
ਇਸ ਤਰ੍ਹਾਂ ਦੀ ਉਲਝਣ ਨੂੰ ਹੱਲ ਕਰਨ ਦੇ ਇਵਜ਼ ਵਿਚ ਘੜੀ, ਰੇਡੀਉ, ਕੈਮਰਾ ਜਾਂ ਹੋਰ ਕੋਈ ਇਨਾਮ ਨਿਕਲਦਾ ਸੀ
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਘੜੀ, ਰੇਡੀਉ, ਸਾਈਕਲ ਅਤੇ ਪੱਖੇ ਵਰਗੀਆਂ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿਤੀ ਜਾਂਦੀ ਸੀ। ਜਿਸ ਕੋਲ ਇਹ ਚੀਜ਼ਾਂ ਹੁੰਦੀਆਂ, ਉਸ ਦੀ ਬੱਲੇ-ਬੱਲੇ ਹੁੰਦੀ ਸੀ। ਜਿਸ ਤਰ੍ਹਾਂ ਅਜਕਲ ਵਖਰੇ ਵਖਰੇ ਅਖ਼ਬਾਰਾਂ ਵਿਚ ਸੁਡੋਕੂ ਨਾਂ ਦੀ ਖੇਡ ਆਉਂਦੀ ਹੈ, ਬਿਲਕੁਲ ਇਸੇ ਤਰ੍ਹਾਂ ਦੀ ਖੱਜਲ ਜਾਂ ਪਹੇਲੀ ਦਾ ਲਘੂ ਰੂਪ ਹੁਣ ਤੋਂ ਤਕਰੀਬਨ 4-5 ਦਹਾਕੇ ਪਹਿਲਾਂ ਆਉਂਦਾ ਸੀ। ਇਸ ਵਿਚ ਸਿਰਫ਼ 9 ਖਾਨੇ ਹੁੰਦੇ ਸਨ। ਖਾਨਿਆਂ ਨੂੰ ਕੁੱਝ ਇਸ ਤਰ੍ਹਾਂ ਭਰਨਾ ਹੁੰਦਾ ਸੀ ਕਿ ਉਨ੍ਹਾਂ ਨੂੰ ਕਤਾਰ, ਕਾਲਮ ਜਾਂ ਕੋਨੇ ਅਨੁਸਾਰ ਜੋੜਨ ਤੇ ਜੋੜ ਇਕ ਦਿਤੀ ਹੋਈ ਸੰਖਿਆ ਦੇ ਬਰਾਬਰ ਹੁੰਦਾ ਸੀ ਅਤੇ ਕੋਈ ਵੀ ਸੰਖਿਆ ਦੁਬਾਰਾ ਨਹੀਂ ਆਉਣੀ ਚਾਹੀਦੀ।
ਇਸ ਤਰ੍ਹਾਂ ਦੀ ਉਲਝਣ ਨੂੰ ਹੱਲ ਕਰਨ ਦੇ ਇਵਜ਼ ਵਿਚ ਘੜੀ, ਰੇਡੀਉ, ਕੈਮਰਾ ਜਾਂ ਹੋਰ ਕੋਈ ਇਨਾਮ ਨਿਕਲਦਾ ਸੀ ਕਿਉਂਕਿ ਉਦੋਂ ਅਜਿਹੀਆਂ ਚੀਜ਼ਾਂ ਹੀ ਵੱਡੀਆਂ ਲਗਦੀਆਂ ਸਨ। ਇਸ ਕਰ ਕੇ ਬਹੁਤ ਲੋਕ ਇਸ ਤਰ੍ਹਾਂ ਦੀ ਉਲਝਣ ਜਾਂ ਸਵਾਲ ਨਾਲ ਮੱਥਾ ਮਾਰਦੇ ਸਨ। ਮੇਰਾ ਵੀ ਇਕ ਵਾਰ ਕੈਮਰਾ ਇਨਾਮ 'ਚ ਨਿਕਲਿਆ ਸੀ। ਇਨਾਮ ਦੇਣ ਵਾਲੀ ਕੰਪਨੀ ਕਿਸੇ ਨਾ ਕਿਸੇ ਤਰ੍ਹਾਂ ਏਨੀ ਅਪਣੇ ਉਤਪਾਦ ਦੀ ਰਕਮ ਵਸੂਲ ਕਰ ਲੈਂਦੀ ਸੀ। ਅਸਲ 'ਚ ਇਹ ਉਨ੍ਹਾਂ ਦੀ ਇਕ ਚਾਲ ਹੁੰਦੀ ਸੀ ਅਪਣਾ ਸਮਾਨ ਵੇਚਣ ਦੀ।
ਮੇਰੇ ਦੋਸਤ ਦੇ ਪਾਪਾ ਸ੍ਰੀ ਗੁਪਤਾ ਨੇ ਵੀ ਇਕ ਪਹੇਲੀ ਹੱਲ ਕਰ ਕੇ ਭੇਜੀ। ਥੋੜ੍ਹੇ ਦਿਨ ਬਾਅਦ ਉਸ ਨੂੰ ਇਕ ਪੱਤਰ ਆਇਆ ਕਿ ਤੁਸੀ ਸਾਡੇ ਵਿਸ਼ੇਸ਼ ਖ਼ੁਸ਼ਕਿਸਮਤ ਗਾਹਕਾਂ ਵਿਚੋਂ ਹੋ, ਇਸ ਲਈ ਤੁਹਾਨੂੰ ਵਿਸ਼ੇਸ਼ ਪੇਸ਼ਕਸ਼ ਦਿਤੀ ਜਾਂਦੀ ਹੈ ਕਿ ਤੁਸੀ ਆਟੋਮੈਟਿਕ ਕੈਮਰਾ ਜਾਂ ਪਿਸਤੌਲ ਵਿਚੋਂ ਕੋਈ ਵੀ ਇਕ ਇਨਾਮ ਚੁਣ ਸਕਦੇ ਹੋ। ਉਸ ਨੇ ਸੋਚਿਆ ਕੈਮਰੇ ਦਾ ਕੀ ਕਰਨਾ ਹੈ, ਕਿਹੜਾ ਰੋਜ਼ ਹੀ ਤਸਵੀਰਾਂ ਖਿੱਚੀਦੀਆਂ ਹਨ। ਇਸ ਕਰ ਕੇ ਉਨ੍ਹਾਂ ਨੇ ਪਿਸਤੌਲ ਵਾਲੀ ਪੇਸ਼ਕਸ਼ ਨੂੰ ਮਨਜ਼ੂਰ ਕਰ ਲਿਆ। ਗੁਪਤਾ ਜੀ ਬਹੁਤ ਖ਼ੁਸ਼ ਸਨ ਕਿ ਹੁਣ ਕੋਈ ਚੋਰ-ਉਚੱਕਾ ਘਰ ਵਲ ਝਾਕ ਵੀ ਨਹੀਂ ਸਕੇਗਾ। ਪਿਸਤੌਲ ਦੀ ਤਾਂ ਅਪਣੀ ਹੀ ਦਹਿਸ਼ਤ ਅਤੇ ਟੌਹਰ ਹੁੰਦੀ ਹੈ। ਸਾਰੇ ਇਲਾਕੇ ਵਿਚ ਚਰਚਾ ਫੈਲ ਚੁੱਕੀ ਸੀ ਕਿ ਗੁਪਤਾ ਜੀ ਨੂੰ ਪਿਸਤੌਲ ਇਨਾਮ ਵਿਚ ਨਿਕਲਿਆ ਹੈ। ਲੋਕ ਵਧਾਈਆਂ ਦੇ ਰਹੇ ਸਨ।
ਕੁੱਝ ਦਿਨਾਂ ਬਾਅਦ ਇਕ ਪੱਤਰ ਮਿਲਿਆ ਕਿ ਜੇ ਤੁਸੀ ਪਿਸਤੌਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਪਿਸਤੌਲ ਦੇ ਚਮੜੇ ਦੇ ਕਵਰ ਦੇ 250 ਰੁਪਏ ਭੇਜੋ ਤਾਕਿ ਅਗਲੀ ਕਾਰਵਾਈ ਕੀਤੀ ਜਾ ਸਕੇ। ਫਸਿਆ ਕੀ ਨਾ ਕਰਦਾ, ਇੱਜ਼ਤ ਦਾ ਸਵਾਲ ਬਣ ਗਿਆ ਸੀ।
ਗੁਪਤਾ ਜੀ ਨੇ ਰੋਂਦੇ ਪਿਟਦਿਆਂ 250 ਰੁਪਏ ਭੇਜ ਦਿਤੇ। ਕੁੱਝ ਦਿਨ ਬਾਅਦ ਡਾਕੀਆ ਪਿਸਤੌਲ ਵਾਲਾ ਪਾਰਸਲ ਲੈ ਕੇ ਘਰ ਆ ਗਿਆ। ''ਤੁਹਾਨੂੰ ਪਾਰਸਲ ਛੁਡਵਾਉਣ ਲਈ ਹੁਣ ਸਿਰਫ਼ 300 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ'' ਡਾਕੀਏ ਨੇ ਕਿਹਾ।
''ਇਹ ਕਿਸ ਤਰ੍ਹਾਂ ਦਾ ਇਨਾਮ ਏ, ਸਾਡੇ ਤੋਂ ਹੀ ਪੈਸੇ ਮੰਗੀ ਜਾਂਦੇ ਹੋ? ਕੁੱਝ ਘੱਟ ਕਰ ਲੈ ਯਾਰ'' ਗੁਪਤਾ ਜੀ ਨੇ ਕਿਹਾ।
''ਵੇਖੋ ਜੀ, ਇਸ ਵਿਚ ਤਾਂ ਘੱਟ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਤਾਂ ਸਰਕਾਰੀ ਫ਼ੀਸ ਹੈ। ਅਸੀ ਪੱਲੇ ਤੋਂ ਤਾਂ ਪਾਉਣ ਨਹੀਂ ਲੱਗੇ।'' ਡਾਕੀਏ ਨੇ ਸਖ਼ਤ ਲਫ਼ਜ਼ਾਂ 'ਚ ਕਿਹਾ। ਆਖ਼ਰ ਉਸ ਨੇ 300 ਰੁਪਏ ਦੇ ਕੇ ਖਹਿੜਾ ਛੁਡਵਾਇਆ ਅਤੇ ਸੋਚਿਆ ਕਿ ਚਲੋ ਘਰ ਦਾ ਸੰਦ ਤਾਂ ਬਣ ਗਿਆ।
ਹੁਣ ਪਿਸਤੌਲ ਵਾਲਾ ਪਾਰਸਲ ਗੁਪਤਾ ਜੀ ਦੇ ਹੱਥ ਵਿਚ ਸੀ। ਉਹ ਡਰ ਰਹੇ ਸਨ ਕਿ ਕਿਤੇ ਹੱਥ ਵਿਚ ਹੀ ਨਾ ਚੱਲ ਜਾਵੇ। ਉਨ੍ਹਾਂ ਲੱਕੜ ਦੇ ਡੱਬੇ ਵਾਲਾ ਪਾਰਸਲ ਵਿਹੜੇ ਦੇ ਵਿਚਕਾਰ ਰੱਖ ਦਿਤਾ ਅਤੇ ਖ਼ੁਸ਼ੀ ਨਾਲ ਖੀਵਾ ਹੁੰਦੇ ਹੋਏ ਧਰਮ ਪਤਨੀ ਨੂੰ ਆਵਾਜ਼ ਲਗਾਈ, ''ਓ ਟੀਟੂ ਦੀ ਮੰਮੀ, ਵੇਖ ਤਾਂ ਸਹੀ ਭਾਗਵਾਨੇ ਅਪਣਾ ਪਿਸਤੌਲ ਆ ਗਿਆ।'' ਗੁਪਤਾ ਜੀ ਤੋਂ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ। ਉਧਰ ਧਰਮ ਪਤਨੀ ਜੀ ਵੀ ਦੋ-ਦੋ ਪੌੜੀਆਂ ਇਕੱਠੀਆਂ ਉਤਰ ਕੇ ਭੱਜੀ ਆਈ।
ਗੁਪਤਾ ਜੀ ਦਾ ਸ਼ੋਰ ਸੁਣ ਕੇ ਆਂਢ-ਗੁਆਂਢ ਵੀ ਆ ਗਏ। ਉਧਰ ਕਿਸੇ ਮਨਚਲੇ ਨੇ ਪੁਲਿਸ ਨੂੰ ਗੁਪਤ ਸੂਚਨਾ ਦੇ ਦਿਤੀ ਕਿ ਗੁਪਤਾ ਆੜ੍ਹਤੀਏ ਕੋਲ ਨਾਜਾਇਜ਼ ਪਿਸਤੌਲ ਹੈ। ਵਿਹੜੇ ਵਿਚ ਭੀੜ ਦਾ ਪੂਰਾ ਮਜਮਾ ਲਗਿਆ ਪਿਆ ਸੀ ਪਰ ਪਿਸਤੌਲ ਵਾਲੇ ਡੱਬੇ ਦੇ ਕੋਈ ਨੇੜੇ ਨਾ ਜਾਵੇ। ਸਾਰੇ ਡਰ ਰਹੇ ਸਨ। ਏਨੇ ਨੂੰ ਟੀਟੂ ਬਾਹਰੋਂ ਖੇਡਦਾ-ਖੇਡਦਾ ਆਇਆ। ਉਸ ਨੇ ਡੱਬੇ ਨੂੰ ਜ਼ੋਰ ਦੀ ਠੁੱਡਾ ਮਾਰਿਆ, ਜਿਸ ਨਾਲ ਲੱਕੜ ਦਾ ਪੈਕਟ ਟੁੱਟ ਗਿਆ ਅਤੇ ਉਸ ਵਿਚੋਂ ਇਕ ਖਿਡੌਣਾਨੁਮਾ ਪਿਸਤੌਲ ਨਿਕਲਿਆ ਜਿਸ ਨਾਲ ਸਿਰਫ਼ ਕਬੂਤਰ ਹੀ ਮਾਰੇ ਜਾ ਸਕਦੇ ਸਨ।
ਕੁੱਝ ਸਮੇਂ ਬਾਅਦ ਪੁਲਿਸ ਵੀ ਪਹੁੰਚ ਗਈ। ਗੁਪਤਾ ਜੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਰੰਗ ਵਿਚ ਭੰਗ ਪੈ ਗਿਆ। ਥਾਣੇਦਾਰ ਨੇ ਦਬਕਾ ਮਾਰ ਕੇ ਕਿਹਾ, ''ਸਾਨੂੰ ਸ਼ਿਕਾਇਤ ਮਿਲੀ ਹੈ ਤੁਹਾਡੇ ਕੋਲ ਨਾਜਾਇਜ਼ ਅਸਲਾ ਹੈ। ਸਾਨੂੰ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਪਵੇਗੀ। ਗੁਪਤਾ ਨੇ ਸੁੱਕੇ ਪੱਤੇ ਵਾਂਗ ਕੰਬਦੇ ਕਿਹਾ, ''ਨਹੀਂ ਜਨਾਬ ਸਾਨੂੰ ਤਾਂ ਇਹ ਖਿਡੌਣਾ ਪਿਸਤੌਲ ਮਿਲਿਐ, ਇਸ ਦੇ ਸਾਰੇ ਲੋਕ ਗਵਾਹ ਹਨ।''
ਥਾਣੇਦਾਰ ਨੇ ਫਿਰ ਕਿਹਾ, ''ਇਹ ਸਾਨੂੰ ਨਹੀਂ ਪਤਾ, ਇਹ ਤਾਂ ਸਿੱਧਾ ਅਸਲੇ ਦਾ ਕੇਸ ਬਣਦੈ।'' ਫਿਰ ਕੁੱਝ ਮੋਹਤਬਰ ਬੰਦਿਆਂ ਨੇ ਵਿਚ ਪੈ ਕੇ, ਲੈ ਦੇ ਕੇ ਮਸਲਾ ਹੱਲ ਕਰਵਾਇਆ। ਗੁਪਤਾ ਜੀ ਨੇ ਤਾਂ ਕੰਨਾਂ ਨੂੰ ਹੱਥ ਲਾਏ ਕਿ ਮੁੜ ਕੇ ਅਜਿਹੇ ਮੱਕੜਜਾਲ ਵਿਚ ਨਹੀਂ ਫਸਣਾ। ਸਾਨੂੰ ਵੀ ਕੰਪਨੀਆਂ ਦੀਆਂ ਲੂੰਬੜ ਚਾਲਾਂ ਦਾ ਧਿਆਨ ਰਖਣਾ ਚਾਹੀਦਾ ਹੈ। ਕੋਈ ਕਦੇ ਮੁਫ਼ਤ ਸਮਾਨ ਨਹੀਂ ਦਿੰਦਾ। ਸੰਪਰਕ : 99888-73637