ਅਕਲ ਵੱਡੀ ਜਾਂ ਪੈਸਾ
Published : Jan 28, 2018, 12:11 am IST
Updated : Jan 27, 2018, 6:41 pm IST
SHARE ARTICLE

ਕਿਸੇ ਦੇਸ਼ ਵਿਚ ਇਕ ਰਾਜਾ ਰਾਜ ਕਰਦਾ ਸੀ। ਉਸ ਲਈ ਪੈਸਾ ਹੀ ਸਾਰਾ ਕੁੱਝ ਸੀ। ਉਹ ਸੋਚਦਾ ਸੀ ਕਿ ਪੈਸੇ ਦੇ ਜ਼ੋਰ ਤੇ ਦੁਨੀਆਂ ਦੇ ਕੰਮਕਾਜ ਚਲਦੇ ਹਨ। ਤਾਂਬੇ ਦੀ ਮੇਖ, ਤਮਾਸ਼ਾ ਦੇਖ ਕਹਾਵਤ ਝੂਠ ਨਹੀਂ ਹੈ। ਮੇਰੇ ਕੋਲ ਬੜਾ ਧਨ ਹੈ। ਇਸ ਲਈ ਮੈਂ ਐਨੇ ਵੱਡੇ ਦੇਸ਼ ਉਤੇ ਰਾਜ ਕਰਦਾ ਹਾਂ। ਲੋਕ ਮੇਰੇ ਸਾਹਮਣੇ ਹੱਥ ਜੋੜ ਕੇ ਖੜੇ ਰਹਿੰਦੇ ਹਨ। ਮੈਂ ਚਾਹਾਂ ਤਾਂ ਹੁਣ ਰੁਪਿਆਂ ਦੀ ਸੜਕ ਤਿਆਰ ਕਰਾ ਦਿਆਂ। ਪੈਸੇ ਦੇ ਜ਼ੋਰ ਤੇ ਹੀ ਆਸਮਾਨ ਵਿਚ ਸਿਰ ਚੁੱਕੀ ਖੜੇ ਇਨ੍ਹਾਂ ਪਹਾੜਾਂ ਨੂੰ ਪੁਟਾ ਕੇ ਵੇਚ ਸਕਦਾ ਹਾਂ। ਪੈਸੇ ਦੇ ਜ਼ੋਰ ਤੇ ਹੀ ਮੇਰੇ ਕੋਲ ਇਕ ਜ਼ਬਰਦਸਤ ਫ਼ੌਜ ਹੈ। ਉਸ ਰਾਹੀਂ ਕਿਸੇ ਵੀ ਦੇਸ਼ ਨੂੰ ਪਲਾਂ ਵਿਚ ਹੀ ਦਰੜ ਸਕਦਾ ਹਾਂ। ਉਹ ਸਾਰਿਆਂ ਨੂੰ ਇਹੀ ਕਹਿੰਦਾ ਸੀ ਕਿ ਇਸ ਦੁਨੀਆਂ ਵਿਚ ਧਰਮ-ਕਰਮ, ਔਰਤ-ਪੁੱਤਰ, ਮਿੱਤਰ-ਰਿਸ਼ਤੇਦਾਰ ਸਾਰਾ ਕੁੱਝ ਪੈਸਾ ਹੀ ਹੈ।ਰਾਜਾ ਸਿਰ ਤੋਂ ਲੈ ਕੇ ਪੈਰਾਂ ਤਕ ਪੈਸੇ ਦੇ ਗ਼ਰੂਰ ਵਿਚ ਡੁਬਿਆ ਹੋਇਆ ਸੀ। ਪਰ ਉਸ ਦੀ ਰਾਣੀ ਬੜੀ ਅਕਲਮੰਦ ਸੀ। ਉਹ ਪੈਸੇ ਨੂੰ ਤੁੱਛ ਅਤੇ ਬੁੱਧੀ ਨੂੰ ਸ਼੍ਰੇਸ਼ਠ ਸਮਝਦੀ ਸੀ। ਰਾਣੀ ਦੀ ਚਤੁਰਾਈ ਕਰ ਕੇ ਰਾਜ ਦਾ ਸਾਰਾ ਕੰਮਕਾਜ ਠੀਕ ਰੀਤ ਨਾਲ ਚਲਦਾ ਸੀ। ਉਸ ਦਾ ਕਹਿਣਾ ਸੀ ਕਿ ਦੁਨੀਆਂ ਪੈਸੇ ਦੇ ਜ਼ੋਰ ਤੇ ਓਨੀ ਨਹੀਂ ਚਲਦੀ ਜਿੰਨੀ ਬੁੱਧੀ ਦੇ ਜ਼ੋਰ ਤੇ ਚਲਦੀ ਹੈ। ਪਰ ਰਾਜੇ ਦੇ ਸਾਹਮਣੇ ਸਾਫ਼ ਗੱਲ ਕਹਿਣ ਵਿਚ ਝਿਜਕਦੀ ਸੀ। ਇਕ ਦਿਨ ਰਾਜੇ ਨੇ ਰਾਣੀ ਤੋਂ ਪੁਛਿਆ, ''ਰਾਣੀ ਸੱਚ ਬੋਲੀਂ, ਦੁਨੀਆਂ ਵਿਚ ਅਕਲ ਵੱਡੀ ਜਾਂ ਪੈਸਾ?''ਰਾਣੀ ਸੋਚਾਂ ਵਿਚ ਪੈ ਗਈ। ਸੋਚਣ ਲੱਗੀ ਸੱਚ ਦਾ ਮੂੰਹ ਰੁੱਖਾ ਹੁੰਦਾ ਹੈ। ਰਾਜੇ ਦੇ ਮਨ ਵਿਚ ਜੋ ਪੈਸੇ ਦਾ ਮੁੱਲ ਵਸਿਆ ਹੋਇਆ ਸੀ, ਉਸ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਕੋਈ ਜਵਾਬ ਤਾਂ ਦੇਣਾ ਹੀ ਸੀ। ਉਹ ਬੋਲੀ, ''ਮਹਾਰਾਜ, ਜੇਕਰ ਤੁਸੀ ਸੱਚ ਪੁਛਦੇ ਹੋ ਤਾਂ ਮੈਂ ਅਕਲ ਨੂੰ ਵੱਡਾ ਸਮਝਦੀ ਹਾਂ। ਪੈਸਾ ਅਕਲ ਨਾਲ ਹੀ ਆਉਂਦਾ ਹੈ ਅਤੇ ਅਕਲ ਨਾਲ ਹੀ ਸਾਰੇ ਕੰਮ ਚਲਦੇ ਹਨ। ਅਕਲ ਨਾ ਹੋਵੇ ਤਾਂ ਸਾਰੇ ਖ਼ਜ਼ਾਨੇ ਉਵੇਂ ਹੀ ਲੁੱਟੇ ਜਾਂਦੇ ਹਨ। ਰਾਜਭਾਗ ਹੱਥੋਂ ਚਲੇ ਜਾਂਦੇ ਹਨ।'' ਪੈਸੇ ਦੀ ਇਸ ਪ੍ਰਕਾਰ ਨਿੰਦਿਆ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ।ਉਹ ਬੋਲਿਆ, ''ਰਾਣੀ ਤੈਨੂੰ ਅਪਣੀ ਅਕਲ ਉਤੇ ਬੜਾ ਘੁਮੰਡ ਹੈ। ਮੈਂ ਵੇਖਣਾ ਚਾਹੁੰਦਾ ਹਾਂ ਕਿ ਤੂੰ ਬਿਨਾਂ ਪੈਸਿਆਂ ਤੋਂ ਅਕਲ ਦੇ ਸਹਾਰੇ ਕਿਵੇਂ ਕੰਮ ਚਲਾਉਂਦੀ ਏਂ?'' ਐਨਾ ਕਹਿ ਕੇ ਉਸ ਨੇ ਰਾਣੀ ਨੂੰ ਨਗਰ ਦੇ ਬਾਹਰ ਇਕ ਮਕਾਨ ਵਿਚ ਰੱਖ ਦਿਤਾ। ਸੇਵਾ ਲਈ ਦੋ-ਚਾਰ ਨੌਕਰ ਭੇਜ ਦਿਤੇ। ਰਾਜੇ ਨੇ ਰਾਣੀ ਨੂੰ ਖ਼ਰਚ ਲਈ ਨਾ ਤਾਂ ਕੋਈ ਪੈਸਾ ਦਿਤਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਾਮਾਨ ਦਿਤਾ ਬਲਕਿ ਰਾਣੀ ਨੇ ਜਿਹੜੇ ਗਹਿਣੇ ਪਾਏ ਹੋਏ ਸਨ ਉਹ ਵੀ ਸਾਰੇ ਲੁਹਾ ਲਏ। ਰਾਣੀ ਮਨ ਹੀ ਮਨ ਕਹਿਣ ਲੱਗੀ ਕਿ ਉਹ ਇਕ ਦਿਨ ਰਾਜੇ ਨੂੰ ਵਿਖਾਏਗੀ ਕਿ ਸੰਸਾਰ ਵਿਚ ਅਕਲ ਵੀ ਕੋਈ ਚੀਜ਼ ਹੈ, ਪੈਸਾ ਹੀ ਸੱਭ ਕੁੱਝ ਨਹੀਂ। ਨਵੇਂ ਮਕਾਨ ਵਿਚ ਪਹੁੰਚ ਕੇ ਰਾਣੀ ਨੇ ਨੌਕਰ ਤੋਂ ਦੋ ਇੱਟਾਂ ਮੰਗਵਾਈਆਂ ਅਤੇ ਉਨ੍ਹਾਂ ਨੂੰ ਚਿੱਟੇ ਕਪੜੇ ਵਿਚ ਲਪੇਟ ਕੇ ਉਪਰ ਅਪਣੇ ਨਾਂ ਦੀ ਮੋਹਰ ਲਾ ਦਿਤੀ। ਫਿਰ ਨੌਕਰ ਨੂੰ ਸੱਦ ਕੇ ਕਿਹਾ, ''ਤੂੰ ਮੇਰੀ ਇਸ ਅਮਾਨਤ ਨੂੰ ਧੰਨੂ ਸੇਠ ਦੇ ਘਰ ਲੈ ਜਾਹ। ਉਸ ਨੂੰ ਕਹਿਣਾ ਰਾਣੀ ਨੇ ਇਹ ਘੱਲੀ ਹੈ। ਇਸ ਦੇ ਬਦਲੇ ਵਿਚ ਦਸ ਹਜ਼ਾਰ ਰੁਪਏ ਮੰਗਵਾਏ ਹਨ। ਕੁੱਝ ਦਿਨਾਂ ਵਿਚ ਤੁਹਾਡੇ ਰੁਪਏ ਸੂਦ ਸਮੇਤ ਵਾਪਸ ਕਰ ਦਿਤੇ ਜਾਣਗੇ ਅਤੇ ਨਿਸ਼ਾਨੀ ਵਾਪਸ ਕਰ ਲਈ ਜਾਵੇਗੀ।'' ਨੌਕਰ ਸੇਠ ਦੇ ਘਰ ਪਹੁੰਚਿਆ। ਨਿਸ਼ਾਨੀ ਉਤੇ ਰਾਣੀ ਦੇ ਨਾਂ ਦੀ ਲੱਗੀ ਮੋਹਰ ਵੇਖ ਕੇ ਸਮਝਿਆ ਕਿ ਇਸ ਵਿਚ ਕੋਈ ਕੀਮਤੀ ਜਵਾਹਰ ਹੋਣਗੇ। ਉਸ ਨੇ ਚੁਪਚਾਪ ਦਸ ਹਜ਼ਾਰ ਰੁਪਏ ਦੇ ਦਿਤੇ। ਰੁਪਏ ਲੈ ਕੇ ਨੌਕਰ ਰਾਣੀ ਕੋਲ ਆਇਆ। ਰਾਣੀ ਨੇ ਇਨ੍ਹਾਂ ਰੁਪਿਆਂ ਨਾਲ ਵਪਾਰ ਸ਼ੁਰੂ ਕੀਤਾ। ਨੌਕਰ-ਚਾਕਰ ਲਾ ਦਿਤੇ। ਰਾਣੀ ਦੇਖ-ਰੇਖ ਕਰਨ ਲੱਗੀ। ਥੋੜ੍ਹੇ ਹੀ ਦਿਨਾਂ ਵਿਚ ਉਸ ਨੇ ਐਨਾ ਪੈਸਾ ਕਮਾ ਲਿਆ ਕਿ ਸੇਠ ਦਾ ਰੁਪਿਆ ਵਾਪਸ ਕਰ ਕੇ ਵੀ ਕਾਫ਼ੀ ਪੈਸਾ ਬੱਚ ਗਿਆ। ਇਨ੍ਹਾਂ ਰੁਪਿਆਂ ਨਾਲ ਉਸ ਨੇ ਗ਼ਰੀਬਾਂ ਲਈ ਮੁਫ਼ਤ ਦਵਾਖ਼ਾਨਾ, ਸਕੂਲ ਅਤੇ ਅਨਾਥਆਸ਼ਰਮ ਖੁਲ੍ਹਵਾ ਦਿਤੇ। ਚਹੁੰ-ਪਾਸੀਂ ਰਾਣੀ ਦੀ ਜੈ-ਜੈਕਾਰ ਹੋਣ ਲੱਗੀ। ਸ਼ਹਿਰ ਦੇ ਬਾਹਰ ਰਾਣੀ ਦੇ ਮਕਾਨ ਦੇ ਆਲੇ-ਦੁਆਲੇ ਬਹੁਤ ਸਾਰੇ ਮਕਾਨ ਬਣ ਗਏ ਅਤੇ ਉਥੇ ਵਾਹਵਾ ਚੰਗੀ ਰੌਣਕ ਰਹਿਣ ਲੱਗੀ।ਇਧਰ ਰਾਣੀ ਦੇ ਚਲੇ ਜਾਣ ਮਗਰੋਂ ਰਾਜਾ ਇਕੱਲਾ ਰਹਿ ਗਿਆ। ਰਾਣੀ ਹੁੰਦੀ ਸੀ ਤਾਂ ਉਹ ਮੌਕੇ ਦੇ ਕੰਮਾਂ ਨੂੰ ਸੰਭਾਲੀ ਰਖਦੀ ਸੀ। ਰਾਜ ਦੇ ਕਾਰਜਾਂ ਵਿਚ ਸਹੀ ਸਲਾਹ ਦਿੰਦੀ ਸੀ। ਉਸ ਦੇ ਸਾਹਮਣੇ ਬੇਈਮਾਨਾਂ ਦੀ ਦਾਲ ਨਹੀਂ ਗਲਦੀ ਸੀ। ਹੁਣ ਉਸ ਦੇ ਚਲੇ ਜਾਣ ਤੇ ਬੇਈਮਾਨਾਂ ਦੀ ਮੌਜ ਲੱਗ ਗਈ। ਉਹ ਰਾਜੇ ਨੂੰ ਲੁੱਟਣ ਲਗੇ। ਹਨੇਰਗਰਦੀ ਵੱਧ ਗਈ। ਨਤੀਜਾ ਇਹ ਹੋਇਆ ਕਿ ਥੋੜ੍ਹੇ ਹੀ ਦਿਨਾਂ ਵਿਚ ਖ਼ਜ਼ਾਨਾ ਖ਼ਾਲੀ ਹੋ ਗਿਆ। ਸਵਾਰਥੀ ਮੁਲਾਜ਼ਮ ਰਾਜ ਦੀ ਸਾਰੀ ਆਮਦਨ ਗ਼ਬਨ ਕਰ ਜਾਂਦੇ ਸਨ।ਹੁਣ ਨੌਕਰਾਂ ਦੀ ਤਨਖ਼ਖਾਹ ਦੇਣੀ ਵੀ ਮੁਸ਼ਕਲ ਹੋ ਗਈ ਸੀ। ਰਾਜ ਦੀ ਇਹੋ ਜਿਹੀ ਹਾਲਤ ਵੇਖ ਕੇ ਰਾਜਾ ਘਬਰਾ ਗਿਆ ਸੀ। ਉਹ ਅਪਣਾ ਮਨ ਪਰਚਾਉਣ ਲਈ ਰਾਜਭਾਗ ਮੰਤਰੀਆਂ ਦੇ ਹਵਾਲੇ ਕਰ ਕੇ ਦੇਸ਼ ਦੀ ਸੈਰ ਲਈ ਨਿਕਲ ਪਿਆ। ਘੁੰਮਦਾ-ਘੁਮਾਉਂਦਾ ਉਹ ਰਾਜਕੁਮਾਰੀ ਚੌਬੇਲਾ ਦੇਸ਼ ਵਿਚ ਪਹੁੰਚ ਗਿਆ। ਰਾਜਕੁਮਾਰੀ ਚੌਬੇਲਾ ਉਸ ਦੇਸ਼ ਦੀ ਰਾਜਕੰਨਿਆ ਸੀ। ਉਸ ਦਾ ਪ੍ਰਣ ਸੀ ਕਿ ਜਿਹੜਾ ਆਦਮੀ ਉਸ ਨੂੰ ਜੂਏ ਵਿਚ ਹਰਾ ਦੇਵੇਗਾ ਉਸੇ ਨਾਲ ਹੀ ਵਿਆਹ ਕਰੇਗੀ। ਰਾਜਕੁਮਾਰੀ ਬੜੀ ਸੁੰਦਰ ਸੀ। ਦੂਰ ਦੂਰ ਤੋਂ ਲੋਕ ਉਸ ਨਾਲ ਜੂਆ ਖੇਡਣ ਆਉਂਦੇ ਸਨ ਅਤੇ ਹਾਰ ਕੇ ਜੇਲ ਦੀ ਹਵਾ ਖਾਂਦੇ ਸਨ। ਇਸੇ ਕਰ ਕੇ ਹੀ ਸੈਂਕੜੇ ਰਾਜਕੁਮਾਰ ਜੇਲ ਵਿਚ ਪਏ ਸਨ। ਮੁਸੀਬਤ ਦਾ ਮਾਰਿਆ ਇਹ ਰਾਜਾ ਵੀ ਉਸੇ ਦੇਸ਼ ਵਿਚ ਆ ਪਹੁੰਚਿਆ। ਚੌਬੇਲਾ ਦੀ ਸੁੰਦਰਤਾ ਦੀ ਖ਼ਬਰ ਉਸ ਦੇ ਕੰਨਾਂ ਵਿਚ ਪਈ ਤਾਂ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਉਸ ਨਾਲ ਵਿਆਹ ਕਰਨ ਦੀ ਇੱਛਾ ਉਸ ਦੇ ਮਨ ਵਿਚ ਜਾਗੀ। ਰਾਜਕੁਮਾਰੀ ਨੇ ਮਹਿਲ ਤੋਂ ਕੁੱਝ ਦੂਰੀ ਤੇ ਇਕ ਬੰਗਲਾ ਬਣਵਾ ਦਿਤਾ ਸੀ। ਵਿਆਹ ਦੀ ਇੱਛਾ ਨਾਲ ਆਉਣ ਵਾਲੇ ਲੋਕ ਇਸੇ ਬੰਗਲੇ ਵਿਚ ਠਹਿਰਦੇ ਸਨ। ਰਾਜਾ ਵੀ ਉਸੇ ਬੰਗਲੇ ਵਿਚ ਜਾ ਪਹੁੰਚਿਆ। ਪਹਿਰੇਦਾਰ ਨੇ ਤੁਰਤ ਇਹ ਖ਼ਬਰ ਰਾਜਕੁਮਾਰੀ ਨੂੰ ਜਾ ਕੇ ਦਿਤੀ। ਥੋੜ੍ਹੀ ਦੇਰ ਬਾਅਦ ਇਤ ਤੋਤਾ ਉੱਡ ਕੇ ਆਇਆ ਅਤੇ ਰਾਜੇ ਦੀ ਬਾਂਹ ਉਤੇ ਬੈਠ ਗਿਆ। ਉਸ ਦੇ ਗਲ ਵਿਚ ਇਕ ਚਿੱਠੀ ਬੱਝੀ ਸੀ ਜਿਸ ਵਿਚ ਵਿਆਹ ਦੀਆਂ ਸ਼ਰਤਾਂ ਲਿਖੀਆਂ ਸਨ। ਅੰਤ ਵਿਚ ਇਹ ਵੀ ਲਿਖਿਆ ਸੀ ਕਿ ਜੇਕਰ ਤੁਸੀ ਜੂਏ ਵਿਚ ਹਾਰ ਗਏ ਤਾਂ ਤੁਹਾਨੂੰ ਜੇਲ ਦੀ ਹਵਾ ਖਾਣੀ ਪਵੇਗੀ। ਰਾਜੇ ਨੇ ਚਿੱਠੀ ਪੜ੍ਹ ਕੇ ਜੇਬ ਵਿਚ ਰੱਖ ਲਈ। ਥੋੜ੍ਹੀ ਦੇਰ ਬਾਅਦ ਰਾਜੇ ਨੂੰ ਰਾਜਕੁਮਾਰੀ ਦੇ ਮਹਿਲ ਵਿਚ ਸਦਿਆ ਗਿਆ। ਸ਼ਰਤ ਦੇ ਅਨੁਸਾਰ ਰਾਜੇ ਨੂੰ ਹਾਰਨ ਤੇ ਜੇਲ ਘੱਲ ਦਿਤਾ ਗਿਆ। ਦੂਜੇ ਪਾਸੇ ਰਾਜੇ ਦੀ ਹਾਲਤ ਵਿਗੜਨ ਅਤੇ ਨਗਰ ਛੱਡ ਕੇ ਚਲੇ ਜਾਣ ਦੀ ਖ਼ਬਰ ਜਦ ਰਾਣੀ ਨੂੰ ਪਤਾ ਲੱਗੀ ਤਾਂ ਉਸ ਨੂੰ ਬੜਾ ਦੁੱਖ ਲੱਗਾ। ਰਾਜੇ ਨੂੰ ਲੱਭਣ ਲਈ ਉਹ ਵੀ ਪਰਦੇਸ਼ ਨੂੰ ਨਿਕਲ ਪਈ। ਰਾਜੇ ਨੂੰ ਲੱਭਦੀ ਲਭਦੀ ਰਾਣੀ ਆਖ਼ਰ ਰਾਜਕੁਮਾਰੀ ਚੌਬਾਲਾ ਦੇ ਦੇਸ਼ ਵਿਚ ਜਾ ਪਹੁੰਚੀ। ਰਾਜੇ ਦੇ ਜੇਲ ਜਾਣ ਦੀ ਖ਼ਬਰ ਸੁਣ ਕੇ ਉਸ ਨੂੰ ਬੜਾ ਦੁੱਖ ਹੋਇਆ। ਹੁਣ ਉਹ ਰਾਜੇ ਨੂੰ ਜੇਲ 'ਚੋਂ ਛੁਡਾਉਣ ਦਾ ਉਪਾਅ ਸੋਚਣ ਲੱਗੀ। ਉਸ ਨੇ ਪਤਾ ਲਾਇਆ ਕਿ ਰਾਣੀ ਚੌਬਾਲਾ ਕਿਸ ਤਰ੍ਹਾਂ ਜੂਆ ਖੇਡਦੀ ਹੈ। ਸਾਰਾ ਭੇਤ ਸਮਝ ਕੇ ਉਸ ਨੇ ਆਦਮੀ ਦਾ ਭੇਸ ਬਣਾਇਆ ਅਤੇ ਬੰਗਲੇ ਤੇ ਜਾ ਪੁੱਜੀ। ਪਹਿਰੇਦਾਰ ਨੇ ਖ਼ਬਰ ਦਿਤੀ। ਥੋੜ੍ਹੀ ਦੇਰ ਵਿਚ ਤੋਤਾ ਉੱਡ ਕੇ ਆਇਆ। ਰਾਣੀ ਨੇ ਉਸ ਦੇ ਗਲ 'ਚੋਂ ਚਿੱਠੀ ਖੋਲ੍ਹ ਕੇ ਪੜ੍ਹੀ। ਕੁੱਝ ਸਮੇਂ ਬਾਅਦ ਸੱਦਾ ਆਇਆ। ਰਾਣੀ ਆਦਮੀ ਦੇ ਭੇਸ ਵਿਚ ਕੁਮਾਰੀ ਚੌਬਾਲਾ ਦੇ ਮਹੱਲ ਵਿਚ ਪੁੱਜੀ। ਉਸ ਨੂੰ ਵੇਖ ਕੇ ਪਤਾ ਨਹੀਂ ਚੌਬਾਲਾ ਦਾ ਮਨ ਕਿਉਂ ਡੋਲਣ ਲੱਗਾ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਕਿ ਉਹ ਇਸ ਰਾਜਕੁਮਾਰ ਨੂੰ ਨਹੀਂ ਜਿੱਤ ਸਕੇਗੀ। ਖੇਡਣ ਲਈ ਚੌਸਰ ਸੁੱਟੇ ਗਏ। ਰਾਜਕਮਾਰੀ ਖੇਡਦੇ ਸਮੇਂ ਸਿਰ ਉਤੇ ਦੀਵਾ ਰਖਦੀ ਸੀ। ਬਿੱਲੀ ਨੂੰ ਇਸ ਤਰ੍ਹਾਂ ਸਿਖਾਇਆ ਗਿਆ ਸੀ ਕਿ ਰਾਜਕੁਮਾਰੀ ਦਾ ਦਾਅ ਜਦੋਂ ਠੀਕ ਨਹੀਂ ਪੈਂਦਾ ਸੀ ਅਤੇ ਉਸ ਨੂੰ ਪਤਾ ਹੁੰਦਾ ਸੀ ਕਿ ਉਹ ਹਾਰ ਰਹੀ ਹੈ ਤਾਂ ਬਿੱਲੀ ਦੇ ਸਿਰ ਹਿਲਾਉਣ ਨਾਲ ਦੀਵੇ ਦੀ ਲੋਅ ਹਿਲਣ ਲਗਦੀ ਸੀ। ਇਸੇ ਦੌਰਾਨ ਉਹ ਅਪਣਾ ਪਾਸਾ ਬਦਲ ਦਿੰਦੀ ਸੀ। ਰਾਣੀ ਇਹ ਗੱਲ ਪਹਿਲਾਂ ਹੀ ਜਾਣ ਗਈ ਸੀ। ਬਿੱਲੀ ਦਾ ਧਿਆਨ ਖਿੱਚਣ ਲਈ ਉਸ ਨੇ ਇਕ ਚੂਹਾ ਪਾਲ ਲਿਆ ਸੀ ਅਤੇ ਉਸ ਨੂੰ ਅਪਣੇ ਕੁੜਤੇ ਦੀ ਬਾਂਹ ਵਿਚ ਲੁਕਾ ਕੇ ਰਖਿਆ ਸੀ। ਚੌਸਰ ਦਾ ਖੇਡ ਖੇਡਿਆ ਜਾਣ ਲੱਗਾ। ਖੇਡਦੇ ਖੇਡਦੇ ਰਾਜਕੁਮਾਰੀ ਜਦ ਹਾਰਨ ਲੱਗੀ ਤਾਂ ਉਸ ਨੇ ਬਿੱਲੀ ਨੂੰ ਇਸ਼ਾਰਾ ਕੀਤਾ। ਰਾਣੀ ਤਾਂ ਪਹਿਲਾਂ ਹੀ ਚੌਕਸ ਹੋ ਗਈ ਸੀ। ਇਸ ਤੋਂ ਪਹਿਲਾਂ ਹੀ ਉਸ ਨੇ ਅਪਣੀ ਆਸਤੀਨ 'ਚੋਂ ਚੂਹਾ ਕੱਢ ਕੇ ਬਾਹਰ ਕਰ ਲਿਆ। ਬਿੱਲੀ ਦੀ ਨਜ਼ਰ ਅਪਣੇ ਸ਼ਿਕਾਰ ਉਤੇ ਸੀ। ਰਾਜਕੁਮਾਰੀ ਦੇ ਇਸ਼ਾਰੇ ਦਾ ਉਸ ਉਤੇ ਕੋਈ ਅਸਰ ਨਹੀਂ ਹੋਇਆ। ਰਾਜਕੁਮਾਰੀ ਦੇ ਵਾਰ ਵਾਰ ਇਸ਼ਾਰੇ ਕਰਨ ਤੇ ਵੀ ਬਿੱਲੀ ਟਸ ਤੋਂ ਮੱਸ ਨਹੀਂ ਹੋਈ।ਰਾਜਕੁਮਾਰੀ ਬਾਜ਼ੀ ਹਾਰ ਗਈ। ਤੁਰਤ ਇਹ ਖ਼ਬਰ ਸਾਰੇ ਨਗਰ ਵਿਚ ਫੈਲ ਗਈ। ਰਾਜਕੁਮਾਰੀ ਦੇ ਵਿਆਹ ਦੀਆਂ ਤਿਆਰੀਆਂ ਹੋਣ ਲਗੀਆਂ। ਰਾਣੀ ਬੋਲੀ, ''ਵਿਆਹ ਤਾਂ ਸ਼ਰਤ ਪੂਰੀ ਹੋਣ ਤੇ ਹੀ ਹੋ ਗਿਆ ਸੀ। ਰਹੀ ਗੱਲ ਰਸਮਾਂ ਪੂਰੀਆਂ ਕਰਨ ਦੀ ਤਾਂ ਉਹ ਘਰ ਜਾ ਕੇ ਪੂਰੀਆਂ ਕਰ ਲਈਆਂ ਜਾਣਗੀਆਂ। ਉਥੇ ਹੀ ਬੜੀ ਧੂਮਧਾਮ ਨਾਲ ਵਿਆਹ ਕੀਤਾ ਜਾਵੇਗਾ।''ਚੌਬੇਲਾ ਰਾਜ਼ੀ ਹੋ ਗਈ। ਮਰਦ ਦੇ ਭੇਸ ਵਿਚ ਰਾਣੀ ਬੋਲੀ, ''ਇਕ ਗੱਲ ਹੋਰ ਹੈ। ਇਥੋਂ ਤੁਰਨ ਤੋਂ ਪਹਿਲਾਂ ਉਨ੍ਹਾਂ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਜੇਲ ਵਿਚ ਡਕਿਆ ਗਿਆ ਹੈ, ਛੱਡ ਦੇਵੋ। ਪਰ ਪਹਿਲਾਂ ਇਕ ਵਾਰ ਉਨ੍ਹਾਂ ਸਾਰਿਆਂ ਨੂੰ ਮੇਰੇ ਸਾਹਮਣੇ ਸੱਦੋ।''ਸਾਰੇ ਕੈਦੀ ਸਾਹਮਣੇ ਲਿਆਂਦੇ ਗਏ। ਹਰ ਕੈਦੀ ਦੇ ਨੱਕ ਵਿਚ ਛੇਕ ਕਰ ਕੇ ਕੌਡੀ ਪਹਿਨਾਈ ਗਈ ਸੀ। ਸਾਰਿਆਂ ਦੇ ਹੱਥਾਂ ਵਿਚ ਕੋਹਲੂ ਹੱਕਣ ਦੀ ਪਰੈਣ ਅਤੇ ਗਲ ਵਿਚ ਚਮੜੇ ਦਾ ਪਟਾ ਪਿਆ ਸੀ। ਇਸ ਖਲੀਤੇ ਵਿਚ ਉਨ੍ਹਾਂ ਦੇ ਖਾਣ ਲਈ ਥਾਲੀ ਰੱਖੀ ਜਾਂਦੀ ਸੀ। ਖਲੀਤੇ ਤੇ ਹਰ ਕੈਦ ਦਾ ਨਾਂ ਦਰਜ ਸੀ। ਇਨ੍ਹਾਂ ਕੈਦੀਆਂ ਵਿਚਕਾਰ ਰਾਣੀ ਦਾ ਪਤੀ ਵੀ ਸੀ।ਰਾਣੀ ਨੇ ਜਦ ਅਪਣੇ ਪਤੀ ਦੀ ਹਾਲਤ ਵੇਖੀ ਤਾਂ ਉਸ ਦਾ ਮਨ ਭਰ ਆਇਆ ਪਰ ਉਸ ਨੇ ਅਪਣੇ ਮਨ ਦੇ ਭਾਵ ਨੂੰ ਤੁਰਤ ਲੁਕਾ ਲਿਆ। ਸਾਰੇ ਕੈਦੀਆਂ ਦੇ ਨੱਕ 'ਚੋਂ ਕੌਡੀ ਕੱਢੀ ਗਈ। ਨਾਈ ਨੂੰ ਸੱਦ ਕੇ ਉਨ੍ਹਾਂ ਦੀ ਹਜਾਮਤ ਕਰਵਾਈ ਗਈ। ਚੰਗੇ ਕਪੜੇ ਪਵਾ ਕੇ ਵਧੀਆ ਖਾਣਾ ਖਵਾ ਕੇ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ। ਰਾਜਾ ਰਾਜਕੁਮਾਰ ਦੀ ਜੈ ਬੋਲ ਕੇ ਸਿੱਧਾ ਅਪਣੇ ਘਰ ਦੇ ਰਾਹ ਪੈ ਗਿਆ।ਦੂਜੇ ਦਿਨ ਸਵੇਰੇ ਰਾਜਕੁਮਾਰ ਚੌਬੇਲਾ ਦੇ ਨਾਲ ਰਾਣੀ ਹਾਥੀ, ਘੋੜੇ, ਦਾਸ-ਦਾਸੀਆਂ ਅਤੇ ਧਨ-ਦੌਲਤ ਨਾਲ ਅਪਣੇ ਨਗਰ ਵਲ ਤੁਰ ਪਈ। ਰਾਣੀ ਮਰਦ ਦੇ ਭੇਸ ਵਿਚ ਘੋੜੇ ਉਤੇ ਬੈਠੀ ਅੱਗੇ ਚਲ ਰਹੀ ਸੀ। ਪਿੱਛੇ ਪਿੱਛੇ ਚੌਬੇਲਾ ਦੀ ਪਾਲਕੀ ਚਲ ਰਹੀ ਸੀ। ਕੁੱਝ ਦਿਨਾਂ ਵਿਚ ਉਹ ਅਪਣੇ ਨਗਰ ਵਿਚ ਆ ਪਹੁੰਚੀ ਅਤੇ ਨਗਰ ਦੇ ਬਾਹਰ ਅਪਣੇ ਬੰਗਲੇ ਵਿਚ ਠਹਿਰ ਗਈ।ਰਾਜਾ ਜਦ ਵਾਪਸ ਅਪਣੇ ਨਗਰ ਵਿਚ ਆਇਆ ਤਾਂ ਕੀ ਵੇਖਦਾ ਹੈ ਕਿ ਰਾਣੀ ਦੇ ਮਕਾਨ ਕੋਲ ਦਵਾਖ਼ਾਨਾ, ਸਕੂਲ, ਅਨਾਥ ਆਸ਼ਰਮ ਆਦਿ ਕਈ ਇਮਾਰਤਾਂ ਬਣੀਆਂ ਹਨ। ਵੇਖ ਕੇ ਰਾਜਾ ਅਚੰਭੇ ਵਿਚ ਆ ਗਿਆ। ਸੋਚਣ ਲੱਗਾ, ਰਾਣੀ ਨੂੰ ਉਸ ਨੇ ਇਕ ਪੈਸਾ ਤਾਂ ਦਿਤਾ ਨਹੀਂ ਸੀ, ਉਸ ਨੇ ਇਹ ਕੀਮਤੀ ਇਮਾਰਤਾਂ ਕਿਵੇਂ ਬਣ ਲਈਆਂ? ਅਜੇ ਤਕ ਉਸ ਦੀਆਂ ਨਜ਼ਰਾਂ ਵਿਚ ਪੈਸੇ ਦਾ ਮਹੱਤਵ ਉਵੇਂ ਹੀ ਬਣਿਆ ਹੋਇਆ ਸੀ।ਸ਼ਾਮ ਵੇਲੇ ਉਸ ਨੇ ਰਾਣੀ ਨੂੰ ਸੱਦਿਆ ਅਤੇ ਪੁਛਿਆ, ''ਰਾਣੀ ਕੀ ਹੁਣ ਤੇਰੀ ਸਮਝ ਵਿਚ ਆ ਗਿਐ ਕਿ ਅਕਲ ਵੱਡੀ ਹੁੰਦੀ ਹੈ ਕਿ ਪੈਸਾ?'' ਰਾਣੀ ਕੁੱਝ ਨਾ ਬੋਲੀ। ਚੁਪਚਾਪ ਉਸ ਨੇ ਰਾਜੇ ਦੀ ਨੱਕ ਦੀ ਕੌਡੀ, ਖਲੀਤਾ, ਪਰੈਣ ਅਤੇ ਖਲੀ ਦਾ ਟੁਕੜਾ ਸਾਹਮਣੇ ਰੱਖ ਦਿਤਾ। ਰਾਜਾ ਹੈਰਾਨ ਰਹਿ ਗਿਆ। ਸੋਚਣ ਲੱਗਾ, ''ਇਹ ਚੀਜ਼ਾਂ ਇਸ ਨੂੰ ਕਿਥੋਂ ਮਿਲੀਆਂ?'' ਐਨੇ ਵਿਚ ਰਾਣੀ ਨੇ ਰਾਜਕੁਮਾਰੀ ਚੌਬੇਲਾ ਨੂੰ ਬੁਲਾ ਕੇ ਉਸ ਦੇ ਸਾਹਮਣੇ ਖੜਾ ਕਰ ਦਿਤਾ। ਹੁਣ ਰਾਜੇ ਦੀਆਂ ਅੱਖਾਂ ਖੁੱਲ੍ਹੀਆਂ। ਉਹ ਸਮਝ ਗਿਆ ਕਿ ਚੌਬੇਲਾ ਦੀ ਕੈਦ 'ਚੋਂ ਛੁਡਾਉਣ ਵਾਲਾ ਰਾਜਕੁਮਾਰ ਹੋਰ ਕੋਈ ਨਹੀਂ, ਉਸ ਦੀ ਬੁੱਧੀਮਾਨ ਰਾਣੀ ਹੀ ਸੀ। 
ਰਾਜੇ ਨੇ ਸ਼ਰਮ ਨਾਲ ਸਿਰ ਨੀਵਾਂ ਕਰ ਲਿਆ। ਫਿਰ ਕੁੱਝ ਦੇਰ ਸੋਚ ਕੇ ਕਹਿਣ ਲੱਗਾ, ''ਰਾਣੀ ਅਜੇ ਤਕ ਮੈਂ ਬੜੀ ਭੁੱਲ ਵਿਚ ਸੀ। ਤੂੰ ਮੇਰੀਆਂ ਅੱਖਾਂ ਖੋਲ੍ਹ ਦਿਤੀਆਂ। ਅਜੇ ਤਕ ਮੈਂ ਪੈਸੇ ਨੂੰ ਹੀ ਸੱਭ ਕੁੱਝ ਸਮਝਿਆ ਸੀ ਪਰ ਅੱਜ ਮੇਰੀ ਸਮਝ ਵਿਚ ਆਇਆ ਕਿ ਅਕਲ ਦੇ ਅੱਗੇ ਪੈਸਾ ਕੋਈ ਚੀਜ਼ ਨਹੀਂ ਹੈ।''

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement