ਮੋਬਾਈਲ ਦੀ ਅੰਨ੍ਹੀ ਦੌੜ ’ਚ ਗੁਆਚਦੇ ਸਾਡੇ ਪ੍ਰਵਾਰਕ ਰਿਸ਼ਤੇ
Published : Jul 30, 2022, 2:36 pm IST
Updated : Jul 30, 2022, 2:36 pm IST
SHARE ARTICLE
Our family relationships are lost in the blind race of mobile
Our family relationships are lost in the blind race of mobile

ਸਚਦੇਵਾ ਜੀ ਦੀ ਤਬੀਅਤ ਅੱਜ ਠੀਕ ਨਾ ਹੋਣ ਕਾਰਨ ਉਹ ਸਵੇਰੇ ਅਪਣੇ ਬਿਸਤਰੇ ਤੋਂ ਲੇਟ ਉੱਠੇ ਤੇ ਬਾਹਰ ਨਿਕਲ ਕੇ ਜਦੋਂ ਡਰਾਇੰਗ ਰੂਮ ਵਲ ਵਧੇ ਤਾਂ ...

ਸਚਦੇਵਾ ਜੀ ਦੀ ਤਬੀਅਤ ਅੱਜ ਠੀਕ ਨਾ ਹੋਣ ਕਾਰਨ ਉਹ ਸਵੇਰੇ ਅਪਣੇ ਬਿਸਤਰੇ ਤੋਂ ਲੇਟ ਉੱਠੇ ਤੇ ਬਾਹਰ ਨਿਕਲ ਕੇ ਜਦੋਂ ਡਰਾਇੰਗ ਰੂਮ ਵਲ ਵਧੇ ਤਾਂ ਸਾਰੇ ਪ੍ਰਵਾਰਕ ਮੈਂਬਰ ਅਪਣੇ ਅਪਣੇ ਮੋਬਾਈਲਾਂ ਉਤੇ ਸਿਰ ਝੁਕਾਈ ਮਸਤ ਬੈਠੇ ਸਨ। ਕਿਸੇ ਨੇ ਵੀ ਸਿਰ ਚੁੱਕ ਕੇ ਉਨ੍ਹਾਂ ਵਲ ਵੇਖਣ ਦੀ ਖੇਚਲ ਨਾ ਕੀਤੀ। ਉਨ੍ਹਾਂ ਨੇ ਕੁਰਲੀ ਵਗੈਰਾ ਕਰ ਕੇ ਅਪਣੀ ਪਤਨੀ ਨੂੰ ਕਿਹਾ, ‘‘ਮੇਰੀ ਤਬੀਅਤ ਠੀਕ ਨਹੀਂ, ਘਬਰਾਹਟ ਹੋ ਰਹੀ ਹੈ, ਇਸ ਲਈ ਮੈਂ ਡਾਕਟਰ ਕੋਲ ਚੈੱਕ ਕਰਾਉਣ ਲਈ ਜਾ ਰਿਹਾ ਹਾਂ।’’

photo photo

ਪਤਨੀ ਮੋਬਾਈਲ ਉਤੇ ਉਵੇਂ ਹੀ ਸਿਰ ਝੁਕਾਏ ਹੋਏ ਬੋਲੀ, ‘‘ਠੀਕ ਹੈ ਅਪਣਾ ਧਿਆਨ ਰਖਣਾ।’’ ਪਰ ਬਾਕੀ ਜੀਅ ਸਭ ਉਵੇਂ ਹੀ ਬੈਠੇ ਰਹੇ ਅਤੇ ਮੁੰਡੇ ਨੇ ਵੀ ਨਾ ਕਿਹਾ ਕਿ ਪਿਤਾ ਜੀ ਅਸੀਂ ਇਕ ਜਣਾ ਤੁਹਾਡੇ ਨਾਲ ਚਲਦੇ ਹਾਂ। ਖ਼ੈਰ ਸਚਦੇਵਾ ਜੀ ਨੇ ਬਾਈਕ ਦੀ ਚਾਬੀ ਚੁੱਕੀ, ਬਾਹਰ ਸਟੈਂਡ ਵਲ ਨੂੰ ਵਧੇ ਤੇ ਬਾਈਕ ਸਟਾਰਟ ਕਰਨ ਲੱਗੇ ਤਾਂ ਬਾਈਕ ਸਟਾਰਟ ਨਾ ਹੋਈ ਤੇ ਉਹ ਘਬਰਾਹਟ ਨਾਲ ਪਸੀਨੋ ਪਸੀਨੀ ਹੋ ਰਹੇ ਸਨ। ਏਨੇ ਨੂੰ ਉਨ੍ਹਾਂ ਦੇ ਘਰ ਦਾ ਪੁਰਾਣਾ ਨੌਕਰ ਰਾਮੂ ਅੰਦਰ ਦਾਖ਼ਲ ਹੋਇਆ ਜੋ ਪਿਛਲੇ 20 ਸਾਲਾਂ ਤੋਂ ਕੰਮ ਕਰਦਾ ਸੀ ਅਤੇ ਕਾਫ਼ੀ ਵਫ਼ਾਦਾਰ ਅਤੇ ਸੇਵਾ ਭਾਵ ਵਾਲਾ 30-35 ਸਾਲ ਉਮਰ ਦਾ ਹੀ ਸੀ।

ਉਸ ਨੇ ਜਦ ਸਚਦੇਵਾ ਜੀ ਦੀ ਅਜਿਹੀ ਹਾਲਤ ਵੇਖੀ ਤਾਂ ਬੋਲਿਆ, ‘‘ਅਰੇ ਮਾਲਕ ਆਪ ਕੀ ਤਬੀਅਤ ਤੋ ਬਹੁਤ ਖਰਾਬ ਲਗ ਰਹੀ ਹੈ, ਛੋਡੋੋ ਮੈਂ ਬਾਈਕ ਸਟਾਰਟ ਕਰਤਾ ਹੂੰ ਔਰ ਆਪ ਕੋ ਅਭੀ ਹਸਪਤਾਲ ਲੇ ਚਲਤਾ ਹੂੰ।’’ ਨੌਕਰ ਸਮਝਦਾਰ ਸੀ ਇਸ ਲਈ ਉਸ ਨੇ ਬਾਈਕ ਸਟਾਰਟ ਕੀਤੀ ਅਤੇ ਸਚਦੇਵਾ ਜੀ ਨੂੰ ਨਾਲ ਬਿਠਾ ਕੇ ਸਿੱਧਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਿਆ।

Mobile UserMobile User

ਡਾਕਟਰ ਨੂੰ ਉਸ ਨੇ ਸਾਰੀ ਗੱਲ ਦੱਸੀ ਤਾਂ ਡਾਕਟਰਾਂ ਨੇ ਚੈਕ ਕਰ ਕੇ ਕਿਹਾ ਕਿ ਹਾਰਟ ਦੀ ਪਰੌਬਲਮ ਜਾਪਦੀ ਹੈ, ਟੈਸਟ ਕਰਾਉਂਦੇ ਹਾਂ। ਤੁਸੀਂ ਆਹ ਟੈਸਟਾਂ ਦੇ ਪੈਸੇ ਜਮ੍ਹਾਂ ਕਰਾ ਦਿਉ। ਕੁੱਝ ਪੈਸੇ ਤਾਂ ਸਚਦੇਵਾ ਜੀ ਨਾਲ ਲੈ ਕੇ ਆਏ ਸਨ ਜੋ ਉਨ੍ਹਾਂ ਨੇ ਰਾਮੂ ਨੂੰ ਫੜਾ ਦਿਤੇ ਜਮ੍ਹਾਂ ਕਰਾਉਣ ਲਈ ਅਤੇ ਬਾਕੀ ਉਸ ਨੂੰ ਸਮਝਾ ਦਿਤਾ ਕਿ ਮੇਰੇ ਕੋਲ ਏ.ਟੀ.ਐਮ. ਕਾਰਡ ਹੈ ਹੋਰ ਲੋੜ ਪਈ ਤਾਂ ਤੈਨੂੰ ਸਮਝਾ ਦੇਵਾਂਗਾ ਤੂੰ ਪੈਸੇ ਕਢਵਾ ਲਿਆਈਂ। ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਕੇ ਮੁਢਲਾ ਇਲਾਜ ਸ਼ੁਰੂ ਕਰ ਦਿਤਾ।

ਟੈਸਟਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਸਨ ਪਰ ਡਾਕਟਰਾਂ ਨੂੰ ਵੈਸੇ ਕਾਫ਼ੀ ਹੱਦ ਤਕ ਅੰਦਾਜ਼ਾ ਹੋ ਚੁੱਕਾ ਸੀ ਕਿ ਸ਼ਾਇਦ ਹਾਰਟ ਦਾ ਛੋਟਾ ਆਪ੍ਰੇਸ਼ਨ ਕਰਨਾ ਪਵੇ, ਇਸ ਲਈ ਉਨ੍ਹਾਂ ਨੇ ਇਕ ਫ਼ਾਰਮ ਭਰਵਾਇਆ ਅਤੇ ਉਸ ਉਪਰ ਮਰੀਜ਼ ਦੇ ਪ੍ਰਵਾਰਕ ਮੈਂਬਰ ਦੇ ਹਸਤਾਖ਼ਰ ਕਰਨ ਲਈ ਜਦੋਂ ਕਿਹਾ ਤਾਂ ਸਚਦੇਵਾ ਜੀ ਨੇ ਉਹ ਫ਼ਾਰਮ ਰਾਮੂ ਵਲ ਵਧਾ ਦਿਤਾ ਤੇ ਕਿਹਾ ਕਿ ਤੂੰ ਦਸਤਖ਼ਤ ਕਰਦੇ ਕਿਉਂਕਿ ਤੂੰ ਹੁਣ ਮੇਰਾ ਪ੍ਰਵਾਰਕ ਮੈਂਬਰ ਹੀ ਹੈਂ।

mobile usermobile user

 ਏਨੇ ਨੂੰ ਸਚਦੇਵਾ ਜੀ ਦੀ ਪਤਨੀ ਦਾ ਫ਼ੋਨ ਆਇਆ ਰਾਮੂ ਕੋਲ ਕਿ ਰਾਮੂ ਤੂੰ ਅੱਜ ਕੰਮ ’ਤੇ ਕਿਉਂ ਨਹੀਂ ਆਇਆ, ਤੂੰ ਬਿਨਾਂ ਦਸਿਆਂ ਹੀ ਛੁੱਟੀ ਮਾਰ ਲਈ ਅੱਜ, ਕਿੰਨਾ ਕੰਮ ਪਿਆ ਹੈ ਕਰਨ ਵਾਲਾ। ਰਾਮੂ ਨੇ ਥੋੜਾ ਪਾਸੇ ਹੋ ਕੇ ਫ਼ੋਨ ਸੁਣਿਆ ਤੇ ਕਹਿ ਦਿਤਾ ਬੀਬੀ ਜੀ ਬੇਸ਼ਕ ਤੁਸੀਂ ਮੇਰੀ ਅੱਜ ਦੀ ਤਨਖ਼ਾਹ ਕੱਟ ਲੈਣਾ ਪਰ ਮੈਂ ਬਾਬੂ ਜੀ ਨੂੰ ਹਸਪਤਾਲ ਲੈ ਕੇ ਆਇਆ ਹਾਂ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਹੈ। ਟੈਸਟ ਹੋ ਰਹੇ ਹਨ। ਡਾਕਟਰ ਕਹਿੰਦੇ ਹਨ ਕਿ ਦਿਲ ਦੀ ਤਕਲੀਫ਼ ਹੈ, ਹੋ ਸਕਦਾ ਹੈ ਉਨ੍ਹਾਂ ਦਾ ਛੋਟਾ ਆਪਰੇਸ਼ਨ ਕਰਨਾ ਪਵੇ।

ਥੋੜੀ ਦੇਰੀ ਬਾਅਦ ਸਚਦੇਵਾ ਜੀ ਦੇ ਦੋਵੇਂ ਪੁੱਤਰ, ਨੂੰਹ ਤੇ ਪਤਨੀ ਉਸ ਕੋਲ ਪਹੁੰਚ ਗਏ ਸਨ ਜੋ ਨੀਵੀਆਂ ਪਾਈ ਖੜੇ ਸ਼ਰਮਸਾਰ ਹੋ ਰਹੇ ਸਨ ਕਿ ਅਸੀਂ ਤਾਂ ਮੋਬਾਈਲ ਵੇਖਣ ਦੀ ਮਸਤੀ ’ਚ ਅਪਣੇ ਘਰ ਦੇ ਮੁਖੀ ਦੀ ਤਕਲੀਫ਼ ਦੀ ਪ੍ਰਵਾਹ ਹੀ ਨਾ ਕੀਤੀ ਪਰ ਸਾਡੇ ਨਾਲੋਂ ਤਾਂ ਨੌਕਰ ਹੀ ਚੰਗਾ ਹੈ ਜਿਸ ਨੇ ਅਪਣੇ ਮਾਲਕ ਪ੍ਰਤੀ ਏਨੀ ਵਫ਼ਾਦਾਰੀ ਨਿਭਾਈ ਹੈ। ਇਕ ਅਸੀਂ ਹਾਂ ਜੋ ਪ੍ਰਵਾਰਕ ਰਿਸ਼ਤਿਆਂ ਪ੍ਰਤੀ ਅਪਣਾ ਫ਼ਰਜ਼ ਹੀ ਭੁੱਲ ਗਏ। ਉਹ ਪਛਤਾ ਰਹੇ ਸਨ ਤੇ ਸਚਦੇਵਾ ਜੀ ਬੈੱਡ ਉੱਤੇ ਲੇਟੇ ਹੋਏ ਉਨ੍ਹਾਂ ਤੋਂ ਮੂੰਹ ਫੇਰੀ ਪਏ ਸਨ।

 ਡਾਕਟਰਾਂ ਅਨੁਸਾਰ ਐਮਰਜੈਂਸੀ ਮੌਕੇ ਖ਼ੂਨ ਦੀ ਲੋੜ ਪੈਣ ਤੇ ਉਨ੍ਹਾਂ ਦੇ ਬਲੱਡ ਗਰੁੱਪ ਲਈ ਰਾਮੂ ਨੇ ਅਪਣਾ ਖ਼ੂਨ ਟੈਸਟ ਵੀ ਕਰਵਾ ਲਿਆ ਜੋ ਗਰੁੱਪ ਨਾਲ ਮਿਲ ਚੁੱਕਾ ਸੀ ਤੇ ਉਸ ਨੇ ਕਹਿ ਦਿਤਾ ਸੀ ਕਿ ਲੋੜ ਪੈਣ ’ਤੇ ਮੈਂ ਖ਼ੂਨ ਦੇ ਦੇਵਾਂਗਾ। ਇਸ ਲਈ ਸਚਦੇਵਾ ਜੀ ਉਸ ਨੂੰ ਅਪਣਾ ਅਸਲੀ ਵਫ਼ਾਦਾਰ ਪ੍ਰਵਾਰਕ ਮੈਂਬਰ ਸਮਝ ਰਹੇ ਸਨ ਪਰ ਦੂਜੇ ਪਾਸੇ ਜਨਮ ਜਨਮ ਦਾ ਸਾਥ ਨਿਭਾਉਣ ਵਾਲੀ ਪਤਨੀ, ਜੰਮਣ ਤੋਂ ਲੈ ਕੇ ਬਾਪ ਦੇ ਹੱਥਾਂ ’ਚ ਪਲੇ ਤੇ ਵੱਡੇ ਹੋਏ ਪੁੱਤ ਅਤੇ ਉਹ ਨੂੰਹ ਜਿਸ ਬਾਰੇ  ਕਿਹਾ ਜਾਂਦਾ ਹੈ ਕਿ ਨੂੰਹ ਸਹੁਰਾ ਪ੍ਰਵਾਰ ਦੀ ਧੀ ਹੀ ਬਣ ਜਾਂਦੀ ਹੈ, ਇਹ ਸਭ ਅਪਣੇ ਪ੍ਰਵਾਰ ਮੁਖੀ ਸਾਹਮਣੇ ਸ਼ਰਮਿੰਦੇ ਹੋਏ ਖੜੇ ਸਨ ਕਿਉਂਕਿ ਇਸ ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ ਅਤੇ ਅੰਨ੍ਹੀ ਦੌੜ ਨੇ ਪ੍ਰਵਾਰਕ ਰਿਸ਼ਤਿਆਂ ਨੂੰ ਅੱਜ ਗੰਧਲਾ ਕਰ ਦਿਤਾ ਸੀ।

ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇਹ ਰਿਸ਼ਤੇ ਬਹੁਤ ਕੀਮਤੀ ਹਨ ਤੇ ਇਨ੍ਹਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਪਰ ਅੱਜ ਅਸੀਂ ਆਮ ਹੀ ਵੇਖਦੇ ਹਾਂ ਕਿ ਸਾਡੇ ਪ੍ਰਵਾਰਾਂ ਵਿਚ ਸਾਡੀ ਨਵੀਂ ਪੀੜ੍ਹੀ ਦੇ ਧੀਆਂ ਪੁੱਤ ਅਪਣੇ ਅਪਣੇ ਮੋਬਾਈਲਾਂ ਉੱਤੇ ਏਨੇ ਮਸਤ ਰਹਿੰੰਦੇ ਹਨ ਕਿ ਉਨ੍ਹਾਂ ਕੋਲ ਅਪਣੇ ਬਜ਼ੁਰਗ ਮਾਂ-ਬਾਪ ਕੋਲ ਬੈਠ ਕੇ ਗੱਲਬਾਤ ਕਰਨ ਦਾ ਵਕਤ ਹੀ ਨਹੀਂ ਹੈ, ਜਿਸ ਲਈ ਸਾਡੇ ਬਜ਼ੁਰਗ ਤਰਸਦੇ ਹੀ ਰਹਿੰਦੇ ਹਨ। 

photo photo

ਕਈ ਨੌਜਵਾਨ ਬੱਚੇ ਤਾਂ ਮੋਬਾਈਲ ਤੇ ਏਨੇ ਦੀਵਾਨੇ ਹੋ ਜਾਂਦੇ ਹਨ ਕਿ ਮਾਂ-ਬਾਪ ਵਲੋਂ ਰੋਕਣ ਤੇ ਬਹੁਤ ਗੁੱਸਾ ਕਰਦੇ ਹਨ  ਜਿਸ ਦੀ ਇਕ ਤਾਜ਼ਾ ਮਿਸਾਲ ਕੁੱਝ ਦਿਨ ਪਹਿਲਾਂ ਵਾਪਰੀ ਇਕ ਤਾਜ਼ਾ ਘਟਨਾ ਹੈ। ਲਖਨਊ ਵਿਚ ਇਕ 16 ਸਾਲਾ ਨੌਜਵਾਨ ਨੂੰ ਮੋਬਾਈਲ ਉੱਤੇ ਪਬਜੀ ਗੇਮ ਖੇਡਣ ਦਾ ਬਹੁਤ ਜਨੂੰਨ ਸੀ ਪਰ ਉਸ ਦੀ ਮਾਂ ਉਸ ਨੂੰ ਰੋਕਦੀ ਸੀ ਤੇ ਇਵੇਂ ਹੀ ਇਕ ਦਿਨ ਗੁੱਸੇ ਵਿਚ ਆਏ ਉਸ ਪੁੱਤ ਨੇ ਅਪਣੇ ਬਾਪ ਦੀ ਲਾਇਸੈਂਸੀ ਬੰਦੂਕ ਨਾਲ ਮਾਂ ਨੂੰ ਹੀ ਗੋਲੀ ਮਾਰ ਕੇ ਮਾਰ ਦਿਤਾ ਤੇ ਉਸ ਦੀ ਲਾਸ਼ ਨੂੰ ਦੋ ਦਿਨ ਕਮਰੇ ਵਿਚ ਹੀ ਬੰਦ ਕਰੀ ਰਖਿਆ।

ਬਦਬੂ ਤੋਂ ਬਚਾਅ ਲਈ ਕਮਰੇ ’ਚ ਰੂਮ-ਫ਼ਰੈਸ਼ਨਰ ਛਿੜਕਿਆ ਪ੍ਰੰਤੂ ਦੋ ਤਿੰਨ ਦਿਨ ਬਾਅਦ ਜਦੋਂ ਬਦਬੂ ਜ਼ਿਆਦਾ ਹੋ ਗਈ ਤਾਂ ਉਸ ਨੇ ਅਪਣੇ ਪਿਤਾ ਨੂੰ ਸਾਰੀ ਗੱਲ ਦਸ ਦਿਤੀ ਜੋ ਪਛਮੀ ਬੰਗਾਲ ’ਚ ਫ਼ੌਜੀ ਜਵਾਨ ਵਜੋਂ ਤੈਨਾਤ ਹੈ। ਉਸ ਦੇ ਪਿਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਇਸ ਦਾ ਪੋਸਟਮਾਰਟਮ ਕਰਵਾਇਆ ਤੇ ਇਹ ਨਾਬਾਲਗ ਪੁੱਤਰ ਹੁਣ ਜੇਲ੍ਹ ਦੀ ਕਾਲ ਕੋਠੜੀ ’ਚ ਬੰਦ ਹੈ। 

ਇਹੋ ਜਿਹੀ ਆਦਤ ਹੀ ਸਾਡੇ ਛੋਟੇ ਬੱਚਿਆਂ ਦੀ ਵੀ ਬਣਦੀ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਵਲੋਂ ਲੋੜ ਤੋਂ ਵੱਧ ਮੋਬਾਈਲ ਉੱਤੇ ਅੱਖਾਂ ਗੱਡ ਕੇ ਬੈਠੇ ਰਹਿਣ ਨਾਲ ਨਜ਼ਰਾਂ ਵੀ ਕਮਜ਼ੋਰ ਹੁੰਦੀਆਂ ਹਨ ਤੇ ਦਿਮਾਗੀ ਸੰਤੁਲਨ ਵੀ ਵਿਗੜਨ ਦਾ ਖ਼ਦਸ਼ਾ ਰਹਿੰਦਾ ਹੈ ਜਿਸ ਬਾਰੇ ਡਾਕਟਰਾਂ ਵਲੋਂ ਵੀ ਚੇਤਾਵਨੀ ਦਿਤੀ ਗਈ ਹੈ ਤੇ ਕਈ ਘਟਨਾਵਾਂ ਵੀ ਵਾਪਰਦੀਆਂ ਵੇਖੀਆਂ ਗਈਆਂ ਹਨ।

mobile usersmobile users

ਬੇਸ਼ਕ ਵਿਗਿਆਨਕ ਤੇ ਵਿਦਿਅਕ ਤਰੀਕੇ ਨਾਲ ਮੋਬਾਈਲ ਦੀ ਕੀਤੀ ਵਰਤੋਂ ਠੀਕ ਵੀ ਹੈ ਪ੍ਰੰਤੂ ਫਿਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਬਹੁ-ਗਿਣਤੀ ਨੌਜਵਾਨ ਤਾਂ ਕਰੀਬ ਗ਼ਲਤ ਵਰਤੋਂ ਹੀ ਕਰਦੇ ਹਨ ਜਿਸ ਲਈ ਬੱਚਿਆਂ ਦੇ ਮਾਂ-ਬਾਪ ਵਲੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਇਹ ਧਿਆਨ ਰੱਖਣ ਦੀ ਵੀ ਵਿਸ਼ੇਸ ਲੋੜ ਹੈ ਕਿ ਇਸ ਦੀ ਬੇਲੋੜੀ ਵਰਤੋਂ ਨਾਲ ਸਾਡੇ ਪ੍ਰਵਾਰਕ ਰਿਸ਼ਤੇ ਖਰਾਬ ਨਾ ਹੋਣ ਕਿਉਂਕਿ ਸਾਡੇ ਇਹ ਰਿਸ਼ਤੇ ਬੜੇ ਕੀਮਤੀ ਤੇ ਨਾਜ਼ੁਕ ਹੁੰਦੇ ਹਨ ਜਿਨ੍ਹਾਂ ’ਚ ਅੱਜ ਤਰੇੜਾਂ ਪੈ ਰਹੀਆਂ ਹਨ ਜਿਸ ਨੂੰ ਸੰਭਾਲਿਆ ਜਾਵੇ। ਇਕ ਵਿਦਵਾਨ ਨੇ ਵੀ ਕਿਹਾ ਹੈ ਕਿ ‘‘ਸ਼ੀਸ਼ਾ ਔਰ ਰਿਸ਼ਤਾ ਦੋਨੋਂ ਬੜੇ ਨਾਜ਼ੁਕ ਹੋਤੇ ਹੈਂ ਪਰ  ਫ਼ਰਕ ਸਿਰਫ਼ ਇਤਨਾ ਹੈ ਦੋਨੋਂ ਮੇਂ, ਕਿ ਸ਼ੀਸ਼ਾ ਗ਼ਲਤੀ ਸੇ ਟੂਟ ਜਾਤਾ ਹੈ ਔਰ ਰਿਸ਼ਤਾ ਲਾਹਪ੍ਰਵਾਹੀ ਸੇ।’’

 ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਰਿਸ਼ਤੇ ਕਦੀ ਵੀ ਕੁਦਰਤੀ ਮੌਤ ਨਹੀਂ ਮਰਦੇ, ਇਨ੍ਹਾਂ ਨੂੰ ਹਮੇਸ਼ਾ ਇਨਸਾਨ ਹੀ ਮਾਰਦਾ ਹੈ, ਨਫ਼ਰਤ ਨਾਲ, ਨਜ਼ਰ-ਅੰਦਾਜ਼ੀ ਨਾਲ ਤੇ ਗ਼ਲਤ-ਫ਼ਹਿਮੀ ਨਾਲ। ਆਉ ਇਕ ਸ਼ਾਇਰ ਦੀਆਂ ਇਹ ਸਤਰਾਂ ਯਾਦ ਰਖੀਏ : 
‘‘ਤਲਾਸ਼ ਹੈ ਏਕ ਐਸੇ ਦਰਜ਼ੀ ਕੀ 
ਜੋ ਉਧੜੇ ਹੂਏ ਰਿਸ਼ਤੋਂ ਕੀ 
ਅੱਛੀ ਤਰਹ ਸੇ ਸਿਲਾਈ ਕਰ ਦੇ, 
ਜੋ ਗ਼ਲਤ-ਫ਼ਹਿਮੀ ਕੇ ਛੇਦੋਂ ਕੋ, 
ਪੂਰੀ ਸਫ਼ਾਈ ਕੇ ਸਾਥ ਰਫ਼ੂ ਕਰ ਦੇ।’’
 

  - ਪਟਿਆਲਾ।
ਮੋਬਾ :  99155-21037
ਦਲਬੀਰ ਸਿੰਘ ਧਾਲੀਵਾਲ  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement