
Special Article: ਅੱਜ ਦੇ ਸਮੇਂ ਪੰਛੀ ਦਿਨੋਂ ਦਿਨ ਘੱਟ ਹੀ ਰਹੇ ਹਨ...
ਉਹ ਜਿਵੇਂ ਅੱਕਿਆ ਪਿਆ ਸੀ। ਰੋਜ਼-ਰੋਜ਼ ਆ ਕੇ ਕਬੂਤਰ ਬਾਲਕੋਨੀ ਵਿਚ ਡੱਕੇ ਖਿਲਾਰ ਦਿੰਦੇ ਤੇ ਆਲ੍ਹਣਾ ਪਾਉਣ ਦੀ ਕੋਸ਼ਿਸ਼ ਕਰਦੇ। ਉਹ ਰੋਜ਼ ਡੱਕਿਆਂ ਨੂੰ ਚੁਕ ਕੇ ਬਾਹਰ ਸੁੱਟ ਦਿੰਦਾ ਤੇ ਸੁਰਖੁਰੂ ਹੋ ਜਾਂਦਾ। ਪਰ ਪੰਛੀ ਕਿਥੇ ਮੰਨਣ ਵਾਲੇ ਸਨ-ਸਿਰੇ ਦੇ ਢੀਠ-ਉਹ ਅਜੇ ਪਿੱਠ ਹੀ ਭੁਮਾਉਂਦਾ ਤੇ ਉਹ ਫਿਰ ਆਲ੍ਹਣਾ ਪਾਉਣਾ ਸ਼ੁਰੂ ਕਰ ਦਿੰਦੇ।
ਉਸ ਦੀ ਘਰਵਾਲੀ ਉਸ ਨੂੰ ਕਹਿੰਦੀ ਰਹਿੰਦੀ ਕਿ ਕਿਉਂ ਵਿਚਾਰੇ ਬੇਜ਼ੁਬਾਨਾਂ ਨੂੰ ਟਿਕਣ ਨਹੀਂ ਦਿੰਦੇ ਪਰ ਉਸ ਨੂੰ ਕਬੂਤਰਾਂ ਦੀ ਹਾਜ਼ਰੀ ਬੁਰੀ ਲਗਦੀ। ਜੂਨ ਦਾ ਮਹੀਨਾ ਚੜ੍ਹਿਆ ਸੀ ਕਿ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤੇ ਉਹ ਵੀ ਘੁੰਮਣ ਲਈ ਚਲੇ ਗਏ। ਕੁੱਝ ਕੁ ਦਿਨ ਪਿੰਡ ਲਾਉਣ ਦਾ ਤੇ ਪਿੰਡ ਵਾਲਾ ਘਰ ਸੰਵਾਰਨ ਦਾ ਪ੍ਰੋਗਰਾਮ ਵੀ ਬਣਾ ਲਿਆ। ਕਰੀਬ 15 ਕੁ ਦਿਨ ਘਰੋਂ ਬਾਹਰ ਲੰਘ ਗਏ।
ਦਰਵਾਜ਼ਾ ਖੋਲ੍ਹਦਿਆਂ ਹੀ ਉਸ ਨੂੰ ਗੁਟਰਗੂੰ ਦੀਆਂ ਅਵਾਜ਼ਾਂ ਸੁਣਾਈ ਦਿਤੀਆਂ ਤੇ ਉਹ ਤੁਰੰਤ ਬਾਲਕੋਨੀ ਵਾਲਾ ਦਰਵਾਜ਼ਾ ਖੋਲ੍ਹ ਕੇ ਪਿਛਲੇ ਪਾਸੇ ਗਿਆ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚਲਾ ਗਿਆ। ਕਬੂਤਰ ਨਵਾਂ ਆਲ੍ਹਣਾ ਪਾਈ ਬੈਠੇ ਸਨ ਤੇ ਕਬੂਤਰੀ ਅੰਡਿਆਂ ’ਤੇ ਬੈਠੀ ਸੀ। ਉਸ ਨੇ ਅੰਡੇ ਵਗਾਹ ਮਾਰੇ ਤੇ ਆਲ੍ਹਣਾ ਤੀਲਾ-ਤੀਲਾ ਕਰ ਦਿਤਾ।
ਦੂਰ ਬੈਠੇ ਕਬੂਤਰ-ਕਬੂਤਰੀ ਅੱਖਾਂ ਭਰ ਕੇ ਦੇਖਦੇ ਰਹੇ--ਜਿਵੇਂ ਕਹਿ ਰਹੇ ਹੋਣ-‘ਹੇ ਮਨੁੱਖ-ਸਾਨੂੰ ਪਤੈ ਇਹ ਘਰ ਤੇਰਾ ਏ ਪਰ ਸਾਡਾ ਘਰ ਕਿਹੜਾ ਏ ਇਹ ਤਾਂ ਦੱਸ ਦੇ--ਅਪਣੇ ਲਈ ਤਾਂ ਤੂੰ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜ੍ਹੀਆਂ ਕਰ ਲਈਆਂ ਤੇ ਸਾਡੇ ਦਰੱਖ਼ਤ ਵੱਢ ਦਿਤੇ--ਜੰਗਲ ਉਜਾੜ ਦਿਤੇ--ਹੇ ਮਾਨਸ! ਜੇ ਅਸੀਂ ਜ਼ਿੰਦਾ ਹਾਂ ਤਾਂ ਹੀ ਤੂੰ ਜ਼ਿੰਦਾ ਹੈਂ--ਜਿਸ ਦਿਨ ਅਸੀਂ ਖ਼ਤਮ ਹੋ ਗਏ ਤਾਂ ਤੂੰ ਵੀ ਖ਼ਤਮ ਹੋ ਜਾਵੇਂਗਾ--ਉਸ ਦੇ ਦੇਖਦਿਆਂ ਕਬੂਤਰ ਲੰਬੀ ਉਡਾਰੀ ਮਾਰ ਗਏ ਤੇ ਮੁੜ ਕਦੇ ਉਸ ਕੰਧ ’ਤੇ ਕਬੂਤਰਾਂ ਦੀ ਗੁਟਰਗੂੰ ਸੁਣਾਈ ਨਾ ਦਿਤੀ।
ਭੋਲਾ ਸਿੰਘ ‘ਪ੍ਰੀਤ’