ਅਵਾਰਾ ਗਊਆਂ ਦਾ ਮਸਲਾ ਵਿਸਫ਼ੋਟਕ
Published : Mar 29, 2018, 4:35 am IST
Updated : Mar 29, 2018, 4:36 am IST
SHARE ARTICLE
Cow
Cow

ਕਈ ਸਾਲ ਪਹਿਲਾਂ ਸਾਡੀ ਇਕ ਵਿਦੇਸ਼ੀ ਨਸਲ ਦੀ ਗਾਂ ਕਿਸੇ ਤਰ੍ਹਾਂ ਫੰਡਰ ਨਿਕਲ ਗਈ

ਮੈ  ਨੂੰ ਇਕ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਦੂਜੀ ਜਮਾਤ ਦੀ ਕਿਤਾਬ ਵਿਚ ਇਕ ਲੇਖ ਸੀ 'ਗਊ ਮਾਤਾ'। ਗਊ ਤਾਂ ਮੈਨੂੰ ਸਮਝ ਆ ਗਈ ਕਿਉਂਕਿ ਉਸ ਨਾਲ ਤਾਂ ਰੋਜ਼ ਵਾਹ ਪੈਂਦਾ ਸੀ। ਮਾਤਾ ਦੀ ਸਮਝ ਨਾ ਆਈ ਕਿਉਂਕਿ ਇਹ ਸ਼ਬਦ ਮੇਰੇ ਲਈ ਬਿਲਕੁਲ ਓਪਰਾ ਸੀ। ਮੈਂ ਅਪਣੀ ਬੇਬੇ ਨੂੰ ਪੁਛਿਆ ਕਿ ਮਾਤਾ ਕੀ ਹੁੰਦੀ ਹੈ? ਉਸ ਨੇ ਦਸਿਆ, ''ਮਾਤਾ ਬੇਬੇ ਨੂੰ ਕਹਿੰਦੇ ਹਨ।” ਮੈਂ ਫਿਰ ਸਵਾਲ ਕੀਤਾ ਕਿ ਕਿਤਾਬ ਵਿਚ ਗਊ ਬੇਬੇ ਕਿਉਂ ਨਹੀਂ ਲਿਖਿਆ? ਬੇਬੇ ਨੇ ਜਵਾਬ ਦਿਤਾ, ''ਬੇਬੇ ਤੇ ਮਾਤਾ ਇਕੋ ਹੀ ਗੱਲ ਹੈ।'' ਉਸ ਦਿਨ ਤੋਂ ਹੀ ਮੇਰੇ ਮਨ ਵਿਚ 'ਗਊ ਮਾਤਾ' ਦੀ ਥਾਂ 'ਗਊ ਬੇਬੇ' ਅਟਕਿਆ ਪਿਆ ਹੈ। ਪਾਠਕ ਇਹ ਨਾ ਸਮਝਣ ਕਿ ਮੈਂ ਜਾਣਬੁਝ ਕੇ ਮਖ਼ੌਲ ਵਿਚ ਇਹ ਸ਼ਬਦ ਲਿਖ ਰਿਹਾ ਹਾਂ। ਵੈਸੇ ਵੀ ਮੇਰੀ ਬੇਬੇ ਦੇ ਕਹਿਣ ਅਨੁਸਾਰ ਮਾਤਾ ਅਤੇ ਬੇਬੇ ਵਿਚ ਕੋਈ ਫ਼ਰਕ ਨਹੀਂ। ਜਿੰਨਾ ਪਿਆਰਾ ਅਤੇ ਸਤਿਕਾਰਤ ਸ਼ਬਦ ਮਾਤਾ ਹੈ, ਉਸ ਤੋਂ ਵੱਧ ਪਿਆਰਾ ਅਤੇ ਸਤਿਕਾਰਤ ਸ਼ਬਦ ਬੇਬੇ ਹੈ। ਬੇਬੇ ਠੇਠ ਪੰਜਾਬੀ ਸ਼ਬਦ ਹੈ। ਇਸ ਕਰ ਕੇ ਪੰਜਾਬੀ ਲੋਕਾਂ ਲਈ ਇਹੋ ਜ਼ਿਆਦਾ ਢੁਕਵਾਂ ਹੈ। ਹੁਣ ਜੇਕਰ ਮੈਂ ਗਊ ਬੇਬੇ ਲਿਖਾਂ ਤਾਂ ਕੋਈ ਗ਼ਲਤ ਨਹੀਂ ਲੱਗੇਗਾ।

ਸਾਡੇ ਅਮਲ ਵਿਚ ਆਇਆ ਹੈ ਕਿ ਕਈ ਸਾਲ ਪਹਿਲਾਂ ਸਾਡੀ ਇਕ ਵਿਦੇਸ਼ੀ ਨਸਲ ਦੀ ਗਾਂ ਕਿਸੇ ਤਰ੍ਹਾਂ ਫੰਡਰ ਨਿਕਲ ਗਈ। ਅਸੀ ਤਿੰਨ ਸਾਲ ਰੱਖ ਕੇ ਉਸ ਦਾ ਪੂਰਾ ਡਾਕਟਰੀ ਇਲਾਜ ਕਰਵਾਇਆ। ਤਿੰਨ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਦੀ ਜਣਨ ਕਿਰਿਆ ਠੀਕ ਨਾ ਹੋਈ। ਆਖ਼ਰ ਅਸੀ ਗਊਸ਼ਾਲਾ ਵਿਚ ਛੱਡਣ ਦਾ ਫ਼ੈਸਲਾ ਕੀਤਾ। ਅਪਣੇ ਪਿੰਡ ਦੇ ਲਾਗੇ ਇਕ ਸ਼ਹਿਰ ਵਿਚ ਬਣੀ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ, ''ਅਜੇ ਸਾਡੇ ਪਾਸ ਤੁਹਾਡੀ ਗਾਂ ਲਈ ਥਾਂ ਨਹੀਂ। ਛੇ ਮਹੀਨੇ ਪਿੱਛੋਂ ਪਤਾ ਕਰਿਉ।” ਛੇ ਮਹੀਨੇ ਪਿਛੋਂ ਪਤਾ ਕੀਤਾ ਤਾਂ ਫਿਰ ਕਹਿੰਦੇ ਕਿ ਅਜੇ ਵੀ ਜਗਾ ਨਹੀਂ, ਛੇ ਮਹੀਨੇ ਹੋਰ ਉਡੀਕੋ। ਪੂਰੇ ਸਾਲ ਪਿੱਛੋਂ ਸਾਡੀ ਗਾਂ ਨੂੰ ਗਊਸ਼ਾਲਾ ਵਾਲਿਆਂ ਨੇ ਰਖਣਾ ਮੰਨਿਆ ਤੇ ਨਾਲ ਹੀ ਕਿਹਾ, ''ਇਕ ਹਜ਼ਾਰ ਰੁਪਏ ਦਾਨ ਦੇਣਾ ਹੋਵੇਗਾ।” ਅਸੀ ਇਕ ਹਜ਼ਾਰ ਰੁਪਏ ਦੇ ਕੇ ਉਨ੍ਹਾਂ ਤੋਂ ਰਸੀਦ ਮੰਗੀ। ਪਹਿਲਾਂ ਤਾਂ ਉਨ੍ਹਾਂ ਨੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਪਰ ਫਿਰ ਜ਼ੋਰ ਦੇਣ ਤੇ ਪੂਰੇ ਪੈਸਿਆਂ ਦੀ ਰਸੀਦ ਦੇ ਦਿਤੀ।ਸਾਡੇ ਬੇਬੇ ਜੀ ਧਾਰਮਕ ਖ਼ਿਆਲਾਂ ਦੇ ਸਨ। ਗਾਂ ਨੂੰ ਗਊਸ਼ਾਲਾ ਵਿਚ ਛੱਡਣ ਦੇ ਫ਼ੈਸਲੇ ਤੋਂ ਪਹਿਲਾਂ ਜਦੋਂ ਅਸੀ ਰਾਤ ਨੂੰ ਗਾਂ ਨੂੰ ਬਾਹਰ ਛੱਡਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ, ''ਕਲ ਨੂੰ ਮੈਂ ਬੇਕਾਰ ਹੋ ਗਈ ਜਾਂ ਅਪਾਹਜ ਹੋ ਗਈ ਤਾਂ ਕੀ ਤੁਸੀ ਮੈਨੂੰ ਵੀ ਬਾਹਰ ਛੱਡ ਆਵੋਗੇ? ਜਿਸ ਗਾਂ ਨੇ ਤੁਹਾਨੂੰ 5-7 ਸਾਲ ਅੰਮ੍ਰਿਤ ਵਰਗਾ ਦੁੱਧ ਪਿਲਾਇਆ, ਇਕ ਬੋਤੇ ਜਿਡੀ ਵੱਛੀ ਦਿਤੀ ਜੋ ਸਾਲ-ਛੇ ਮਹੀਨੇ ਨੂੰ ਦੁੱਧ ਦੀਆਂ ਧੜੀਆਂ ਭਰੇਗੀ ਤੇ ਇਕ ਵਛੜਾ ਦਿਤਾ ਜੋ ਰੇਹੜਾ ਖਿਚਦਾ ਹੈ, ਕੀ ਉਸ ਦਾ ਸਿਲਾ ਗਊ ਨੂੰ ਇਹ ਦੇਵੋਗੇ ਕਿ ਉਸ ਨੂੰ ਲੋਕਾਂ ਦੇ ਡੰਡੇ ਖਾਣ ਲਈ ਖੁੱਲ੍ਹਾ ਛੱਡਣ ਦੀਆਂ ਗੱਲਾਂ ਕਰਦੇ ਹੋ? ਜੇਕਰ ਤੁਸੀ ਇਸ ਨੂੰ ਛੱਡ ਦਿਤਾ ਤਾਂ ਮੈਂ ਵੀ ਤੁਹਾਡੇ ਪਾਸ ਨਹੀਂ ਰਹਿਣਾ।'' ਸੋ ਸਾਨੂੰ ਗਾਂ ਨੂੰ ਗਊਸ਼ਾਲਾ ਛੱਡਣ ਲਈ ਇਕ ਸਾਲ ਉਡੀਕ ਕਰਨੀ ਪਈ। ਇਸ ਲਈ ਸਾਨੂੰ ਬੇਕਾਰ ਪਸ਼ੂ ਚਾਰ ਸਾਲ ਰਖਣਾ ਪਿਆ, ਜੋ ਹਜ਼ਾਰਾਂ ਰੁਪਏ ਘਾਟੇ ਵਿਚ ਗਿਆ। ਇਸ ਧਨਤੰਤਰ ਵਿਚ ਸਾਰੇ ਲੋਕ ਤਾਂ ਇਸ ਤਰ੍ਹਾਂ ਕਰ ਨਹੀਂ ਸਕਦੇ। ਉਹ ਤਾਂ ਇਕ-ਦੋ ਵਾਰ ਵੇਖ ਕੇ ਗਾਂ ਨੂੰ ਛੱਡ ਦਿੰਦੇ ਹਨ।

ਅਵਾਰਾ ਗਊਆਂ ਦੀ ਸਮੱਸਿਆ ਏਨੀ ਗੰਭੀਰ ਹੋ ਗਈ ਹੈ ਕਿ ਸਮੁੱਚੇ ਦੇਸ਼ ਅੰਦਰ ਲੱਖਾਂ ਦੀ ਗਿਣਤੀ ਵਿਚ ਗਊਆਂ ਝੁੰਡਾਂ ਦੇ ਰੂਪ ਵਿਚ ਲੋਕਾਂ ਦੇ ਡੰਡੇ ਖਾਂਦੀਆਂ ਫਿਰਦੀਆਂ ਹਨ ਅਤੇ ਕਿਸਾਨਾਂ ਦੀਆਂ ਕਰੋੜਾਂ ਤੇ ਅਰਬਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ ਜਿਸ ਕਾਰਨ ਕਿਸਾਨ ਵਿਚਾਰਾ ਪਾਗਲ ਹੋ ਗਿਆ ਹੈ। ਕਈਆਂ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਜੇਕਰ ਇਹ ਝੁੰਡ ਕਿਸੇ ਦੇ ਖੇਤ ਵਿਚ ਚਲਾ ਜਾਵੇ ਤਾਂ ਇਕੱਲੇ-ਇਕਹਿਰੇ ਦੀ ਤਾਕਤ ਨਹੀਂ ਕਿ ਉਹ ਖੇਤ ਵਿਚੋਂ ਕੱਢ ਦੇਵੇ। ਉਨ੍ਹਾਂ ਵਿਚ ਮੌਜੂਦ ਸਾਹਨ ਟੁੱਟ ਕੇ ਪੈ ਜਾਂਦੇ ਹਨ। ਇਸ ਤਰ੍ਹਾਂ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਦੀਆਂ ਮਿਸਾਲਾਂ ਵੀ ਸਾਡੇ ਕੋਲ ਹਨ। ਇਸ ਸਮੱਸਿਆ ਨਾਲ ਇਕੱਲੇ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਸਗੋਂ ਸਾਰੀ ਕੌਮ ਅਤੇ ਪੂਰੀ ਮਨੁੱਖਤਾ ਦਾ ਨੁਕਸਾਨ ਹੁੰਦਾ ਹੈ। ਇਸ ਨੂੰ ਪਿੱਛੋਂ ਜਾ ਕੇ ਪੂਰਾ ਕਰਨਾ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੋ ਜਾਵੇਗਾ।ਇਹ ਸਮੱਸਿਆ ਇਕੱਲੇ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੀ ਹੈ। ਅਸੀ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਬਿਹਾਰ ਅਤੇ ਹਰਿਆਣਾ ਵਿਚ ਵੀ ਇਹੋ ਸਮੱਸਿਆ ਵੇਖੀ ਹੈ। ਸਮੁੱਚੇ ਦੇਸ਼ ਦੇ ਕਿਸਾਨਾਂ ਵਿਚ ਆਵਾਰਾ ਗਊਆਂ ਅਤੇ ਸਾਹਨਾਂ ਦੀ ਦਹਿਸ਼ਤ ਹੈ ਅਤੇ ਵਿਚਾਰੇ ਕਿਸਾਨ ਇਸ ਸੰਤਾਪ ਨੂੰ ਬਰਦਾਸ਼ਤ ਕਰਨ ਲਈ ਮਜਬੂਰ ਹਨ। ਇਹ ਸਮੱਸਿਆ ਹੁਣ ਇਕ ਕਿਸਮ ਦੀ ਮਹਾਂਮਾਰੀ ਦਾ ਰੂਪ ਧਾਰਦੀ ਜਾਂਦੀ ਹੈ ਜੇਕਰ ਇਸ ਦਾ ਕੋਈ ਇਲਾਜ ਨਾ ਕੀਤਾ ਗਿਆ ਤਾਂ ਇਨਸਾਨ ਦੀ ਸਾਰੀ ਖੁਰਾਕ ਇਹ ਆਵਾਰਾ ਪਸ਼ੂ ਕੁੱਝ ਨਸ਼ਟ ਕਰ ਦੇਣਗੇ ਅਤੇ ਕੁੱਝ ਖਾ ਜਾਣਗੇ ਤੇ ਇਨਸਾਨ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। ਇਸ ਲਈ ਸਰਕਾਰਾਂ ਨੂੰ ਐਮਰਜੈਂਸੀ ਐਲਾਨ ਕੇ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ।

ਇਹ ਸਮੱਸਿਆ ਸਿਰਫ਼ ਭਾਰਤ ਵਿਚ ਹੀ ਪਾਈ ਜਾਂਦੀ ਹੈ। ਜਿਨ੍ਹਾਂ ਮੁਲਕਾਂ ਦੀਆਂ ਇਹ ਨਸਲਾਂ ਹਨ, ਪਹਿਲੀ ਗੱਲ ਉਥੇ ਗਊਆਂ ਦੇ ਬੁੱਢੇ ਹੋਣ ਤਕ ਜਨਮ ਕਿਰਿਆ ਜਾਰੀ ਰਹਿੰਦੀ ਹੈ ਅਤੇ ਆਖ਼ਰ ਵਿਚ ਅਪਣੀ ਮੌਤ ਆਪ ਮਰ ਜਾਂਦੀਆਂ ਹਨ। ਉਨ੍ਹਾਂ ਨੂੰ ਜੇਕਰ ਕੋਈ ਸਮੱਸਿਆ ਹੋਵੇ ਵੀ ਤਾਂ ਸਲਾਟਣਾਂ ਵਿਚ ਭੇਜ ਕੇ ਪੈਸੇ ਵੱਟ ਲਏ ਜਾਂਦੇ ਹਨ, ਜਿਥੇ ਉਨ੍ਹਾਂ ਦੇ ਸਰੀਰ ਦੇ ਸਾਰੇ ਹਿੱਸਿਆਂ ਤੋਂ ਕੰਮ ਲਿਆ ਜਾਂਦਾ ਹੈ। ਸੋ ਉਨ੍ਹਾਂ ਮੁਲਕਾਂ ਵਿਚ ਤਾਂ ਇਸ ਸਮੱਸਿਆ ਦਾ ਹੱਲ ਲਾਭਦਾਇਕ ਅਤੇ ਆਸਾਨ ਹੈ ਪਰ ਭਾਰਤ ਵਿਚ ਇਸ ਤਰ੍ਹਾਂ ਦਾ ਹੱਲ ਬਹੁਤ ਹੀ ਮੁਸ਼ਕਲ ਹੈ। ਗਊ ਦਾ ਮਾਮਲਾ ਹਿੰਦੂ ਧਰਮ ਨਾਲ ਸਬੰਧਤ ਬਣਾ ਲਿਆ ਗਿਆ ਹੈ, ਜੋ ਗਊ ਨੂੰ ਮਾਤਾ ਦਾ ਦਰਜਾ ਦਿੰਦੇ ਸਨ। ਦੁਨੀਆਂ ਦੇ ਹੋਰ ਕਿਸੇ ਵੀ ਕੋਨੇ ਵਿਚ ਗਊ ਨੂੰ ਇਹ ਦਰਜਾ ਨਹੀਂ ਦਿਤਾ ਗਿਆ ਬਲਕਿ ਗਊ ਦਾ ਮਾਸ ਖਾਧਾ ਜਾਂਦਾ ਹੈ।ਇਸ ਸਮੱਸਿਆ ਦਾ ਹੱਲ ਕਰਨ ਲਈ ਵਿਗਿਆਨਕ ਤਰੀਕਾ ਅਪਣਾਇਆ ਜਾਵੇ। ਬਹੁਤ ਸਾਰੇ ਲੋਕ ਤਾਂ ਗਊ ਦੀ ਵਿਦੇਸ਼ੀ ਨਸਲ ਨੂੰ ਗਊ ਹੀ ਨਹੀਂ ਮੰਨਦੇ। ਇਸ ਲਈ ਵਿਦੇਸ਼ੀ ਨਸਲਾਂ ਦੀਆਂ ਗਾਵਾਂ ਨੂੰ ਟੀਕੇ ਲਾਉਣੇ ਕਾਨੂੰਨੀ ਤੌਰ ਤੇ ਬੰਦ ਕੀਤੇ ਜਾਣ। ਭਾਰਤ ਵਿਚ ਵਿਦੇਸ਼ੀ ਨਸਲਾਂ ਦਾ ਮੁਕਾਬਲਾ ਕਰਨ ਵਾਲੀਆਂ ਗਾਵਾਂ ਦੀਆਂ 3 ਨਸਲਾਂ ਮੌਜੂਦ ਹਨ - ਸ਼ਾਹੀਵਾਲ, ਗਿਰੀ ਅਤੇ ਰਾਖੀ। ਜੇਕਰ ਇਨ੍ਹਾਂ ਤਿੰਨਾਂ ਦਾ ਨਸਲੀ ਸੁਧਾਰ ਕੀਤਾ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਇਹ ਨਸਲਾਂ ਆਰਥਕ ਪੱਖੋਂ ਵਿਦੇਸ਼ੀ ਨਸਲਾਂ ਦਾ ਮੁਕਾਬਲਾ ਨਾ ਕਰਨ। ਇਨ੍ਹਾਂ ਦੇ ਦੁੱਧ ਦੀ ਫ਼ੈਟ ਵਿਦੇਸ਼ੀਆਂ ਨਾਲੋਂ ਲਗਭਗ ਦੁਗਣੀ ਹੁੰਦੀ ਹੈ। ਦੂਜਾ ਇਨ੍ਹਾਂ ਦੇ ਦੁੱਧ ਦੀ ਖ਼ੂਬੀ ਵਿਦੇਸ਼ੀਆਂ ਨਾਲੋਂ ਬਹੁਤ ਚੰਗੀ ਹੁੰਦੀ ਹੈ। ਦੁੱਧ ਦੀ ਮਿਕਦਾਰ ਵਿਦੇਸ਼ੀ ਨਸਲਾਂ ਵਿਚ ਭਾਵੇਂ ਆਮ 25-25 ਲੀਟਰ ਹੋ ਸਕਦੀ ਹੈ ਪਰ ਏਨਾ ਦੁੱਧ ਦੇਣ ਵਾਲੀ ਗਾਂ ਦੀ ਫ਼ੈਟ 3 ਫ਼ੀ ਸਦੀ ਤੋਂ ਵੱਧ ਨਹੀਂ ਹੋ ਸਕਦੀ। ਦੇਸੀ ਗਾਂ ਸ਼ਾਹੀਵਾਲ 15-16 ਲੀਟਰ ਤਕ ਦੁੱਧ ਦੇ ਸਕਦੀ ਹੈ ਪਰ ਉਸ ਦੀ ਫੈਟ 5 ਫ਼ੀ ਸਦੀ ਤੋਂ ਘੱਟ ਨਹੀਂ ਹੋ ਸਕਦੀ। ਇਸ ਤਰ੍ਹਾਂ ਦੇਸੀ ਨਸਲ ਦਾ ਜੇਕਰ ਪੂਰਾ ਖ਼ਿਆਲ ਰਖਿਆ ਜਾਵੇ ਅਤੇ ਸੇਵਾ ਦੀ ਘਾਟ ਨਾ ਰਹੇ ਤਾਂ ਦੁੱਧ ਦੀ ਕੀਮਤ ਅਤੇ ਮਿਕਦਾਰ ਦਾ ਹਿਸਾਬ ਲਾ ਕੇ ਵਿਦੇਸ਼ੀ ਨਸਲਾਂ ਤੋਂ ਕਿਸੇ ਵੀ ਹਾਲਤ ਵਿਚ ਘੱਟ ਨਹੀਂ ਹੋਵੇਗੀ। 

ਵਿਦੇਸ਼ੀ ਨਸਲ ਦੀਆਂ ਗਾਵਾਂ ਇਥੋਂ ਦੀ ਜਲਵਾਯੂ, ਸਾਂਭ-ਸੰਭਾਲ ਅਤੇ ਦੇਸੀ ਖੁਰਾਕ ਦੇ ਕਾਰਨ ਹਰ ਭਰਾਈ ਬੱਚਾ ਦੇਣਯੋਗ ਨਹੀਂ ਰਹਿੰਦੀਆਂ ਸਗੋਂ ਉਨ੍ਹਾਂ ਦੀ ਜਣਨ ਕਿਰਿਆ ਠੀਕ ਨਹੀਂ ਰਹਿੰਦੀ। ਉਨ੍ਹਾਂ ਨੂੰ ਸਾਡੇ ਮੁਲਕ ਦਾ ਵਾਤਾਵਰਣ ਮੁਆਫ਼ਕ ਨਹੀਂ ਜਿਸ ਕਰ ਕੇ ਇਹ ਬਹੁਤ ਵੱਡੀ ਗਿਣਤੀ ਵਿਚ ਫੰਡਰ ਨਿਕਲ ਜਾਂਦੀਆਂ ਹਨ। ਸਿੱਟੇ ਵਜੋਂ ਮਾਲਕ ਅਜਿਹੀਆਂ ਗਊਆਂ ਨੂੰ ਰਾਤ-ਬਰਾਤੇ ਦੂਰ-ਦੁਰਾਡੇ ਛੱਡ ਆਉਂਦੇ ਹਨ ਜਿਸ ਕਾਰਨ ਆਵਾਰਾ ਗਊਆਂ ਦਾ ਮਸਲਾ ਪੂਰੇ ਭਾਰਤ ਵਿਚ ਖੜਾ ਹੋ ਗਿਆ ਹੈ ਜੋ ਹਰ ਰੋਜ਼ ਵਿਰਾਟ ਰੂਪ ਧਾਰਦਾ ਜਾ ਰਿਹਾ ਹੈ। ਦੇਸੀ ਗਾਵਾਂ ਦੀਆਂ ਉਪਰੋਕਤ ਬਿਆਨ ਕੀਤੀਆਂ ਨਸਲਾਂ ਨੂੰ ਅਜਿਹੀ ਕੋਈ ਵੀ ਸਮੱਸਿਆ ਨਹੀਂ ਆਉਂਦੀ। ਇਨ੍ਹਾਂ ਲਈ ਮੁਲਕ ਦਾ ਵਾਤਾਵਰਣ ਅਨੁਕੂਲ ਹੋਣ ਕਰ ਕੇ ਇਨ੍ਹਾਂ ਦੀ ਜਣਨ ਕਿਰਿਆ ਅਖ਼ੀਰ ਤਕ ਠੀਕ ਰਹਿੰਦੀ ਹੈ। ਅਖ਼ੀਰ ਵਿਚ ਇਹ ਅਪਣੀ ਮੌਤ ਆਪ ਮਰ ਜਾਂਦੀਆਂ ਹਨ। ਇਸ ਕਰ ਕੇ ਗਊ ਪਾਲਕਾਂ ਵਲੋਂ ਇਨ੍ਹਾਂ ਨੂੰ ਅਵਾਰਾ ਛੱਡਣ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਇਨ੍ਹਾਂ ਵਿਚ ਵੀ ਵਿਦੇਸ਼ੀ ਨਸਲਾਂ ਵਾਂਗ ਇਕ ਸਮੱਸਿਆ ਆਉਣ ਦੀ ਸੰਭਾਵਨਾ ਹੈ। ਪਹਿਲਾਂ ਤਾਂ ਇਨ੍ਹਾਂ ਦੇ ਨਰ ਬੱਚਿਆਂ ਨੂੰ ਪਾਲ ਕੇ ਖੇਤੀ ਦਾ ਕੰਮ ਲਿਆ ਜਾਂਦਾ ਸੀ ਪਰ ਹੁਣ ਇਨ੍ਹਾਂ ਦੀ ਲੋੜ ਨਹੀਂ ਰਹੀ ਕਿਉਂਕਿ ਇਨ੍ਹਾਂ ਦੀ ਥਾਂ ਮਸ਼ੀਨਰੀ ਨੇ ਲੈ ਲਈ ਹੈ। ਹੁਣ ਤਾਂ ਕੁੱਝ ਕੁ ਸਾਨ੍ਹਾਂ ਤੋਂ ਬਗ਼ੈਰ ਮਾਦਾ ਵੱਛੀਆਂ ਦੀ ਹੀ ਲੋੜ ਰਹਿ ਗਈ ਹੈ। ਸਿਰਫ਼ ਵੱਛੀਆਂ ਹੀ ਪੈਦਾ ਹੋਣ, ਇਸ ਨੂੰ ਸੰਭਵ ਬਣਾਉਣ ਵਿਚ ਵਿਗਿਆਨ ਸਾਡੀ ਬਹੁਤ ਮਦਦ ਕਰਦਾ ਹੈ। ਪਿਛਲੇ ਸਮੇਂ ਵਿਗਿਆਨ ਸੀਮਨ (ਵੀਰਜ) ਨੂੰ ਫ਼ਿਲਟਰ ਕਰਨ ਵਿਚ ਕਾਮਯਾਬ ਹੋਇਆ ਹੈ। ਇਸ ਵਿਧੀ ਰਾਹੀਂ ਵੀਰਜ ਨੂੰ ਫ਼ਿਲਟਰ ਕਰ ਕੇ 'ਐਕਸ' ਅਤੇ 'ਵਾਈ' ਜੀਨ ਅੱਡ ਕਰ ਲਏ ਗਏ ਹਨ। ਇਸ ਤਰ੍ਹਾਂ ਨਾਲ ਜੇਕਰ ਮਾਦਾ ਬੱਚਾ ਚਾਹੀਦਾ ਹੈ ਤਾਂ ਐਕਸ ਜੀਨ ਦੇ ਦਿਤਾ ਜਾਂਦਾ ਹੈ ਜੇਕਰ ਨਰ ਬੱਚਾ ਚਾਹੀਦਾ ਹੈ ਤਾਂ ਵਾਈ ਜ਼ੀਨ ਦੇ ਦਿਤਾ ਜਾਂਦਾ ਹੈ। ਇਸ ਨਾਲ ਵੱਧ ਲੋੜੀਂਦੇ ਮਾਦਾ ਬੱਚੇ (ਵੱਛੀਆਂ) ਪੈਦਾ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਨਾਲ ਮੌਜੂਦਾ ਸਾਰੀਆਂ ਸਮਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਹੁਣ ਸਥਿਤੀ ਜਿਉਂ ਦੀ ਤਿਉਂ ਨਹੀਂ ਰਹਿਣੀ ਚਾਹੀਦੀ। ਇਹ ਸਥਿਤੀ ਮੁਲਕ ਅਤੇ ਆਮ ਲੋਕਾਂ ਲਈ ਬਹੁਤ ਖ਼ਤਰਨਾਕ ਸਾਬਤ ਹੋਵੇਗੀ। ਕਦੋਂ ਤਕ ਕਿਸਾਨ ਅਪਣਾ ਨੁਕਸਾਨ ਬਰਦਾਸ਼ਤ ਕਰਦੇ ਰਹਿਣਗੇ? ਜੇਕਰ ਸਰਕਾਰਾਂ ਨੇ ਜਾਂ ਸਮਾਜਕ ਜਥੇਬੰਦੀਆਂ ਨੇ ਇਸ ਸਮੱਸਿਆ ਵਲ ਧਿਆਨ ਨਾ ਦਿਤਾ ਤਾਂ ਮੌਜੂਦਾ ਸਥਿਤੀ ਵਿਚ ਖੜੋਤ ਨਹੀਂ ਰਹਿਣੀ। ਭਵਿੱਖ ਵਿਚ ਅਜਿਹੇ ਵਿਸਫੋਟ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ ਕਿ ਫਿਰ ਕਿਸੇ ਤੋਂ ਵੀ ਉਹ ਸਥਿਤੀ ਸੰਭਾਲ ਨਹੀਂ ਹੋਵੇਗੀ। ਇਸ ਲਈ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਵਲ ਵਿਸ਼ੇਸ਼ ਧਿਆਨ ਦੇ ਕੇ ਇਸ ਦਾ ਹੱਲ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement