Diwali News: ਦੀਵਾਲੀ ਦੇ ਸਦੀਵੀ ਸੁਨੇਹਿਆਂ ਨੂੰ ਸਮਝਣ ਤੇ ਉਨ੍ਹਾਂ ਉੱਤੇ ਅਮਲ ਕਰਨ ਦੀ ਲੋੜ
Published : Oct 27, 2024, 9:31 am IST
Updated : Oct 27, 2024, 9:31 am IST
SHARE ARTICLE
The need to understand and act on the eternal messages of Diwali
The need to understand and act on the eternal messages of Diwali

Diwali News: ਪਟਾਕੇ ਚਲਾਏ ਜਾਣ ਦੀ ਪਰੰਪਰਾ ਦਾ ਅਰਥ ਨਕਾਰਾਤਮਕ ਸ਼ਕਤੀਆਂ ਦੇ ਖ਼ਾਤਮੇ ਨੂੰ ਪ੍ਰਗਟਾਉਣਾ ਹੈ। ਘ

ਭਾਰਤ ਵਿਚ ਬਹੁਤ ਲੰਮੇ ਸਮੇਂ ਤੋਂ ਮਨਾਏ ਜਾਣ ਵਾਲੇ ਸੱਭ ਤੋਂ ਪੁਰਾਣੇ ਅਤੇ ਮਹਤਵਪੂਰਣ ਤਿਉਹਾਰਾਂ ਵਿਚੋਂ ਰੌਸ਼ਨੀਆਂ, ਖ਼ੁਸੀਆਂ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਤਿਉਹਾਰ ਦੀਵਾਲੀ ਸਾਰੇ ਦੇਸ਼ ਵਿਚ ਵੱਖ ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ। ਦੀਵਾਲੀ ਦਾ ਇਹ ਤਿਉਹਾਰ ਭਾਵੇਂ ਧਾਰਮਕ, ਸਭਿਆਚਾਰਕ ਅਤੇ ਆਰਥਕ ਮਾਨਤਾਵਾਂ ਤੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਮੂਲ ਉਦੇਸ਼ ਹਨੇਰਿਆਂ ਤੋਂ ਰੌਸ਼ਨੀ ਵਲ, ਬੁਰਾਈ ਤੋਂ ਨੇਕੀ ਵਲ, ਅਵਿਸ਼ਵਾਸ ਤੋਂ ਵਿਸ਼ਵਾਸ ਵਲ, ਇਕ-ਦੂਜੇ ਨਾਲ ਜੁੜਨ, ਜ਼ਿੰਦਗੀ ’ਚ ਪ੍ਰੇਮ, ਸ਼ਾਂਤੀ ਅਤੇ ਖ਼ੁਸ਼ਹਾਲੀ ਵਲ ਵਧਣ ਦਾ ਸੁਨੇਹਾ ਦੇਣਾ ਹੈ।

ਦੀਵਾਲੀ ਦਾ ਇਹ ਤਿਉਹਾਰ ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਨੂੰ ਜੋ ਕਿ ਹਿੰਦੂ ਪੰਚਾਂਗ ਅਨੁਸਾਰ ਸਾਲ ਦੇ ਸੱਭ ਤੋਂ ਹਨੇਰੇ ਵਾਲੇ ਦਿਨ ਦੀਵਾਲੀ ਦੇ ਨਾਂਅ ਨਾਲ ਮਨਾਇਆ ਜਾਂਦਾ ਹੈ। ਦੇਸ਼ ਦੇ ਸਾਰੇ ਪ੍ਰਾਂਤਾਂ ਵਿਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਣਾ ਅਨੇਕਤਾ ’ਚ ਏਕਤਾ ਨੂੰ ਪ੍ਰਮਾਣਤ ਕਰਦਾ ਹੈ। ਦੀਵਾਲੀ ਜਿਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ, ਸੰਸਕਿ੍ਰਤ ਭਾਸ਼ਾ ਦੇ ਸ਼ਬਦ ਦੀਪਾਵਲੀ ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ਦੀਪਮਾਲਾ।

ਆਪਸੀ ਰਿਸ਼ਤਿਆਂ ’ਚ ਸਾਂਝ, ਮੋਹ, ਨੇੜਤਾ ਦੇ ਪੁਲ ਬਣਾਉਣ ਵਾਲਾ ਇਹ ਤਿਉਹਾਰ ਦੀਵਾਲੀ ਹਨੇਰੇ ਦਿਲਾਂ ’ਚ ਆਸ ਦੀ ਕਿਰਨ ਜਗਾਉਂਦਾ ਹੈ। ਦੀਵਾਲੀ ਦਾ ਇਹ ਤਿਉਹਾਰ ਅਨੇਕਾਂ ਧਾਰਮਕ, ਆਰਥਕ, ਸਮਾਜਕ ਮਾਨਤਾਵਾਂ ਅਤੇ ਪੁਰਾਤਨ ਕਥਾਵਾਂ ਨਾਲ ਜੁੜਿਆ ਹੋਇਆ ਹੈ। ਦੀਵਾਲੀ ਦਾ ਇਹ ਤਿਉਹਾਰ ਸਿੱਖ ਧਰਮ ਵਿਚ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਹੀ ਸੰਨ 1619 ’ਚ ਗੁਰੂ ਹਰਗੋਬਿੰਦ ਸਿੰਘ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ 52 ਹਿੰਦੂ ਰਾਜਿਆਂ ਨੂੰ ਮੁਗ਼ਲ ਸਲਤਨਤ ਤੋਂ ਰਿਹਾਅ ਕਰਵਾਇਆ ਸੀ। ਇਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਰਧਾਲੂਆਂ ਦਾ ਇਕੱਠ ਅਤੇ ਰੌਸ਼ਨੀਆਂ ਦੀ ਦੀਪਮਾਲਾ ਵੇਖਣ ਯੋਗ ਹੁੰਦੇ ਹਨ।

ਹਿੰਦੂਆਂ ਵਲੋਂ ਭਗਵਾਨ ਰਾਮ ਦੇ ਚੌਦਾਂ ਸਾਲ ਦੇ ਬਨਵਾਸ ਮਗਰੋਂ ਅਯੁਧਿਆ ਪਰਤਣ ਦੀ ਖ਼ੁਸ਼ੀ ਵਿਚ ਕੀਤੀ ਜਾਣ ਵਾਲੀ ਦੀਪਮਾਲਾ ਦੀਵਾਲੀ ਦੇ ਤਿਉਹਾਰ ਵਜੋਂ ਮਨਾਈ ਜਾਂਦੀ ਹੈ। ਹਿੰਦੂ ਲੋਕ ਧਨ ਦੀ ਦੇਵੀ ਲਛਮੀ ਦੀ ਕਿ੍ਰਪਾ ਹਾਸਲ ਕਰਨ ਲਈ ਘਰਾਂ ਵਿਚ ਦੀਵੇ ਬਾਲਦੇ ਹਨ ਅਤੇ ਲੱਛਮੀ ਦੀ ਪੂਜਾ ਕਰਦੇ ਹਨ। ਵਪਾਰੀ ਲੋਕ ਦੀਵਾਲੀ ਦੇ ਦਿਨ ਤੋਂ ਹੀ ਅਪਣਾ ਵਪਾਰਕ ਵਰ੍ਹਾ ਸ਼ੁਰੂ ਕਰਦੇ ਹਨ ਅਤੇ ਨਵਾਂ ਬਹੀ ਖਾਤਾ ਲਗਾਉਂਦੇ ਹਨ।

ਭਾਵੇਂ ਧਾਰਮਕ ਵਿਸ਼ਵਾਸ ਅਨੁਸਾਰ ਦੀਵਾਲੀ ਦੇ ਤਿਉਹਾਰ ’ਤੇ ਘਰਾਂ ਵਿਚ ਲੱਛਮੀ ਦਾ ਨਿਵਾਸ ਹੋਣ ਕਾਰਨ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਘਰਾਂ ਦੀ ਸਾਫ਼ ਸਫ਼ਾਈ ਕੀਤੀ ਜਾਂਦੀ ਹੈ, ਘਰਾਂ ਨੂੰ ਸਜਾਇਆ ਜਾਂਦਾ ਹੈ, ਰੰਗੋਲੀਆਂ ਬਣਾਈਆਂ ਜਾਂਦੀਆਂ ਹਨ, ਦੀਵੇ ਤੇ ਮੋਮਬਤੀਆਂ ਬਾਲੇ ਜਾਂਦੇ ਹਨ ਪਰ ਇਸ ਦਾ ਦੂਜਾ ਪੱਖ ਇਹ ਵੀ ਮੰਨਿਆ ਗਿਆ ਹੈ ਕਿ ਬਰਸਾਤ ਦੀ ਰੁੱਤ ਦੇ ਸਲਾਭੇ ਤੇ ਹੋਰ ਗੰਦਗੀ ਦੀ ਸਾਫ਼ ਸਫ਼ਾਈ ਲਈ ਘਰਾਂ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਰੰਗ-ਰੋਗਨ ਕੀਤੇ ਜਾਂਦੇ ਹਨ। ਦੀਵੇ ਅਤੇ ਮੋਮਬਤੀਆਂ ਜਗਾਉਣ ਨਾਲ ਦਿਲਾਂ ਦਾ ਅਤੇ ਚਾਰੇ ਪਾਸੇ ਦਾ ਹਨੇਰਾ ਖ਼ਤਮ ਹੋਣ ਨਾਲ ਦਿਲਾਂ ਨੂੰ ਸ਼ਾਂਤੀ, ਸਕੂਨ ਅਤੇ ਸੰਤੋਖ ਹਾਸਲ ਹੁੰਦੇ ਹਨ।

ਪਟਾਕੇ ਚਲਾਏ ਜਾਣ ਦੀ ਪਰੰਪਰਾ ਦਾ ਅਰਥ ਨਕਾਰਾਤਮਕ ਸ਼ਕਤੀਆਂ ਦੇ ਖ਼ਾਤਮੇ ਨੂੰ ਪ੍ਰਗਟਾਉਣਾ ਹੈ। ਘਰਾਂ ਦੇ ਮੁੱਖ ਦਰਵਾਜ਼ੇ ਉਤੇ ਰੰਗੋਲੀ ਸਜਾਉਣ ਦਾ ਉਦੇਸ਼ ਦੀਵਾਲੀ ਦੇ ਤਿਉਹਾਰ ਉਤੇ ਘਰ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਨਾ ਹੁੰਦਾ ਹੈ। ਉੱਤਰ ਭਾਰਤ ਵਿਚ ਭਗਵਾਨ ਰਾਮ ਦੇ ਬਨਵਾਸ ਤੋਂ ਪਰਤਣ ਦੀ ਖ਼ੁਸ਼ੀ ਦੇ ਰੂਪ ਵਿਚ, ਮਹਾਰਾਸ਼ਟਰ ਤੇ ਗੁਜਰਾਤ ਵਿਚ ਨਵੇਂ ਵਰ੍ਹੇ ਦੀ ਆਰੰਭ ਹੋਣ ਤੇ, ਬੰਗਾਲ ਵਿਚ ਮਾਤਾ ਕਾਲੀ ਦੀ ਪੂਜਾ ਦੇ ਰੂਪ ’ਚ ਅਤੇ ਦਖਣੀ ਭਾਰਤ ਵਿਚ ਭਗਵਾਨ ਕਿ੍ਰਸ਼ਨ ਵਲੋਂ ਨਰਕਾਸੁਰ ਰਾਖ਼ਸ਼ਸ਼ ਦੇ ਖ਼ਾਤਮੇ ਦੀ ਖ਼ੁਸ਼ੀ ’ਚ ਦੀਵਾਲੀ ਦਾ ਇਹ ਤਿਉਹਾਰ ਮਨਾਇਆ ਜਾਂਦਾ ਹੈ। 

ਅਸੀ ਸਾਰੇ ਅਪਣੀਆਂ ਖ਼ੁਸ਼ੀਆਂ ਦੇ ਪ੍ਰਗਟਾਵੇ ਲਈ ਦੀਵਾਲੀ ਦਾ ਤਿਉਹਾਰ ਤਾਂ ਮਨਾ ਰਹੇ ਹਾਂ ਪਰ ਦੀਵਾਲੀ ਦੇ ਤਿਉਹਾਰ ਦੇ ਮਨਾਉਣ ਦੇ ਢੰਗ ਤੋਂ ਇੰਜ ਲੱਗ ਰਿਹਾ ਹੈ ਕਿ ਅਸੀਂ ਕੇਵਲ ਪ੍ਰੰਪਰਾ ਦਾ ਪਾਲਣ ਹੀ ਕਰ ਰਹੇ ਹਾਂ। ਅਸੀ ਅਪਣੇ ਫ਼ਰਜ਼ਾਂ ਨੂੰ ਭੁਲਦੇ ਜਾ ਰਹੇ ਹਾਂ। ਅਪਣੀ ਖ਼ੁਸ਼ੀ ਪ੍ਰਗਟਾਉਣ ਲਈ ਮੋਮਬਤੀਆਂ, ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਲਗਿਆਂ ਸ਼ੋਰ ਅਤੇ ਧੂੰਏਂ ਦੇ ਪ੍ਰਦੂਸ਼ਣ ਤੋਂ ਮਨੁੱਖੀ ਸਿਹਤ ਲਈ ਪੈਦਾ ਹੋਣ ਵਾਲੇ ਖ਼ਤਰਿਆਂ ਵਲ ਸਾਡਾ ਧਿਆਨ ਹੀ ਨਹੀਂ ਹੈ।

ਸਰਕਾਰਾਂ ਦੇ ‘ਈਕੋ ਫ਼ਰੈਂਡਲੀ ਦੀਵਾਲੀ’ ਮਨਾਉਣ ਦੇ ਸੁਨੇਹੇ ਨੂੰ ਅਸੀਂ ਮੰਨਣ ਲਈ ਤਿਆਰ ਹੀ ਨਹੀਂ ਹਾਂ। ਵਾਤਾਵਰਣ ਵਿਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਪਰ ਸਾਡੀ ਲਾਪ੍ਰਵਾਹੀ ਹੋਰ ਵਧਦੀ ਜਾ ਰਹੀ ਹੈ। ਪ੍ਰਦੂਸ਼ਣ ਵਿਭਾਗ ਦੀਆਂ ਚੇਤਾਵਨੀਆਂ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਬੁਰਾਈਆਂ ਤੇ ਬਦੀਆਂ ਦਾ ਹਨੇਰਾ ਪਸਰਦਾ ਜਾ ਰਿਹਾ ਹੈ। ਅਵਿਸ਼ਵਾਸ ਦੀ ਭਾਵਨਾ ਵਧਦੀ ਜਾ ਰਹੀ ਹੈ।

ਭਾਈਚਾਰਕ ਸਾਂਝ ਨੂੰ ਖੋਰਾ ਲੱਗ ਰਿਹਾ ਹੈ। ਸਾਡੇ ਮਨੁੱਖੀ ਰਿਸ਼ਤਿਆਂ ’ਚ ਤਰੇੜਾਂ ਡੂੰਘੀਆਂ ਹੋ ਰਹੀਆਂ ਹਨ। ਅਤਿਆਚਾਰ ਤੇ ਅਨਿ੍ਹਆਂ ਵੱਧ ਰਹੇ ਹਨ। ਧਰਮਾਂ ਅਤੇ ਜਾਤਾਂ ਦੇ ਨਾਂ ਉੱਤੇ ਫ਼ਿਰਕਾ-ਪ੍ਰਸਤੀ ਸਮਾਜ ਉੱਤੇ ਭਾਰੂ ਹੁੰਦੀ ਜਾ ਰਹੀ ਹੈ। ਸਾਂਝੀ ਭਾਈਵਾਲਤਾ ਦਾ ਸੁਨੇਹਾ ਪੇਤਲਾ ਹੁੰਦਾ ਜਾ ਰਿਹਾ ਹੈ। ਅਸੀ ਸੋਚ ਹੀ ਨਹੀਂ ਰਹੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕਿਸ ਤਰ੍ਹਾਂ ਦੇ ਸਮਾਜਕ ਵਾਤਾਵਰਣ ਦੀ ਸਿਰਜਣਾ ਕਰ ਰਹੇ ਹਾਂ। ਸੋ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦਾ ਉਦੇਸ਼ ਉਦੋਂ ਪੂਰਾ ਹੋਵੇਗਾ ਜਦੋਂ ਅਸੀਂ ਇਸ ਦੇ ਸੁਨੇਹਿਆਂ ਨੂੰ ਸਮਝਣ ਦੇ ਨਾਲ-ਨਾਲ ਇਸ ਉੱਤੇ ਅਮਲ ਵੀ ਕਰਾਂਗੇ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement