
ਅਪਣੇ ਮੁਹੱਲੇ ਦੇ ਬੱਚਿਆਂ ਨਾਲ ਮੇਰਾ ਕਾਫ਼ੀ ਪ੍ਰੇਮ-ਪਿਆਰ ਰਿਹਾ ਹੈ ਅਤੇ ਅਕਸਰ ਹੀ ਸਾਰੇ ਬੱਚੇ ਸ਼ਾਮ ਨੂੰ ਮੇਰੇ ਮਕਾਨ ਦੀ ਛੱਤ ਉਤੇ ਖੇਡਣ ਆ ਜਾਂਦੇ ਸਨ। ਅਪਣੇ ਬਚਪਨ...
ਅਪਣੇ ਮੁਹੱਲੇ ਦੇ ਬੱਚਿਆਂ ਨਾਲ ਮੇਰਾ ਕਾਫ਼ੀ ਪ੍ਰੇਮ-ਪਿਆਰ ਰਿਹਾ ਹੈ ਅਤੇ ਅਕਸਰ ਹੀ ਸਾਰੇ ਬੱਚੇ ਸ਼ਾਮ ਨੂੰ ਮੇਰੇ ਮਕਾਨ ਦੀ ਛੱਤ ਉਤੇ ਖੇਡਣ ਆ ਜਾਂਦੇ ਸਨ। ਅਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਮੈਂ ਵੀ ਕਈ ਵਾਰ ਉਨ੍ਹਾਂ ਨਾਲ ਇਕ-ਦੂਜੇ ਨੂੰ ਛੂਹਣ-ਛੂਹਣ, ਪੀਚੋ, ਰੱਸੀ ਟਪਣਾ ਜਾਂ ਕੋਟਲਾ ਛਪਾਕੀ ਵਗ਼ੈਰਾ ਖੇਡਾਂ ਖੇਡਣ ਲੱਗ ਪੈਂਦਾ। ਖੇਡਣ ਨਾਲ ਜਿਥੇ ਮਨ ਨੂੰ ਸਕੂਨ ਮਿਲਣਾ ਉਥੇ ਸਰੀਰ ਦੀ ਵੀ ਚੰਗੀ ਕਸਰਤ ਹੋ ਜਾਣੀ ਅਤੇ ਫਿਰ ਅਸੀ ਸਾਰਿਆਂ ਨੇ ਬੈਠ ਕੇ ਹਾਸਾ-ਮਜ਼ਾਕ ਵੀ ਕਰਨਾ ਅਤੇ ਚੁਟਕਲੇ ਵਗ਼ੈਰਾ ਵੀ ਸੁਣਾਉਣੇ ਤੇ ਖ਼ੂਬ ਹਸਣਾ।
ਕਦੇ-ਕਦੇ ਮੈਂ ਉਨ੍ਹਾਂ ਨਾਲ ਸਮਾਜਕ ਵਿਸ਼ਿਆਂ ਅਤੇ ਧਾਰਮਕ ਵਿਸ਼ਿਆਂ ਤੇ ਵੀ ਗੱਲ ਕਰਨੀ ਜਿਸ ਦਾ ਉਨ੍ਹਾਂ ਨੇ ਅਪਣੀ-ਅਪਣੀ ਜਾਣਕਾਰੀ ਅਨੁਸਾਰ ਜਵਾਬ ਦੇਣਾ। ਮੈਂ ਉਨ੍ਹਾਂ ਕੋਲੋਂ ਸਿੱਖ ਧਰਮ ਬਾਰੇ ਵੀ ਸਵਾਲ ਪੁਛਣੇ, ਜਿਸ ਦਾ ਉਨ੍ਹਾਂ ਨੇ ਜਵਾਬ ਦੇਣਾ। ਗ਼ਲਤ ਜਵਾਬ ਦੇਣ ਵਾਲੇ ਨੂੰ ਮੈਂ ਸਹੀ ਉੱਤਰ ਦਸ ਦੇਣਾ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਉਸ ਦੇ ਉੱਤਰ ਮੁਤਾਬਕ 10, 20, 50, 100 ਨੰਬਰ ਦੇ ਕੇ ਉਸ ਦੀ ਹੌਸਲਾ-ਅਫ਼ਜ਼ਾਈ ਕਰ ਦੇਣੀ, ਨਾਲ ਹੀ ਬੱਚਿਆਂ ਕੋਲੋਂ ਤਾੜੀਆਂ ਵੀ ਮਰਵਾ ਦੇਣੀਆਂ।
ਇਸ ਤਰ੍ਹਾਂ ਉਨ੍ਹਾਂ ਦੇ ਗਿਆਨ 'ਚ ਵੀ ਕਾਫ਼ੀ ਵਾਧਾ ਹੋ ਜਾਣਾ। ਪੇਪਰਾਂ ਤੋਂ ਬਾਅਦ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਜ਼ੋਰ ਨਹੀਂ ਹੁੰਦਾ। ਮੇਰੇ ਮਨ ਵਿਚ ਇਕ ਦਿਨ ਖ਼ਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਬੱਚਿਆਂ ਨੂੰ ਸ਼ਾਮ ਨੂੰ ਸੋਦਰ ਦਾ ਪਾਠ ਕਰਨ ਲਾਇਆ ਜਾਵੇ। ਮੈਂ ਬੱਚਿਆਂ ਨੂੰ ਅਪਣੇ ਘਰ ਬਿਠਾ ਕੇ ਪਾਠ ਕਰਨ ਵਾਸਤੇ ਕਹਿ ਦਿਤਾ ਅਤੇ ਨਾਲ ਇਹ ਵੀ ਕਿਹਾ ਕਿ ਇਕ ਸ਼ਬਦ ਦੀ ਸਮਾਪਤੀ ਤੋਂ ਬਾਅਦ ਦੂਜਾ ਬੱਚਾ ਅਗਲੇ ਸ਼ਬਦ ਦਾ ਪਾਠ ਕਰੇਗਾ, ਇਸ ਤਰ੍ਹਾਂ ਸੱਭ ਨੂੰ ਪਾਠ ਕਰਨਾ ਆ ਜਾਵੇਗਾ। ਸੱਭ ਨੇ ਇਸ ਤਰ੍ਹਾਂ ਹੀ ਕੀਤਾ।
ਸ਼ਬਦ ਦੀ ਸਮਾਪਤੀ ਤੋਂ ਬਾਅਦ ਹਰ ਬੱਚਾ ਅਗਲੇ ਬੱਚੇ ਨੂੰ ਗੁਟਕਾ ਫੜਾ ਦਿੰਦਾ ਅਤੇ ਇਸ ਤਰ੍ਹਾਂ ਪਾਠ ਦੀ ਸਮਾਪਤੀ ਤੋਂ ਬਾਅਦ ਬੱਚਿਆਂ ਕੋਲੋਂ ਹੀ ਅਰਦਾਸ ਵੀ ਕਰਵਾਉਣੀ। ਪਾਠ ਦੀ ਸਮਾਪਤੀ ਤੋਂ ਬਾਅਦ ਬੱਚਿਆਂ ਨੂੰ ਚਾਹ-ਪਕੌੜੇ ਖੁਆ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਅਤੇ ਸੇਵਾ ਵੀ ਕਰ ਦਿਤੀ। ਬਸ ਫਿਰ ਕੀ ਸੀ, ਦੂਜੇ ਦਿਨ ਬੱਚਿਆਂ ਨੇ ਆਪੇ ਕਹਿ ਦਿਤਾ ਕਿ ਚਲੋ ਜੀ ਪਾਠ ਕਰੀਏ। ਦੂਜੇ ਦਿਨ ਮੈਂ ਉਨ੍ਹਾਂ ਨੂੰ ਕੋਲਡ ਡਰਿੰਕ ਅਤੇ ਪੇਸਟਰੀਆਂ ਖੁਆ ਦਿਤੀਆਂ। ਇਹ ਸਿਲਸਿਲਾ ਰੋਜ਼ ਚਲ ਪਿਆ ਅਤੇ ਬੱਚਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਲੱਗ ਪਿਆ।
ਬੱਚਿਆਂ ਦੇ ਮਾਪਿਆਂ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ ਕਿ 'ਬਹੁਤ ਅੱਛਾ ਕੀਤਾ ਜੋ ਇਨ੍ਹਾਂ ਨੂੰ ਪਾਠ ਕਰਨ ਲਾ ਦਿਤਾ।' ਇਸ ਮੁਹਿੰਮ ਨੂੰ ਅੱਗੇ ਵਧਾਉਣ ਵਾਸਤੇ ਮੈਂ ਇਕ ਦਿਨ ਬੱਚਿਆਂ ਨੂੰ ਕਿਹਾ ਕਿ ਹੁਣ ਤੁਸੀ ਇਸੇ ਤਰ੍ਹਾਂ ਸੱਭ ਨੇ ਮਿਲ ਕੇ ਅਪਣੇ-ਅਪਣੇ ਘਰਾਂ ਵਿਚ ਅਤੇ ਹੋਰ ਨਾਲ ਲਗਦੇ ਘਰਾਂ ਵਿਚ ਵੀ ਰੋਜ਼ ਸ਼ਾਮ ਨੂੰ ਪਾਠ ਕਰਨਾ ਹੈ, ਅਪਣੀ-ਅਪਣੀ ਵਾਰੀ ਬੰਨ੍ਹ ਲਉ। ਸੱਭ ਨੇ ਕਿਹਾ ਕਿ ਠੀਕ ਹੈ ਜੀ। ਗਲੀ ਦੇ ਪ੍ਰਵਾਰਾਂ ਨੇ ਵੀ ਪਾਠ ਕਰਨ ਤੋਂ ਬਾਅਦ ਚਾਹ-ਪਾਣੀ ਦੀ ਸੇਵਾ ਕਰ ਦੇਣੀ ਅਤੇ ਬੱਚਿਆਂ ਦੀਆਂ ਮੌਜਾਂ ਲੱਗ ਗਈਆਂ। ਨਾਲੇ ਪੁੰਨ ਨਾਲੇ ਫਲੀਆਂ।
ਬੱਚਿਆਂ ਦਾ ਪਾਠ ਕਰਨ ਦਾ ਇਹ ਸਿਲਸਿਲਾ ਲਗਾਤਾਰ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਉਨ੍ਹਾਂ ਅੰਦਰ ਮਤਭੇਦ ਪੈਦਾ ਹੋ ਗਿਆ। ਹੋਇਆ ਇੰਜ ਕਿ ਜੋ ਗੁਟਕਾ ਉਨ੍ਹਾਂ ਨੂੰ ਪਾਠ ਕਰਨ ਵਾਸਤੇ ਦਿਤਾ ਸੀ, ਉਹ ਮਿਸ਼ਨਰੀ ਕਾਲਜ ਵਲੋਂ ਛਾਪਿਆ ਹੋਇਆ ਸੀ ਅਤੇ ਬੱਚੇ ਉਸੇ ਮੁਤਾਬਕ ਹੀ ਪਾਠ ਕਰਦੇ ਸਨ। ਪਰ ਇਕ ਬੱਚਾ ਇਕ ਦਿਨ ਅਪਣੇ ਘਰੋਂ ਗੁਟਕਾ ਲੈ ਆਇਆ ਅਤੇ ਉਸ ਮੁਤਾਬਕ ਪਾਠ ਕਰਨ ਲੱਗ ਪਿਆ। ਉਸ ਦਾ ਗੁਟਕਾ ਕਿਸੇ ਸੰਪਰਦਾ ਵਲੋਂ ਛਾਪਿਆ ਹੋਇਆ ਸੀ। ਸੱਭ ਤੋਂ ਪਹਿਲਾਂ ਉਸ ਨੇ 'ਸਲੋਕ ਮਹਲਾ ੧। ਦੁਖੁ ਦਾਰੂ ਸੁਖੁ ਰੋਗੁ ਭਇਆ।'
(469) ਪੜ੍ਹਿਆ, ਜੋ ਕਿ ਮਿਸ਼ਨਰੀ ਕਾਲਜ ਦੇ ਗੁਟਕੇ ਵਿਚ ਨਹੀਂ ਸੀ। ਉਸ ਤੋਂ ਬਾਅਦ 'ਸੋ ਦੁਰ ਰਾਗੁ ਆਸਾ। ਮਹਲਾ ੧' ਦੇ ਸ਼ਬਦ ਸ਼ੁਰੂ ਹੋ ਗਏ ਅਤੇ 'ਸਰਣਿ ਪਰੇ ਕੀ ਰਾਖਹੁ ਸਰਮਾ' (12) ਤਕ ਸੱਭ ਠੀਕ ਠਾਕ ਪਾਠ ਕਰਦੇ ਰਹੇ। ਪਰ ਜਿਉਂ ਹੀ ਉਸ ਨੇ ਚੋਪਈ 'ਪੁਨਿ ਰਾਛਸ ਕਾ ਕਾਟਾ ਸੀਸਾ' ਤੋਂ ਸ਼ੁਰੂ ਕੀਤੀ ਤਾਂ ਫਿਰ ਸਾਰੇ ਬੱਚੇ ਉਸ ਵਲ ਵੇਖਣ ਲੱਗ ਪਏ ਅਤੇ ਫਿਰ ਅਖ਼ੀਰ ਵਿਚ 'ਕ੍ਰਿਪਾ ਕਰੀ ਹਮ ਪਰ ਜਗ ਮਾਤਾ' ਫਿਰ ਅੜਿੱਲ, ਚੌਪਈ, ਦੋਹਰਾ, ਚੌਪਈ, ਕਬਿਉ ਬਾਚ ਦੋਹਰਾ ਇਤੀਆਦਿਕ ਹੋਰ ਕਈ ਦੋਹਰੇ ਪੜ੍ਹਨ ਤੋਂ ਬਾਅਦ ਉਸ ਨੇ ਅਨੰਦ ਸਾਹਿਬ ਦਾ ਪਾਠ ਸ਼ੁਰੂ ਕੀਤਾ। ਇਸ ਦੌਰਾਨ ਸਾਰੇ ਬੱਚੇ ਉਸ ਵਲ ਵੇਖਦੇ ਰਹੇ।
ਪਾਠ ਦੀ ਸਮਾਪਤੀ ਤੋਂ ਬਾਅਦ ਸੱਭ ਨੇ ਉਸ ਨੂੰ ਪੁਛਿਆ, ''ਤੂੰ ਇਹ ਕਿਹੜਾ ਗੁਟਕਾ ਲੈ ਆਇਐਂ, ਸਾਡੇ ਗੁਟਕੇ ਵਿਚ ਤਾਂ ਇਹ ਪਾਠ ਹੈ ਹੀ ਨਹੀਂ?''ਉਸ ਬੱਚੇ ਨੇ ਜਵਾਬ ਦਿਤਾ, ''ਇਹ ਗੁਟਕਾ ਮੈਨੂੰ ਮੇਰੇ ਡੈਡੀ ਨੇ ਦਿਤੈ। ਉਹ ਰੋਜ਼ ਇਸੇ ਗੁਟਕੇ ਤੋਂ ਪਾਠ ਕਰਦੇ ਨੇ ਤੇ ਮੈਨੂੰ ਵੀ ਏਸੇ ਗੁਟਕੇ ਤੋਂ ਪਾਠ ਕਰਨ ਵਾਸਤੇ ਕਿਹੈ।'' ਸਾਰੇ ਬੱਚੇ ਉਸ ਦੀ ਗੱਲ ਸੁਣ ਕੇ ਚੁੱਪ ਰਹੇ। ਦੂਜੇ ਦਿਨ ਉਸ ਬੱਚੇ ਨੇ ਜਦੋਂ ਫਿਰ ਉਸੇ ਗੁਟਕੇ ਤੋਂ ਪਾਠ ਸ਼ੁਰੂ ਕੀਤਾ ਤਾਂ ਇਕ ਕੁੜੀ ਬੋਲ ਪਈ, ''ਨਹੀਂ ਨਹੀਂ ਅਸੀ ਤਾਂ ਅਪਣੇ ਗੁਟਕੇ ਤੋਂ ਹੀ ਪਾਠ ਕਰਾਂਗੇ। ਦਰਬਾਰ ਸਾਹਿਬ ਤੋਂ ਵੀ ਜੋ ਪਾਠ ਟੀ.ਵੀ. ਤੇ ਆਉਂਦੈ ਉਹ ਸਾਡੇ ਗੁਟਕੇ ਵਾਲਾ ਹੀ ਹੈ।''
ਪਰ ਉਸ ਦੀ ਇਸ ਦਲੀਲ ਦਾ ਉਸ ਮੁੰਡੇ ਤੇ ਕੋਈ ਅਸਰ ਨਾ ਹੋਇਆ ਅਤੇ ਉਸ ਨੇ ਪਾਠ ਸ਼ੁਰੂ ਕਰ ਦਿਤਾ। ਜਿਸ ਕੁੜੀ ਨੇ ਇਤਰਾਜ਼ ਕੀਤਾ ਸੀ ਉਹ ਉਠ ਕੇ ਚਲੀ ਗਈ ਅਤੇ ਮਗਰੋਂ ਇਕ-ਦੋ ਬੱਚੇ ਹੋਰ ਉੱਠ ਕੇ ਚਲੇ ਗਏ। ਮੁਕਦੀ ਗੱਲ ਬੱਚਿਆਂ ਦੇ ਦੋ ਧੜੇ ਬਣ ਗਏ। ਜਿਸ ਘਰ ਵਿਚ ਪਹਿਲੇ ਗਰੁੱਪ ਨੇ ਜਾਣਾ ਉਥੇ ਦੂਜੇ ਗਰੁੱਪ ਨੇ ਨਹੀਂ ਜਾਣਾ। ਇਥੋਂ ਤਕ ਕਿ ਆਪਸ ਵਿਚ ਖੇਡਣਾ ਅਤੇ ਬੋਲਚਾਲ ਵੀ ਬੰਦ ਹੋ ਗਈ।
ਮੈਂ ਉਸ ਵੇਲੇ ਜੰਮੂ ਸਰਵਿਸ ਕਰਦਾ ਸੀ। ਮਹੀਨੇ ਬਾਅਦ 2-3 ਦਿਨ ਵਾਸਤੇ ਘਰ ਆਉਂਦਾ ਸੀ। ਜਦੋਂ ਮੈਂ ਘਰ ਆਇਆ ਤਾਂ ਮੈਨੂੰ ਇਸ ਕਹਾਣੀ ਦਾ ਪਤਾ ਲੱਗਾ। ਮੈਂ ਸੱਭ ਨੂੰ ਅਪਣੇ ਕੋਲ ਬੁਲਾਇਆ ਅਤੇ ਸਾਰੀ ਗੱਲ ਦੀ ਜਾਣਕਾਰੀ ਲਈ। ਸੱਚਮੁਚ ਸਮੱਸਿਆ ਕਾਫ਼ੀ ਗੰਭੀਰ ਸੀ। ਅਪਣੀ ਅਪਣੀ ਥਾਂ ਦੋਵੇਂ ਗਰੁੱਪ ਠੀਕ ਸਨ। ਕਿਸ ਨੂੰ ਗ਼ਲਤ ਕਹਾਂ ਅਤੇ ਕਿਸ ਨੂੰ ਠੀਕ ਕਹਾਂ, ਸਮਝ ਨਹੀਂ ਸੀ ਆ ਰਹੀ। ਆਖ਼ਰ ਮੈਂ ਸਾਰੀ ਗੱਲ ਗੁਰੂ ਗ੍ਰੰਥ ਸਾਹਿਬ ਤੇ ਛੱਡ ਦਿਤੀ ਅਤੇ ਬੱਚਿਆਂ ਨੂੰ ਕਿਹਾ ਕਿ ਅੱਜ ਆਪਾਂ ਪਾਠ ਨਹੀਂ ਕਰਾਂਗੇ ਅਤੇ ਸਾਰੇ ਮਿਲ ਕੇ ਖੇਡਾਂਗੇ ਤੇ ਫਿਰ ਚਾਹ-ਪਾਣੀ ਪੀਵਾਂਗੇ।
ਸਾਰੇ ਬੱਚੇ ਮੰਨ ਗਏ। ਜਦੋਂ ਮੈਂ ਬੱਚਿਆਂ ਨਾਲ ਗੱਲ ਕਰ ਰਿਹਾ ਸੀ ਉਸ ਵੇਲੇ ਟੀ.ਵੀ. ਤੇ ਦਰਬਾਰ ਸਾਹਿਬ ਤੋਂ ਸ਼ਾਮ ਵੇਲੇ ਦਾ ਕੀਰਤਨ ਚੱਲ ਰਿਹਾ ਸੀ। ਉਸ ਵੇਲੇ ਭਾਈ ਰਾਏ ਸਿੰਘ ਜੀ ਕੀਰਤਨ ਕਰ ਰਹੇ ਸਨ ਅਤੇ ਗੁਰੂ ਦੀ ਮਹਿਮਾ 'ਗੁਰੂ ਗੁਰੂ ਗੁਰੁ ਕਰਿ ਮਨ ਮੋਰ'-(864) ਸ਼ਬਦ ਦਾ ਗਾਇਨ ਕਰ ਰਹੇ ਸਨ। ਇਸ ਸ਼ਬਦ ਵਿਚ ਉਨ੍ਹਾਂ ਪ੍ਰਮਾਣ ਵਜੋਂ 'ਗੁਰ ਕੀ ਮਤਿ ਤੂੰ ਲੇਹਿ ਇਆਣੇ। ਭਗਤਿ ਬਿਨਾ ਬਹੁ ਡੂਬੇ ਸਿਆਨੇ।'-(288) ਜੋ ਸੁਖਮਨੀ ਸਾਹਿਬ ਦੀ ਬਾਣੀ ਹੈ, ਦਾ ਗਾਇਨ ਕੀਤਾ।
ਮੇਰਾ ਧਿਆਨ ਤੁਰਤ ਇਸ ਤੁਕ ਵਲ ਗਿਆ ਅਤੇ ਅਪਣੇ ਮਨ ਵਿਚ ਅਰਥ ਵੀ ਕਰਨ ਲੱਗ ਪਿਆ ਕਿ 'ਐ ਨਾਦਾਨ ਤੂੰ ਗੁਰੂ ਦੀ ਮੱਤ ਕਿਉਂ ਨਹੀਂ ਲੈਂਦਾ, ਅਪਣੀ ਸਿਆਣਪ ਨਾਲ ਤਾਂ ਬੜੇ ਬੜੇ ਡੁੱਬ ਗਏ।' ਬੱਸ ਬੱਚਿਆਂ ਨੂੰ ਆਪਸ ਵਿਚ ਇਕ ਕਰਨ ਦਾ ਵਿਚਾਰ ਮੈਨੂੰ ਗੁਰੂ ਸਾਹਿਬ ਨੇ ਦੇ ਦਿਤਾ।
ਮੈਂ ਉਸੇ ਵੇਲੇ ਬੱਚਿਆਂ ਨੂੰ ਇਕ ਸਵਾਲ ਕੀਤਾ, ''ਦਸੋ ਬਈ, ਇਸ ਵੇਲੇ ਸਾਡੇ ਗੁਰੂ ਕੌਣ ਨੇ?''
''ਗੁਰੂ ਗ੍ਰੰਥ ਸਾਹਿਬ ਜੀ।'' ਸੱਭ ਨੇ ਇਕਦਮ ਜਵਾਬ ਦਿਤਾ।
''ਸ਼ਾਬਾਸ਼, ਬਿਲਕੁਲ ਠੀਕ। ਫਿਰ ਹੁਣ ਇਹ ਦੱਸੋ ਕਿ ਸਾਨੂੰ ਕਿਸ ਦੀ ਗੱਲ ਮੰਨਣੀ ਚਾਹੀਦੀ ਹੈ? ਗੁਰੂ ਗ੍ਰੰਥ ਸਾਹਿਬ ਦੀ ਜਾਂ ਕਿਸੇ ਹੋਰ ਦੀ?'' ਮੈਂ ਫਿਰ ਬੱਚਿਆਂ ਨੂੰ ਸਵਾਲ ਕੀਤਾ।
''ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਚਾਹੀਦੀ ਹੈ।'' ਸੱਭ ਨੇ ਫਿਰ ਜਵਾਬ ਦਿਤਾ।
''ਸ਼ਾਬਾਸ਼! ਵੈਰੀ ਗੁਡ। ਤਾਂ ਫਿਰ ਹੁਣ ਤੁਸੀ ਅਪਣੇ-ਅਪਣੇ ਗੁਟਕਿਆਂ ਰਾਹੀਂ ਪਾਠ ਨਹੀਂ ਕਰੋਗੇ। ਤੁਸੀ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਪਾਠ ਕਰੋਗੇ।'' ਏਨਾ ਕਹਿ ਕੇ ਮੈਂ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਸੈਂਚੀ, ਜੋ ਮੇਰੇ ਕੋਲ ਪਈ ਸੀ ਕਿਉਂਕਿ ਸਹਿਜ ਪਾਠ ਘਰੇ ਕਰਦੇ ਰਹਿੰਦੇ ਹੁੰਦੇ ਸੀ, ਵਿਚੋਂ ਰਹਿਰਾਸ ਸਾਹਿਬ ਦਾ ਪਾਠ ਕਰਵਾਇਆ। (ਚਲਦਾ ) ਸੰਪਰਕ : 94633-86747