ਸਾਕਾ ਨੀਲਾ ਤਾਰਾ : 1 ਜੂਨ ਤੋਂ 6 ਜੂਨ ਤਕ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਵੇਰਵਾ

By : GAGANDEEP

Published : May 31, 2021, 3:56 pm IST
Updated : Jun 1, 2021, 4:29 pm IST
SHARE ARTICLE
 Sri Darbar Sahib
Sri Darbar Sahib

ਜੂਨ 1984 ਸਿੱਖ ਮਾਨਸਿਕਤਾ 'ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ....

ਅੰਮ੍ਰਿਤਸਰ: ਜੂਨ 1984 ਸਿੱਖ ਮਾਨਸਿਕਤਾ 'ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ। ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। 28 ਮਈ 1984 ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਫ਼ੌਜ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸ਼ਹਿਰਾਂ ਦੇ ਗਲੀਆਂ ਮੁਹੱਲਿਆਂ ਵਿਚ ਫ਼ੌਜ ਹਰਲ ਹਰਲ ਕਰਦੀ ਫਿਰ ਰਹੀ ਸੀ।

Operation Blue StarOperation Blue Star

ਅੰਮ੍ਰਿਤਸਰ ਵਿਚ ਫ਼ੌਜ ਸ਼ਹਿਰ ਤੋਂ ਹਟਵੇਂ ਫ਼ੌਜ ਦੇ ਕੈਂਪਾਂ ਵਿਚ ਸੀ। ਪਿੰਡਾਂ ਵਿਚ ਫ਼ੌਜ ਵੱਲੋਂ ਅੰਮ੍ਰਿਤਧਾਰੀ ਸਿੰਘਾਂ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਸੀ। ਸ਼ਹਿਰ ਤੋਂ ਬਾਹਰ ਬੈਠੀ ਫ਼ੌਜ ਦੀ ਨਕਲੋ ਹਰਕਤ ਦੇਖ ਕੇ ਇੰਝ ਲਗਦਾ ਸੀ ਕਿ ਜਿਵੇਂ ਫ਼ੌਜ ਕੁੱਝ ਵੱਡਾ ਕਰ ਗੁਜ਼ਰਨ ਦੀ ਤਾਕ ਵਿਚ ਬੈਠੀ ਹੋਵੇ।   ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਨੇ ਫ਼ੌਜ ਦੇ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲੇ ਦੇ ਸਰਕਾਰੀ ਹੁਕਮਾਂ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਜ਼ਬਰੀ ਲੰਬੀ ਛੁੱਟੀ 'ਤੇ ਭੇਜ ਦਿੱਤਾ ਗਿਆ। 

Operation Blue StarOperation Blue Star

ਉਸ ਵੇਲੇ ਦੇ ਗਵਰਨਰ ਬੀਡੀ ਪਾਂਡੇ ਨੇ ਤੁਰੰਤ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿੱਤਾ, ਜਿਸ ਨੇ ਦਰਬਾਰ ਸਾਹਿਬ 'ਚ ਫ਼ੌਜ ਦੇ ਦਾਖ਼ਲੇ ਵਾਲੇ ਹੁਕਮਾਂ 'ਤੇ ਬਿਨਾਂ ਕਿਸੇ ਝਿਜਕ ਦੇ ਦਸਤਖ਼ਤ ਕਰ ਦਿੱਤੇ। ਭਾਰਤੀ ਫ਼ੌਜ ਦੇ ਮੁਖੀ ਜਨਰਲ ਅਰੁਣ ਸ੍ਰੀਧਰ ਵੈਦਿਆ ਵੱਲੋਂ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਕੇ ਸੁੰਦਰ ਨੂੰ ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ ਜਦਕਿ ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸੁਰੱਖਿਆ ਸਲਾਹਕਾਰ ਨਾਮਜ਼ਦ ਕੀਤਾ ਗਿਆ।

 Operation Blue StarOperation Blue Star

ਇਸ ਤੋਂ ਇਲਾਵਾ ਜਨਰਲ ਕੁਲਦੀਪ ਸਿੰਘ  ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਅਗਵਾਈ ਲਈ ਅੰਮ੍ਰਿਤਸਰ ਆ ਪੁੱਜਾ ਸੀ। ਸੀਆਰਪੀਐਫ ਨੇ ਪਹਿਲਾਂ ਤੋਂ ਹੀ ਹਮਲੇ ਦੀ ਤਿਆਰੀ ਕੀਤੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੋਰਚਾਬੰਦੀ ਹੋ ਚੁੱਕੀ ਸੀ।

Operation Blue StarOperation Blue Star

1 ਜੂਨ 1984 ਨੂੰ ਸਾਢੇ 12 ਵਜੇ ਸੀਆਰਪੀਐਫ ਨੇ ਬਿਨਾਂ ਕਿਸੇ ਭੜਕਾਹਟ ਦੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਸਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀਂ ਸੀ। ਸ੍ਰੀ ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਦੇ ਮੋਚੀ ਬਜ਼ਾਰ ਵਿਚ ਇਕ ਕੰਧ ਦੀ ਉਸਾਰੀ ਨੂੰ ਲੈ ਕੇ ਸੀਆਰਪੀਐਫ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਅਧਿਕਾਰੀਆਂ ਵਿਚਾਲੇ ਤਕਰਾਰਬਾਜ਼ੀ ਹੋ ਗਈ।

Operation Blue StarOperation Blue Star

ਸੀਆਰਪੀਐਫ ਨੇ ਬਿਨਾਂ ਕਿਸੇ ਦੇਰੀ ਗੋਲੀ ਚਲਾ ਦਿੱਤੀ, ਦੂਜੇ ਬੰਨਿਓਂ ਵੀ ਗੋਲੀ ਦਾ ਜਵਾਬ ਦਿੱਤਾ ਗਿਆ। ਇਹ ਗੋਲੀਬਾਰੀ ਦੇਰ ਸ਼ਾਮ ਤਕ ਜਾਰੀ ਰਹੀ। ਇਸ ਗੋਲੀਬਾਰੀ ਦੌਰਾਨ ਗੁਰਦੁਆਰਾ ਬਾਬਾ ਅਟਲ ਰਾਏ 'ਤੇ ਮੋਰਚਾ ਮੱਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੀ ਕੀਤਾ ਗਿਆ। ਪੂਰੇ ਸ਼ਹਿਰ ਵਿਚ ਕਰਫਿਊ ਲੱਗ ਚੁੱਕਾ ਸੀ, ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕ ਸਹਿਮੇ ਹੋਏ ਸਨ।

1 ਜੂਨ ਦੀ ਹੋਈ ਗੋਲੀਬਾਰੀ ਮਗਰੋਂ ਅਗਲੀ ਸਵੇਰ ਯਾਨੀ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰਾਡਿਓਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ। ਖ਼ਬਰ ਅੱਗ ਦੀ ਤਰ੍ਹਾਂ ਫੈਲ ਗਈ ਸੀ ਕਿ ਸੀਆਰਪੀਐਫ ਨੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਹੈ।

ਸਰਕਾਰ ਨੇ ਸਾਰੀਆਂ ਅਖ਼ਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ। ਇਸ ਲਈ ਅੰਮ੍ਰਿਤਸਰ ਵਿਚ ਤਾਇਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿਚੋਂ ਬਾਹਰ ਚਲੇ ਜਾਣ ਦੀ ਫ਼ਰਮਾਨ ਜਾਰੀ ਕਰ ਦਿੱਤੇ ਗਏ।

ਇਸ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵੀ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਆਣ ਪੁੱਜੇ। ਸ਼ਾਮ ਤਕ ਕੁੱਝ ਫ਼ੌਜੀ ਅਧਿਕਾਰੀ ਸਾਦੇ ਕੱਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਮੁਆਇਨਾ ਕਰ ਗਏ ਸਨ। ਇਸ ਮੁਆਇਨੇ ਦਾ ਮਕਸਦ ਜਨਰਲ ਸੁਬੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ।

ਇੰਦਰਾ ਗਾਂਧੀ ਵੱਲੋਂ ਦਿੱਤੇ ਭਾਸ਼ਣ ਦੇ ਤੁਰੰਤ ਮਗਰੋਂ ਅੰਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਟੈਲੀਫ਼ੋਨ ਦੀਆਂ ਲਾਈਨਾਂ ਤਕ ਕੱਟ ਦਿੱਤੀਆਂ ਗਈਆਂ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਦਰਬਾਰ ਸਾਹਿਬ ਦੇ ਚਾਰੇ ਪਾਸੇ ਦੋਵੇਂ ਧਿਰਾਂ ਮੋਰਚਾਬੰਦੀ ਕਰ ਰਹੀਆਂ ਸਨ।

ਲੋਕਲ ਤੇ ਕੁੱਝ ਵੱਡੇ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਅਕਾਲ ਤਖ਼ਤ ਆਏ। ਹਰ ਪੱਤਰਕਾਰ ਕੋਲ ਕਈ ਸਵਾਲ ਸਨ ਪਰ ਇਕ ਸਵਾਲ ਸਭ ਦਾ ਸਾਂਝਾ ਸੀ। ਹਰ ਕੋਈ ਉਸ ਦਾ ਜਵਾਬ ਭਾਲਦਾ ਸੀ, ਜੇ ਹਮਲਾ ਹੋਇਆ ਤਾਂ ਕੀ ਹੋਵੇਗਾ? ਸੰਤ ਕੁੱਝ ਪਲਾਂ ਲਈ ਖਾਮੋਸ਼ ਹੋ ਗਏ ਤੇ ਜਵਾਬ ਦਿੱਤਾ ''ਮੇਰੇ ਗੁਰੂ ਨੇ ਕੜਾ ਦਿੱਤੈ ਚੂੜੀ ਨਹੀਂ, ਲੋਹੇ ਦੇ ਚਣੇ ਚਬਾ ਦਿਆਂਗੇ।''

4 ਜੂਨ ਦੀ ਸਵੇਰ ਰਾਗੀ ਸਿੰਘ ਬੇਨਤੀ ਅਤੇ ਬੀਰ ਰਸ ਦੇ ਸ਼ਬਦਾਂ ਨਾਲ ਆਸ਼ਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਘੜੀਆਂ 'ਤੇ 4 ਵੱਜ ਕੇ 45 ਮਿੰਟ ਦਾ ਸਮਾਂ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਪਾਸੇ ਤੋਂ ਇਕ ਛੂਕਦਾ ਹੋਇਆ ਗੋਲਾ ਆਇਆ ਅਤੇ ਆਵਾਜ਼ ਨਾਲ ਪੂਰਾ ਵਾਤਾਵਰਣ ਗੂੰਜ ਉਠਿਆ।

ਪਰਿਕਰਮਾ ਵਿਚ ਔਰਤਾਂ ਅਤੇ ਬੱਚਿਆਂ ਦਾ ਬੁਰਾ ਹਾਲ ਸੀ। ਚਾਰੇ ਪਾਸੇ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ ਪਰ ਫਿਰ ਵੀ ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਧੜਾਧੜ ਲਾਸ਼ਾਂ ਡਿਗ ਰਹੀਆਂ ਸਨ, ਫਾਈਰਿੰਗ ਪੂਰੇ ਜ਼ੋਬਨ 'ਤੇ ਸੀ। ਇੰਨੇ ਨੂੰ ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਵਾਲੇ ਬਿਜਲੀ ਘਰ 'ਤੇ ਡਿੱਗਾ। ਸ੍ਰੀ ਦਰਬਾਰ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ। 5 ਜੂਨ ਦੀ ਰਾਤ ਵੀ ਗੋਲੀਬਾਰੀ ਵਿਚ ਲੰਘ ਗਈ।

6 ਜੂਨ ਦਾ ਦਿਨ ਚੜ੍ਹ ਆਇਆ, ਸੰੰਤਾਂ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਅਪਣੀ ਸਿੰਘਣੀ ਬੀਬੀ ਪ੍ਰ੍ਰੀਤਮ ਕੌਰ ਅਤੇ ਅਪਣੇ 15 ਦਿਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਲੈ ਕੇ ਪਰਿਕਰਮਾ ਵਿਚ ਹੀ ਸਨ। ਇਸੇ ਦੌਰਾਨ ਨਵਜਾਤ ਸਿੱਖ ਬੱਚੇ ਮਨਪ੍ਰੀਤ ਸਿੰਘ ਨੂੰ ਗੋਲੀ ਵੱਜੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕੁੱਝ ਸਮੇਂ ਬਾਅਦ ਭਾਈ ਰਛਪਾਲ ਸਿੰਘ ਵੀ ਸ਼ਹੀਦ ਹੋ ਗਏ। ਸੰਤ ਜਰਨੈਲ ਸਿੰਘ ਖ਼ਾਲਸਾ ਅਪਣੇ ਸਾਥੀ ਸਿੰਘਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਗਏ। ਅਜੇ ਸੰਤ ਨਿਸ਼ਾਨ ਸਾਹਿਬ ਦੇ ਨੇੜੇ ਹੀ ਪੁੱਜੇ ਸਨ ਕਿ ਇਕ ਬਰੱਸਟ ਸੰਤ ਜੀ ਦੇ ਆ ਵੱਜਾ, ਜਿਸ ਕਾਰਨ ਉਹ ਮੌਕੇ 'ਤੇ ਹੀ ਸ਼ਹੀਦ ਹੋ ਗਏ।

ਸੰਤਾਂ ਦੀ ਲਾਸ਼ ਨੂੰ ਲੈ ਕੇ ਫ਼ੌਜੀ ਘੰਟਾ ਘਰ ਪੁੱਜੇ। ਲਾਸ਼ ਨੂੰ ਤਸਦੀਕ ਕਰਵਾਉਣ ਲਈ ਲੋਕਾਂ ਦੀ ਖੋਜ ਹੋਣ ਲੱਗੀ। ਸ਼ਾਮ ਨੂੰ ਸੰਤਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਅੰਮ੍ਰਿਤਸਰ ਆ ਗਏ, ਜਿਨ੍ਹਾਂ ਨੇ ਸੰਤਾਂ ਦੀ ਲਾਸ਼ ਨੂੰ ਤਸਦੀਕ ਕੀਤਾ। ਗੋਲੀ ਅਜੇ ਵੀ ਚੱਲ ਰਹੀ ਸੀ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ਵਿਚ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ, ਜ਼ਖ਼ਮੀ ਦਰਦ ਨਾਲ ਕਰਾਹ ਰਹੇ ਸਨ। ਕੁੱਝ ਲੋਕਾਂ ਨੂੰ ਬੰਦੀ ਬਣਾ ਕੇ ਪਰਿਕਰਮਾ ਵਿਚ ਬਿਠਾਇਆ ਹੋਇਆ ਸੀ।

6 ਜੂਨ ਸ਼ਾਮ ਤਕ ਗੋਲੀਬਾਰੀ ਘੱਟ ਹੋ ਗਈ। ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫਿਰ ਫੜੇ ਜਾ ਚੁੱਕੇ ਸਨ। ਫ਼ੌਜ ਵੱਲੋਂ ਪਰਿਕਰਮਾ ਵਿਚ ਮੌਜੂਦ ਲਾਸ਼ਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਸੀ।

ਲਾਸ਼ਾਂ ਦੀ ਹਾਲਤ ਇਸ ਹੱਦ ਤਕ ਗਲ਼ ਚੁੱਕੀਆਂ ਸਨ ਕਿ ਅੰਗ ਵੀ ਹੱਥ ਲਾਇਆਂ ਲੱਥ ਰਹੇ ਸਨ।  ਲਾਸ਼ਾਂ 'ਤੇ ਡੀਡੀਟੀ ਦਾ ਛਿੜਕਾਅ ਕੀਤਾ ਗਿਆ। ਸੰਤਾਂ ਦੀ ਲਾਸ਼ ਨੂੰ ਘੰਟਾ ਘਰ ਦੀ ਬਾਹੀ 'ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਕੇਸ ਖੁੱਲ੍ਹੇ ਹੋਏ ਸਨ, ਚਿਹਰੇ ਤੱਕ 'ਤੇ ਗੋਲੀਆਂ ਵੱਜੀਆਂ ਹੋਈਆਂ ਸਨ। ਇਕ ਲੱਤ ਵੀ ਗੋਲੀਆਂ ਵੱਜ ਕੇ ਟੁੱਟ ਕੇ ਲਮਕੀ ਹੋਈ ਸੀ।

ਬ੍ਰਿਗੇਡੀਅਰ ਓਂਕਾਰ ਸਿੰਘ ਗੋਰਾਇਆ ਜੋ ਇਸ ਅਸਾਵੀਂ ਜੰਗ ਵਿਚ ਸ਼ਾਮਲ ਸੀ, ਨੇ ਦੱਸਿਆ ਕਿ ਮੈਂ 1965 ਤੇ 1971 ਦੀ ਜੰਗ ਵਿਚ ਵੀ ਭਾਗ ਲਿਆ ਸੀ ਪਰ ਇੰਨੀਆਂ ਲਾਸ਼ਾਂ ਮੈਂ ਉਸ ਲੜਾਈ ਵਿਚ ਵੀ ਨਹੀਂ ਸੀ ਦੇਖੀਆਂ। 

ਅਖ਼ੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਫ਼ਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਹਮਲੇ ਵਿਚ ਕੁੱਲ 5 ਹਜ਼ਾਰ ਲੋਕ ਸ਼ਹੀਦ ਹੋਏ ਅਤੇ 80 ਤੋਂ 90 ਦੇ ਕਰੀਬ ਫ਼ੌਜੀ ਵੀ ਮਾਰੇ ਗਏ।

ਇਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਸਿੱਖਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ। ਜੂਨ 1984 ਵਿਚ ਹੋਏ ਇਸ ਹਮਲੇ ਦੇ ਜ਼ਖ਼ਮ ਅੱਜ 36 ਸਾਲਾਂ ਮਗਰੋਂ ਵੀ ਹਰੇ ਹਨ ਅਤੇ ਇਸ ਖ਼ੂਨੀ ਸਾਕੇ ਦਾ ਦਰਦ ਹਰ ਸਿੱਖ ਦੇ ਮਨ ਵਿਚ ਇਕ ਚੰਗਿਆੜੀ ਦੀ ਤਰ੍ਹਾਂ ਸੁਲਘ ਰਿਹਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement