Punjab News: ਭਾਸ਼ਾ ਦੀ ਭੂਮਿਕਾ ਅਤੇ ਜੀਵਨ  ਵਿਕਾਸ
Published : Jan 28, 2024, 9:15 am IST
Updated : Jan 28, 2024, 9:15 am IST
SHARE ARTICLE
File Photo
File Photo

ਭਾਸ਼ਾਵਾਂ ਸਮਾਜ ਦਾ ਨਿਰਮਾਣ ਕਰ ਵੱਖ-ਵੱਖ ਸਭਿਆਚਾਰਾਂ ਨੂੰ ਉਤਸਾਹਤ ਕਰ ਸਕਦੀਆਂ ਹਨ।

ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਸਮਾਜ  ਵਿਚ ਰਹਿੰਦਿਆਂ ਉਸ ਨੂੰ ਅਪਣੀਆਂ ਖ਼ੁਸ਼ੀਆਂ-ਗ਼ਮੀਆਂ, ਦੁੱਖ-ਸੁੱਖ, ਇਕ ਦੂਜੇ ਨਾਲ ਸਾਂਝੇ ਕਰਨੇ ਪੈਂਦੇ ਹਨ। ਇਹ ਸਭ ਬੋਲੀ ਜਾਂ ਭਾਸ਼ਾ ਦੁਆਰਾ ਹੀ ਸੰਭਵ ਹੁੰਦਾ ਹੈ। ਸੰਸਾਰ ਦੇ ਸਾਰੇ ਜੀਵਾਂ ਵਿਚੋਂ ਮਨੁੱਖ ਨੂੰ ਭਾਸ਼ਾ ਨੇ ਵਖਰਾ ਤੇ ਉੱਤਮ ਜੀਵ ਬਣਾਇਆ ਹੈ। ਭਾਸ਼ਾ ਆਪਸੀ ਸੰਪਰਕ ਦਾ ਇਕ ਅਹਿਮ ਹਿੱਸਾ ਹੈ। ਹਾਲਾਂਕਿ ਸਾਰੀਆਂ ਜਾਤੀਆਂ ਦੇ ਸੰਚਾਰ ਕਰਨ ਦੇ ਅਪਣੇ ਅਪਣੇ ਤਰੀਕੇ ਹਨ।

ਕੇਵਲ ਮਨੁੱਖ ਹੀ ਹਨ ਜਿਨ੍ਹਾਂ ਨੂੰ ਬੋਧਾਤਮਕ ਭਾਸ਼ਾ ਸੰਚਾਰ ਵਿਚ ਮੁਹਾਰਤ ਹਾਸਲ ਹੈ। ਭਾਸ਼ਾ ਸਾਨੂੰ ਅਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਇਜ਼ਾਜਤ ਦਿੰਦੀ ਹੈ। ਭਾਸ਼ਾ ਦੀ ਮਹੱਤਤਾ ਨੂੰ ਇਸ ਤੱਥ ਤੋਂ ਵੀ ਵੇਖਿਆ ਜਾ ਸਕਦਾ ਹੈ ਕਿ ਭਾਸ਼ਾਵਾਂ ਦੀ ਮਦਦ ਨਾਲ ਵਿਅਕਤੀ ਅਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰ ਸਕਦਾ ਹੈ। ਭਾਸ਼ਾਵਾਂ ਸਮਾਜ ਦਾ ਨਿਰਮਾਣ ਕਰ ਵੱਖ-ਵੱਖ ਸਭਿਆਚਾਰਾਂ ਨੂੰ ਉਤਸਾਹਤ ਕਰ ਸਕਦੀਆਂ ਹਨ।

ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਭਾਸ਼ਾ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਸੰਚਾਰ ਸਾਡੇ ਜੀਵਨ ਨੂੰ ਚਲਾਉਂਦਾ ਤੇ ਬਿਹਤਰ ਬਣਾਉਂਦਾ ਹੈ। ਮੂਲ ਰੂਪ ਵਿਚ ਭਾਸ਼ਾ ਮਨੁੱਖਾਂ ਨੂੰ ਜਾਨਵਰਾਂ ਤੋਂ ਵਖਰਾ ਕਰਦੀ ਹੈ। ਦੁਨੀਆ ਦੇ 8 ਅਰਬ ਲੋਕ ਅਤੇ 195 ਆਜ਼ਾਦ ਦੇਸ਼ਾਂ ਵਿਚ ਲਗਭਗ 7139 ਭਾਸ਼ਾਵਾਂ ਬੋਲ-ਚਾਲ ’ਚ ਆਉਂਦੀਆਂ ਹਨ।

ਇਹ ਭਾਸ਼ਾਵਾਂ ਸਮੇਂ ਦੇ ਨਾਲ ਹੌਲੀ-ਹੌਲੀ ਵਿਕਸਤ ਹੋਈਆਂ ਹਨ। ਭਾਸ਼ਾਵਾਂ ਸਭਿਆਚਾਰਕ ਅਤੇ ਸਮਾਜਕ ਪੋਸ਼ਣ ਲਈ ਜ਼ਰੂਰੀ ਹਨ। ਸੰਸਾਰ ਵਿਚ ਸ਼ਾਂਤੀ ਨਾਲ ਰਹਿਣ ਲਈ ਇਕ-ਦੂਜੇ ਦੇ ਸਭਿਆਚਾਰ, ਨਿਯਮਾਂ, ਧਰਮ ਅਤੇ ਪਰੰਪਰਾਵਾਂ ਨੂੰ ਸਮਝਣ ਲਈ ਭਾਸ਼ਾ ਦਾ ਅਹਿਮ ਸਥਾਨ ਹੈ। ਹਰ ਦੇਸ਼ ਦੀ ਅਪਣੀ ਸਰਕਾਰੀ ਭਾਸ਼ਾ ਹੈ। ਉਸ ਭਾਸ਼ਾ ਨੂੰ ਮਹੱਤਵ ਦਿੰਦੇ ਹਨ ਜੋ ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲੋਂ ਵਖਰੀ ਪਹਿਚਾਣ ਦਵਾਉਂਦੀ ਹੈ। ਸਕੂਲ ਵਿਚ ਪੜ੍ਹਾਈ ਤੋਂ ਇਲਾਵਾ, ਰਾਸ਼ਟਰ ਦਾ ਪ੍ਰਸ਼ਾਸਨਕ ਕੰਮ ਸਰਕਾਰੀ ਭਾਸ਼ਾ ਵਿਚ ਕੀਤਾ ਜਾਂਦਾ ਹੈ। ਸਥਾਨਕ ਭਾਸ਼ਾ ਵਿਚ ਹੀ ਕੌਮ ਦਾ ਸਭਿਆਚਾਰਕ ਸੁਰਖਿਅਤ ਰਖਿਆ ਜਾ ਸਕਦਾ ਹੈ। 

ਬੋਲੀ ਜਾਂ ਭਾਸ਼ਾ ਦੇ ਰੂਪ 
ਭਾਸ਼ਾ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚ ਸੈਂਕੜੇ ਕਿਸਮਾਂ ਸ਼ਾਮਲ ਹਨ ਪਰ ਸਿੱਖਣ ਦੀ ਸ਼ੁਰੂਆਤ ਮਾਂ ਅਤੇ ਮਾਂ ਬੋਲੀ ਤੋਂ ਹੀ ਹੁੰਦੀ ਹੈ। ਇਹ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ। ਭਾਸ਼ਾ ਨਾਲ ਮਾਂ ਹੀ ਬੱਚੇ ਦੀ ਪਹਿਲੀ ਸਾਂਝ ਪੁਆਉਂਦੀ ਹੈ। ਬੱਚੇ ਵੀ ਸਭ ਤੋਂ ਪਹਿਲਾ ਮਾਂ ਸ਼ਬਦ ਹੀ ਬੋਲਦੇ ਹਨ। ਜਨਮ ਤੋਂ ਬਾਅਦ ਜਿਹੜੀ ਭਾਸ਼ਾ ਵਿਚ ਲੋਰੀਆਂ, ਕਥਾ, ਕਹਾਣੀਆਂ, ਗੀਤ, ਘੋੜੀਆਂ, ਸੁਹਾਗ ਅਤੇ ਖ਼ੁਸ਼ੀ-ਗ਼ਮੀ ਸਮੇਂ ਜੋ ਬੋਲਦੇ ਸੁਣਦੇ ਹਾਂ, ਉਹ ਭਾਸ਼ਾ ਹੀ ਬੱਚੇ ਦੀ ਮਾਂ-ਬੋਲੀ ਅਖਵਾਉਂਦੀ ਹੈ। ਮਾਂ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ, ਬੱਚੇ ਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ ਜਿਥੋਂ ਉੁਹ ਸਿਖਣ ਦੀ ਪਹਿਲੀ ਪੁਲਾਂਘ ਪੁਟਦਾ ਹੈ।  

ਬੋਲਚਾਲ ਅਤੇ ਲਿਖਤੀ ਬੋਲੀ
ਜਦੋਂ ਅਸੀਂ ਅਪਣੇ ਮਨ ਦੇ ਵਿਚਾਰਾਂ ਨੂੰ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਬੋਲਚਾਲ ਜਾਂ ਮੌਖਿਕ ਬੋਲੀ ਆਖਦੇ ਹਨ। ਇਸ ਦੀ ਵਰਤੋਂ ਆਮ ਗੱਲਬਾਤ ਲਈ ਕੀਤੀ ਜਾਦੀ ਹੈ। ਅਪਣੇ ਮਨ ਦੇ ਭਾਵਾਂ ਨੂੰ ਲਿਖ ਕੇ ਪੇਸ਼ ਕਰਦੇ ਹਾਂ ਤਾਂ ਉਸ ਨੂੰ ਲਿਖਤੀ ਬੋਲੀ, ਟਕਸਾਲੀ ਬੋਲੀ ਜਾਂ ਸਾਹਿਤਕ ਬੋਲੀ ਆਖਦੇ ਹਨ। ਇਹ ਭਾਸ਼ਾ ਵਿਆਕਰਣਿਕ ਨਿਯਮਾਂ ਵਿਚ ਬੱਝੀ ਹੁੰਦੀ ਹੈ। ਭਾਵਾਂ ਦਾ ਪ੍ਰਗਟਾਵਾ ਠੀਕ ਕਰਨ ਲਈ ਢੁਕਵੇਂ ਚਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲੇਖਕ, ਸਾਹਿਤਕਾਰ, ਵਿਦਵਾਨ ਅਪਣੀਆਂ ਲਿਖਤਾਂ ਵਿਚ ਭਾਸ਼ਾ ਦੀ ਸੁਚੱਜੀ ਵਰਤੋਂ ਨਾਲ ਪਾਠਕਾਂ ਨੂੰ ਜੋੜ ਕੇ ਰਖਦੇ ਹਨ। 

ਰਾਜ ਭਾਸ਼ਾ : ਰਾਜ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਰਾਜ ਭਾਸ਼ਾ ਆਖਦੇ ਹਨ। ਉਸ ਰਾਜ ਵਿਚ ਵਿਦਿਅਕ ਅਦਾਰੇ ਤੇ ਸਰਕਾਰੀ ਦਫ਼ਤਰਾਂ ਦੇ ਕੰਮ-ਕਾਜ ਰਾਜ ਭਾਸ਼ਾ ਵਿਚ ਹੀ ਹੁੰਦੇ ਹਨ। ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਦਸਵੀਂ ਜਮਾਤ ਤਕ ਰਾਜ ਭਾਸ਼ਾ ਪੜ੍ਹੀ ਹੋਣਾ ਲਾਜ਼ਮੀ ਹੈ ਤਾਂ ਜੋ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾ ਸਕੇ। ਰਾਜ ਦਾ ਸਭਿਆਚਾਰ, ਸੰਸਕਿ੍ਰਤੀ, ਰੀਤੀ-ਰਿਵਾਜਾਂ ਨੂੰ ਸਥਾਨਕ ਭਾਸ਼ਾ ਤੋਂ ਬਿਨਾ ਨਹੀਂ ਸਮਝਿਆ ਜਾ ਸਕਦਾ। ਇਲਾਕੇ ਦੀ ਭਿੰਨਤਾ ਆ ਜਾਣ ਦੇ ਕਾਰਨ ਬੋਲੀ ਦੇ ਜੋ ਵੱਖ-ਵੱਖ ਰੂਪ ਮਿਲਦੇ ਹਨ, ਉਸ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ। ਭਾਸ਼ਾ ਸਾਰੇ ਭੂਗੋਲਿਕ ਇਲਾਕਿਆਂ ਵਿਚ ਇਕੋ ਜਹੀ ਨਹੀਂ ਹੁੰਦੀ। ਸਥਾਨ ਬਦਲਣ ਕਾਰਨ ਭਾਸ਼ਾ ਵਿਚ ਵਿਸ਼ੇਸ਼ ਸਥਾਨਕ ਰੰਗ ਵੇਖਣ ਨੂੰ ਮਿਲਦੇ ਹਨ।

ਪੰਜਾਬੀ ਦੀਆਂ ਉਪ-ਬੋਲੀਆਂ
ਪੰਜਾਬੀ ਭਾਸਾ ਵਿਚ ਮਾਝੀ, ਦੁਆਬੀ, ਮਲਵਈ, ਮੁਲਤਾਨੀ, ਪੋਠੋਹਾਰੀ, ਪੁਆਧੀ ਆਦਿ ਪ੍ਰਸਿੱਧ ਉਪ-ਬੋਲੀਆਂ ਹਨ। 1947 ਵਿਚ ਦੇਸ਼ ਦੀ ਵੰਡ ਸਮੇਂ ਪੰਜਾਬੀ ਬੋਲਦਾ ਵੱਡਾ ਹਿੱਸਾ ਪਾਕਿਸਤਾਨ ਵਿਚ ਜਾਣ ਕਰ ਕੇ ਪੋਠੋਹਾਰੀ ਅਤੇ ਮੁਲਤਾਨੀ ਉਪ-ਭਾਸ਼ਾਵਾਂ ਪਾਕਿਸਤਾਨ ਵਿਚ ਬੋਲਦੇ ਹਨ। ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਬਿਆਸ, ਪਠਾਨਕੋਟ ਆਦਿ ਇਲਾਕਿਆਂ ਵਿਚ ਮਾਝੀ ਬੋਲੀ ਜਾਂਦੀ ਹੈ। ਇਹ ਮਾਝੇ ਦੇ ਇਲਾਕੇ ਦੇ ਨਾਂ ਨਾਲ ਪ੍ਰਚੱਲਤ ਹਨ। ਇਥੋਂ ਦੇ ਰਹਿਣ ਵਾਲਿਆਂ ਨੂੰ ‘ਮਝੈਲ’ ਕਹਿੰਦੇ ਹਨ। ਇਥੇ ਵਰਤੇ ਜਾਂਦੇ ਡਿਹਾ, ਉਹਦਾ, ਬੱਧਾ, ਡਿੱਠਾ ਖ਼ਾਸ ਸ਼ਬਦ ਪ੍ਰਚਲਤ ਹਨ। 

ਦੁਆਬਾ ਖੇਤਰ ਦਰਿਆ ਸਤਲੁਜ ਅਤੇ ਬਿਆਸ ਦੇ ਨਾਲ ਲਗਦੇ ਜ਼ਿਲ੍ਹੇ ਜਿਵੇਂ ਜਲੰਧਰ, ਕਪੂਰਥਲਾ, ਨਕੋਦਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਗਵਾੜਾ, ਹੁਸ਼ਿਆਰਪੁਰ, ਬੰਗਾ, ਫਿਲੌਰ ਆਦਿ ਇਲਕਿਆਂ ਵਿਚ ਦੁਆਬੀ ਬੋਲੀ ਜਾਂਦੀ ਹੈ। ਇਸ ਖੇਤਰ ਨੂੰ ਦੁਆਬਾ ਤੇ ਉਥੇ ਦੇ ਲੋਕਾਂ ਨੂੰ ਦੁਆਬੀਏ ਆਖਦੇ ਹਨ। ਇਥੇ ਮੁੱਖ ਤੌਰ ’ਤੇ ਬਿਚੋਲਾ, ਬੱਖੀ, ਖੱਟਾ, ਬੰਗਾਂ ਆਦਿ ਸ਼ਬਦ ਬੋਲਦੇ ਹਨ। 

ਮਾਲਵਾ ਖੇਤਰ : ਬਠਿੰਡਾ, ਮੁਕਤਸਰ, ਮਾਨਸਾ, ਬਰਨਾਲਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸਿਰਸਾ (ਹਰਿਆਣਾ) ਸਤਲੁਜ ਤੋਂ ਉਪਰ ਦੇ ਪਾਸੇ ਮਲਵਈ ਬੋਲਦੇ ਹਨ। ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਇਥੋਂ ਦੇ ਲੋਕਾਂ ਨੂੰ ਮਲਵਈ ਆਖਦੇ ਹਨ ਤੇ ਇਹ ਇਲਾਕਾ ‘ਮਾਲਵੇ’ ਦੇ ਨਾਂ ਨਾਲ ਮਸ਼ਹੂਰ ਹੈ। ਅਸੀਂ ਦੀ ਥਾਂ ਆਪ, ਕਰਦਾ ਦੀ ਥਾਂ ਕਰਨਾ, ਖੜ ਜਾ ਆਦਿ ਸ਼ਬਦ ਵਰਤਦੇ ਹਨ। 

ਪੁਆਧੀ ਉਪ-ਬੋਲੀ ਜ਼ਿਲ੍ਹਾ ਰੋਪੜ, ਮੋਹਾਲੀ ਅਤੇ ਸਿਰਸਾ, ਅੰਬਾਲਾ (ਹਰਿਆਣਾ) ਜ਼ਿਲ੍ਹੇ ਦੇ ਪੇਂਡੂ ਇਲਾਕਿਆਂ, ਪਟਿਆਲਾ ਪੂਰਬੀ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਕੱੁਝ ਹਿੱਸਿਆਂ ਵਿਚ ਪੁਆਧੀ ਬੋਲਦੇ ਹਨ। ਇਸ ਨੂੰ ‘ਪੁਆਧ’ ਦਾ ਇਲਾਕਾ ਕਹਿੰਦੇ ਹਨ ਤੇ ਰਹਿਣ ਵਾਲਿਆਂ ਨੂੰ ‘ਪੁਆਧੜ’ ਜਾ ‘ਪੁਆਧੀ’ ਆਖਦੇ ਹਨ। ਇਸ ਇਲਾਕੇ ਵਿਚ ਸਾਨੂੰ ਦੀ ਜਗ੍ਹਾ ਹਮੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। 

ਪੋਠੋਹਾਰੀ ਭਾਸ਼ਾ ਪਾਕਿਸਤਾਨ ਦੇ ਜ਼ਿਹਲਮ, ਕੈਮਲਪੁਰ ਅਤੇ ਰਾਵਲਪਿੰਡੀ ਦੇ ਪਹਾੜੀ ਇਲਾਕੇ ਵਿਚ ਬੋਲਦੇ ਹਨ। ਇਸ ਇਲਾਕੇ ਵਿਚ ‘ਨੂੰ’ ਦੀ ਥਾਂ ‘ਕੀ’ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ- ਉਸ ਨੂੰ ਦੀ ਥਾਂ ਉਸ ਕੀ ਸ਼ਬਦ ਵਰਤਿਆ ਜਾਂਦਾ ਹੈ। ਮੁਲਤਾਨੀ ਪਾਕਿਸਤਾਨ ਦੇ ਮੁਲਤਾਨ, ਬਹਾਵਲਪੁਰ, ਝੰਗ ਅਤੇ ਡੇਰਾ ਗਾਜੀ ਖ਼ਾਂ, ਮੁਜ਼ਫ਼ਰਗੜ੍ਹ ਵਿਚ ਇਹ ਉਪ-ਬੋਲੀ ਬੋਲੀ ਜਾਂਦੀ ਹੈ। ਇਸ ਉਪ-ਬੋਲੀ ਵਿਚ ਮੁੰਡਾ, ਤੋੜਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। 

ਡੋਗਰੀ - ਜੰਮੂ ਤੇ ਕਾਂਗੜੇ ’ਚ ਬੋਲਦੇ ਹਨ। ਇਥੋਂ ਦੇ ਲੋਕ ‘ਦੇ, ਦੀ’ ਸ਼ਬਦਾਂ ਦੀ ਬਹੁਤ ਵਰਤੋਂ ਕਰਦੇ ਹਨ। ਜਿਵੇਂ : ਗਏ ਦੇ ਨੇ, ਆਇਆ ਦਾ ਏ ਆਦਿ। ਰਾਸ਼ਟਰੀ ਭਾਸ਼ਾ ਹਿੰਦੀ ਸਮੁੱਚੇ ਭਾਰਤ ਵਿਚ ਸਮਝੀ ਜਾਂਦੀ ਭਾਸ਼ਾ ਹੈ। ਇਹ ਦੇਸ਼ ਵਿਚ ਬੋਲਚਾਲ ਦਾ ਮੱੁਖ ਸਾਧਨ ਹੈ ਜਿਸ ਦੀ ਵਰਤੋਂ ਸਰਕਾਰ, ਸਿਖਿਆ, ਸਿਨੇਮਾ, ਮੀਡੀਆ ਅਤੇ ਕਾਰੋਬਾਰ ਵਿਚ ਕੀਤੀ ਜਾਂਦੀ ਹੈ।

 ਹਿੰਦੀ ਦਾ ਗਿਆਨ ਭਾਰਤੀ ਸਭਿਆਚਾਰ ਅਤੇ ਸਮਾਜ ਵਿਚ ਡੂੰਘੀ ਸਮਝ ਅਤੇ ਏਕੀਕਰਨ ਦੀ ਆਗਿਆ ਦਿੰਦਾ ਹੈ। ਹਾਲਾਂਕਿ ਬਹੁਤ ਸਾਰਾ ਰਾਸ਼ਟਰੀ ਕਾਰੋਬਾਰ ਅੰਗਰੇਜ਼ੀ ਅਤੇ ਭਾਰਤੀ ਸੰਵਿਧਾਨ ਵਿਚ ਮਾਨਤਾ ਪ੍ਰਾਪਤ ਹੋਰ ਭਾਸ਼ਾਵਾਂ ਵਿਚ ਵੀ ਕੀਤਾ ਜਾਂਦਾ ਹੈ। ਹਿੰਦੀ ਦੇਸ਼ ਦੀ ਅਨੇਕਤਾ ਨੂੰ ਏਕਤਾ ਦੀ ਲੜੀ ਵਿਚ ਬੰਨ੍ਹਣ ਲਈ ਅਹਿਮ ਰੋਲ ਨਿਭਾਉਂਦੀ ਹੈ। ਹਿੰਦੀ ਕੇਂਦਰੀ ਦਫ਼ਤਰਾਂ ਦੀ ਸਰਕਾਰੀ ਭਾਸ਼ਾ ਹੈ ਪਰ ਅਜਿਹਾ ਵੀ ਨਹੀਂ ਕਿ ਅੰਗਰੇਜ਼ੀ ਵਿਚ ਕੰਮ ਦੀ ਮਨਾਹੀ ਹੈ।

ਅੰਤਰਰਾਸ਼ਟਰੀ ਭਾਸ਼ਾ : ਅੰਗਰੇਜ਼ੀ ਅੰਤਰਰਾਸ਼ਟਰੀ ਪੱਧਰ ’ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਦੁਆਰਾ ਕੁਲ ਸੰਸਾਰ ਵਪਾਰ, ਕੂਟਨੀਤਕ ਸਮਝੌਤੇ, ਅੰਤਰਰਾਸ਼ਟਰੀ ਪੱਧਰ ਦੇ ਸਮਾਜਕ ਮੰਚ ਅਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹਨ। ਕਿਸੇ ਵੀ ਦੇਸ਼ ਦਾ ਨਾਗਰਿਕ ਦੂਜੇ ਮੁਲਕਾਂ ਵਿਚ ਕੰਮ, ਵਪਾਰ ਜਾਂ ਪੜ੍ਹਾਈ ਕਰਨ ਲਗਿਆਂ ਮੁਸ਼ਕਲ ਨਹੀਂ ਆਉਂਦੀ। ਸੰਸਾਰ ਦੇ ਲਗਭਗ ਸਾਰੇ ਦੇਸ਼ਾਂ ਵਿਚ ਅੰਗਰੇਜ਼ੀ ਬੋਲੀ ਜਾਂਦੀ ਹੈ।

ਭਾਸ਼ਾਵਾਂ ਦੀ ਸੰਵਿਧਾਨਕ ਮਾਨਤਾ
ਸਾਡੇ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ ’ਚ 22 ਭਾਸ਼ਾਵਾਂ - ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕਿ੍ਰਤ, ਸਿੰਧੀ, ਤਾਮਿਲ, ਤੇਲਗੂ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਤੇ ਡੋਗਰੀ ਸੰਵਿਧਾਨ ਪ੍ਰਵਾਨਤ ਹਨ। ਪੰਜਾਬੀ ਭਾਸ਼ਾ ਵੀ ਉਨ੍ਹਾਂ ਬਾਈ ਭਾਸ਼ਾਵਾਂ ਵਿਚੋਂ ਇਕ ਹੈ।

ਇਸ ਆਧੁਨਿਕ ਤੇ ਸਭਿਅਕ ਸੰਸਾਰ ’ਚ ਜਿਉਂਦੇ ਰਹਿਣ ਲਈ ਭਾਸ਼ਾ ਗਿਆਨ ਬਹੁਤ ਜ਼ਰੂਰੀ ਹੈ। ਅੱਜ ਭਾਸ਼ਾ ਵੱਡਾ ਵਪਾਰ ਦਾ ਸਾਧਨ ਹੈ। ਬਹੁਤ ਸਾਰੀਆਂ ਅਨੁਵਾਦ ਕੰਪਨੀਆਂ ਅਨੁਵਾਦ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਗਲੋਬਲ ਪੱਧਰ ਤੇ ਵਪਾਰ ਵਧਣ ਕਾਰਨ ਅਨੁਵਾਦ ਸੇਵਾਵਾਂ ਵਿਚ ਅਥਾਹ ਵਾਧਾ ਹੋਇਆ। ਮਾਂ-ਬੋਲੀ ਪੰਜਾਬੀ ਹੁਣ ਦੇਸ਼ਾਂ-ਵਿਦੇਸਾਂ ਵਿਚ ਵੀ ਬੋਲੀ, ਸੁਣੀ ਤੇ ਲਿਖੀ ਜਾ ਰਹੀ ਹੈ ਪਰ ਸਾਡੇ ਘਰਾਂ ਵਿਚ ਰੋਜ਼ਮੱਰਾ ਦੀ ਬੋਲਚਾਲ ਵਿਚੋਂ ਘਟਦੀ ਜਾ ਰਹੀ ਹੈ। ਸਮਾਜ ਵਿਚ ਵਿਚਰਦਿਆਂ ਸਾਨੂੰ ਪੰਜਾਬੀ ਬੋਲਣ ’ਤੇ ਮਾਣ ਹੋਣਾ ਚਾਹੀਦਾ ਹੈ।

ਗੁਰੂਆਂ ਪੀਰਾਂ ਦੀ ਛੋਹ ਪ੍ਰਾਪਤ ਭਾਸ਼ਾ ਦਾ ਦੁਨੀਆਂ ਵਿਚ ਬੋਲਬਾਲਾ ਹੈ। ਸਾਰੀਆਂ ਭਾਸਾਵਾਂ ਬਹੁਤ ਵਧੀਆ ਹਨ। ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਪਰ ਮਾਂ ਬੋਲੀ ਪੰਜਾਬੀ ਨਾਲੋਂ ਮੁੱਖ ਨਹੀਂ ਮੋੜਨਾ ਚਾਹੀਦਾ। ਪੰਜਾਬੀ ਜ਼ੁਬਾਨ ਦੇ ਸੰਜੀਦੇ ਕਲਾਕਾਰ, ਸਾਹਿਤ, ਸਾਹਿਤਕਾਰ, ਸਭਿਆਚਾਰ, ਵਿਰਾਸਤੀ ਸਥਾਨਾਂ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਦਸਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਬਦਸਤੂਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਬੁਲੰਦੀਆਂ ਵਲ ਲੈ ਕੇ ਜਾਣ। 

 

ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, 
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ
ਮੋ. 78374-90309

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement