ਆਜ਼ਾਦੀ ਦਾ ਦੂਜਾ ਪੱਖ
Published : Sep 30, 2020, 8:53 am IST
Updated : Sep 30, 2020, 8:53 am IST
SHARE ARTICLE
Sikh
Sikh

15 ਅਗੱਸਤ ਦੇ ਨਾਚ ਗਾਣਿਆਂ ਅਤੇ ਸਕੂਲੀ ਛੁੱਟੀਆਂ ਵਿਚ ਪੰਜਾਬੀਆਂ ਦੀ ਤ੍ਰਾਸਦੀ ਕਿਸੇ ਨੂੰ ਨਹੀਂ ਰਹੀ ਯਾਦ

ਜੰ ਗ ਦੇ ਆਮ ਤੌਰ ਉੱਤੇ ਦੋ ਪਹਿਲੂ ਹੁੰਦੇ ਹਨ। ਇਕ ਜਿੱਤਣ ਵਾਲਿਆਂ ਦਾ ਤੇ ਦੂਜਾ ਹਾਰਨ ਵਾਲਿਆਂ ਦਾ। ਜਿੱਤਣ ਵਾਲਿਆਂ ਵਿਚੋਂ ਵੀ ਕੁੱਝ ਜਸ਼ਨ ਮਨਾਉਂਦੇ ਹਨ ਅਤੇ ਕੁੱਝ ਜੰਗ ਦੌਰਾਨ ਅਪਣਿਆਂ ਦੇ ਖੁੱਸ ਜਾਣ ਦਾ ਮਾਤਮ! ਜੇ ਭਾਰਤ ਦੀ ਗੱਲ ਕਰੀਏ ਤਾਂ ਜਿੰਨੀ ਵਾਰ ਵਿਦੇਸ਼ੀ ਹਮਲਾਵਰ ਆਏ, ਸਰਹੱਦ ਉੱਤੇ ਖ਼ਤਰਾ ਹੋਇਆ ਜਾਂ ਸਰਹੱਦ ਅੰਦਰ ਮਨੁੱਖੀ ਹੱਕਾਂ ਦਾ ਘਾਣ ਹੋਇਆ, ਵੱਡੀ ਗਿਣਤੀ ਵਿਚ ਹਮੇਸ਼ਾ ਸਿੱਖਾਂ ਨੇ ਹੀ ਅਪਣਾ ਫ਼ਰਜ਼ ਮੰਨਦਿਆਂ ਕੁਰਬਾਨੀਆਂ ਦਿਤੀਆਂ ਹਨ। ਇਥੋਂ ਤਕ ਕਿ ਵਤਨੋਂ ਪਾਰ ਦੇ ਐਸ਼ੋ-ਆਰਾਮ ਛੱਡ ਕੇ ਵਾਪਸ ਭਾਰਤ ਪਰਤ ਕੇ ਆਜ਼ਾਦੀ ਦੀ ਜੰਗ ਵਿਚ ਹਿੱਸਾ ਲੈ ਕੇ ਜਾਨਾਂ ਗੁਆ ਦਿਤੀਆਂ। ਉਨ੍ਹਾਂ ਗ਼ਦਰ ਲਹਿਰ ਦੇ ਨਾਇਕਾਂ ਨੂੰ ਭਾਰਤ ਵਾਸੀਆਂ ਵਲੋਂ ਉੱਕਾ ਹੀ ਵਿਸਾਰ ਦੇਣਾ ਕੀ ਜਾਇਜ਼ ਹੈ? 15 ਅਗੱਸਤ ਦੇ ਨਾਚ ਗਾਣਿਆਂ ਅਤੇ ਸਕੂਲੀ ਛੁੱਟੀਆਂ ਵਿਚ ਪੰਜਾਬੀਆਂ ਦੀ ਤ੍ਰਾਸਦੀ ਕਿਸੇ ਨੂੰ ਯਾਦ ਨਹੀਂ ਰਹੀ।

15 August 15 August

ਆਜ਼ਾਦੀ ਦੇ ਜਸ਼ਨ ਵਿਚ ਰੁੱਝੇ ਭਾਰਤੀਆਂ ਨੂੰ ਸ਼ਾਇਦ ਇਹ ਗੱਲਾਂ ਯਾਦ ਨਾ ਰਹੀਆਂ ਹੋਣ ਜਿਨ੍ਹਾਂ ਬਾਰੇ ਮੈਂ ਅੱਗੇ ਜ਼ਿਕਰ ਕਰਨ ਲੱਗੀ ਹਾਂ। ਹਿੰਦੁਸਤਾਨ ਤੇ ਪਾਕਿਸਤਾਨ ਦਾ ਪਾੜ ਪੈਣ ਲਗਿਆਂ ਅਸਲ ਵਿਚ ਬਰਬਾਦੀ ਕਿਸ ਦੀ ਹੋਈ ਸੀ? ਪੰਜਾਬੀਆਂ ਦੀ ਬਰਬਾਦੀ, ਉਨ੍ਹਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ, ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਤਾਰ-ਤਾਰ ਹੋਈ, ਜਿਗਰੀ ਦੋਸਤਾਂ ਵਿਚ ਡੂੰਘਾ ਪਾੜ ਪਿਆ, ਫ਼ਿਰਕੂ ਨਫ਼ਰਤ ਦੇ ਤੂਫ਼ਾਨ ਵਿਚ ਸਕੇ ਰਿਸ਼ਤਿਆਂ ਦਾ ਉਜਾੜਾ ਹੋਇਆ, ਪੰਜਾਬੀ ਤੇ ਪੰਜਾਬੀਅਤ ਦਾ ਘਾਣ, ਜਾਇਦਾਦਾਂ ਤੇ ਘਰਾਂ ਦਾ ਖੁੱਸ ਜਾਣਾ, ਬਚਪਨ ਦੀਆਂ ਡੂੰਘੀਆਂ ਯਾਦਾਂ ਦੀਆਂ ਤੰਦਾਂ ਟੁੱਟਣੀਆਂ, ਪੰਜਾਬੀ ਸਭਿਆਚਾਰ ਦਾ ਭੋਗ ਪੈਣਾ ਅਤੇ ਹੋਰ ਵੀ ਬਹੁਤ ਕੁੱਝ ਕਿਵੇਂ ਭੁਲਾਇਆ ਜਾ ਸਕਦਾ ਹੈ? ਦੋਹਾਂ ਮੁਲਕਾਂ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਕਿਤੇ ਉਹ ਚੀਸਾਂ ਤੇ ਚੀਕਾਂ, ਹਰ-ਹਰ ਮਹਾਂਦੇਵ ਤੇ ਅੱਲਾ ਹੂ ਅਕਬਰ ਦੇ ਨਾਅਰੇ ਲਗਾਉਂਦੇ ਸ਼ਰਾਰਤੀ ਅਨਸਰ ਲੁਕਾਉਣ ਵਿਚ ਸਫ਼ਲ ਤਾਂ ਨਹੀਂ ਹੋ ਗਏ? ਇਨ੍ਹਾਂ ਜਸ਼ਨਾਂ 'ਚ ਅੱਜ ਦੇ ਦਿਨ ਜਿਹੜਾ ਚਾਨਣ ਲਗਦਾ ਹੈ, ਉਸ ਵਿਚ ਲੁੱਟੇ ਪੁੱਟੇ ਗ਼ਰੀਬਾਂ ਦੇ ਚੁੱਲ੍ਹੇ ਦਾ ਬਾਲਣ ਤਾਂ ਨਹੀਂ ਬਲਦਾ? ਕੀ ਵਾਹਗੇ ਦੇ ਆਰ-ਪਾਰ ਹਰ ਵਰ੍ਹੇ ਪੀੜ ਦੀ ਸਾਂਝ ਗੰਢਣ ਲਈ ਕਦੇ ਵੈਣ ਸੁਣੇ ਗਏ ਹਨ ਜਿਥੇ ਵਿਛੜੀਆਂ ਮਾਸੀਆਂ, ਭੂਆ ਮਿਲੀਆਂ ਹੋਣ?

Childhood days wentChildhood days 

ਕੀ ਸਰਹੱਦ ਉਤੇ ਨਿਰੀ ਪੁਰੀ ਨਫ਼ਰਤਾਂ ਭਰੀ ਨੋਕ ਝੋਕ ਹੀ ਸੁਣੀਂਦੀ ਹੈ ਜਿਸ ਵਿਚ ਹਾਕਮਾਂ ਵਲੋਂ ਅਪਣੀ ਕੁਰਸੀ ਪੱਕੀ ਰੱਖਣ ਲਈ ਉਕਸਾਊ ਤੇ ਭੜਕਾਊ ਭਾਸ਼ਣਾਂ ਰਾਹੀਂ ਪੰਜਾਬ ਤੇ ਪੰਜਾਬੀਆਂ ਦੀ ਹੋਰ ਬਰਬਾਦੀ ਦਾ ਆਧਾਰ ਪੱਕਾ ਕੀਤਾ ਜਾਂਦਾ ਹੈ? ਮੇਰੇ ਅਗਲੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਿਹੜੇ ਵੀ ਰੱਬ ਨੂੰ ਮੰਨਦੇ ਹੋਵੋ, ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਕਹਿਣ ਤੇ ਮੰਨਣ ਦਾ ਹੀਆ ਕਰ ਲੈਣਾ :- 1. ਇਸ ਆਜ਼ਾਦ ਭਾਰਤ ਵਿਚ ਕੀ ਸਚਮੁੱਚ ਸਾਰੇ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਨ? ਕੀ ਭਾਰਤ ਦੇ ਇਕ ਹਿੱਸੇ ਵਿਚ ਇਕ ਰੇਲ ਗੱਡੀ ਸਿਰਫ਼ ਇਸ ਕਰਕੇ ਤਾਂ ਨਹੀਂ ਸਾੜ ਦਿਤੀ ਗਈ ਸੀ ਕਿ ਉਸ ਵਿਚ ਵੱਖ ਧਰਮ ਨੂੰ ਮੰਨਣ ਵਾਲੇ ਸਾਡੇ ਵਰਗੇ ਹੀ ਆਮ ਲੋਕ ਸਨ?

Sikh SangatSikh Sangat

2. ਦਰ੍ਹਾ ਖ਼ੈਬਰ ਤੋਂ ਤਿੱਬਤ ਤਕ ਵਿਦੇਸ਼ੀ ਹੱਲਿਆਂ ਨੂੰ ਜਾਨ ਵਾਰ ਕੇ ਰੋਕਣ ਵਾਲੇ ਤੇ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਵਿਚੋਂ 82 ਫ਼ੀ ਸਦੀ ਸਿੱਖ ਸਨ। ਜਦੋਂ ਸਾਡੇ ਹੀ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਖ਼ਤਰਾ ਮਹਿਸੂਸ ਹੋਇਆ ਤੇ ਉਨ੍ਹਾਂ ਉਤੇ ਜਬਰ ਸਿਰਫ਼ ਇਸ ਕਰ ਕੇ ਹੋਇਆ ਕਿ ਉਹ ਹਿੰਦੂ ਰੱਬ ਨੂੰ ਮੰਨਦੇ ਸਨ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਧਰਮ ਨਿਰਪੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਨ ਕੁਰਬਾਨ ਕਰ ਦਿਤੀ। ਜਦੋਂ ਜਨੇਊ ਭਰ ਕੇ ਗੱਡੇ ਲੱਦੇ ਗਏ ਸਨ ਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਜਬਰੀ ਧਰਮ ਤਬਦੀਲ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਅਪਣੇ ਹਿੰਦੂ ਭੈਣ ਭਰਾਵਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਅਪਣੇ ਸਿਰ ਵਢਵਾ ਕੇ ਗੱਡਿਆਂ ਵਿਚ ਭਰਵਾ ਦਿਤੇ ਸਨ। ਮੁਲਕ ਦੀ ਵੰਡ ਵਿਚ ਸੱਭ ਤੋਂ ਵੱਧ ਮਾਰ ਖਾਣ ਵਾਲੇ ਇਨ੍ਹਾਂ ਸਿੱਖਾਂ ਨੂੰ ਕੀ ਪਾਕਿਸਤਾਨ ਵਿਚਲੀਆਂ ਧਾਰਮਕ ਥਾਵਾਂ ਉਤੇ ਗੋਲੀਆਂ ਤੇ ਬੰਬਾਂ ਨਾਲ ਨਹੀਂ ਉਡਾਇਆ ਜਾ ਰਿਹਾ? ਕੀ ਭਾਰਤ ਵਿਚ ਸਿੱਖੀ ਪਹਿਰਾਵੇ ਵਾਲਿਆਂ ਨੂੰ ਟਰੱਕਾਂ ਵਿਚੋਂ ਥੱਲੇ ਧੂਹ ਕੇ ਜਾਂ ਸੜਕ ਉਤੇ ਜਾਂਦੇ ਬੇਦੋਸ਼ਿਆਂ ਨੂੰ ਭੜਕਾਈ ਭੀੜ ਵਲੋਂ ਰਾਡਾਂ ਨਾਲ ਨਹੀਂ ਕੁੱਟਿਆ ਜਾ ਰਿਹਾ?

SikhSikh

3. ਕੀ ਸਰਹੱਦ ਉਤੇ ਜਾਨ ਵਾਰ ਦੇਣ ਲਈ ਤਿਆਰ ਸਿੱਖ ਫ਼ੌਜੀਆਂ ਨੂੰ '84 ਵਿਚ ਰੇਲ ਗੱਡੀਆਂ ਵਿਚੋਂ ਧੂਹ ਕੇ ਬਾਹਰ ਕੱਢ ਕੇ, ਉੱਚੀ-ਉੱਚੀ ਚੀਕ ਕੇ-'ਫੂਕ ਦੋ ਸਰਦਾਰੋਂ ਕੋ, ਦੇਸ਼ ਕੇ ਗ਼ੱਦਾਰੋਂ ਕੋ'- ਮਾਰੇ ਜਾਣ ਤੋਂ ਪਹਿਲਾਂ ਨਹੀਂ ਸੁਣਨਾ ਪਿਆ ਸੀ? 4. ਇਨ੍ਹਾਂ ਫ਼ੌਜੀਆਂ ਦੀਆਂ ਵਿਧਵਾਵਾਂ ਤੇ ਬੇਕਸੂਰ ਨਿਹੱਥੀਆਂ ਧੀਆਂ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਕਿਸ ਆਧਾਰ ਉਤੇ ਬਣਾਇਆ ਗਿਆ ਸੀ? 5. ਦਸਤਾਰਾਂ ਵਾਲਿਆਂ ਦੇ ਗਲੇ ਵਿਚ ਟਾਇਰ ਪਾ ਕੇ ਸਾੜਨ ਲਗਿਆਂ ਸਰਹੱਦਾਂ ਉਤੇ ਛਾਤੀ ਵਿਚ ਗੋਲੀਆਂ ਖਾ ਕੇ ਸ਼ਹੀਦ ਹੋਣ ਵਾਲੇ ਸਿੱਖ ਕਿਉਂ ਭੁਲਾ ਦਿਤੇ ਗਏ, ਜਿਨ੍ਹਾਂ ਸਦਕਾ ਅੱਜ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ? 6. ਪਰ ਇਹ ਤਾਂ ਦੱਸੋ ਕਿ ਕੀ ਅੱਜ ਆਜ਼ਾਦ ਹਿੰਦੁਸਤਾਨ ਵਿਚੋਂ ਭ੍ਰਿਸ਼ਟ ਅਧਿਕਾਰੀਆਂ ਤੋਂ ਵੀ ਆਜ਼ਾਦੀ ਮਿਲ ਚੁੱਕੀ ਹੈ? 7. ਕੀ ਆਜ਼ਾਦੀ ਵੇਲੇ ਹੋ ਰਹੀਆਂ ਔਰਤਾਂ ਦੀਆਂ ਬੇਪਤੀਆਂ ਹੁਣ ਆਜ਼ਾਦ ਭਾਰਤ ਜਾਂ ਆਜ਼ਾਦ ਪਾਕਿਸਤਾਨ ਵਿਚ ਖ਼ਤਮ ਹੋ ਚੁੱਕੀਆਂ ਹਨ?

8. ਕੀ ਹੁਣ ਪਾਕਿਸਤਾਨ ਜਾਂ ਹਿੰਦੁਤਸਾਨ ਵਿਚ ਆਜ਼ਾਦੀ ਤੋਂ ਬਾਅਦ ਧਾਰਮਕ ਦੰਗੇ ਬੰਦ ਹੋ ਚੁੱਕੇ ਹਨ? 9. ਕੀ ਆਜ਼ਾਦੀ ਤੋਂ ਬਾਅਦ ਦੋਹਾਂ ਮੁਲਕਾਂ ਵਿਚੋਂ ਭ੍ਰਿਸ਼ਟ ਤੇ ਫ਼ਿਰਕੂ ਵੰਡੀਆਂ ਪਾਉਣ ਵਾਲੇ ਸਿਆਸਤਦਾਨਾਂ ਤੋਂ ਮੁਕਤੀ ਮਿਲ ਚੁੱਕੀ ਹੈ? ਕੀ ਦੋਵਾਂ ਮੁਲਕਾਂ ਵਿਚ ਸਿਆਸਤਦਾਨਾਂ ਵਲੋਂ ਨਫ਼ਰਤਾਂ ਵੰਡਣੀਆਂ ਬੰਦ ਹੋ ਚੁੱਕੀਆਂ ਹਨ? ਕੀ ਭੜਕਾਊ ਸਿਆਸੀ ਭਾਸ਼ਣ ਬੰਦ ਹੋ ਚੁੱਕੇ ਹਨ? 10. ਕੀ ਸਿਆਸੀ ਵਧੀਕੀਆਂ ਵਿਰੁਧ ਆਵਾਜ਼ ਚੁੱਕਣ ਵਾਲੇ ਮੀਡੀਆ ਕਰਮੀਆਂ ਨੂੰ ਦੋਹਾਂ ਮੁਲਕਾਂ ਵਿਚ ਸੱਚ ਦੀ ਆਵਾਜ਼ ਕੱਢਣ ਕਰ ਕੇ ਗੋਲੀਆਂ ਨਾਲ ਭੁੰਨ ਤਾਂ ਨਹੀਂ ਦਿਤਾ ਜਾਂਦਾ? ਕਿਤੇ ਆਜ਼ਾਦੀ ਦੇ ਨਾਂ ਹੇਠ ਉਨ੍ਹਾਂ ਤੋਂ ਸੱਚ ਲਿਖਣ ਤੇ ਬੋਲਣ ਦੀ ਆਜ਼ਾਦੀ ਤਾਂ ਨਹੀਂ ਖੋਹ ਲਈ ਗਈ? 11. ਕੀ ਆਜ਼ਾਦੀ ਤੋਂ ਬਾਅਦ ਨਸ਼ਾ ਮਾਫ਼ੀਆ, ਭੁੱਕੀ, ਚਰਸ ਉਤੇ ਰੋਕ ਲੱਗ ਗਈ ਹੈ? 12. ਕੀ ਦੋਵਾਂ ਮੁਲਕਾਂ ਦੇ ਗ਼ਰੀਬ ਲੋਕਾਂ ਨੂੰ ਅਪਣੇ ਹੱਕ ਮਿਲਣ ਲੱਗ ਪਏ ਹਨ? 13. ਕੀ ਧਾਰਮਕ ਪਾਖੰਡਾਂ ਵਿਚੋਂ ਦੋਵੇਂ ਮੁਲਕਾਂ ਦੇ ਲੋਕ ਆਜ਼ਾਦ ਹੋ ਚੁੱਕੇ ਹਨ? 14. ਕੀ 74 ਸਾਲਾਂ ਦੀ ਆਜ਼ਾਦੀ ਬਾਅਦ ਹਾਲੇ ਵੀ ਸੱਚ ਨੂੰ ਫਾਂਸੀ ਤਾਂ ਨਹੀਂ ਮਿਲ ਰਹੀ? 15. ਕੀ ਦੋਹਾਂ ਮੁਲਕਾਂ ਵਿਚ ਕੂੜੇ ਭਰੇ ਢੇਰਾਂ ਵਿਚੋਂ ਭਵਿੱਖ ਭਾਲਦੇ ਗ਼ਰੀਬ ਬਚਪਨ ਰੁਲ ਤਾਂ ਨਹੀਂ ਰਹੇ?

16. ਕੀ ਲੱਦਾਖ਼ ਵਿਚ 12 ਚੀਨੀਆਂ ਨੂੰ ਮਾਰ ਮੁਕਾਉਣ ਵਾਲਾ ਮੁੱਛਫੁਟ ਸਿੱਖ ਬਹਾਦਰੀ ਵਿਖਾਉਣ ਲਗਿਆਂ ਜੈਕਾਰਾ ਛੱਡੇ ਤਾਂ ਠੀਕ ਪਰ ਜੇਕਰ ਉਹੀ ਜੈਕਾਰਾ ਧਾਰਮਕ ਥਾਂ ਅੰਦਰ ਗੂੰਜੇ ਤਾਂ ਦੇਸ਼ਧ੍ਰੋਹ ਤਾਂ ਨਹੀਂ ਮੰਨ ਲਿਆ ਜਾਂਦਾ? ਕੀ ਪੰਜ ਕਰਾਰਾਂ ਵਾਲਾ ਸਿੱਖੀ ਪਹਿਰਾਵਾ ਹੁਣ ਆਜ਼ਾਦ ਮੁਲਕ ਵਿਚ ਜੁਰਮ ਮੰਨ ਕੇ ਅਣਪਛਾਤੀ ਲਾਸ਼ ਤਾਂ ਨਹੀਂ ਬਣਾ ਦਿਤੀ ਜਾਂਦੀ? 17. ਕੀ ਦੋਵਾਂ ਆਜ਼ਾਦ ਮੁਲਕਾਂ ਦੇ ਗ਼ਰੀਬਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਤੇ ਮੁਫ਼ਤ ਵਿਦਿਆ ਮਿਲਣ ਲੱਗ ਚੁੱਕੀ ਹੈ? 18. ਕੀ ਦੋਵੇਂ ਆਜ਼ਾਦ ਮੁਲਕਾਂ ਵਿਚਲੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਤਾਂ ਨਹੀਂ ਬਣ ਰਹੇ?
19. ਕੀ ਦੋਹਾਂ ਆਜ਼ਾਦ ਮੁਲਕਾਂ ਦੇ ਸਿਆਸਤਦਾਨਾਂ ਦੇ ਬੱਚੇ ਸਰਹੱਦਾਂ ਉਤੇ ਮਰਨ ਜਾ ਰਹੇ ਹਨ ਕਿ ਸਿਰਫ਼ ਆਮ ਜਨਤਾ ਨੂੰ ਹੀ ਮਰਨ ਲਈ ਅੱਗੇ ਧਕਿਆ ਜਾ ਰਿਹਾ ਹੈ? 20. ਕੀ ਕਿਸਾਨ ਖ਼ੁਦਕੁਸ਼ੀਆਂ ਬੰਦ ਹੋ ਚੁਕੀਆਂ ਹਨ ਤੇ ਉਨ੍ਹਾਂ ਨੂੰ ਆਜ਼ਾਦੀ ਸਦਕਾ ਕਰਜ਼ਿਆਂ ਤੋਂ ਨਿਜਾਤ ਮਿਲ ਚੁੱਕੀ ਹੈ?
21. ਕੀ ਬਾਲੜੀਆਂ ਦੇ ਬਲਾਤਕਾਰ ਬੰਦ ਹੋ ਚੁੱਕੇ ਹਨ ਤੇ ਉਨ੍ਹਾਂ ਦਾ ਦੇਰ ਰਾਤ ਘਰੋਂ ਬਾਹਰ ਰਹਿਣਾ ਦੋਵਾਂ ਮੁਲਕਾਂ ਵਿਚ ਆਜ਼ਾਦੀ ਤੋਂ ਬਾਅਦ ਸੁਰੱਖਿਅਤ ਮੰਨਿਆ ਜਾਂਦਾ ਹੈ? ਆਖ਼ਰੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਜ਼ਾਦੀ ਦੇ ਨਾਂ ਉੱਤੇ ਲਹਿਲਹਾਉਂਦੀਆਂ ਫ਼ਸਲਾਂ, ਘਰਬਾਰ, ਜ਼ਮੀਨਾਂ ਤੇ ਗੁਰਧਾਮਾਂ ਨੂੰ ਛੱਡ ਕੇ ਆਏ ਸਿੱਖ ਕੀ ਹੁਣ ਬਚੇ ਖੁਚੇ ਪੰਜਾਬ ਅੰਦਰ ਟਿਕ ਕੇ ਬਹਿ ਚੁੱਕੇ ਹਨ? ਕੀ ਹੁਣ ਹੋਰ ਥਾਈਂ ਪ੍ਰਵਾਸ ਤਾਂ ਨਹੀਂ ਸ਼ੁਰੂ ਹੋ ਚੁਕਿਆ? ਕੀ ਹੁਣ ਪੰਜਾਬ ਅੰਦਰਲੀਆਂ ਲਹਿਲਹਾਉਂਦੀਆਂ ਫ਼ਸਲਾਂ, ਘਰਬਾਰ, ਜ਼ਮੀਨਾਂ ਤੇ ਗੁਰਧਾਮਾਂ ਨੂੰ ਛੱਡ ਕੇ ਦੁਬਾਰਾ ਬਾਹਰ ਜਾਣ ਉੱਤੇ ਮਜਬੂਰ ਤਾਂ ਨਹੀਂ ਕੀਤਾ ਜਾ ਰਿਹਾ?  ਹੁਣ ਇਸ ਸਵਾਲ ਦਾ ਜਵਾਬ ਤਾਂ ਦੇ ਦਿਉ ਕਿ 1947, 15 ਅਗੱਸਤ ਬਾਰੇ ਸ਼ਾਇਰ ਬਲੱਗਣ ਨੇ ਜੋ ਉਚਾਰਿਆ ਸੀ, ਕੀ ਉਹ ਅੱਜ ਵੀ 100 ਫ਼ੀ ਸਦੀ ਸਹੀ ਤਾਂ ਨਹੀਂ ਸਾਬਤ ਹੋ ਰਿਹਾ?

''ਰਾਹ ਵੀਰਾਂ ਦਾ ਤਕਦੀਆਂ ਕਈ ਭੈਣਾਂ,
ਅਜੇ ਤੀਕ ਖਲੋ ਦਹਿਲੀਜ਼ ਉੱਤੇ।
ਅਜੇ ਤੀਕ ਵੀ ਅਥਰੂ ਕੇਰ ਰਹੀਆਂ,
ਅਪਣੇ ਦਾਜ ਦੀ ਸੁੱਚੀ ਕਮੀਜ਼ ਉੱਤੇ।
ਕਈ ਵਹੁਟੀਆਂ ਖੜੀਆਂ ਬਨੇਰਿਆਂ ਤੇ,
ਪਾਉਣ ਔਂਸੀਆਂ ਕਿਸੇ ਉਡੀਕ ਪਿੱਛੇ।''
ਅਪਣੇ ਜ਼ਮੀਰ ਨੂੰ ਹਲੂਣਾ ਦੇ ਕੇ ਇਕ ਵਾਰ ਸੱਚ ਬੋਲਣ ਦੀ ਹਿੰਮਤ ਕਰੋ ਤੇ ਦੱਸੋ ਕਿ ਉਸ ਸਮੇਂ ਦੇ ਫ਼ਾਸੀਆਂ ਨੂੰ ਚੁੰਮ ਕੇ ਸੰਘਰਸ਼ ਨੂੰ ਅੰਜਾਮ ਦੇਣ ਵਾਲੇ ਅੱਜ ਤਕ ਅਣਪਛਾਤੀਆਂ ਲਾਸ਼ਾਂ ਕਿਉਂ ਬਣਾਏ ਜਾ ਰਹੇ ਹਨ? ਆਜ਼ਾਦੀ ਮਿਲਣ ਨਾਲ ਉਸ ਸਮੇਂ ਦੇ ਭਰੇ ਗੱਡਿਆਂ ਨਾਲ ਸਿਰ ਤੇ ਅੱਜ ਦੇ ਟਰੱਕ ਭਰ ਕੇ ਨੌਜੁਆਨਾਂ ਦੀਆਂ ਲਾਸ਼ਾਂ ਸਾੜ ਦੇਣ ਵਿਚ ਕੀ ਫ਼ਰਕ ਪਿਆ ਹੈ?

ਸਿੱਖੀ ਪਹਿਰਾਵੇ ਨੂੰ ਸ਼ਿਕਾਰ ਬਣਾਉਣ ਵਾਲੇ ਜਰਾਇਮ ਪੇਸ਼ਾ ਲੋਕਾਂ ਨੂੰ ਏਨਾ ਚੇਤੇ ਰੱਖਣ ਦੀ ਲੋੜ ਹੈ ਕਿ ਸਿੱਖਾਂ ਨੂੰ ਮਾਰ ਮੁਕਾਉਣ ਦੀ ਸੋਚ ਤੇ ਇਨ੍ਹਾਂ ਨੂੰ ਪੰਜਾਬੋਂ ਬਾਹਰ ਧੱਕ ਦੇਣ ਬਾਅਦ ਜਦੋਂ ਫਿਰ ਕਿਸੇ ਵੈਰੀ ਵਲੋਂ ਭਾਰਤ ਉਤੇ ਹੱਲੇ ਹੋਏ ਤਾਂ ਉਦੋਂ ਗੋਲੀਆਂ ਤੋਂ ਬਚਣ ਲਈ ਕਿੰਨ੍ਹਾਂ ਦੀਆਂ ਛਾਤੀਆਂ ਲੱਭੋਗੇ?
ਅਖ਼ੀਰ ਵਿਚ ਮੈਂ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਪਿੰਡਾਂ ਵਿਚ ਅੱਜ ਵੀ ਈਦ, ਜਨਮ ਅਸ਼ਟਮੀ ਤੇ ਗੁਰਪੁਰਬ ਸਾਂਝੇ ਮਨਾਏ ਜਾਂਦੇ ਹਨ। ਜੇ ਆਮ ਲੋਕ ਪਿਆਰ ਤੇ ਮੁਹੱਬਤ ਚਾਹੁੰਦੇ ਹਨ ਅਤੇ ਅਮਨ-ਅਮਾਨ ਨਾਲ ਜਿਊਣਾ ਚਾਹੁੰਦੇ ਹਨ ਤਾਂ ਫਿਰ ਕਿਉਂ ਹੁਕਮਰਾਨਾਂ ਵਲੋਂ ਭੜਕਾਏ ਜਾਣ ਉੱਤੇ ਭੜਕ ਕੇ ਅਪਣਾ ਹੀ ਨੁਕਸਾਨ ਕਰਵਾ ਰਹੇ ਹੋ? ਆਉ ਰਲ ਮਿਲ ਕੇ ਰਹੀਏ ਤੇ ਨਫ਼ਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਖੋਹੀਏ। ਉਹੀ ਅਸਲ ਆਜ਼ਾਦੀ ਮੰਨੀ ਜਾਏਗੀ।
                                                              ਡਾ. ਹਰਸ਼ਿੰਦਰ ਕੌਰ ,ਸੰਪਰਕ : 0175-2216783

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement