
1924 - ਜੱਥੇਦਾਰ ਫੇਰੂਮਾਨ ਦੀ ਅਗਵਾਈ ਵਿੱਚ ਚੌਦਵਾਂ ਜੱਥਾ ਜੈਤੋ ਨੂੰ ਚੱਲਿਆ।
ਸਤੰਬਰ 1923 ਤੋਂ ਚਾਰ ਮਹੀਨੇ ਤੋਂ ਵੱਧ ਸਮਾਂ ਜਥਿਆਂ ਵੱਲੋਂ ਜੈਤੋ ਵੱਲ ਮਾਰਚ ਕੀਤੇ ਜਾਣ ਅਤੇ ਗ੍ਰਿਫ਼ਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜੱਦੋਜਹਿਦ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ''ਸ਼ਹੀਦੀ ਜਥਾ'' ਭੇਜਿਆ ਜਾਏਗਾ। ਪਹਿਲਾ ਜਥਾ 9 ਫ਼ਰਵਰੀ ਨੂੰ ਅੰਮ੍ਰਿਤਸਰ ਤੋਂ ਚਲ ਕੇ 21 ਫ਼ਰਵਰੀ ਨੂੰ ਜੈਤੋ ਪੁੱਜਾ ਜਿਸ 'ਤੇ ਅੰਗਰੇਜ਼ੀ ਫ਼ੌਜਾਂ ਨੇ ਗੋਲੀਆਂ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿੱਤੇ।ਅੰਗਰੇਜ਼ ਸਰਕਾਰ ਇਹ ਸਮਝਦੀ ਸੀ ਕਿ ਇੰਞ ਸਿੱਖਾਂ ਦਾ ਕਤਲੇਆਮ ਕਰ ਕੇ ਉਹ ਦਹਿਸ਼ਤ ਫੈਲਾ ਸਕੇਗੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ 13 ਅਪ੍ਰੈਲ 1919 ਦੇ ਦਿਨ ਜਲ੍ਹਿਆਂ ਵਾਲਾ ਬਾਗ਼ ਅਤੇ 20 ਫਰਵਰੀ 1921 ਦੇ ਦਿਨ ਨਾਨਕਾਣਾ ਸਾਹਿਬ ਵਿਖੇ ਸ਼ਹੀਦੀਆਂ ਅਤੇ ਗੁਰੂ ਦਾ ਬਾਗ਼ ਵਿਚ ਵਹਿਸ਼ੀ ਕੁੱਟ-ਮਾਰ ਦੇ ਬਾਵਜੂਦ ਸਿੱਖ ਜਦੋਜਹਿਦ ਤੋਂ ਪਿੱਛੇ ਨਹੀਂ ਹਟੇ ਸਨ, ਤਾਂ ਹੁਣ ਵੀ ਕਿੱਥੇ ਰੁਕਣੇ ਸਨ।


1950 - ਪੰਜਾਬੀ ਸੂਬੇ ਖ਼ਿਲਾਫ਼ ਪ੍ਰਤਾਪ ਸਿੰਘ ਕੈਰੋਂ ਨੇ ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਕੀਤੀ।
ਜਦੋਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਵਾਸਤੇ ਜੱਦੋਜਹਿਦ ਕਰਨ ਦਾ ਐਲਾਣ ਕੀਤਾ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਦਿਨਾਂ ਵਿਚ ਇਕ ''ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ" ਬੁਲਾ ਲਈ। ਅੰਮ੍ਰਿਤਸਰ ਵਿਚ 15 ਦਸੰਬਰ 1950 ਦੇ ਦਿਨ ਹੋਏ ਇਸ ਇਕੱਠ ਵਿਚ ਸਰਦੂਲ ਸਿੰਘ ਕਵੀਸ਼ਰ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ (ਇਹੀ ਸਰਦੂਲ ਸਿੰਘ ਕਵੀਸ਼ਰ 1920-25 ਵਿਚ ਕਿਹਾ ਕਰਦਾ ਸੀ ਕਿ ਸਿੱਖਾਂ ਨੂੰ ਗਾਂਧੀ 'ਤੇ ਇਤਬਾਰ ਨਹੀਂ ਕਰਨਾ ਚਾਹੀਦਾ)। ਇਸ ਇਕੱਠ ਵਿਚ ਇਸ ਧਡ਼ੇ ਦੇ ਸੁਰਜੀਤ ਸਿੰਘ ਮਜੀਠਾ, ਜ਼ੈਲ ਸਿੰਘ, ਨਾਗੋਕੇ, ਸਰਮੁਖ ਸਿੰਘ ਚਮਕ, ਗੁਰਦਿਆਲ ਸਿੰਘ ਢਿਲੋਂ ਅਤੇ ਸੋਹਣ ਸਿੰਘ ਜਲਾਲਉਸਮਾਂ ਨੇ ਕਾਂਗਰਸ ਤੋਂ ਲਏ ਜਾ ਰਹੇ ਫ਼ਾਇਦਿਆਂ ਦਾ ਪੂਰਾ ਬਦਲਾ ਚੁਕਾਇਆ। ਇਸ ਕਾਨਫ਼ਰੰਸ ਵਿਚ ਅਕਾਲੀ ਦਲ ਅਤੇ ਪੰਜਾਬੀ ਸੂਬੇ ਦੀ ਮੰਗ ਦਾ ਰੱਜ ਕੇ ਵਿਰੋਧ ਕੀਤਾ ਗਿਆ।

1983 ਦੀ ਨਵੰਬਰ-ਦਸੰਬਰ ਵਿਚ ਦਰਬਾਰ ਸਾਹਿਬ ਦੀਆਂ ਸਰਾਵਾਂ ਵਿਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਥਾ ਅਤੇ ਬੱਬਰ ਖਾਲਸਾ (ਸੁਖਦੇਵ ਸਿੰਘ ਗਰੁੱਪ) ਦੇ ਕਈ ਕਾਰਕੁੰਨ ਰਹਿ ਰਹੇ ਸਨ। ਮੌਜੂਦਾ ਖਾਡ਼ਕੂ ਲਹਿਰ ਦੇ ਪਹਿਲੇ ਐਕਸ਼ਨ ਜਥੇਦਾਰ ਤਲਵਿੰਦਰ ਸਿੰਘ ਦੀ ਅਗਵਾਈ ਵਿਚ ਬਬਰ ਖਾਲਸਾ ਨੇ ਕੀਤੇ ਸਨ ਪਰ ਵਧੇਰੇ ਚਰਚਾ ਭਿੰਡਰਾਂਵਾਲਿਆਂ ਦਾ ਹੋਇਆ ਸੀ ਤੇ ਬਬਰ ਖਾਲਸਾ ਨੂੰ ਕੋਈ ਨਹੀਂ ਸੀ ਜਾਣਦਾ। ਇਸ ਕਰ ਕੇ ਸਿੱਖਾਂ ਵੱਲੋਂ ਖਾਡ਼ਕੂਆਂ ਵਾਸਤੇ ਆਉਣ ਵਾਲੇ ਫ਼ੰਡ ਵੀ ਭਿੰਡਰਾਂਵਾਲਿਆਂ ਨੂੰ ਹੀ ਪੁੱਜਦੇ ਸਨ। ਬੱਬਰ ਖਾਲਸਾ ਦਾ ਸੁਖਦੇਵ ਸਿੰਘ ਗਰੁੱਪ ਇਸ ਤੋਂ ਔਖਾ ਸੀ। ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਜ਼ਾਹਰ ਕਰਨ ਦੀ ਪਲਾਨ ਬਣਾਈ। ਉਨ੍ਹਾਂ ਨੇ ਭਿੰਡਰਾਂਵਾਲਿਆਂ ਦੇ ਖ਼ਿਲਾਫ਼ ਵੀ ਸ਼ਰੇਆਮ ਬੋਲਣਾ ਸ਼ੁਰੂ ਕਰ ਦਿੱਤਾ। ਭਾਵੇਂ ਦੋਹਾਂ ਵਿਚ ਝਗਡ਼ਾ 1982 'ਚ ਹੀ ਸ਼ੁਰੂ ਹੋ ਗਿਆ ਸੀ ਪਰ 1983 ਦੀਆਂ ਗਰਮੀਆਂ ਵਿਚ ਦੋਵੇਂ ਧਡ਼ੇ ਇਕ ਦੂਜੇ ਨੂੰ ਬਹੁਤ ਨਫ਼ਰਤ ਕਰਨ ਲੱਗ ਪਏ ਸਨ। ਇਧਰ ਦਰਬਾਰ ਸਾਹਿਬ ਕੰਪਲੈਕਸ ਵਿਚ ਦੋਹਾਂ ਵਿਚਕਾਰ 'ਆਪਣਾ ਦਬਕਾ ਕਾਇਮ ਕਰਨ' ਦੀ ਕਸ਼ਮਕਸ਼ ਵੀ ਚਲ ਰਹੀ ਸੀ। ਇਸ ਮਾਹੌਲ ਵਿਚ ਕੁਝ ਸਿਆਣਿਆਂ ਨੇ ਭਿੰਡਰਾਂਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਟਕਰਾਅ ਵਿਚ ਨਾ ਆਉਣ। ਇਸ ਕਰ ਕੇ ਉਹ 15 ਦਸੰਬਰ 1983 ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਵੀਂ ਈਮਾਰਤ ਵਿਚ ਚਲੇ ਗਏ। ਹੁਣ ਗੁਰੂ ਨਾਨਕ ਨਿਵਾਸ 'ਤੇ ਸਿਰਫ਼ ਸੁਖਦੇਵ ਸਿੰਘ ਧਡ਼ੇ ਦਾ ਕਬਜ਼ਾ ਹੀ ਰਹਿ ਗਿਆ ਸੀ।
1987 - ਅਵਤਾਰ ਸਿੰਘ ਤਾਰੀ, ਜਨਰਲ ਪਰਮਜੀਤ ਸਿੰਘ ਧਰਮੀ ਫ਼ੌਜੀ, ਜਨਰਲ ਬਘੇਲ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਗੁਰਬਖ਼ਸ਼ ਸਿੰਘ ਗੁੱਚਾ, ਬਲਵੰਤ ਸਿੰਘ ਬੱਦੀ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
15 ਦਸੰਬਰ 1987 ਦੇ ਦਿਨ ਪੰਜਾਬ ਪੁਲਸ ਨੇ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਬਛੌਡ਼ੀ, ਨੇਡ਼ੇ ਬਲਾਚੋਰ, ਦੁਸ਼ਟ ਕਮਾਂਡੋ ਫ਼ੋਰਸ ਦਾ ਲੈਫ਼ਟੀਨੈਂਟ ਜਨਰਲ ਪਰਮਜੀਤ ਸਿੰਘ ਧਰਮੀ ਫ਼ੌਜੀ ਵਾਸੀ ਬੂਲੇਵਾਲ, ਨੇਡ਼ੇ ਬਲਾਚੌਰ, ਜਨਰਲ ਬਘੇਲ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਗੁਰਬਖ਼ਸ਼ ਸਿੰਘ ਉਰਫ਼ ਗੁੱਚਾ, ਬਲਵੰਤ ਸਿੰਘ ਉਰਫ਼ ਬੱਦੀ ਤੇ ਹੋਰ ਸਿੱਖ ਨੌਜਵਾਨਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ।

15 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਅਮਰਜੀਤ ਸਿੰਘ ਭਾਂਬਡ਼ ਵਾਸੀ ਮਨਸੂਰ ਦੇਵਾ, ਫ਼ੀਰੋਜ਼ਪੁਰ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਅਰੂਡ਼ ਸਿੰਘ ਮਾਨੋਚਾਹਲ ਅਤੇ ਗੁਰਬੀਰ ਸਿੰਘ ਪੰਜਵਡ਼ ਖੁਰਦ ਦੀ ਨਕਲੀ ਮੁਕਾਬਲਿਆਂ ਵਿੱਚ ਸ਼ਹੀਦੀ ਹੋਈ।
15 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਅਰੂਡ਼ ਸਿੰਘ ਪੁੱਤਰ ਭੰਮਾ ਸਿੰਘ, ਵਾਸੀ ਮਾਨੋਚਾਹਲ, ਜ਼ਿਲਹਾ ਅੰਮ੍ਰਿਤਸਰ ਤੇ ਗੁਰਬੀਰ ਸਿੰਘ ਪੁੱਤਰ ਸਵਰਨ ਸਿੰਘ, ਵਾਸੀ ਪੰਜਵਡ਼ ਖੁਰਦ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।