ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਤੇ ਭਾਰਤੀ ਬੈਂਕਾਂ ਦੀ ਚਿੰਤਾਜਨਕ ਸਥਿਤੀ-ਅਣਵਸੂਲੇ ਜਾਣ ਵਾਲੇ ਕਰਜ਼ੇ
Published : Mar 31, 2018, 2:23 am IST
Updated : Mar 31, 2018, 2:23 am IST
SHARE ARTICLE
Punjab National Bank scandal
Punjab National Bank scandal

ਪੰਜਾਬ ਨੈਸ਼ਨਲ ਬੈਂਕ ਵਿਚ ਕੋਈ 12 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ

ਪਿੱਛੇ ਜਿਹੇ ਗੰਭੀਰ ਚਰਚਾ ਵਿਚ ਆਏ, ਪੰਜਾਬ ਨੈਸ਼ਨਲ ਬੈਂਕ ਵਿਚ ਕੋਈ 12 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਨਾਲ ਬੈਕਿੰਗ ਇੰਡਸਟਰੀ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਹੋ ਗਏ ਹਨ। ਇਸ ਸੱਭ ਕਾਸੇ ਬਾਰੇ ਸੰਖੇਪ ਰੂਪ ਵਿਚ ਜਾਣਨ ਤੋਂ ਪਹਿਲਾਂ ਇਹ ਸਮਝ ਲਈਏ ਕਿ ਦੇਸ਼ ਦੇ ਸਟੇਟ ਬੈਂਕ ਤੋਂ ਬਿਨਾਂ 14 ਬੈਂਕਾਂ ਦਾ ਰਾਸ਼ਟਰੀਕਰਨ ਪਹਿਲਾਂ 1969 ਵਿਚ ਹੋਇਆ ਤੇ ਫਿਰ 6 ਬੈਂਕ 1981 ਵਿਚ ਰਾਸ਼ਟਰੀਕਰਨ ਦੇ ਘੇਰੇ ਵਿਚ, ਸਰਕਾਰ ਵਲੋਂ ਲਿਆਂਦੇ ਗਏ। ਇਕ ਬੈਂਕ ਨੀਊ ਬੈਂਕ ਆਫ਼ ਇੰਡੀਆ ਦੇ ਪ੍ਰਬੰਧਕੀ ਤੇ ਕੰਟਰੋਲ ਢਾਂਚੇ ਵਿਚ ਕਮਜ਼ੋਰੀਆਂ ਤੇ ਬੇਨਿਯਮੀਆਂ ਕਾਰ, ਇਸ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਮਿਲਾ ਦਿਤਾ ਗਿਆ। ਇਨ੍ਹਾਂ ਤੇ ਬਾਕੀ ਗ਼ੈਰ-ਸਰਕਾਰੀ ਬੈਂਕਾਂ ਤੇ ਕੰਟਰੋਲ ਤੇ ਇਨ੍ਹਾਂ ਦੇ ਕੀਤੇ ਕੰਮ ਕਾਰਜ ਉਤੇ, ਦੇਸ਼ ਦੇ ਰੀਜ਼ਰਵ ਬੈਂਕ ਦੀ ਅੱਖ ਹੁੰਦੀ ਹੈ ਤੇ ਇਹ ਬੈਂਕਾਂ ਨੂੰ ਕੰਮ ਕਾਜ ਲਈ ਹਦਾਇਤਾਂ ਤੇ ਨਿਰਦੇਸ਼ ਦਿੰਦਾ ਹੈ।ਹਰ ਬੈਂਕ ਵਿਚ, ਜਿੰਨੀਆਂ ਅਮਾਨਤਾਂ-ਮਤਲਬ ਪੈਸਾ ਲੋਕ ਜਮ੍ਹਾਂ ਕਰਵਾਉਂਦੇ ਹਨ, ਉਸ ਦਾ ਤਕਰੀਬਨ 52% ਪੈਸਾ ਬੈਂਕ, ਕਰਜ਼ੇ ਦੇ ਤੌਰ ਉਤੇ ਦਿੰਦੇ ਹਨ। ਕੁੱਝ ਕੈਸ਼ ਰੱਖ ਕੇ, ਬਾਕੀ ਪੈਸੇ ਨੂੰ ਸਰਕਾਰੀ ਸੁਰੱਖਿਆ ਵਿਚ ਲਾਉਣਾ ਉਨ੍ਹਾਂ ਲਈ ਲਾਜ਼ਮੀ ਹੁੰਦਾ ਹੈ। ਬੈਂਕਾਂ ਵਲੋਂ ਜਿਹੜਾ ਕਰਜ਼ਾ ਦਿਤਾ ਜਾਂਦਾ ਹੈ, ਉਸ ਸਬੰਧੀ ਸਰਕਾਰ ਤੇ ਰੀਜ਼ਰਵ ਬੈਂਕ ਦੇ ਨਿਰਦੇਸ਼ਾਂ ਨੂੰ ਸਾਹਮਣੇ ਰੱਖ ਕੇ, ਹਰ ਬੈਂਕ ਅਪਣੀ ਪਾਲੀਸੀ ਜਾਂ ਨੀਤੀ ਨਿਰਧਾਰਤ ਕਰਦਾ ਹੈ। ਜਿਥੇ ਬਾਹਰੀ ਕਰੰਸੀ ਦੀ ਗੱਲ ਹੁੰਦੀ ਹੈ, ਉਥੇ ਰੀਜ਼ਰਵ ਬੈਂਕ ਦੀਆਂ ਹਦਾਇਤਾਂ ਦੀ ਪਾਲਣਾ ਉਪਰ ਨਿਗਰਾਨੀ ਹਿਤ, ਬੈਂਕਾਂ ਦੀ ਇੰਸਪੈਕਸ਼ਨ ਵੀ ਹੁੰਦੀ ਹੈ।
ਕਿਸੇ ਬੈਂਕ ਵਿਚ ਘੁਟਾਲੇ ਜਾਂ ਫ਼ਰਾਡ ਕਿਉਂ ਹੁੰਦੇ ਹਨ ਤੇ ਕਿਵੇਂ ਹੁੰਦੇ ਹਨ? ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੈਂਕ ਅਪਣੇ ਕਰਮਚਾਰੀ ਤੇ ਭਰੋਸਾ ਰਖਦੇ ਹੋਏ ਉਮੀਦ ਕਰਦਾ ਹੈ ਕਿ ਉਹ ਪੂਰੀ ਦਿਆਨਤਾਦਾਰੀ ਤੇ ਕੁਸ਼ਲਤਾ ਨਾਲ ਕੰਮ ਕਰਨਗੇ। ਪੰਜਾਬ ਨੈਸ਼ਨਲ ਬੈਂਕ ਵਿਚ ਜੋ ਘੁਟਾਲਾ ਸਾਹਮਣੇ ਆਇਆ ਹੈ, ਉਸ ਵਿਚ ਸਬੰਧਤ ਕਰਮਚਾਰੀਆਂ ਨੇ, ਸਾਰੇ ਕਾਇਦਿਆਂ ਤੇ ਹਦਾਇਤਾਂ ਨੂੰ ਛਿੱਕੇ ਟੰਗਦਿਆਂ, ਨੀਰਵ ਮੋਦੀ ਦੀ ਕੰਪਨੀ ਨੂੰ ਬਿਨਾਂ ਅਪਣੇ ਰਜਿਸਟਰਾਂ ਤੇ ਰੀਕਾਰਡ ਵਿਚ ਦਰਜ ਕਰਨ ਤੋਂ, ਬਾਹਰਲੇ ਦੇਸ਼ਾਂ ਦੇ ਬੈਂਕਾਂ ਨੂੰ ਸਵਿਫ਼ਟ ਮੈਸੇਜ ਕਰ ਦਿਤੇ। ਸਵਿਫ਼ਟ ਮੈਸੇਜ, ਬੈਂਕਿੰਗ ਪ੍ਰਣਾਲੀ ਵਿਚ ਇਕ ਜ਼ਰੀਆ ਹੈ ਜਦੋਂ ਇਕ ਬੈਂਕ ਬਾਹਰਲੇ ਸਬੰਧਤ ਬੈਂਕ ਨੂੰ ਕਿਸੇ ਵਿੱਤੀ ਵਪਾਰਕ ਕਾਰਵਾਈ ਦੀ ਪੁਸ਼ਟੀ ਤੇ ਕਨਫ਼ਰਮੇਸ਼ਨ ਕਰਦਾ ਹੈ। ਦੂਜਾ ਬਾਹਰਲੇ ਦੇਸ਼ ਦੇ ਬੈਂਕ ਉਸ ਸਵਿਫ਼ਟ ਮੈਸੇਜ ਨੂੰ ਡੀਕੋਡ ਕਰਦੇ ਹੋਏ ਸਮਝ ਲੈਂਦੇ ਹਨ ਕਿ ਏਨੀ ਰਕਮ ਦਾ ਸੁਨੇਹਾ ਹੈ ਤੇ ਉਹ ਬੈਂਕ ਉਥੋਂ ਦੇ ਵਪਾਰੀ ਜਾਂ ਬੈਂਕ ਦੇ ਅਕਾਊਂਟ ਨਾਲ ਅਗਲੀ ਕਾਰਵਾਈ ਕਰਦੇ ਹਨ। 
ਥੋੜੇ ਹੋਰ ਵਿਸਥਾਰ ਵਿਚ ਜਾਵਾਂਗੇ ਇਹ ਜਾਣਨ ਲਈ ਕਿ ਪੰਜਾਬ ਨੈਸ਼ਨਲ ਬੈਂਕ ਵਿਚ ਇਹ ਘੁਟਾਲਾ ਕਿਵੇਂ ਹੋਇਆ। ਨੀਰਵ ਮੋਦੀ, ਉਸ ਦੀ ਪਤਨੀ, ਭਰਾ ਤੇ ਹੋਰ ਰਿਸ਼ਤੇਦਾਰਾਂ ਨੇ ਰਲ ਕੇ ਤਿੰਨ ਕੰਪਨੀਆਂ ਬਣਾਈਆਂ, ਜਿਨ੍ਹਾਂ ਦਾ ਨਾਂ ਗੀਤਾਂਜਲੀ ਜੈਮਜ਼, ਗੀਤਾਂਜਲੀ ਡਾਇਮੰਡ, ਸੋਲਰ ਐਕਸਪੋਰਟ ਤੇ ਸਟੈਲਰ ਡਾਇਮੰਡਜ਼ ਸੀ। ਇਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਬਰੈਡੀ ਹਾਊਸ ਬਰਾਂਚ ਮੁੰਬਈ ਨੂੰ ਲੈਟਰ ਆਫ਼ ਅੰਰਟੇਕਿੰਗ ਦੇਣ ਲਈ ਕਿਹਾ ਤਾਕਿ ਬਾਹਰਲੇ ਦੇਸ਼ਾਂ ਵਿਚ ਭਾਰਤੀ ਬੈਂਕਾਂ ਦੀਆਂ ਬ੍ਰਾਂਚਾਂ ਤੋਂ, ਦੇਸ਼ ਵਿਚ ਆਯਾਤ ਇੰਮਪੋਰਟ ਲਈ ਪੈਸਾ ਲੈ ਸਕਣ। ਲੈਟਰ ਆਫ਼ ਅੰਡਰਟੇਕਿੰਗ ਇਕ ਬੈਂਕ ਗਰੰਟੀ ਹੈ ਜਿਸ ਅਧੀਨ ਇਸ ਲੈਟਰ ਆਫ਼ ਅੰਡਰਟੇਕਿੰਗ ਨੂੰ ਰੱਖਣ ਵਾਲਾ ਉਸ ਨਿਰਧਾਰਤ ਬੈਂਕ ਤੋਂ ਸ਼ਾਰਟ ਟਰਮ ਕਰਜ਼ਾ ਲੈ ਲੈਂਦਾ ਹੈ ਤੇ ਇਹ ਲੈਟਰ ਆਫ਼ ਅੰਡਰਟੇਕਿੰਗ ਦੇਣ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬ ਨੈਸ਼ਨਲ ਬੈਂਕ ਦੀ ਇਸ ਬਰਾਂਚ ਨੇ ਸਵਿਫ਼ਟ ਮੈਸੇਜ ਰਾਹੀਂ ਦੇਸ਼ੋਂ ਬਾਹਰ 30 ਹਿੰਦੁਸਤਾਨੀ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਇਹ ਮੈਸੇਜ ਭੇਜ ਦਿਤੇ। ਇਕ ਗੱਲ ਇਥੇ ਸਮਝਣ ਵਾਲੀ ਹੈ ਕਿ ਤਿੰਨ ਅਧਿਕਾਰੀ ਮਨੋਨੀਤ ਸਨ ਬੈਂਕ ਦੇ, ਜਿਨ੍ਹਾਂ ਕੋਲ ਪਾਸਵਰਡ ਖੁਫ਼ੀਆ ਹੁੰਦਾ ਹੈ। ਇਥੇ ਬੈਂਕ ਅਧਿਕਾਰੀਆਂ ਦੀ ਆਪਸੀ ਮਿਲੀ ਭੁਗਤ ਤੇ ਗੰਭੀਰ ਅਣਗਹਿਲੀ ਕੀ ਸੀ, ਇਸ ਬਾਰੇ ਬਾਅਦ ਵਿਚ ਚਰਚਾ ਕਰਾਂਗੇ। ਸੋ ਦੇਸ਼ ਦੇ ਬਾਹਰੀ ਬੈਂਕਾਂ ਨੇ ਪੰਜਾਬ ਨੈਸ਼ਨਲ ਬੈਂਕ ਵਲੋਂ ਭੇਜੇ ਸਵਿਫ਼ਟ ਮੈਸੇਜ ਦੇ ਆਧਾਰ ਉਤੇ ਬੈਂਕ ਦੇ ਨਾਸਟਰੋ ਅਕਾਊਂਟ ਵਿਚ ਉਨ੍ਹਾਂ ਬੈਂਕਾਂ ਵਲੋਂ ਰਕਮਾਂ ਟਰਾਂਸਫਰ ਹੋ ਗਈਆਂ। ਪੰਜਾਬ ਨੈਸ਼ਨਲ ਬੈਂਕ ਨੇ ਮੋਦੀ ਦੀਆ ਫ਼ਰਮਾਂ ਨੂੰ ਪੈਸੇ ਦੇ ਦਿਤੇ। ਭਾਵੇਂ ਲੈਣੇ ਤਾਂ ਇਸ ਲਈ ਸਨ ਕਿ ਬਾਹਰੋਂ ਜੈੱਮ (ਹੀਰੇ, ਜਵਾਹਰ) ਇਪੋਰਟ ਕਰਨੇ ਸੀ ਪਰ ਇਹ ਰਕਮ ਪਿਛਲੀਆਂ ਲਈਆਂ ਹੋਈਆਂ ਰਕਮਾਂ ਤੇ ਉਸ ਤੇ ਪਏ ਵਿਆਜ ਦੀ ਅਦਾਇਗੀ ਲਈ ਵਰਤੀਆਂ ਗਈਆਂ। ਇਕ ਗੱਲ ਸਮਝੀਏ ਕਿ ਹੋਰ ਪੈਸੇ ਲੈ ਕੇ, ਬੈਂਕ ਦੀ ਪਿਛਲੀ ਦੇਣਦਾਰੀ ਦਾ ਭੁਗਤਾਨ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਬੈਂਕ ਨੂੰ ਮੋਦੀ ਦੀ ਇਸ ਫਰਮ ਨੇ ਵਾਰ-ਵਾਰ ਬੇਨਤੀ ਪੱਤਰ ਦਿਤੇ ਜਿਸ ਨਾਲ ਪਹਿਲੇ ਲੈਟਰ ਆਫ਼ ਅੰਡਰਟੇਕਿੰਗ ਦੀ ਤੇ ਉਸ ਉਪਰ ਵਿਆਜ ਦੀ ਵੀ ਰਕਮ ਸ਼ਾਮਲ ਕਰ ਕੇ ਕੁੱਲ ਰਕਮ ਦੀ ਮਿਆਦ ਵਧਾਈ ਜਾਂਦੀ ਰਹੀ। ਇਸ ਸਾਰੇ ਕਾਸੇ ਦਾ ਮਤਲਬ ਇਹ ਹੋਇਆ ਕਿ ਦੇਣਦਾਰ (ਇਥੇ ਨੀਰਵ ਮੋਦੀ ਦੀਆਂ ਫ਼ਰਮਾਂ) ਨੇ ਪੁਰਾਣੀਆਂ ਦੇਣਦਾਰੀਆਂ ਨਹੀਂ ਦਿਤੀਆਂ ਤੇ ਵਿਆਜ ਸਮੇਤ ਹੋਰ ਰਕਮ ਲੈ ਕੇ, ਟੋਟਲ ਦੇਣਦਾਰੀ ਵਧਦੀ ਹੀ ਰਹੀ। ਇਹ ਸਿਲਸਿਲਾ ਪਿਛਲੇ ਕੁੱਝ ਸਾਲਾਂ ਤੋਂ ਚਲਦਾ ਆ ਰਿਹਾ ਸੀ। ਪੰਜਾਬ ਨੈਸ਼ਨਲ ਬੈਂਕ ਨੇ ਜਿਹੜੀ ਫ਼ਸਟ ਇਨਫਾਰਮੇਸ਼ਨ ਰੀਪੋਰਟ ਸੀ.ਬੀ.ਆਈ ਨੂੰ ਭੇਜੀ, ਉਸ ਮੁਤਾਬਕ ਕੇਵਲ ਸੰਨ 2017-18 ਵਿਚ ਹੀ 143 ਲੈਟਰ ਆਫ਼ ਅੰਡਰਸਟੇਡਿੰਗਜ਼ ਕਿ ਜਿਨ੍ਹਾਂ ਦੀ ਕੁੱਲ ਬਣਦੀ ਰਕਮ 4886 ਕਰੋੜ ਸੀ, ਉਸ ਘੁਟਾਲੇ ਦਾ ਵੇਰਵਾ ਦਿਤਾ ਗਿਆ।
ਇਸ ਸਾਰੇ ਘੁਟਾਲੇ ਤੇ ਹੋਈਆਂ ਘੋਰ ਬੇਨਿਯਮੀਆਂ ਦਾ ਭਾਂਡਾ ਸ਼ਾਇਦ ਨਾ ਹੀ ਭਜਦਾ ਪਰ ਹੋਇਆ ਇਸ ਤਰ੍ਹਾਂ ਕਿ ਬੈਂਕ ਦੀ ਉਸੇ ਮੁੰਬਈ ਬਰਾਂਚ ਦੀ ਸੀਟ ਉਤੇ ਆਏ ਨਵੇਂ ਸਟਾਫ਼ ਨੇ ਇਸ 'ਵੱਡੀ ਕੰਪਨੀ' ਨੂੰ ਕਿਹਾ ਕਿ ਬੈਂਕ ਕੋਲ ਟੋਟਲ ਦਿਤੇ ਕਰਜ਼ੇ/ਦੇਣਦਾਰੀ ਲਈ ਕੋਈ ਜਾਇਦਾਦ ਦੇ ਕਾਗ਼ਜ਼ ਨਹੀਂ ਤੇ ਬੈਂਕ ਤਾਂ ਮਹਿਫ਼ੂਜ਼ ਨਹੀਂ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਬੈਂਕ ਨੇ ਪਹਿਲਾਂ ਤਾਂ ਕਿਸੇ ਲੋੜੀਂਦੀ ਹੋਰ ਸਕਿਉਰਟੀ ਦੀ ਮੰਗ ਨਹੀਂ ਕੀਤੀ। ਬੈਂਕ ਨੂੰ ਉਦੋਂ ਚਾਨਣ ਹੋਇਆ ਕਿ ਬਹੁਤ ਵੱਡੀ ਠੱਗੀ ਤੇ ਧੋਖਾ ਹੋਇਆ ਹੈ। ਇਸ ਤਰ੍ਹਾਂ ਬੈਂਕ ਨੇ ਦੇਸ਼ ਦੀ ਪ੍ਰਮੁੱਖ ਖੋਜੀ ਏਜੰਸੀ, ਸੀ ਬੀ ਆਈ ਨੂੰ ਕੇਸ ਦੇ ਦਿਤਾ। ਏਨਾ ਵੱਡਾ ਕਰਜ਼ਾ ਤੇ ਵਿੱਤੀ ਲਿਮਟ, ਬੈਂਕ ਨੇ ਬਿਨਾਂ ਕਿਸੇ ਪ੍ਰਾਪਰਟੀ ਜਾਇਦਾਦ ਦੇ ਕਿਵੇਂ ਦੇ ਦਿਤਾ?
ਬੈਂਕ ਦੇ ਅਧਿਕਾਰੀਆਂ ਦੀਆਂ ਕੀਤੀਆਂ ਬੇਨਿਯਮੀਆਂ ਕੇਵਲ ਬੇਨਿਯਮੀਆਂ ਨਹੀਂ ਬਲਕਿ ਘਾਤਕ ਗ਼ਲਤੀਆਂ ਹਨ ਤੇ ਇਸ ਪਾਰਟੀ ਨਾਲ ਰਲ ਕੇ, ਬੈਂਕ ਦੇ ਹਿਤਾਂ ਨੂੰ ਬਿਲਕੁਲ ਅੱਖੋਂ ਓਹਲੇ ਕੀਤਾ ਗਿਆ ਹੈ। ਸਵਿਫ਼ਟ ਰਾਹੀਂ ਭੇਜੇ ਹੋਏ ਮੈਸੇਜ ਬੈਂਕ ਦੇ ਕੋਰ ਬੈਂਕਿੰਗ ਸਿਸਟਮ ਨਾਲ ਰੀਕੰਨਸਾਈਲ (ਮੇਲ ਕਰਨਾ) ਨਹੀਂ ਕੀਤੇ ਗਏ। ਬਾਹਰੀ ਬੈਂਕ ਜਦੋਂ ਸਵਿਫ਼ਟ ਮੈਸੇਜ ਲੈਂਦਾ ਹੈ ਤਾਂ ਇਸ ਦੀ ਪ੍ਰੋੜ੍ਹਤਾ ਹਿਤ ਕਾਪੀ ਬਰਾਂਚ ਤੇ ਰੀਜਨਲ ਆਫ਼ਿਸ ਨੂੰ ਭੇਜੀ ਜਾਂਦੀ ਹੈ ਪਰ ਨਾ ਤਾਂ ਬਰਾਂਚ ਤੇ ਨਾ ਹੀ ਬੈਂਕ ਦੇ ਰੀਜਨਲ ਆਫ਼ਿਸ ਦੇ ਕੰਨ ਖੜੇ ਹੋਏ ਕਿ ਇਹ ਕੀ ਹੋ ਰਿਹਾ ਹੈ। ਬੈਂਕ ਦੇ ਆਡੀਟਰਾਂ ਦਾ ਕੰਮ ਹੈ ਕਿ ਇਸ ਤਰ੍ਹਾਂ ਦੇ ਕੀਤੇ ਹਰ ਕੰਮ ਨੂੰ ਚੈਕਿੰਗ ਦੀ ਨਿਗ੍ਹਾ ਨਾਲ ਵੇਖਣ ਤੇ ਸਵਿਫ਼ਟ ਦੇ ਰਜਿਸਟਰ ਨਾਲ ਚੈਕਿੰਗ ਕਰਨ। ਸਾਰੇ ਸਿਸਟਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਥੋਂ ਤਕ ਕਿ ਹਰ ਤਿਮਾਹੀ ਦੇ ਸਵਿਫ਼ਟ ਮੈਸੇਜ ਭੇਜੇ ਹੋਇਆਂ ਦੀ ਰੀਪੋਰਟ, ਰੀਜ਼ਰਵ ਬੈਂਕ ਵਿਚ ਜਾਂਦੀ ਹੈ। ਕਿਸੇ ਨੇ ਵੀ ਬਰਾਂਚ ਮੈਨੇਜਰ, ਰੀਜਨਲ ਆਫ਼ਿਸ, ਆਡੀਟਰਜ਼ ਤੇ ਰੀਜ਼ਰਵ ਬੈਂਕ ਨੇ ਕੁੱਝ ਵੀ ਨਾ ਵੇਖਿਆ। ਇਕ ਗੱਲ ਨਾ ਵਿਸਾਰੀਏ ਕਿ ਸਵਿਫਟ ਮੈਸੇਜ ਭੇਜਣ ਵਾਲਿਆਂ ਨੂੰ ਤਾਂ ਇਸ ਗੱਲ ਦਾ ਪੂਰਾ ਭੇਦ ਸੀ ਕਿ ਸਵਿਫ਼ਟ ਸੁਨੇਹਾ, ਪਿਛਲੇਰੇ ਕਰਜ਼ੇ ਦੀ ਤਰੀਕ ਵਧਾਉਣ ਹਿਤ ਹੈ ਤੇ ਦੂਜੇ ਬੈਂਕਾਂ ਨੂੰ ਕਹਿਣਾ ਹੈ ਕਿ ਇਸ ਪਾਰਟੀ ਨੂੰ ਪੈਸੇ ਦੇ ਦਿਉ। ਇਹੋ ਜਿਹਾ ਕੰਮ ਤਾਂ ਨਾਲਾਇਕੀ ਨਾਲ ਨਹੀਂ ਬਲਕਿ ਪਾਰਟੀ ਦੇ ਹਿਤ ਨੂੰ ਅੱਗੇ ਰੱਖ ਕੇ ਹੀ ਕੀਤਾ ਜਾ ਸਕਦਾ ਹੈ ਤੇ ਇਹ ਤਾਂ ਬੈਂਕ ਨਾਲ ਸਰਾਸਰ ਧੋਖਾ ਤੇ ਹੇਰਾਫੇਰੀ ਹੈ। ਸੀ.ਬੀ.ਆਈ ਨੇ ਨੀਰਵ ਮੋਦੀ ਦੀ ਕੰਪਨੀ ਦੇ ਹੇਮੰਤ ਭਟ, ਸ਼ੈਟੀ ਤੇ ਖਰਾਤ ਜਿਹੜੇ ਕੰਪਨੀ ਵਲੋਂ ਦਸਖ਼ਤਾਂ ਲਈ ਨਿਯੁਕਤ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਨੀਰਵ ਮੋਦੀ ਤੇ ਉਸ ਦੇ ਮਾਮੇ ਚੋਕਸੀ ਦੇ ਪਾਸਟਪੋਰਟ ਸਸਪੈਂਡ ਕਰ ਦਿਤੇ ਗਏ। ਉਹ ਸਾਰੇ ਪਤਨੀਆਂ ਸਮੇਤ ਦੇਸ਼ ਤੋਂ ਬਾਹਰ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਭਾਲ ਜਾਰੀ ਹੈ। ਨੀਰਵ ਮੋਦੀ ਦੀਆਂ ਕੰਪਨੀਆ, ਘਰਾਂ ਤੇ ਗੀਤਾਂਜਲੀ ਜੈਮਜ਼ ਦੇ ਸ਼ੌਅ ਰੂਮਾਂ ਤੇ ਛਾਪੇ ਮਾਰ ਕੇ, ਕੁੱਝ ਸਾਮਾਨ ਜ਼ਬਤ ਕਰ ਲਿਆ ਗਿਆ ਪਰ ਉਸ ਦੀ ਕੀ ਕੀਮਤ ਹੋਵੇਗੀ, ਉਸ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ।
ਨੀਰਵ ਮੋਦੀ ਦਾ ਇਸ ਤਰ੍ਹਾਂ ਦੀ ਠੱਗੀ ਠੋਰੀ ਵਾਲਾ ਸਾਰਾ ਸਿਲਸਿਲਾ 2011 ਤੋਂ ਚਲਦਾ ਆ ਰਿਹਾ ਹੈ, ਸੀ.ਬੀ.ਆਈ ਦੇ ਸੂਤਰਾਂ ਮੁਤਾਬਕ। ਦਰਅਸਲ ਇਸ ਸਾਰੇ ਘੁਟਾਲੇ ਦੇ ਅਸਲੀ ਕਾਰਨ ਹਨ, ਬੈਂਕ ਦਾ ਨਿਰਣਾ ਕਿ ਏਨੀ ਵੱਡੀ ਵਿੱਤੀ ਕਰਜ਼ੇ ਦੀ ਰਾਸ਼ੀ ਬਿਨਾਂ ਕਿਸੇ ਸਕਿਉਰਟੀ ਦੇ ਦੇਣਾ, ਨਾ ਹੀ ਕੋਈ ਹੋਰ ਗਰੰਟੀ ਦੀ ਉਪਲੱਭਤਾ, ਬੈਂਕਾਂ ਦੇ ਸਿਸਟਮਾਂ ਦੀ ਉਲੰਘਣਾ, ਬੈਂਕ ਦੇ ਮੈਨੇਜਰ ਤੇ ਉਚ ਸਟਾਫ਼ ਵਲੋਂ, ਨਿਯਮਾਂ ਮੁਤਾਬਕ ਤਿੰਨ ਸਾਲਾਂ ਤੋਂ ਪਹਿਲਾਂ-ਪਹਿਲਾਂ ਕਰਮਚਾਰੀਆਂ ਦੀਆਂ ਸੀਟਾਂ ਦੀ ਅਦਲਾ ਬਦਲੀ ਨਾ ਕਰਨੀ, ਸਟਾਫ਼ ਦੀ ਆਪਸੀ ਮਿਲੀ ਭੁਗਤ ਦਾ ਸਬੂਤ ਇਹ ਹੈ ਕਿ ਇਕ ਹੀ ਮੁਲਾਜ਼ਮ ਕੋਲ ਸੱਭ ਦੇ ਪਾਸਵਰਡ ਸਨ। ਬੈਂਕ ਦੇ ਕੰਟਰੋਲਿੰਗ ਦਫ਼ਤਰ, ਅਪਣੀ ਨਾਲਾਇਕੀ ਜਾਂ ਹੇਰਾਫੇਰੀ ਦੀ ਸਾਂਝ ਤੋਂ ਨਹੀਂ ਬਚ ਸਕਦੇ। ਜਦੋਂ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਦੇ ਬੈਂਕਾਂ ਵਲੋਂ ਕਨਫਰਮੇਟਰੀ ਨੋਟ ਆਇਆ ਤਾਂ ਉਸ ਦਫ਼ਤਰ ਨੂੰ ਇਹ ਅਲਾਰਮ ਤੇ ਘੰਟੀ ਕਿਉਂ ਨਾ ਸੁਣਾਈ ਦਿਤੀ? ਏਨੀਆਂ ਵੱਡੀਆਂ-ਵੱਡੀਆਂ ਰਕਮਾਂ ਦੇ ਮੈਸਿਜ ਗਏ, ਦੇਸ਼ ਦਾ ਫ਼ਾਰਨ ਐਕਸਚੇਂਜ ਬਾਹਰੀ ਬੈਂਕਾਂ ਨੂੰ ਦੇਣ ਦਾ ਬਚਨ ਪੰਜਾਬ ਨੈਸ਼ਨਲ ਬੈਂਕ ਵਲੋਂ ਹੋ ਰਿਹਾ ਸੀ, ਇਸ ਦਾ ਬੈਂਕ ਦੇ ਸਿਸਟਮ ਮੁਤਾਬਕ ਮੇਲ ਕਿਉਂ ਨਾ ਕੀਤਾ ਗਿਆ? ਇਨ੍ਹਾਂ ਤੋਂ ਇਲਾਵਾ ਬੈਂਕ ਦੇ ਅੰਦਰੂਨੀ ਆਡੀਟਰ, ਜਿਹੜੇ ਬਰਾਂਚ ਦੇ ਰੋਜ਼ ਦੇ ਕੰਮ ਦੀ ਪੜਤਾਲ ਕਰਦੇ ਹਨ, ਉਨ੍ਹਾਂ ਨੇ ਸਾਲਾਂ ਬੱਧੀ ਇਸ ਨੂੰ ਵੇਖਿਆ ਹੀ ਨਾ ਜਾਂ ਵੇਖ ਕੇ ਨਜ਼ਰ ਅੰਦਾਜ਼ ਕਰਦੇ ਰਹੇ। ਇਹ ਪਤਾ ਲੱਗਾ ਹੈ ਕਿ ਉਸੇ ਹੀ ਬਰਾਂਚ ਦੇ ਇਕ ਰੀਟਾਇਰਡ ਅਫ਼ਸਰ ਨੂੰ ਉਥੇ ਹੀ ਇਨਟਰਨਲ ਇੰਨਸਪੈਕਟਰ ਲਗਾ ਲਿਆ ਗਿਆ ਸੀ। ਬਰਾਂਚ ਮੈਨੇਜਰ ਦਾ ਫ਼ਰਜ਼ ਤੇ ਉਸ ਦੇ ਕੰਮ ਦਾ ਹਿੱਸਾ ਹੈ ਕਿ ਏਨੀਆਂ ਵੱਡੀਆਂ ਰਕਮਾਂ ਦਾ ਮੈਸੇਜ ਜਾ ਰਿਹਾ ਹੋਵੇ ਤਾਂ ਉਸ ਬਾਰੇ ਰਜਿਸਟਰ ਵਿਚ ਇੰਦਰਾਜ ਕੀਤੇ ਹੋਇਆਂ ਨੂੰ ਚੈੱਕ ਕਰ ਕੇ, ਰੀਜ਼ਰਵ ਬੈਂਕ ਨੂੰ ਤਿਮਾਹੀ ਰੀਪੋਰਟ  ਭੇਜੀ ਜਾਵੇ। ਮੰਨ ਲਿਆ ਜਾਵੇ ਕਿ ਹੇਠਲਾ ਸਟਾਫ਼ ਅਪਣੇ ਆਪ ਹੀ ਸਵਿਫ਼ਟ ਮੈਸੇਜ ਭੇਜਦਾ ਰਿਹਾ ਤੇ ਰਜਿਸਟਰ ਵਿਚ ਦਰਜ ਹੀ ਨਹੀਂ ਕੀਤਾ, ਫਿਰ ਵੀ ਜਦੋਂ ਬਾਹਰਲੇ ਬੈਂਕਾਂ ਤੋਂ ਸਵਿਫ਼ਟ ਮੈਸੇਜ ਦੀ ਕਨਫ਼ਰਮੇਸ਼ਨ ਆਉਂਦੀ ਸੀ ਤਾਂ ਸਿਆਣਾ ਸੁਘੜ ਮੈਨੇਜਰ, ਰਜਿਸਟਰ ਮੰਗਾ ਕੇ ਇਸ ਦੀ ਪੜਤਾਲ ਕਰ ਸਕਦਾ ਸੀ। ਬੈਂਕ ਦੇ ਹਿਸਾਬ ਦੀ ਸਾਲਾਨਾ ਆਡਿਟ ਕਰਨ ਵਾਲੀ ਟੀਮ ਨੇ ਵੀ ਅਪਣੀ ਕਿਸੇ ਰੀਪੋਰਟ ਵਿਚ ਕੁੱਝ ਵੀ ਨਹੀਂ ਕਿਹਾ। ਕਿੰਨੀ ਅਜੀਬ ਗੱਲ ਹੈ ਕਿ ਸੱਭ ਏਜੰਸੀਆਂ ਦੀਆਂ ਅੱਖਾਂ ਤੇ ਪੜਦਾ ਹੀ ਪਿਆ ਰਿਹਾ।
ਉਪਰੋਕਤ ਕਾਰਨ ਜਿਹੜੇ ਬਹੁਤ ਸੰਖੇਪ ਤੌਰ 'ਤੇ ਦਿਤੇ ਗਏ ਹਨ, ਉਨ੍ਹਾਂ ਦੀ ਡੂੰੰਘੀ ਪੜਤਾਲ ਕਰਨ ਉਪਰੰਤ ਇਹ ਕਿਹਾ ਜਾ ਸਕਦਾ ਹੈ ਕਿ ਬੈਂਕ ਦੇ ਬਹੁਤੇ ਉਚ ਅਧਿਕਾਰੀਆਂ ਨੂੰ ਇਸ ਤਰ੍ਹਾਂ ਨਾਲ ਘਪਲੇ ਹੋਣ ਦੀ ਜਾਣਕਾਰੀ ਤਾਂ ਭਾਵੇਂ ਨਾ ਹੋਵੇ ਪਰ ਉਨ੍ਹਾਂ ਦੀ ਇਸ ਨੀਰਵ ਮੋਦੀ 'ਵੱਡੇ ਕਾਰੋਬਾਰੀ' ਨਾਲ ਨੇੜਤਾ ਤੇ ਉਸ ਦੀ ਹਮਾਇਤ ਜ਼ਰੂਰ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement