
ਸੜਕ ਕੰਢੇ ਡੂੰਘੇ ਟੋਏ ਵਿਚ ਜਾ ਡਿੱਗਾ।
ਇਹ ਘਟਨਾ ਉਨ੍ਹਾਂ ਦਿਨਾਂ ਦੀ ਹੈ ਜਦੋਂ ਅਸੀ ਨਵੀਂ ਜਗ੍ਹਾ ਕਿਰਾਏ ਉਤੇ ਮਕਾਨ ਲਿਆ ਸੀ ਤੇ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫ਼ੀ ਉਜਾੜ ਬੀਆਂਬਾਨ ਸੀ। ਕਿਸੇ ਨੇ ਦਸਿਆ ਸੀ ਕਿ ਅਵਾਰਾ ਕੁੱਤੇ ਤਾਂ ਕਾਫ਼ੀ ਨੇ ਪਰ ਇਕ ਕਾਲੇ ਰੰਗ ਵਾਲਾ”ਕੁੱਤਾ ਬੜਾ ਹੀ ਖ਼ਤਰਨਾਕ ਹੈ। ਮੈਨੂੰ ਅਕਸਰ ਹੀ ਦਫ਼ਤਰ ਵਿਚ ਓਵਰ-ਟਾਈਮ ਕਰ ਕੇ ਕੁੱਝ ਜ਼ਿਆਦਾ ਹਨੇਰਾ ਹੋ ਜਾਂਦਾ ਸੀ। ਇਕ ਵਾਰ ਰਾਤੀ 11 ਵੱਜ ਗਏ। ਉਹੀ ਕਾਲਾ ਕੁੱਤਾ ਝਾੜੀਆਂ ਤੋਂ ਬਾਹਰ ਨਿਕਲ ਕੇ ਸੜਕ ਦੇ ਐਨ ਵਿਚਕਾਰ ਬੈਠਾ ਸੀ। ਮੈਂ ਧੁੰਨੀ ਦੁਆਲੇ ਲਗਦੇ 14 ਟੀਕਿਆਂ ਬਾਰੇ ਸੋਚ ਕੇ ਸਾਈਕਲ ਤੋਂ ਹੇਠ ਉਤਰ ਗਿਆ।…ਪਰ ਉਹ ਬਿਨਾਂ ਟੱਸ ਤੋਂ ਮੱਸ ਹੋਇਆ ਮੇਰੇ ਵਲ ਘੂਰ ਰਿਹਾ ਸੀ। ਅਚਾਨਕ ਮੇਰਾ ਧਿਆਨ ਹੈਂਡਲ ਨਾਲ ਟੰਗੇ ਟਿਫ਼ਨ ਵਿਚ ਦੁਪਹਿਰ ਦੀ ਬਚੀ ਹੋਈ ਇਕ ਰੋਟੀ ਵਲ ਚਲਾ ਗਿਆ।
Dogs
ਉਸੇ ਵੇਲੇ ਮੈਂ ਰੋਟੀ ਬਾਹਰ ਕੱਢੀ ਤੇ ਡਰਦੇ ਹੋਏ ਨੇ ਦੋ ਕਦਮ ਅਗਾਂਹ ਨੂੰ ਪੁੱਟ ਉਸ ਕਾਲੇ ਕੁੱਤੇ ਦੇ ਸਾਹਮਣੇ ਰੱਖ ਦਿਤੀ। ਉਸ ਦੇ ਖੜੇ ਕੰਨ ਤੇ ਭਰਵੱਟੇ ਇਕਦੰਮ ਢਿੱਲੇ ਪੈ ਗਏ ਤੇ ਉਹ ਦੁੰਮ ਹਿਲਾਉਂਦਾ ਹੋਇਆ ਰੋਟੀ ਖਾਣ ਵਿਚ ਮਸਤ ਹੋ ਗਿਆ। ਮੈਂ ਹੌਲੀ ਜਹੀ ਕੋਲੋਂ ਦੀ ਲੰਘ ਸਾਈਕਲ ਤੇ ਜਾ ਚੜ੍ਹਿਆ ਤੇ ਰਫ਼ਤਾਰ ਫੜ ਲਈ। ਉਸ ਦਿਨ ਮਗਰੋਂ ਮੈਂ ਡੱਬੇ ਵਿਚ ਇਕ ਰੋਟੀ ਵਾਧੂ ਦੀ ਰਖਣੀ ਸ਼ੁਰੂ ਕਰ ਦਿਤੀ ਤੇ ਉਹ ਵੀ ਤਕਰੀਬਨ ਰੋਜ਼ ਹੀ ਮੇਰਾ ਉਸੇ ਜਗ੍ਹਾ ਬੈਠ ਇੰਤਜ਼ਾਰ ਕਰਨ ਲੱਗਾ। ਆਪਸੀ ਸਮਝੌਤੇ ਕਾਰਨ ਉਹ ਵੀ ਖ਼ੁਸ਼ ਸੀ ਤੇ ਮੈਂ ਵੀ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ।…ਪਰ ਉਸ ਦੀਆਂ ਤਿੱਖੀਆਂ ਨਜ਼ਰਾਂ ਅਕਸਰ ਹੀ ਇਕ ਸੁਨੇਹਾ ਜਿਹਾ ਦੇ ਦਿਆ ਕਰਦੀਆਂ ਜਾਪਦੀਆਂ ਕਿ ਦੋਸਤਾ ਇਹ ਸਮਝੌਤਾ ਤੋੜਨ ਦੀ ਬੇਵਕੂਫ਼ੀ ਨਾ ਕਰ ਬੈਠੀਂ ਨਹੀਂ ਤਾਂ ਫਿਰ..।”
Dog
ਇਕ ਵਾਰ ਤਨਖ਼ਾਹ ਤੇ ਦੀਵਾਲੀ ਦਾ ਬੋਨਸ ਮਿਲਣ ਦੀ ਉਤੇਜਨਾ ਵਿਚ ਰੋਟੀ ਘਰੇ ਹੀ ਭੁੱਲ ਗਿਆ। ਦੁਪਹਿਰ ਵੇਲੇ ਵੀ ਰੋਟੀ, ਨਾਲ ਦੇ ਸਾਥੀ ਕਰਮਚਾਰੀਆਂ ਨਾਲ ਖਾ ਲਈ। ਰਾਤੀਂ ਸਾਢੇ ਗਿਆਰਾਂ ਵਜੇ ਉਸੇ ਜਗ੍ਹਾ ਤੋਂ ਲੰਘਣ ਲੱਗਾ ਤਾਂ ਚੇਤਾ ਆਇਆ ਕੇ ਅੱਜ ਕਾਲੇ ਦੀ ਰੋਟੀ ਤੇ ਲਿਆਂਦੀ ਹੀ ਨਹੀਂ,…ਅੱਜ ਕੀ ਬਣੂ?…ਜੇਕਰ ਲੱਤਾਂ ਨੂੰ ਪੈ ਗਿਆ ਤਾਂ ਪਿਛਲੀ ਜੇਬ ਵਿਚ ਨੋਟਾਂ ਨਾਲ ਭਰਿਆ ਬਟੂਆ ਹੀ ਨਾ ਕਿਧਰੇ ਡਿੱਗ ਪਵੇ..। ਪਰ ਅੱਜ ਤਸੱਲੀ ਵਾਲੀ ਗੱਲ ਇਹ ਸੀ ਕਿ ਉਹ ਆਸੇ-ਪਾਸੇ ਕਿਧਰੇ ਵੀ ਨਹੀਂ ਸੀ ਦਿੱਸ ਰਿਹਾ। ਮੈਂ ਛੇਤੀ ਨਾਲ ਲੰਘਣ ਖ਼ਾਤਰ ਸਾਈਕਲ ਦੀ ਰਫ਼ਤਾਰ ਵਧਾ ਦਿਤੀ। ਅਚਾਨਕ ਕਿਸੇ ਨੇ ਪਿੱਛੋਂ ਸਾਈਕਲ ਦੇ ਗੱਡਗਰਾਡ ਉਤੇ ਕੋਈ ਭਾਰੀ ਜਹੀ ਚੀਜ਼ ਮਾਰੀ.. ਨਾਲ ਹੀ ਹੈਂਡਲ ਡੋਲ ਗਿਆ ਤੇ ਮੈਂ ਅੱਖ ਦੇ ਫੋਰ ਵਿਚ ਸੜਕ ਕੰਢੇ ਡੂੰਘੇ ਟੋਏ ਵਿਚ ਜਾ ਡਿੱਗਾ।
Dog
ਦੋ ਬੰਦਿਆਂ ਨੇ ਮੇਰੇ ਹੇਠ ਡਿੱਗੇ ਹੋਏ ਦੇ ਦੋਵੇਂ ਹੱਥ ਫੜ ਲਏ ਤੇ ਤੀਜੇ ਨੇ ਮੇਰੀਆਂ ਜੇਬਾਂ ਫਰੋਲਣੀਆਂ ਸ਼ੁਰੂ ਕਰ ਦਿਤੀਆਂ। ਇਕ ਦੇ ਹੱਥ ਲਿਸ਼ਕਦੇ ਹੋਏ ਦਾਤਰ ਨੂੰ ਵੇਖ ਮਨ ਹੀ ਮਨ ਅਰਦਾਸ ਕਰਨ ਲੱਗਾ ਕੇ ਰੱਬਾ ਪੈਸੇ ਬੇਸ਼ਕ ਲੈ ਜਾਣ ਪਰ ਜਾਨ ਬਖ਼ਸ਼ ਦੇਣ। ਤੰਗ ਪੈਂਟ ਦੀ ਪਿਛਲੀ ਜੇਬ ਵਿਚੋਂ ਬਟੂਆ ਕੱਢਣ ਦੀ ਕੋਸ਼ਿਸ਼ ਕਰਦਾ ਹੋਇਆ ਉਹ ਗੰਦੀਆਂ ਗਾਲ੍ਹਾਂ ਕੱਢਣ ਲੱਗਾ। ਇਸੇ ਦੌਰਾਨ ਮੇਰਾ ਉਹੀ ਕਾਲਾ ਦੋਸਤ ਅਚਾਨਕ ਝਾੜੀਆਂ ਵਿਚੋਂ ਨਿਕਲਿਆ ਤੇ ਬਿਜਲੀ ਦੀ ਫੁਰਤੀ ਨਾਲ ਮੇਰੇ ਉਤੇ ਬੈਠੇ ਦੋਵਾਂ ਉਤੇ ਟੁੱਟ ਕੇ ਪੈ ਗਿਆ। ਉਸ ਕਾਲੇ ਦੋਸਤ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਵੱਢ-ਟੁੱਕ ਸ਼ੁਰੂ ਕਰ ਦਿਤੀ।
Dog
ਅਚਾਨਕ ਹੋਏ ਇਸ ਹਮਲੇ ਤੋਂ ਉਹ ਘਬਰਾਏ ਹੋਏ, ਪਤਾ ਹੀ ਨਾ ਲੱਗਾ ਕਦੋਂ ਚੀਕਾਂ ਮਾਰਦੇ ਹੋਏ ਭੱਜ ਗਏ ਤੇ ਮੇਰੀ ਜਾਨ ਤੇ ਮੇਰੇ ਪੈਸੇ ਬੱਚ ਗਏ। ਉਹ ਮੇਰਾ ਕਾਲਾ ਦੋਸਤ ਵੀ ਅਪਣੀ ਪੂਛ ਹਿਲਾਉਂਦਾ ਹੋਇਆ ਮੇਰੇ ਸਾਈਕਲ ਚੁੱਕਦੇ ਦੇ ਆਲੇ ਦੁਆਲੇ ਚੱਕਰ ਜਹੇ ਕੱਟਣ ਲੱਗਾ ਜਿਵੇਂ ਉਹ ਮੈਨੂੰ ਪੁਛਦਾ ਹੋਵੇ ਕਿ ਦੋਸਤ ਕਿਤੇ ਤੈਨੂੰ ਸੱਟ ਤਾਂ ਨਹੀਂ ਲੱਗੀ। ਜਦੋਂ ਮੈਂ ਧਨਵਾਦ ਕਰਨ ਖ਼ਾਤਰ ਉਸ ਦੀਆਂ ਜਗਦੀਆਂ ਹੋਈਆਂ ਅੱਖਾਂ ਵਿਚ ਵੇਖਿਆ ਤਾਂ ਇੰਜ ਲੱਗਾ ਜਿਵੇਂ ਉਹ ਮੈਨੂੰ ਆਖ ਰਿਹਾ ਹੋਵੇ ਕਿ...”ਦੋਸਤਾ ਰੰਗ ਦਾ ਬੇਸ਼ਕ “ਕਾਲਾ ਹਾਂ ਪਰ ਦਿਲ ਦਾ ਨਹੀਂ।
ਇਸ ਤੋਂ ਬਾਅਦ ਮੈਂ ਅਪਣਾ ਸਾਈਕਲ ਰੇੜ੍ਹਇਆਂ ਪੈਦਲ ਹੀ ਘਰ ਵਲ ਨੂੰ ਚੱਲ ਪਿਆ ਤੇ ਉਹ ਕਾਲਾ ਦੋਸਤ ਵੀ ਮੇਰੇ ਨਾਲ ਹੀ ਘਰ ਵਲ ਨੂੰ ਹੋ ਪਿਆ। ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਘਰ ਵਾਲੇ ਵੀ ਮੇਰੀ ਹਾਲਤ ਵੇਖ ਕੇ ਇਕਦਮ ਡਰ ਗਏ। ਮੈਂ ਅਪਣਾ ਸੱਭ ਤੋਂ ਪਹਿਲਾਂ ਫ਼ਰਜ਼ ਨਿਭਾਇਆ ਕਿ ਰਸੋਈ ਵਿਚ ਜਾ ਕੇ ਇਕ ਰੋਟੀ ਉਸ ਕਾਲੇ ਦੋਸਤ ਨੂੰ ਧਨਵਾਦ ਵਜੋਂ ਪਾਈ ਤੇ ਉਹ ਵੀ ਰੋਟੀ ਮੂੰਹ ਵਿਚ ਲੈ ਕੇ ਉਹ ਉਸੇ ਰਸਤੇ ਵਲ ਨੂੰ ਮੁੜ ਪਿਆ।
ਵਿਜੈ ਗਰਗ ,ਸੰਪਰਕ : vkmalout0gmail.com