ਆ ਵੇਖ ਊਧਮ ਸਿੰਘ ਸ਼ੇਰਾ, ਅੱਜ ਹਾਲ ਪੰਜਾਬ ਦਾ
Published : Jul 29, 2018, 9:16 am IST
Updated : Jul 29, 2018, 9:16 am IST
SHARE ARTICLE
After shooting Michael Flyover Police carrying Udham Singh.
After shooting Michael Flyover Police carrying Udham Singh.

ਅੱਜ ਬੇਸ਼ੱਕ ਸਾਡੀਆਂ ਸਰਕਾਰਾਂ ਤੇ ਬਾਕੀ ਸਿਆਸੀ ਪਾਰਟੀਆਂ ਅਤੇ ਇਵੇਂ ਹੀ ਸਾਡੀਆਂ ਸਮਾਜ ਸੇਵੀ/ਦੇਸ਼ ਭਗਤ ਜਥੇਬੰਦੀਆਂ ਸਾਡੇ ਦੇਸ਼ ਦੀ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ...

ਅੱਜ ਬੇਸ਼ੱਕ ਸਾਡੀਆਂ ਸਰਕਾਰਾਂ ਤੇ ਬਾਕੀ ਸਿਆਸੀ ਪਾਰਟੀਆਂ ਅਤੇ ਇਵੇਂ ਹੀ ਸਾਡੀਆਂ ਸਮਾਜ ਸੇਵੀ/ਦੇਸ਼ ਭਗਤ ਜਥੇਬੰਦੀਆਂ ਸਾਡੇ ਦੇਸ਼ ਦੀ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੇ ਦਿਹਾੜੇ ਹਰ ਸਾਲ ਬੜੇ ਜੋਸ਼ੀਲੇ ਭਾਸ਼ਨਾਂ ਅਤੇ ਦੇਸ਼ਭਗਤੀ ਦੇ ਗੀਤਾਂ ਵਾਲੇ ਰੰਗਾਰੰਗ ਪ੍ਰੋਗਰਾਮਾਂ ਰਾਹੀ ਇੰਜ ਮਨਾਉਂਦੀਆਂ ਹਨ ਜਿਵੇਂ ਉਹ ਉਨ੍ਹਾਂ ਸ਼ਹੀਦਾਂ ਪ੍ਰਤੀ ਬਹੁਤ ਹੀ ਵਫ਼ਾਦਾਰ ਹੋਣ, ਪਰ ਅਸਲੀਅਤ ਤਾਂ ਇਹ ਹੈ ਇਨ੍ਹਾਂ ਵਿਚੋਂ ਕੁੱਝ ਕੁ ਇਮਾਨਦਾਰ ਲੀਡਰਾਂ ਅਤੇ ਦੇਸ਼ਭਗਤ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਸੱਭ ਸ. ਊਧਮ ਸਿੰਘ ਅਤੇ ਸਾਡੇ ਹੋਰ ਸ਼ਹੀਦਾਂ ਦੀ ਸੋਚ ਤੋਂ ਕੋਹਾਂ ਦੂਰ ਹਨ।

ਅੱਜ ਸ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਇੰਜ ਹੀ ਉਸ ਦੇ ਜਨਮ ਸਥਾਨ ਸੁਨਾਮ ਸ਼ਹਿਰ (ਪੰਜਾਬ), ਜਿਸ ਦਾ ਹੁਣ ਨਾਂ ਸੁਨਾਮ ਊਧਮ ਸਿੰਘ ਵਾਲਾ ਹੈ, ਵਿਖੇ ਬਣੀ ਇਸ ਸ਼ਹੀਦ ਦੀ ਉਸ ਸਮਾਧ ਉਤੇ ਮਨਾਇਆ ਜਾਂਦਾ ਹੈ ਜਿਥੇ ਊਧਮ ਸਿੰਘ ਦੀਆਂ ਅਸਥੀਆਂ, ਜੋ ਲੰਦਨ ਤੋਂ 1972 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਵਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਲਿਆਂਦੀਆਂ ਗਈਆਂ ਸਨ ਅਤੇ ਫਿਰ ਇਥੇ ਹੀ ਸੰਸਕਾਰ ਵੀ ਪੂਰੀ ਸਰਕਾਰੀ ਮਰਿਯਾਦਾ ਨਾਲ ਕੀਤਾ ਗਿਆ ਸੀ।

ਅੱਜ ਸਾਡੇ ਇਤਿਹਾਸਕ ਵਿਦਵਾਨ ਵੀ ਸ. ਊਧਮ ਸਿੰਘ ਅਤੇ ਹੋਰ ਸ਼ਹੀਦਾਂ ਪ੍ਰਤੀ ਵਡਮੁੱਲੀ ਜਾਣਕਾਰੀ ਅਪਣੀਆਂ ਖੋਜ ਭਰਪੂਰ ਲਿਖਤਾਂ ਰਾਹੀਂ ਦਿੰਦੇ ਹਨ ਕਿ ਕਿਵੇਂ ਅੰਗਰੇਜ਼ ਸਾਮਰਾਜ ਦੀ ਲੰਮੀ ਗ਼ੁਲਾਮੀ ਤੋਂ ਬਾਅਦ ਜੋ ਸਾਨੂੰ ਮਿਲੀ ਆਜ਼ਾਦੀ ਉਪਰੰਤ ਅਸੀ ਭਾਰਤਵਾਸੀ ਮਨਮਰਜ਼ੀ ਦਾ ਸੁੱਖ ਭੋਗ ਰਹੇ ਹਾਂ ਅਤੇ ਇਵੇਂ ਹੀ ਰਾਜ ਭਾਗ ਦੀਆਂ ਕੁਰਸੀਆਂ ਉਤੇ ਕਾਬਜ਼ ਹੋਏ ਸਾਡੇ ਸਿਆਸੀ ਹੁਕਮਰਾਨ ਵੀ, ਜੋ ਮੌਜਾਂ ਮਾਣ ਰਹੇ ਹਨ

ਇਹ ਸੱਭ ਸ. ਊਧਮ ਸਿੰਘ ਅਤੇ ਹੋਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ ਜਿਨ੍ਹਾਂ ਨੇ ਅਪਣੇ ਪ੍ਰਵਾਰ ਛੱਡ ਦਿਤੇ, ਅਪਣੀਆਂ ਜਵਾਨੀਆਂ ਅਤੇ ਸਾਰੀਆਂ ਖ਼ੁਸ਼ੀਆਂ ਅੰਗਰੇਜ਼ ਸਾਮਰਾਜ ਦੀਆਂ ਜੇਲਾਂ ਅਤੇ ਫਾਂਸੀਆਂ ਲੇਖੇ ਲਾ ਦਿਤੀਆਂ ਸਨ।ਅਜਿਹੇ ਹੀ ਇਕ ਇਤਿਹਾਸਕਾਰ ਪ੍ਰੋ: ਸਿਕੰਦਰ ਸਿੰਘ ਨੇ ਊਧਮ ਸਿੰਘ ਜੀ ਦੇ ਜੀਵਨ ਬਾਰੇ ਬੜੀ ਅਹਿਮ ਜਾਣਕਾਰੀ ਅਪਣੀ ਖੋਜ ਰਾਹੀਂ ਸਾਨੂੰ ਦਿਤੀ।

ਉਹ ਲਿਖਦੇ ਹਨ ਕਿ ਜਲ੍ਹਿਆਂ ਵਾਲੇ ਬਾਗ਼ ਕਤਲੇਆਮ ਦੇ ਮੁੱਖ ਦੋਸ਼ੀ ਸਾਬਕਾ ਲੈਫ਼: ਗਵਰਨਰ ਪੰਜਾਬ ਨੂੰ ਚਿੱਟੇ ਦਿਨ ਅੰਗਰੇਜ਼ ਅਹਿਲਕਾਰਾਂ ਨਾਲ ਭਰੇ ਅਤੇ ਪੂਰੀ ਪੁਲਿਸ ਸੁਰੱਖਿਆ ਨਾਲ ਲੈਸ ਕੈਕਸਟਨ ਹਾਲ ਲੰਦਨ ਵਿਚ ਪੂਰੀ ਵਿਊਂਤਬੰਦੀ ਨਾਲ ਰਿਵਾਲਵਰ ਦੀਆਂ ਗੋਲੀਆਂ ਨਾਲ ਮਾਰ ਦੇਣ ਵਾਲੇ ਊਧਮ ਸਿੰਘ ਦੀ ਜੀਵਨ ਖੋਜ ਤੋਂ ਪਤਾ ਲੱਗਾ ਹੈ

ਕਿ ਉਸ ਨੇ ਵਿਆਹ ਵੀ ਕਰਵਾਇਆ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਵੀ ਹਨ। ਉਹ ਲਿਖਦੇ ਹਨ ਕਿ ਇਕ ਪ੍ਰਗਟਾਵਾ ਚੀਫ਼ ਖ਼ਾਲਸਾ ਦੀਵਾਨ ਯਤੀਮਖਾਨਾ ਅੰਮ੍ਰਿਤਸਰ, ਜਿਥੇ ਊਧਮ ਸਿੰਘ 12 ਸਾਲ ਰਹੇ ਸਨ, ਤੋਂ ਮਿਲੇ ਉਨ੍ਹਾਂ ਦਸਤਾਵੇਜ਼ਾਂ ਤੋਂ ਹੋਇਆ ਹੈ ਜੋ ਉਸ ਯਤੀਮਖਾਨੇ ਨੂੰ 1927 ਵਿਚ ਅੰਮ੍ਰਿਤਸਰ ਦੇ ਏ. ਡਵੀਜ਼ਨ ਥਾਣੇ ਤੋਂ ਮਿਲੇ ਸਨ ਜਿਥੇ ਪਹਿਲਾਂ ਊਧਮ ਸਿੰਘ ਵਿਰੁਧ ਕੇਸ ਦਰਜ ਹੋਇਆ ਸੀ। ਇਸ ਸੰਸਥਾ ਨੇ ਅਜਿਹੇ ਦਸਤਾਵੇਜ਼ਾਂ ਅਤੇ ਹੋਰ ਯਾਦਾਂ ਨੂੰ ਊਧਮ ਸਿੰਘ ਦੇ ਕਮਰੇ ਵਿਚ ਲਾਉਣ ਦੀ ਯੋਜਨਾ ਬਣਾਈ ਹੈ।

Shaheed Bhagat SinghShaheed Bhagat Singh

ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਦੇ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਇਸ ਪ੍ਰੋ: ਸਿਕੰਦਰ ਸਿੰਘ ਨੇ ਪੀ.ਐਚ.ਡੀ. ਵੀ ਸ. ਊਧਮ ਸਿੰਘ ਦੇ ਜੀਵਨ ਉਪਰ ਕੀਤੀ ਹੈ। ਇਸ ਖੋਜ ਤੋਂ ਬਾਅਦ ਉਨ੍ਹਾਂ ਨੇ 1998 ਵਿਚ ਇਸ ਬਾਰੇ ਇਕ ਪੁਸਤਕ ਲਿਖੀ ਜਿਸ ਵਿਚ ਉਨ੍ਹਾਂ ਨੇ ਊਧਮ ਸਿੰਘ ਬਾਰੇ ਲੰਦਨ ਵਿਖੇ ਕਈ ਦਹਾਕਿਆਂ ਤੋਂ ਫ਼ਾਈਲਾਂ 'ਚ ਦੱਬੇ ਕਈ ਅਹਿਮ ਭੇਤ ਉਜਾਗਰ ਕਰਨ ਦਾ ਦਾਅਵਾ ਕੀਤਾ ਹੈ।

ਇਸ ਪੁਸਤਕ ਵਿਚ ਉਨ੍ਹਾਂ ਲਿਖਿਆ ਹੈ ਕਿ ਲਗਾਤਾਰ 10 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਪੁਸਤਕ ਪੂਰੀ ਹੋਈ ਹੈ। ਉਨ੍ਹਾਂ ਨੇ 1988 ਨੂੰ ਖੋਜ ਕਾਰਜ ਸ਼ੁਰੂ ਕਰਦਿਆਂ ਨੈਸ਼ਨਲ ਆਰਕਾਈਵਸ ਦਿੱਲੀ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਸੀ ਅਤੇ 1992 ਵਿਚ ਇਸ ਮਾਮਲੇ ਨਾਲ ਸਬੰਧਤ 4 ਫ਼ਾਈਲਾਂ ਵੇਖਣ ਦੀ ਉਸ ਨੂੰ ਆਗਿਆ ਮਿਲੀ। ਇਸ ਦੌਰਾਨ ਇਸ ਖੋਜਕਾਰ ਨੇ ਪਬਲਿਕ ਰੀਕਾਰਡ ਆਫ਼ਿਸ ਲੰਦਨ, ਫੌਰਨ ਐਂਡ ਕਾਮਨਵੈਲਥ ਆਫ਼ਿਸ ਲੰਦਨ ਅਤੇ ਪੈਂਟਨ ਵਿਲਾ ਜੇਲ (ਜਿੱਥੇ ਊਧਮ ਸਿੰਘ ਕੈਦ ਰਹੇ ਸਨ) ਦੇ ਗਵਰਨਰ ਅਤੇ ਹੋਰਨਾਂ ਨਾਲ ਸੰਪਰਕ ਕੀਤਾ।

ਇਨ੍ਹਾਂ ਸਰੋਤਾਂ ਤੋਂ ਵੱਡੀ ਗਿਣਤੀ 'ਚ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਅਧਾਰ ਤੇ ਉਨ੍ਹਾਂ ਨੇ ਇਹ ਪੁਸਤਕ ਲਿਖੀ। ਇਸ ਲੇਖਕ ਨੇ ਇਕ ਨਾਮਵਰ ਭਾਰਤੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਫ਼ਰਵਰੀ 1922 ਨੂੰ ਊਧਮ ਸਿੰਘ ਕੈਲੇਫ਼ੋਰਨੀਆ (ਅਮਰੀਕਾ) ਵਿਖੇ ਗਿਆ ਸੀ। ਜਿੱਥੇ ਉਸ ਨੇ ਉਥੋਂ ਦੀ ਹੁੱਡਸਨ ਗੈਰਜ ਦੇ ਮਕੈਨੀਕਲ ਸੈਕਸ਼ਨ ਵਿਚ ਨੌਕਰੀ ਸ਼ੁਰੂ ਕੀਤੀ (ਇਕ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਊਧਮ ਸਿੰੰਘ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਸਨ)।

ਜਿੱਥੇ ਉਸ ਦੇ ਪ੍ਰੇਮ ਸਬੰਧ ਇਕ ਕ੍ਰਾਂਤੀਕਾਰੀ ਅਮਰੀਕਨ ਲਲੂਪੀ ਨਾਂ ਦੀ ਕੁੜੀ ਨਾਲ ਹੋ ਗਏ, ਜਿਸ ਨਾਲ ਊਧਮ ਸਿੰਘ ਨੇ 1923 ਵਿਚ ਲੌਂਗਬੀਚ (ਯੂ.ਐਸ.ਏ.) ਜਾ ਕੇ ਵਿਆਹ ਕਰਵਾ ਲਿਆ ਅਤੇ ਉਥੇ ਹੀ ਊਧਮ ਸਿੰਘ ਨੇ ਇਕ ਕੰਪਨੀ ਦੇ ਹਵਾਬਾਜ਼ੀ ਵਿਭਾਗ ਵਿਚ ਨੌਕਰੀ ਕਰ ਲਈ। ਊਧਮ ਸਿੰਘ ਗਦਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ, ਇਸੇ ਕਾਰਨ ਪਾਰਟੀ ਨੇ ਇਕ ਕ੍ਰਾਂਤੀਕਾਰੀ ਮਕਸਦ ਲਈ ਉਸ ਨੂੰ ਦਸੰਬਰ 1924 ਵਿਚ ਨਿਊਯਾਰਕ ਭੇਜ ਦਿਤਾ।

ਊਧਮ ਸਿੰਘ ਨੇ ਅਪਣੇ ਇਕ ਬਿਆਨ ਵਿਚ ਦਸਿਆ ਸੀ ਕਿ ਉਸ ਦੀ ਪਤਨੀ ਲਲੂਪੀ ਦੀ ਕੁੱਖੋਂ ਦੋ ਪੁੱਤਰ ਪੈਦਾ ਹੋਏ ਸਨ ਅਤੇ ਊਧਮ ਸਿੰਘ ਇਸ ਪ੍ਰਵਾਰ ਸਮੇਤ ਲੈਕਸਿੰਗਟੋਨ ਐਵੀਨਿਊ ਵਿਚ 1927 ਤਕ ਰਹੇ ਸਨ। ਪ੍ਰੋ: ਸਿਕੰਦਰ ਸਿੰਘ ਨੇ ਦਸਿਆ ਕਿ ਉਹ ਦਸੰਬਰ 2006 ਤੋਂ ਫ਼ਰਵਰੀ 2007 ਤਕ ਫਿਰ ਸ. ਊਧਮ ਸਿੰਘ ਅਤੇ ਉਸ ਦੇ ਪ੍ਰਵਾਰ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਅਮਰੀਕਾ ਰਹੇ ਜਿਥੇ ਉਸ ਨੂੰ ਕਲੇਰਮੌਂਟ ਵਾਸੀ ਨੌਜਵਾਨ ਲੀਓ ਨੇ ਦਸਿਆ ਕਿ ਊਧਮ ਸਿੰਘ ਦੇ ਦੋਵੇਂ ਪੁੱਤਰ 1932 ਵਿਚ ਕਲੇਰਮੌਂਟ ਦੇ ਸੈਕਰਾਮੈਂਟੋ ਸਕੂਲ ਵਿਚ ਉਸ ਦੇ ਹਮਜਮਾਤੀ ਰਹੇ ਸਨ।

Udham SinghUdham Singh

ਲੀਓ ਨੇ ਹੋਰ ਦਸਿਆ ਕਿ ਇਨ੍ਹਾਂ ਲੜਕਿਆਂ ਦੀ ਮਾਂ ਲਲੂਪੀ ਮੋਟੀਆਂ ਅੱਖਾਂ ਵਾਲੀ ਬਹੁਤ ਖ਼ੁਬਸੂਰਤ, ਲਾਇਕ ਅਤੇ ਪ੍ਰਭਾਵਸ਼ਾਲੀ ਦਿੱਖ ਵਾਲੀ ਸੀ ਅਤੇ ਉਸ ਦੀ ਮੌਤ 1935 ਤੋਂ ਪਹਿਲਾਂ ਹੋ ਗਈ ਸੀ, ਜਿਸ ਉਪਰੰਤ ਲਲੂਪੀ ਦੇ ਇਹ ਦੋਵੇਂ ਪੁੱਤਰ ਅਪਣੀ ਮਾਂ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨਾਲ ਏਰੀਜ਼ੋਨਾ (ਯੂ.ਐਸ.ਏ.) ਵਿਖੇ ਚਲੇ ਗਏ ਸਨ। ਪ੍ਰੋ. ਸਿਕੰਦਰ ਸਿੰਘ ਨੇ ਕਿਹਾ ਕਿ ਬਿਰਧ ਅਵਸਥਾ ਨੂੰ ਪਹੁੰਚ  ਚੁੱਕੇ  ਸ. ਊਧਮ ਸਿੰਘ ਦੇ ਦੋਹਾਂ ਪੁੱਤਰਾਂ ਦਾ ਅਮਰੀਕਾ ਵਿਚ ਹੀ ਹੋਣ ਦਾ ਪਤਾ ਲੱਗਾ ਹੈ

ਅਤੇ ਉਹ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਯਤਨਸ਼ੀਲ ਹੈ। ਉਸ ਨੇ ਦਸਿਆ ਕਿ ਸ਼ਹੀਦ ਊਧਮ ਸਿੰਘ ਦੇ ਸਮੁੱਚੇ ਜੀਵਨ ਪ੍ਰਤੀ ਫ਼ਿਲਹਾਲ ਹੋਰ ਬਹੁਤ ਕੁੱਝ ਲਿਖਣਾ ਬਾਕੀ ਹੈ ਅਤੇ ਇਸ ਖੋਜ ਦਾ ਸਿਲਸਿਲਾ ਜਾਰੀ ਹੈ, ਜਿਸ ਦੀ ਸੰਪੂਰਨਤਾ ਉਪਰੰਤ ਕਈ ਹੋਰ ਜਾਣਕਾਰੀਆਂ ਲੋਕਾਂ ਸਾਹਮਣੇ ਰਖੀਆਂ ਜਾਣਗੀਆਂ।
ਉਪਰੋਕਤ ਖੋਜ ਭਰਪੂਰ ਇਤਿਹਾਸ ਤੋਂ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਸ. ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਧਰਮਨਿਰਪੱਖ ਇਨਸਾਨ, ਅਟਲ ਇਰਾਦੇ ਅਤੇ ਦ੍ਰਿੜ ਵਿਸ਼ਵਾਸ ਵਾਲਾ ਦੇਸ਼ ਭਗਤ ਸੀ ਜੋ ਅਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿੱਤਾਂ ਨੂੰ ਜ਼ਿਆਦਾ ਉੱਤਮ ਸਮਝਦਾ ਸੀ।

ਇਸੇ ਲਈ ਹੀ ਤਾਂ ਉਸ ਨੇ ਅਪਣੇ ਇਕ ਬਿਆਨ ਵਿਚ ਕਿਹਾ ਸੀ:-
''ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਉਸ ਦੇ ਅੰਨ-ਜਲ ਤੋਂ ਹੀ ਬਣੀ ਹੈ ਜੋ ਮੇਰੇ ਦੇਸ਼ ਦੀ ਅਮਾਨਤ ਹੈ। ਮੈਂ ਅਪਣੀ ਜਵਾਨੀ ਨੂੰ ਬਚਾ ਕੇ ਰੱਖਣ ਲਈ ਅਪਣੇ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਖ਼ੂਨ ਭਾਰਤ ਵਾਸੀਆਂ ਨੂੰ ਇਨਕਲਾਬ ਲਈ ਪ੍ਰੇਰਦਾ ਰਹੇਗਾ ਅਤੇ ਅੰਗਰੇਜ਼ ਸਾਮਰਾਜ ਦੀ ਕਬਰ ਉਤੇ ਅਜ਼ਾਦ ਭਾਰਤ ਦਾ ਝੰਡਾ ਗੱਡੇਗਾ।''

ਇੱਥੇ ਹੁਣ ਇਹ ਵੀ ਵਿਸ਼ੇਸ਼ ਵਿਚਾਰ ਦਾ ਵਿਸ਼ਾ ਹੈ ਕਿ ਇਕ ਸਧਾਰਨ ਪ੍ਰਵਾਰ ਵਿਚ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਸ਼ਹਿਰ ਵਿਚ ਜਨਮ ਲੈਣ ਵਾਲੇ ਸ. ਊਧਮ ਸਿੰਘ ਨੂੰ ਤਾਂ ਸ਼ਹੀਦ ਭਗਤ ਸਿੰਘ ਦੀ ਤਰ੍ਹਾਂ ਕ੍ਰਾਂਤੀਕਾਰੀ ਚਾਚਾ ਅਜੀਤ ਸਿੰਘ ਦੀ ਗੁੜ੍ਹਤੀ ਨਹੀਂ ਸੀ ਮਿਲੀ ਅਤੇ ਨਾ ਹੀ ਦੇਸ਼ਭਗਤ ਪਿਤਾ ਕਿਸ਼ਨ ਸਿੰਘ ਤੋਂ ਇਨਕਲਾਬੀ ਤਜਰਬਾ ਮਿਲਿਆ ਸੀ ਸਗੋਂ ਊਧਮ ਸਿੰਘ ਦੇ ਤਾਂ 5 ਸਾਲ ਦੀ ਉਮਰ ਵਿਚ ਮਾਤਾ ਨਰਾਇਣ ਕੌਰ ਜੀ ਅਤੇ ਫਿਰ 3 ਸਾਲ ਬਾਅਦ ਪਿਤਾ ਟਹਿਲ ਸਿੰਘ ਜੀ ਸਵਰਗ ਸਿਧਾਰ ਗਏ ਸਨ।

ਇਸ ਤਰ੍ਹਾਂ ਯਤੀਮ ਹੋਣ ਕਾਰਨ ਊਧਮ ਸਿੰਘ ਤੇ ਛੋਟੇ ਭਰਾ ਸਾਧੂ ਸਿੰਘ ਨੂੰ ਪਰਵਰਿਸ਼ ਅਤੇ ਪੜ੍ਹਾਈ ਲਈ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਯਤੀਮਖਾਨੇ ਵਿਚ ਰਹਿਣਾ ਪਿਆ ਸੀ ਜਿਥੇ ਉਨ੍ਹਾਂ ਦੇ ਵੱਡੇ ਭਰਾ ਦੀ 1916 ਵਿਚ ਮੌਤ ਹੋਣ ਕਾਰਨ ਊਧਮ ਸਿੰਘ ਭਾਵੇਂ ਪੂਰੀ ਤਰ੍ਹਾਂ ਯਤੀਮ ਹੋ ਗਏ ਸਨ ਪਰ ਉਨ੍ਹਾਂ ਨੇ ਹੌਸਲਾ ਨਹੀਂ ਛਡਿਆ ਅਤੇ ਨਾ ਹੀ ਉਨ੍ਹਾਂ ਨੇ ਦੇਸ਼ਭਗਤੀ ਵਾਲੀ ਭਾਵਨਾ ਨੂੰ ਫਿੱਕਾ ਪੈਣ ਦਿਤਾ।

ਊਧਮ ਸਿੰਘ ਦੇ ਮਨ ਵਿਚ ਦੇਸ਼ ਭਗਤੀ ਦੀ ਸੁਲਘਦੀ ਚਿੰਗਾਰੀ ਨੇ ਭਾਂਬੜ ਦਾ ਰੂਪ ਉਦੋਂ ਧਾਰਨ ਕਰ ਲਿਆ ਜਦੋਂ ਊਧਮ ਸਿੰਘ ਨੇ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਦਾ ਖ਼ੂਨੀ ਕਾਂਡ ਅਪਣੀਆਂ ਅੱਖਾਂ ਸਾਹਮਣੇ ਵੇਖਿਆ ਜਿਸ ਵਿਚ ਸ਼ਹੀਦ ਹੋਏ ਬੇਦੋਸ਼ੇ ਭਾਰਤੀ ਵਾਸੀ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਦੀ ਕਸਮ ਖਾ ਕੇ ਜੋ ਇਸ ਜ਼ੁਲਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਉਸ ਵਿਚ ਵੀ ਅਪਣੇ ਯਤੀਮਪੁਣੇ ਨੂੰ ਊਧਮ ਸਿੰਘ ਨੇ ਰੋੜਾ ਨਹੀਂ ਬਣਨ ਦਿਤਾ।

ਇਸ ਸਹੁੰ ਦੀ ਪੂਰਤੀ ਲਈ ਵਿਦੇਸ਼ਾਂ ਵਿਚ ਵੱਖ-ਵੱਖ ਪੜਾਵਾਂ ਰਾਹੀਂ ਸੰਘਰਸ਼ ਕਰਦੇ ਹੋਏ ਅਖ਼ੀਰ 21 ਸਾਲ ਬਾਅਦ 13 ਮਾਰਚ 1940 ਨੂੰ ਇਸ ਖ਼ੂਨੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਉਡਵਾਈਰ ਨੂੰ ਮਾਰ ਮੁਕਾਇਆ ਸੀ ਜਿਸ ਦੀ ਸਜ਼ਾ ਵਜੋਂ ਹੋਈ ਫਾਂਸੀ ਉਪਰੰਤ 31 ਜੁਲਾਈ 1940 ਨੂੰ ਇਹ ਮਹਾਨ ਯੋਧਾ ਫਾਂਸੀ ਦੇ ਤਖ਼ਤੇ ਤੇ ਸ਼ਹੀਦੀ ਜਾਮ ਪੀ ਗਿਆ।

ਇੱਥੇ ਇਹ ਵੀ ਵਿਚਾਰਨ ਦਾ ਵਿਸ਼ਾ ਹੈ ਕਿ ਊਧਮ ਸਿੰਘ ਦੇ ਨਾਲ ਯਤੀਮਖਾਨੇ ਦੇ ਹੋਰ ਲੜਕਿਆਂ ਦੀ ਡਿਊਟੀ ਵੀ ਜਲ੍ਹਿਆਂ ਵਾਲਾ ਬਾਗ਼ ਵਿਚ ਪਾਣੀ ਪਿਲਾਉਣ ਤੇ ਲੱਗੀ ਹੋਈ ਸੀ। ਪਰ ਸਿਰਫ਼ ਊਧਮ ਸਿੰਘ ਦੇ ਮਨ ਵਿਚ ਹੀ ਇਹ ਕ੍ਰਾਂਤੀ ਦੀ ਲਹਿਰ ਕਿਉਂ ਪੈਦਾ ਹੋਈ ਜਿਸ ਕਾਰਨ ਉਸ ਨੇ ਅਪਣੇ ਦੇਸ਼ ਲਈ ਏਨੀ ਵੱਡੀ ਕੁਰਬਾਨੀ ਦੇ ਦਿਤੀ।

ਇਨ੍ਹਾਂ ਸਭਨਾਂ ਤੱਥਾਂ ਨੂੰ ਵਾਚਦੇ ਹੋਏ ਸਾਨੂੰ ਊਧਮ ਸਿੰਘ ਨੂੰ ਭਾਰਤ ਦੇ ਅਜ਼ਾਦੀ ਸੰਗਰਾਮ ਦੀਆਂ ਸ਼ਹਾਦਤਾਂ ਦਾ ਮਹਾਂਨਾਇਕ ਕਹਿਣਾ ਚਾਹੀਦਾ ਹੈ। ਇੰਜ ਲਗਦਾ ਹੈ ਕਿ ਅੱਜ ਸ. ਊਧਮ ਸਿੰਘ  ਦੀ ਸ਼ਹਾਦਤ ਜਿਵੇਂ ਸਾਥੋਂ ਸਵਾਲ ਪੁੱਛ ਰਹੀ ਹੋਵੇ ਕਿ 'ਐ ਮੇਰੇ ਦੇਸ਼ ਵਾਸੀਉ, ਜ਼ਰਾ ਸੋਚੋ ਕਿ ਆਜ਼ਾਦੀ ਉਪਰੰਤ ਆਜ਼ਾਦ ਭਾਰਤ ਦੀ ਵਾਗਡੋਰ ਸੰਭਾਲ ਰਹੇ ਹੁਕਮਰਾਨ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਵਾਲੀ ਸੱਚੀ ਆਜ਼ਾਦੀ ਜਨਤਾ ਨੂੰ ਦੇਣ ਵਿਚ ਕਾਮਯਾਬ ਕਿਉਂ ਨਹੀਂ ਹੋਏ ਕਿਉਂਕਿ ਉਨ੍ਹਾਂ ਦੇ ਰਾਜਭਾਗ ਵਿਚ ਤਾਂ ਅਜਿਹੀਆਂ ਅਲਾਮਤਾਂ ਜਿਵੇਂ ਕਿ ਬੇਰੁਜ਼ਗਾਰੀ,

ਭੁਖਮਰੀ, ਗ਼ਰੀਬੀ, ਸਿਆਸੀ ਵੰਸ਼ਵਾਦ, ਪੂੰਜੀਵਾਦ, ਔਰਤਾਂ ਅਤੇ ਬੱਚੀਆਂ ਦੇ ਜਬਰ ਜਨਾਹ, ਲੁੱਟਾਂ-ਖੋਹਾਂ ਅਤੇ ਗੈਂਗਵਾਰਾਂ, ਨਸ਼ਾਪ੍ਰਸਤੀ ਅਤੇ ਨਸ਼ਾ ਤਸਕਰੀ ਤਾਂ ਹੱਦੋਂ ਜ਼ਿਆਦਾ ਵੱਧ ਗਈਆਂ ਹਨ।' ਨਸ਼ਾਪ੍ਰਸਤੀ ਦੀ ਇਸ ਲਾਹਨਤ ਨੇ ਤਾਂ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੀ ਦਰਦਨਾਕ ਮੌਤਾਂ ਵਿਚ ਬਦਲ ਦਿਤੀਆਂ ਹਨ। ਇਨ੍ਹਾਂ ਮੌਤਾਂ ਅਤੇ ਉਜੜਦੇ ਘਰਾਂ ਦੀ ਗਿਣਤੀ ਹੋਰ ਵੱਧ ਰਹੀ ਹੈ ਪਰ ਸਾਡੀਆਂ ਸਰਕਾਰਾਂ ਨੇ ਇਸ ਪ੍ਰਤੀ ਗੰਭੀਰਤਾ ਨਾ ਵਿਖਾ ਕੇ ਅਤੇ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣ ਵਾਲੇ ਕਈ ਪੁਲਿਸ ਅਫ਼ਸਰ ਹੀ ਫੜੇ ਹਨ

ਪਰ ਸਿਆਸੀ ਸ਼ਹਿ ਪ੍ਰਾਪਤ ਵੱਡੇ ਨਸ਼ਾ ਸੌਦਾਗਰਾਂ ਨੂੰ ਹੱਥ ਨਾ ਪਾ ਕੇ ਛੋਟੇ ਮੋਟੇ ਨਸ਼ਾ ਤਸਕਰਾਂ ਨੂੰ  ਫੜਿਆ ਜਾ ਰਿਹਾ ਹੈ ਜਿਸ ਨਾਲ ਇਹ ਨਸ਼ਾ ਥੋੜੇ ਸਮੇਂ ਲਈ ਤਾਂ ਰੁਕ ਸਕਦਾ ਹੈ ਪਰ ਬਿਲਕੁਲ ਖ਼ਤਮ ਨਹੀਂ ਹੋਣਾ।' ਊਧਮ ਸਿੰਘ ਦੀ ਸ਼ਹਾਦਤ ਇਹ ਦੁੱਖ ਭਰੀ ਅਰਜੋਈ ਵੀ ਕਰ ਰਹੀ ਹੈ ਸ. ਊਧਮ ਸਿੰਘ ਨੂੰ ਕਿ 'ਆ ਵੇਖ ਸਰਦਾਰਾ ਇਹ ਤੇਰਾ ਉਹੋ ਹੀ ਰੰਗਲਾ ਪੰਜਾਬ ਹੈ ਜਿੱਥੇ ਫ਼ੌਲਾਦੀ ਡੌਲਿਆਂ ਵਾਲੇ ਗੱਭਰੂ ਮੌਤ ਨੂੰ ਮਖੌਲਾਂ ਕਰਦੇ ਸਨ, ਉਹ ਅੱਜ ਨਸ਼ਿਆਂ ਵਿਚ ਕਿਵੇਂ ਤੀਲ੍ਹਿਆਂ ਦੀ ਤਰ੍ਹਾਂ ਰੁੜ੍ਹ ਰਹੇ ਹਨ।'

ਸੋ ਅੱਜ ਜੋ ਸ. ਊਧਮ ਸਿੰਘ ਦੀ ਸ਼ਹਾਦਤ ਇਹ ਦੁੱਖਾਂ ਭਰੀ ਦਾਸਤਾਂ ਰਾਹੀਂ ਸਾਡੇ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਫ਼ਿਕਰਮੰਦੀ ਜਤਾ ਰਹੀ ਹੈ ਅਤੇ ਇਵੇਂ ਹੀ ਸ. ਊਧਮ ਸਿੰਘ ਦੇ ਫ਼ਖ਼ਰਯੋਗ ਸ਼ਹੀਦੀ ਇਤਿਹਾਸ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਦੇ ਹੋਏ ਅੱਜ ਸਾਨੂੰ ਸੱਭ ਭਾਰਤ ਵਾਸੀਆਂ ਨੂੰ, ਇਨ੍ਹਾਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਦੇਸ਼ਭਗਤ ਜਥੇਬੰਦੀਆਂ ਨੂੰ ਅਤੇ

ਖ਼ਾਸਕਰ ਸਾਡੇ ਉਨ੍ਹਾਂ ਹੁਕਮਰਾਨਾਂ ਨੂੰ ਜਿਨ੍ਹਾਂ ਦੇ ਹੱਥਾਂ ਵਿਚ ਸਾਰੇ ਸਾਡੇ ਦੇਸ਼ ਦੀ ਰਾਜਭਾਗ ਦੀ ਕਮਾਂਡ ਹੈ, ਇਹ ਸੋਚਣ ਦਾ ਫ਼ਰਜ਼ ਬਣਦਾ ਹੈ ਕਿ ਇਸ ਮਹਾਨ ਸ਼ਹੀਦ ਸ. ਊਧਮ ਸਿੰਘ ਦੇ ਸੁਪਨੇ ਪੂਰੇ ਨਾ ਕਰਨ ਵਿਚ ਸਾਥੋਂ ਕੀ ਕਮੀਆਂ ਰਹਿ ਗਈਆਂ ਹਨ। ਇਹੋ ਹੀ ਸ. ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement