ 'ਤੀਆਂ' ਲਗਾ ਕੇ ਗਿੱਧਾ ਪਾਉਣਾ ਆਮ ਖੇਡ ਸੀ। ਇਸੇ ਤਰ੍ਹਾਂ 'ਕੋਟਲਾ-ਛਪਾਕੀ' ਤੇ 'ਲੁਕਣ-ਮੀਟੀ' ਦੀ ਖੇਡ ਕੁੜੀਆਂ-ਮੁੰਡਿਆਂ ਵਲੋਂ ਸਾਂਝੀ ਵੀ ਖੇਡੀ ਜਾਂਦੀ ਰਹੀ ਹੈ। ਇਕ ਖੇਡ ਹੋਰ ਸੀ ਜੋ ਬਿਲਕੁਲ ਅਲੋਪ ਹੋ ਗਈ। ਉਹ ਹੈ ਥਾਂ ਵੰਡ ਕੇ ਢੇਰੀਆਂ ਪਾਉਣਾ ਤੇ ਫਿਰ ਇਕ-ਦੂਜੇ ਦੀ ਥਾਂ ਤੋਂ ਲੱਭ-ਲੱਭ ਕੇ ਢੇਰੀਆਂ ਢਾਹੁੰਦੇ ਸਨ ਤੇ ਫਿਰ ਇਕ-ਦੂਜੇ ਦੀਆਂ ਬਚੀਆਂ ਢੇਰੀਆਂ ਗਿਣ ਕੇ ਜਿੱਤ-ਹਾਰ ਵੇਖੀ ਜਾਂਦੀ ਸੀ।

ਉਨ੍ਹਾਂ ਸਮਿਆਂ ਵਿਚ ਵੱਡੀ ਖ਼ੁਸ਼ੀ ਉਦੋਂ ਹੁੰਦੀ ਸੀ ਜਦੋਂ ਲਿਖਣ ਵਾਲੀ ਫੱਟੀ ਨੂੰ ਪੀਲੀ ਮਿੱਟੀ ਜਾਂ ਪੋਚਾ ਫੇਰ ਕੇ ਪੀਂਹਦੀਆਂ ਜਾਂਦਾ ਸੀ ਜਾਂ ਜਦੋਂ ਸਾਡੀਆਂ ਮਾਵਾਂ ਕਣਕ ਦਾ ਪੀਹਣ ਕਰਦੀਆਂ ਤੇ ਅਸੀ ਕਣਕ ਦੀ ਕੌਲੀ ਵੇਚਣ ਹੱਟੀ ਜਾਂਦੇ ਸਾਂ। ਉਨ੍ਹਾਂ ਪੈਸਿਆਂ ਦੀ ਕੁਲਫ਼ੀ ਖ਼ਰੀਦਦੇ ਜਾਂ ਫਿਰ ਪਾਪੜ। ਉਸ ਸਮੇਂ ਮਿਟੀ ਦਾ ਤੇਲ ਆਮ ਮਿਲਦਾ ਸੀ । ਰਾਤ ਸਮੇਂ ਉਸ ਵਿਚ ਕੋਈ ਰਬੜ ਦੀ ਚੀਜ਼ ਜਾਂ ਡਾਹਟਾ ਸੁੱਟ ਦਿੰਦੇ ਸਾਂ ਜੋ ਸਵੇਰ ਤਕ ਫੁਲ ਕੇ ਵੱਡਾ ਹੋ ਜਾਂਦਾ ਸੀ। ਅਠਿਆਨੀ ਜਾਂ ਚੁਆਨੀ ਮਿਲ ਜਾਵੇ ਤਾਂ ਅਸੀ  ਲੋਟਣੀਆਂ ਲਾਉਣ ਲਗਦੇ ਸਾਂ।

File photoFile photo

ਜੇਕਰ ਚਾਰ ਸਿੱਕਿਆਂ ਵਾਲਾ ਪੈੱਨ ਕਿਤੇ ਮਿਲ ਵੀ ਜਾਂਦਾ ਤਾਂ ਉਸਦੀ ਤਾਂ ਟੌਹਰ ਹੀ ਵਖਰੀ ਸੀ। ਅਸੀ ਖਾਣੇ ਵਿਚ ਤੰਦੂਰ ਦੀਆਂ ਰੋਟੀਆਂ ਖਾਂਦੇ ਰਹੇ ਹਾਂ ਜਦ ਚਾਰ-ਪੰਜ ਘਰਾਂ ਦੀਆਂ ਬੀਬੀਆਂ ਇਕ ਤੰਦੂਰ ਉਪਰ ਰੋਟੀਆਂ ਲਾਉਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਇਹ ਕੋਈ ਫ਼ਰਕ ਨਹੀਂ ਸੀ ਕਿ ਆਟਾ ਕਿਸ ਘਰ ਦਾ ਪੱਕ ਰਿਹਾ ਹੈ। ਜੀਹਦਾ ਦਿਲ ਕਰਦਾ ਉਹ ਚੁੱਕ-ਚੁੱਕ ਰੋਟੀ ਖਾਈ ਜਾਂਦਾ। ਲੱਸੀ, ਮਖਣੀ ਤੇ ਦਹੀਂ ਆਮ ਹੁੰਦਾ ਸੀ।

ਇਸੇ ਤਰ੍ਹਾਂ ਸਾਡਾ ਮਨੋਰੰਜਨ ਦਾ ਸਾਧਨ ਸਾਡੀਆਂ ਲੋਕ ਖੇਡਾਂ ਹੀ ਸਨ। ਰਾਤ ਸਮੇਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੀਆਂ ਗੱਲਾਂ ਸਾਡਾ ਮਨੋਰੰਜਨ ਦਾ ਸਾਧਨ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਟੀ.ਵੀ. ਟਾਵੇਂ-ਟਾਂਵੇ ਘਰ ਵਿਚ ਹੁੰਦਾ ਸੀ। ਦਸ ਘਰਾਂ ਦੇ ਨਿਆਣੇ 'ਰਮਾਇਣ' 'ਮਹਾਂਭਾਰਤ' 'ਰੰਗੋਲੀ' 'ਚਿੱਤਰਹਾਰ' ਤੇ 'ਸਰਕਸ' ਆਦਿ ਵਰਗੇ ਸੀਰੀਅਲ ਇਕੱਠੇ ਬੈਠ ਕੇ ਵੇਖਦੇ ਸਨ।

ਕਦੇ-ਕਦੇ ਪਿੰਡ ਵਿਚ ਮਦਾਰੀ ਦਾ ਤਮਾਸ਼ਾ ਵੀ ਹੁੰਦਾ ਸੀ ਜਾਂ ਕਦੇ ਪਿੰਡ ਵਿਚ ਬਾਜ਼ੀਗਰ ਬਾਜ਼ੀ ਪਾ ਕੇ ਵਿਖਾਉਂਦੇ ਸਨ। ਪਹਿਲਵਾਨਾਂ ਦੀ ਕੁਸ਼ਤੀ ਵੀ ਮੇਲਿਆਂ ਵਿਚ ਵੇਖਣ ਨੂੰ ਮਿਲਦੀ ਸੀ। ਮੇਲਿਆਂ ਵਿਚ ਪਕੌੜੇ ਤੇ ਜਲੇਬੀਆਂ ਅਲੋਕਾਰ ਚੀਜ਼ਾਂ ਸਨ।  ਪੁਰਾਣੇ ਜ਼ਮਾਨੇ ਵਿਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ। ਫੋੜਾ-ਫ਼ਿਨਸੀ ਵਾਸਤੇ ਨਿੰਮ ਦੀਆਂ ਮਿੱਠੀਆਂ ਨਿਮੋਲੀਆਂ ਖਾ ਲੈਂਦੇ ਸਾਂ।

ਬੀਮਾਰ ਹੁੰਦੇ ਤਾਂ ਕੁਨੀਨ ਖ਼ਾਧੀ ਜਾਂਦੀ ਸੀ, ਜੋ ਬਹੁਤ ਕੌੜੀ ਹੁੰਦੀ ਸੀ। ਵੇਖੋ ਦੋਸਤੋ ਅੱਜ ਸਮਾਂ ਕਿੰਨਾ ਬਦਲ ਗਿਆ ਹੈ। ਜੋ ਕੁੱਝ ਅਸੀ ਅਪਣੇ ਤਨ ਉਪਰ ਹੰਢਾਇਆ ਹੈ ਤੇ ਅੱਖੀਂ ਵੇਖਿਆ ਹੈ ਤੇ ਕੰਨੀਂ ਸੁਣਿਆ ਹੈ ਉਹ ਅਸੀ ਅਪਣੀ ਪੀੜ੍ਹੀ ਨੂੰ ਦੱਸ ਸਕਦੇ ਹਾਂ। ਸਾਡੀ ਨਵੀਂ ਪੀੜ੍ਹੀ ਅਪਣੀ ਪੀੜ੍ਹੀ ਨੂੰ ਅੱਗੇ ਕੀ-ਕੀ ਦਸੇਗੀ, ਇਸ ਬਾਰੇ ਆਖਣਾ ਹਾਲੇ ਮੁਸ਼ਕਲ ਹੈ ਕਿਉਂਕਿ ਅਜਕਲ ਬੀਮਾਰੀਆਂ ਹੀ ਬੀਮਾਰੀਆਂ ਹਨ। ਸਿਹਤਮੰਦ ਤਾਂ ਕੋਈ ਵਿਰਲਾ ਹੀ ਹੈ।                                
ਸੰਪਰਕ 98724-55994

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement