
ਉਨ੍ਹਾਂ ਨੇ ਲੱਖਾਂ ਲੋਕਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰ ਕੇ ਰੀਕਾਰਡ ਬਣਾਇਆ। ਮੈਡੀਕਲ ਸਾਇੰਸ ਵਿਚ ਨਵੀਂ ਤੋਂ ਨਵੀਂ ਕਾਢ ਕੱਢ ਕੇ ਕਈ ਕੀਰਤੀਮਾਨ ਸਥਾਪਤ ਕੀਤੇ। ਇਕ ਵਿਦੇਸ਼ੀ ਡਾਕਟਰ ਜਾਨ ਰਿਸਟ ਨਾਲ ਮਿਲ ਕੇ ਅੱਖਾਂ 'ਚ ਪਾਉਣ ਵਾਲਾ ਲੈਂਸ ਬਣਾਇਆ, ਜਿਸ ਦਾ ਨਾਂ 'ਸਿੰਘ ਰਸਟ' ਰਖਿਆ ਜਿਹੜਾ ਅੱਜ ਵੀ ਚਿੱਟੇ ਮੋਤੀਏ ਦੇ ਆਪਰੇਸ਼ਨ ਵਿਚ ਵਰਤਿਆ ਜਾਂਦਾ ਹੈ। ਅਪਣੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ ਅੱਖ ਦਾ ਆਪਰੇਸ਼ਨ ਵੀ ਇਨ੍ਹਾਂ ਨੇ ਕੀਤਾ।
ਅੱਖਾਂ ਦੇ ਇਸ ਮਾਹਰ ਡਾਕਟਰ ਨੇ ਵਿਦੇਸ਼ਾਂ ਵਿਚ ਅਤੇ ਅਪਣੇ ਮੁਲਕ ਵਿਚ ਵੀ ਅਪਣੇ ਦੇਸ਼, ਕੌਮ ਅਤੇ ਅਪਣੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਅਪਣੇ ਮੁਲਕ ਦੇ ਰਾਸ਼ਟਰਪਤੀ ਨੇ ਡਾ. ਦਲਜੀਤ ਸਿੰਘ ਜੀ ਨੂੰ 'ਪਦਮਸ੍ਰੀ' ਐਵਾਰਡ ਦੇ ਕੇ ਸਨਮਾਨਿਤ ਕੀਤਾ। 27 ਦਸੰਬਰ, 2017 ਦਿਨ ਬੁਧਵਾਰ ਨੂੰ ਸਵੇਰੇ ਦਸ ਕੁ ਵਜੇ ਦਾ ਸਮਾਂ ਸੀ। ਮੈਂ ਮਾਲ ਰੋਡ ਤੇ ਇਕ ਹਸਪਤਾਲ ਦੇ ਬਾਹਰ ਰਿਕਸ਼ਾ ਲਾ ਕੇ ਸਵਾਰੀ ਦੀ ਉਡੀਕ 'ਚ ਬੈਠਾ ਸਾਂ। ਹਰਿਆਣੇ ਵਿਚ ਰਹਿਣ ਵਾਲੇ ਮੇਰੇ ਮਿੱਤਰ ਸ. ਗੁਰਮੀਤ ਸਿੰਘ ਸਿਰਸਾ ਜੀ ਦਾ ਫ਼ੋਨ ਆਇਆ ਤੇ ਉਹ ਘਬਰਾਈ ਜਿਹੀ ਆਵਾਜ਼ ਵਿਚ ਕਹਿੰਦੇ, ''ਰਾਜਬੀਰ ਜੀ, ਮੈਨੂੰ ਹੁਣੇ ਪਤਾ ਲੱਗੈ ਕਿ ਡਾਕਟਰ ਦਲਜੀਤ ਸਿੰਘ ਅਕਾਲ ਚਲਾਣਾ ਕਰ ਗਏ ਨੇ, ਪਰ ਮੈਨੂੰ ਯਕੀਨ ਨਹੀਂ ਹੋ ਰਿਹਾ। ਤੁਸੀ ਅੰਬਰਸਰ ਰਹਿੰਦੇ ਹੋ ਪਤਾ ਕਰ ਕੇ ਦੱਸੋ ਕੀ ਇਹ ਸੱਚ ਹੈ?'' ਇਹ ਸੁਣ ਕੇ ਮੈਂ ਉਥੋਂ ਅਪਣਾ ਰਿਕਸ਼ਾ ਚਲਾ ਕੇ ਜੋਸ਼ੀ ਕਾਲੋਨੀ ਪਹੁੰਚਿਆ ਤਾਂ ਉਨ੍ਹਾਂ ਦੀ ਕੋਠੀ ਦੇ ਅੰਦਰ-ਬਾਹਰ ਕਾਫ਼ੀ ਲੋਕ ਇਕੱਠੇ ਹੋਏ ਸਨ ਤੇ 'ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਏ' ਵਾਲਾ ਭਾਣਾ ਵਰਤ ਚੁੱਕਾ ਸੀ। ਇਸ ਦਰਵੇਸ਼ ਡਾਕਟਰ ਦੇ ਦੁਨੀਆਂ ਤੋਂ ਤੁਰ ਜਾਣ ਬਾਰੇ ਫ਼ੋਨ ਰਾਹੀਂ ਦੂਰ-ਨੇੜੇ ਰਹਿੰਦੇ ਅਪਣੇ ਸਾਰੇ ਮਿੱਤਰ-ਪਿਆਰਿਆਂ ਨੂੰ ਸੂਚਨਾ ਦਿਤੀ।11 ਅਕਤੂਬਰ, 1934 ਨੂੰ ਪ੍ਰਸਿੱਧ ਪੰਥਕ ਵਿਦਵਾਨ ਪ੍ਰੋਫ਼ੈਸਰ ਸਾਹਿਬ ਸਿੰਘ ਅਤੇ ਬੀਬੀ ਆਗਿਆ ਕੌਰ ਦੇ ਘਰ ਜਨਮੇ ਡਾ. ਦਲਜੀਤ ਸਿੰਘ ਜੀ ਦਾ ਬਚਪਨ ਕਾਫ਼ੀ ਔਖਿਆਈ ਵਿਚ ਲੰਘਿਆ ਪਰ ਇਨ੍ਹਾਂ ਨੇ ਕਦੇ ਸਬਰ-ਸੰਤੋਖ ਦਾ ਪੱਲਾ ਨਹੀਂ ਛਡਿਆ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚੋਂ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਉਨ੍ਹਾਂ 1956 ਵਿਚ ਡਿਪਾਰਟਮੈਂਟ ਆਫ਼ ਐਪਥਾਮਲੋਜੀ ਜੁਆਇਨ ਕੀਤਾ ਅਤੇ ਡਿਪਲੋਮਾ ਕਰਨ ਤੋਂ ਬਾਅਦ ਪ੍ਰੈਕਟਿਸ ਸ਼ੁਰੂ ਕਰ ਦਿਤੀ ਅਤੇ ਫਿਰ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਲੱਖਾਂ ਲੋਕਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰ ਕੇ ਰੀਕਾਰਡ ਬਣਾਇਆ। ਮੈਡੀਕਲ ਸਾਇੰਸ ਵਿਚ ਨਵੀਂ ਤੋਂ ਨਵੀਂ ਕਾਢ ਕੱਢ ਕੇ ਕਈ ਕੀਰਤੀਮਾਨ ਸਥਾਪਤ ਕੀਤੇ। ਇਕ ਵਿਦੇਸ਼ੀ ਡਾਕਟਰ ਜਾਨ ਰਿਸਟ ਨਾਲ ਮਿਲ ਕੇ ਅੱਖਾਂ 'ਚ ਪਾਉਣ ਵਾਲਾ ਲੈਂਸ ਬਣਾਇਆ, ਜਿਸ ਦਾ ਨਾਂ 'ਸਿੰਘ ਰਸਟ' ਰਖਿਆ ਜਿਹੜਾ ਅੱਜ ਵੀ ਚਿੱਟੇ ਮੋਤੀਏ ਦੇ ਆਪਰੇਸ਼ਨ ਵਿਚ ਵਰਤਿਆ ਜਾਂਦਾ ਹੈ। ਅਪਣੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ ਅੱਖ ਦਾ ਆਪਰੇਸ਼ਨ ਵੀ ਇਨ੍ਹਾਂ ਨੇ ਕੀਤਾ। ਅੱਖਾਂ ਦੇ ਇਸ ਮਾਹਰ ਡਾਕਟਰ ਨੇ ਵਿਦੇਸ਼ਾਂ ਵਿਚ ਅਤੇ ਅਪਣੇ ਮੁਲਕ ਵਿਚ ਵੀ ਅਪਣੇ ਦੇਸ਼, ਕੌਮ ਅਤੇ ਅਪਣੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਅਪਣੇ ਮੁਲਕ ਦੇ ਰਾਸ਼ਟਰਪਤੀ ਨੇ ਡਾ. ਦਲਜੀਤ ਸਿੰਘ ਜੀ ਨੂੰ 'ਪਦਮਸ੍ਰੀ' ਐਵਾਰਡ ਦੇ ਕੇ ਸਨਮਾਨਤ ਕੀਤਾ। ਅੱਖਾਂ ਦੇ ਮਾਹਰ ਡਾਕਟਰ ਹੋਣ ਦੇ ਨਾਲ ਨਾਲ ਉਹ ਸਾਹਿਤਕਾਰ ਵੀ ਸਨ। ਉਨ੍ਹਾਂ ਕਈ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਵਿਚ 'ਬਦੀ ਦੀ ਜੜ੍ਹ', 'ਦੂਜਾ ਪਾਸਾ', 'ਸੱਚ ਦੀ ਭਾਲ' ਪ੍ਰਮੁੱਖ ਹਨ। ਮੈਡੀਕਲ ਜਗਤ ਅਤੇ ਸਾਹਿਤ ਵਿਚ ਏਨਾ ਨਾਮ ਕਮਾ ਕੇ ਵੀ ਡਾ. ਦਲਜੀਤ ਸਿੰਘ ਨੇ ਹਉਮੈ ਨੂੰ ਅਪਣੇ ਨੇੜੇ ਨਾ ਆਉਣ ਦਿਤਾ। ਆਰਥਕ ਤੌਰ ਤੇ ਸਮਰੱਥ ਹੋਣ ਦੇ ਬਾਵਜੂਦ ਵੀ ਨਿਮਰਤਾ ਨਹੀਂ ਛੱਡੀ। ਹਰ ਆਮ-ਖ਼ਾਸ ਨਾਲ ਦੇਸ਼-ਪੰਜਾਬ ਅਤੇ ਸਮਾਜ ਬਾਰੇ ਵਿਚਾਰਾਂ ਕਰਨੀਆਂ ਇਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ।ਜਦੋਂ ਦੇਸ਼ ਵਿਚ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਤਾਂ ਹੋਰ ਦੇਸ਼ਵਾਸੀਆਂ ਵਾਂਗ ਪੰਜਾਬ ਵਾਸੀ ਵੀ ਘਪਲੇ-ਘੁਟਾਲੇ, ਪ੍ਰਵਾਰਵਾਦ ਨੂੰ ਵਧਾਉਣ ਵਾਲੇ, ਸਿਆਸਤ ਨੂੰ ਵਪਾਰ ਬਣਾਉਣ ਵਾਲੇ, ਨਸ਼ੇ ਵੇਚ ਵੇਚ ਕੇ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲੇ ਲੀਡਰਾਂ ਅਤੇ ਸਿਆਸੀ ਪਾਰਟੀਆਂ ਤੋਂ ਆਮ ਲੋਕ ਡਾਢੇ ਦੁਖੀ ਸਨ। ਪੰਜਾਬ ਵਿਚ 'ਆਪ' ਨੇ ਪੈਰ ਧਰਿਆ ਤਾਂ ਪੰਜਾਬੀਆਂ ਨੇ ਇਸ ਨੂੰ ਜੀ ਆਇਆਂ ਆਖਿਆ। ਸਿਆਸਤ ਵਿਚ ਬਦਲਾਅ ਲਿਆਉਣ ਲਈ ਵੀ.ਆਈ.ਪੀ. ਕਲਚਰ ਖ਼ਤਮ ਕਰ ਕੇ ਸਿੱਧਾ ਆਮ ਲੋਕਾਂ ਤਕ ਪਹੁੰਚ ਕੇ ਨਰੋਈ ਸਿਆਸਤ ਰਾਹੀਂ ਲੋਕਾਂ ਦੀ ਸੇਵਾ ਕਰਨ ਲਈ ਡਾ. ਦਲਜੀਤ ਸਿੰਘ ਜੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਪਹਿਲੀ ਵਾਰ ਅੰਮ੍ਰਿਤਸਰ ਦੇ ਦੌਰੇ ਤੇ ਆਏ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਰਾਤ ਉਨ੍ਹਾਂ ਦੇ ਘਰ ਠਹਿਰੇ ਸਨ। ਡਾ. ਦਲਜੀਤ ਸਿੰਘ ਨੇ ਇਨ੍ਹਾਂ ਨਾਲ ਪੰਜਾਬ ਬਾਰੇ ਖੁੱਲ੍ਹ ਕੇ ਵਿਚਾਰ ਕੀਤੇ। 2014 ਦੀਆਂ ਲੋਕ ਸਭਾ ਚੋਣਾਂ ਵਿਚ 'ਆਪ' ਨੇ ਡਾ. ਦਲਜੀਤ ਸਿੰਘ ਜੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟਿਕਟ ਦੇ ਕੇ ਪਾਰਟੀ ਉਮੀਦਵਾਰ ਬਣਾਇਆ। ਇਨ੍ਹਾਂ ਦਾ ਮੁਕਾਬਲਾ ਕੈਪਟਨ ਅਮਰਿੰਦਰ ਸਿੰਘ ਅਤੇ ਅਰੁਣ ਜੇਤਲੀ ਨਾਲ ਸੀ। ਹੁਣ ਜ਼ਰਾ ਡਾ. ਦਲਜੀਤ ਸਿੰਘ ਦੀ ਨਿਮਰਤਾ ਅਤੇ ਸਾਦਗੀ ਵੇਖੋ। ਜਿਸ ਦਿਨ ਇਨ੍ਹਾਂ ਨੇ ਕਚਹਿਰੀ ਵਿਚ ਅਪਣੇ ਨਾਮਜ਼ਦਗੀ ਕਾਗ਼ਜ਼ ਭਰਨ ਜਾਣਾ ਸੀ, ਇਨ੍ਹਾਂ ਦੀ ਕੋਠੀ ਦੇ ਬਾਹਰ ਵੱਡੇ ਪਾਰਕ ਵਿਚ ਬਹੁਤ ਸਾਰੇ ਪਾਰਟੀ ਵਰਕਰ, ਵਲੰਟੀਅਰ ਅਤੇ ਆਗੂ ਖੜੇ ਸਨ। ਬਹੁਤ ਸਾਰੀਆਂ ਗੱਡੀਆਂ ਵੀ ਮੌਜੂਦ ਸਨ। ਜਦੋਂ ਉਹ ਕੋਠੀ ਤੋਂ ਬਾਹਰ ਆਏ ਤਾਂ ਮੈਂ ਅਪਣਾ ਰਿਕਸ਼ਾ ਉਨ੍ਹਾਂ ਦੇ ਅੱਗੇ ਕਰ ਕੇ ਕਿਹਾ, ''ਡਾਕਟਰ ਸਾਬ੍ਹ ਆਪਾਂ ਸਾਰੇ ਆਮ ਆਦਮੀ ਹਾਂ ਤੇ ਆਮ ਹੀ ਬਣ ਕੇ ਚਲੀਏ। ਤੁਸੀ ਮੇਰੇ ਰਿਕਸ਼ੇ ਤੇ ਬੈਠੋ।'' ਉਹ ਉਸੇ ਵੇਲੇ ਮੇਰੇ ਰਿਕਸ਼ੇ ਤੇ ਬੈਠ ਗਏ। ਜਦੋਂ ਸਾਰੇ ਜਣੇ ਤੁਰਨ ਲੱਗੇ ਤਾਂ ਉਥੇ ਇਕੱਠੇ ਹੋਏ ਮੀਡੀਆ ਵਾਲਿਆਂ ਨੇ ਉਨ੍ਹਾਂ ਨੂੰ ਸਵਾਲ ਕੀਤਾ, ''ਡਾਕਟਰ ਸਾਬ੍ਹ, ਤੁਸੀ ਏਨੀਆਂ ਗੱਡੀਆਂ ਛੱਡ ਕੇ ਰਿਕਸ਼ੇ ਉਤੇ ਬੈਠ ਕੇ ਅਪਣੇ ਨਾਮਜ਼ਦਗੀ ਕਾਗ਼ਜ਼ ਭਰਨ ਚੱਲੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹੈ ਤੁਹਾਨੂੰ?''
ਡਾ. ਦਲਜੀਤ ਸਿੰਘ ਉਨ੍ਹਾਂ ਨੂੰ ਕਹਿੰਦੇ, ''ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਵੀ.ਆਈ.ਪੀ. ਕਲਚਰ ਤੋਂ ਦੂਰ। ਇਸੇ ਕਰ ਕੇ ਆਮ ਲੋਕਾਂ ਦੀ ਸਵਾਰੀ ਇਸ ਰਿਕਸ਼ੇ ਤੇ ਬੈਠ ਕੇ ਜਾ ਰਿਹਾਂ। ਵੈਸੇ ਵੀ ਜਦੋਂ ਮੈਡੀਕਲ ਕਾਲਜ ਵਿਚ ਪੜ੍ਹਾਉਂਦਾ ਹੁੰਦਾ ਸੀ ਤਾਂ ਸਾਈਕਲ ਉਤੇ ਹੀ ਜਾਂਦਾ-ਆਉਂਦਾ ਸੀ।'' ਬਾਬੇ ਨਾਨਕ ਦਾ ਵੀ ਇਹੋ ਸਿਧਾਂਤ ਹੈ ਕਿ 'ਨੀਚਾ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚ ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਓ ਕਿਆ ਰੀਸ ਜਿਥੈ ਨੀਚ ਸਮਾਲੀਅਨ ਉਥੈ ਨਦਰਿ ਤੇਰੀ ਬਖਸੀਸ।।'ਫਿਰ ਇਕ ਦਿਨ ਚੋਣ ਪ੍ਰਚਾਰ ਦੌਰਾਨ ਉਹ ਪਾਰਟੀ ਵਰਕਰਾਂ ਨਾਲ ਛੇਹਰਟਾ ਬਾਜ਼ਾਰ ਵਿਚ ਪੈਦਲ ਚੱਲ ਕੇ ਦਰ ਦਰ ਪ੍ਰਚਾਰ ਕਰਨ ਗਏ। ਮੈਂ ਵੀ ਪੈਦਲ ਇਨ੍ਹਾਂ ਨਾਲ ਸੀ। ਬਾਜ਼ਾਰ ਵਿਚ ਦੁਕਾਨਦਾਰਾਂ ਨੇ ਬੜੀ ਗਰਮਜੋਸ਼ੀ ਨਾਲ ਇਨ੍ਹਾਂ ਦਾ ਸਵਾਗਤ ਕੀਤਾ। ਇਕੱਲੇ ਇਕੱਲੇ ਦੁਕਾਨਦਾਰ ਨੂੰ ਇਹ ਮਿਲੇ। ਰੇਲਵੇ ਫਾਟਕ ਕੋਲ ਸਾਰੇ ਜਣੇ ਕੁੱਝ ਚਿਰ ਲਈ ਰੁਕੇ ਹੋਏ ਸਨ। ਮੈਂ ਪਾਸੇ ਹੋ ਕੇ ਇਨ੍ਹਾਂ ਦੀ ਭਣੇਈ ਡਾ. ਹਰਸ਼ਿੰਦਰ ਕੌਰ ਨੂੰ ਫ਼ੋਨ ਕੀਤਾ ਅਤੇ ਡਾ. ਦਲਜੀਤ ਸਿੰਘ ਦੇ ਚੋਣ ਪ੍ਰਚਾਰ ਬਾਰੇ ਦਸਿਆ। ਜਦੋਂ ਮੈਂ ਫ਼ੋਨ ਤੇ ਇਨ੍ਹਾਂ ਨਾਲ ਗੱਲ ਕਰ ਰਿਹਾ ਸੀ ਤਾਂ ਪਾਰਟੀ ਵਰਕਰ ਉੱਚੀ ਉੱਚੀ ਇਹੀ ਨਾਹਰੇ ਲਾਉਣ ਲੱਗ ਪਏ ਕਿ 'ਬਾਹਰ ਵਾਲੇ ਭਜਾ ਦਿਉ, ਸ਼ਹਿਰ ਵਾਲਾ ਜਿਤਾ ਦਿਉ।' ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਅਤੇ ਅਰੁਣ ਜੇਤਲੀ ਦਿੱਲੀ ਤੋਂ ਚੋਣ ਲੜਨ ਆਏ ਸਨ ਪਰ ਡਾ. ਦਲਜੀਤ ਸਿੰਘ ਅੰਮ੍ਰਿਤਸਰ ਦੇ ਵਸਨੀਕ ਸਨ। ਫ਼ੋਨ ਵਿਚ ਇਹ ਨਾਹਰੇ ਸੁਣ ਕੇ ਡਾ. ਹਰਸ਼ਿੰਦਰ ਕੌਰ ਖਿੜ-ਖਿੜਾ ਕੇ ਹੱਸ ਪਈ ਤੇ ਕਹਿੰਦੀ, ''ਸ਼ਾਬਾਸ਼ ਬੇਟਾ ਜੀ, ਲੱਗੇ ਰਹੋ। ਆਲ ਦਾ ਬੈਸਟ।''
ਜਦੋਂ ਬਾਜ਼ਾਰ ਵਿਚੋਂ ਲੰਘ ਰਹੇ ਸੀ ਤਾਂ ਉਨ੍ਹਾਂ ਕੋਲੋਂ ਕੋਈ ਰਿਕਸ਼ੇ ਵਾਲਾ ਜਾਂ ਰੇਹੜੀ ਵਾਲਾ ਲੰਘਦਾ ਸੀ ਤਾਂ ਉਸ ਨੂੰ ਰੋਕ ਕੇ ਉਸ ਦਾ ਹਾਲ-ਚਾਲ ਪੁਛਦੇ ਜਦਕਿ ਦੂਜੀਆਂ ਸਿਆਸੀ ਪਾਰਟੀਆਂ ਵਾਲੇ ਇਹੋ ਜਿਹੇ ਗ਼ਰੀਬ ਕਿਰਤੀ ਕਾਮਿਆਂ ਨੂੰ ਲਾਗੇ ਨਹੀਂ ਆਉਣ ਦੇਂਦੇ ਸਨ। ਰਾਹ ਵਿਚ ਤੁਰੇ ਜਾਂਦਿਆਂ ਉਨ੍ਹਾਂ ਦਾ ਧਿਆਨ ਫ਼ੁਟਪਾਥ ਉਤੇ ਬੈਠ ਕੇ ਜੁੱਤੀਆਂ-ਜੋੜੇ ਗੰਢਣ ਵਾਲੇ ਇਕ ਗ਼ਰੀਬ ਕਿਰਤੀ ਵਲ ਪਿਆ ਤਾਂ ਉਸ ਕੋਲ ਰੁਕ ਕੇ ਉਸ ਦੀ ਸੁੱਖ-ਸਾਂਦ ਪੁੱਛੀ ਅਤੇ ਫਿਰ ਉਸ ਦੇ ਗਲ ਵਿਚ ਫੁੱਲਾਂ ਦਾ ਹਾਰ ਪਾ ਕੇ ਉਸ ਨੂੰ ਅਪਣੇ ਗਲ ਨਾਲ ਲਾ ਲਿਆ। ਏਨੇ ਮਸ਼ਹੂਰ ਡਾਕਟਰ ਨੂੰ ਅਪਣੇ ਸਾਹਮਣੇ ਵੇਖ ਕੇ ਅਤੇ ਉਨ੍ਹਾਂ ਕੋਲੋਂ ਏਨਾ ਪਿਆਰ ਸਤਿਕਾਰ ਮਿਲਣ ਤੇ ਉਸ ਗ਼ਰੀਬ ਕਿਰਤੀ ਦੀਆਂ ਅੱਖਾਂ ਭਰ ਗਈਆਂ ਅਤੇ ਉਹ ਵੈਰਾਗਮਈ ਹੋ ਗਿਆ। ਹੱਥ ਜੋੜ ਕੇ ਕਹਿੰਦਾ, ''ਮੇਰੀ ਸਾਰੀ ਉਮਰ ਲੰਘ ਚੱਲੀ ਏ, ਕਈ ਪਾਰਟੀਆਂ ਦੇ ਲੀਡਰ ਆਏ ਅਤੇ ਗਏ ਪਰ ਤੁਹਾਡੇ ਵਰਗਾ ਪਿਆਰ ਸਤਿਕਾਰ ਕਦੇ ਕਿਸੇ ਨੇ ਨਹੀਂ ਦਿਤਾ।''
ਜਦੋਂ ਚੋਣਾਂ ਹੋਈਆਂ ਤਾਂ ਡਾ. ਦਲਜੀਤ ਸਿੰਘ ਨੂੰ ਇਕ ਲੱਖ ਦੇ ਕਰੀਬ ਵੋਟਾਂ ਪਈਆਂ ਪਰ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਹੋਈ। ਬਾਅਦ ਵਿਚ ਨਾ ਅੰਮ੍ਰਿਤਸਰ ਆਇਆ ਅਤੇ ਨਾ ਹੀ ਸੰਸਦ ਵਿਚ ਕੋਈ ਮੁੱਦਾ ਚੁਕਿਆ ਅਤੇ ਹਾਜ਼ਰੀ ਵੀ ਲੋਕ ਸਭਾ 'ਚ ਸੱਭ ਤੋਂ ਘੱਟ ਲਵਾਈ। ਬਾਅਦ ਵਿਚ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਛੱਡ ਗਿਆ। ਕੁੱਝ ਚਿਰ ਬਾਅਦ ਡਾ. ਦਲਜੀਤ ਸਿੰਘ ਦੇ 'ਆਪ' ਵਾਲਿਆਂ ਨਾਲ ਮਤਭੇਦ ਹੋ ਗਏ ਅਤੇ ਇਨ੍ਹਾਂ ਨੇ ਪਾਰਟੀ ਛੱਡ ਦਿਤੀ। ਫਿਰ ਉਹ ਪਹਿਲਾਂ ਵਾਂਗ ਹੀ ਡਾਕਟਰੀ ਰਾਹੀਂ ਲੋਕ ਸੇਵਾ ਵਿਚ ਜੁਟ ਗਏ। ਹੋਰ ਕਈ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਨ ਤੋਂ ਇਲਾਵਾ ਪਿੰਗਲਵਾੜੇ ਦੇ ਬੇਸਹਾਰਾ ਮਰੀਜ਼ਾਂ ਦੀਆਂ ਅੱਖਾਂ ਵੀ ਬਣਾਈਆਂ। ਇਨ੍ਹਾਂ ਦੇ ਕਮਰੇ ਵਿਚ ਅਤੇ ਪਿੰਗਲਵਾੜੇ ਵਿਚ ਵੀ ਭਗਤ ਪੂਰਨ ਸਿੰਘ ਜੀ ਨਾਲ ਕੋਈ ਵਿਚਾਰ ਕਰਦਿਆਂ ਦੀ ਤਸਵੀਰ ਲੱਗੀ ਹੋਈ ਹੈ।
ਇਕ ਵਾਰ ਮਾਲ ਰੋਡ ਉਤੇ ਇਕ ਅੱਖਾਂ ਵਾਲੇ ਹਸਪਤਾਲ ਦੇ ਬਾਹਰ ਇਕ ਗ਼ਰੀਬ ਕਸ਼ਮੀਰੀ ਪ੍ਰਵਾਰ ਮਿਲਿਆ, ਜਿਹੜਾ ਕਿ ਬਹੁਤ ਨਿਰਾਸ਼ ਹੋਇਆ ਪਿਆ ਸੀ। ਦੁਖੀ ਹੋਏ ਉਸ ਪ੍ਰਵਾਰ ਦਾ ਮੁਖੀ ਮੈਨੂੰ ਕਹਿੰਦਾ, ''ਸਰਦਾਰ ਜੀ, ਹਮੇਂ ਸਟੇਸ਼ਨ ਪਰ ਛੋੜ ਆਉ। ਬੜੀ ਉਮੀਦ ਲੇ ਕਰ ਆਏ ਥੇ ਯਹਾਂ ਪਰ, ਨਿਰਾਸ਼ ਹੋਕਰ ਵਾਪਸ ਜਾ ਰਹੇ ਹੈਂ।'' ਮੈਂ ਉਸ ਨੂੰ ਨਿਰਾਸ਼ਾ ਦਾ ਕਾਰਨ ਪੁਛਿਆ ਤਾਂ ਉਹ ਅਪਣੀ ਜਵਾਨ ਧੀ ਵਲ ਹੱਥ ਕਰ ਕੇ ਕਹਿੰਦਾ, ''ਮੇਰੀ ਇਸ ਬੱਚੀ ਕੀ ਆਂਖ ਖ਼ਰਾਬ ਹੈ। ਯੇ ਹਸਪਤਾਲ ਵਾਲੇ ਬਹੁਤ ਪੈਸੇ ਮਾਂਗਤੇ ਹੈਂ ਪਰ ਹਮਾਰੇ ਪਾਸ ਇਤਨੇ ਪੈਸੇ ਨਹੀਂ ਹੈਂ। ਇਸ ਲੀਏ ਹਮ ਵਾਪਸ ਜਾ ਰਹੇ ਹੈਂ। ਬੜੀ ਆਸ ਲੇਕਰ ਆਏ ਥੇ ਅੰਮ੍ਰਿਤਸਰ ਮੇਂ।'' ਉਸ ਦੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਹੌਸਲਾ ਦਿਤਾ। ਫਿਰ ਮੈਂ ਡਾਕਟਰ ਦਲਜੀਤ ਸਿੰਘ ਜੀ ਨੂੰ ਫ਼ੋਨ ਕੀਤਾ ਅਤੇ ਸਾਰੀ ਗੱਲ ਦੱਸੀ। ਉਹ ਮੈਨੂੰ ਕਹਿੰਦੇ, ''ਰਾਜਬੀਰ ਤੂੰ ਇਨ੍ਹਾਂ ਨੂੰ ਸ਼ੇਰਾਂ ਵਾਲੇ ਗੇਟ ਲੈ ਕੇ ਆ ਜਾ ਤੇ ਹਸਪਤਾਲ ਪਹੁੰਚ ਕੇ ਸਿੱਧਾ ਮੇਰੇ ਕੋ ਆ ਜਾਈਂ।'' ਮੈਂ ਉਨ੍ਹਾਂ ਨੂੰ ਅਪਣੇ ਰਿਕਸ਼ੇ ਉਤੇ ਬਿਠਾ ਕੇ ਹਸਪਤਾਲ ਪਹੁੰਚ ਗਿਆ। ਡਾ. ਦਲਜੀਤ ਸਿੰਘ ਨੇ ਕੁੜੀ ਦੀ ਅੱਖ ਚੈੱਕ ਕਰ ਕੇ ਅਗਲੇ ਦਿਨ ਬਿਨਾਂ ਪੈਸੇ ਲਏ ਉਸ ਦੀਆਂ ਅੱਖ ਦਾ ਆਪਰੇਸ਼ਨ ਕਰ ਦਿਤਾ। ਕੁੱਝ ਦਿਨਾਂ ਬਾਅਦ ਉਹ ਗ਼ਰੀਬ ਕਸ਼ਮੀਰੀ ਪ੍ਰਵਾਰ ਖ਼ੁਸ਼ੀ ਖ਼ੁਸ਼ੀ ਅਪਣੀ ਧੀ ਨੂੰ ਰਾਜ਼ੀ ਖ਼ੁਸ਼ੀ ਅਪਣੇ ਘਰ ਕਸ਼ਮੀਰ ਲੈ ਕੇ ਪਰਤੇ। ਮੈਂ ਅਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਪਰਉਪਕਾਰ ਦੀ ਇਸ ਮੂਰਤ ਨਾਲ ਮੇਰੇ ਵੀ ਬਹੁਤ ਨਿੱਘੇ ਸਬੰਧ ਸਨ।
5 ਮਾਰਚ, 2017 ਨੂੰ ਵਿਰਸਾ ਵਿਹਾਰ ਵਿਖੇ ਦੂਰੋਂ-ਨੇੜਿਉਂ ਆਏ ਬਹੁਤ ਸਾਰੇ ਪਾਠਕਾਂ-ਲੇਖਕਾਂ ਅਤੇ ਮੀਡੀਆ ਵਾਲਿਆਂ ਦੀ ਹਾਜ਼ਰੀ ਵਿਚ ਜਾਂਬਾਜ਼, ਇਮਾਨਦਾਰ ਆਈ.ਪੀ.ਐਸ. ਅਫ਼ਸਰ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ. ਨਾਲ ਮਿਲ ਕੇ ਮੇਰੀ ਲਿਖੀ ਹੋਈ ਕਿਤਾਬ 'ਰਿਕਸ਼ੇ 'ਤੇ ਚਲਦੀ ਜ਼ਿੰਦਗੀ' ਨੂੰ ਡਾ. ਦਲਜੀਤ ਸਿੰਘ ਜੀ ਨੇ ਅਪਣੇ ਮੁਬਾਰਕ ਹੱਥਾਂ ਨਾਲ ਰਿਲੀਜ਼ ਕਰ ਕੇ ਮੇਰੇ ਵਰਗੇ ਇਕ ਆਮ ਜਿਹੇ ਰਿਕਸ਼ਾ ਚਲਾਉਣ ਵਾਲੇ ਨਿਮਾਣੇ ਨੂੰ ਮਾਣ ਬਖ਼ਸ਼ਿਆ। 23.11.20177 ਨੂੰ ਇਸ ਦਰਵੇਸ਼ ਡਾਕਟਰ ਨਾਲ ਮੇਰੀ ਆਖ਼ਰੀ ਮੁਲਾਕਾਤ ਉਨ੍ਹਾਂ ਦੀ ਕੋਠੀ ਵਿਚ ਹੋਈ। ਇਕ ਗ਼ਰੀਬ ਲੋੜਵੰਦ ਆਦਮੀ ਦੀ ਅੱਖ ਬਣਵਾਉਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਇਕ ਪਰਚੀ ਲਿਖ ਕੇ ਦਿਤੀ ਅਤੇ ਹਸਪਤਾਲ ਜਾ ਕੇ ਡਾਕਟਰ ਕਿਰਨਜੀਤ ਨੂੰ ਮਿਲਣ ਲਈ ਆਖਿਆ। ਇਨ੍ਹਾਂ ਦੀ ਲਿਖੀ ਹੋਈ ਉਹ ਪਰਚੀ ਮੈਂ ਨਿਸ਼ਾਨੀ ਵਜੋਂ ਸਾਂਭ ਕੇ ਰੱਖੀ ਹੋਈ ਹੈ। ਡਾ. ਦਲਜੀਤ ਸਿੰਘ ਨੇ ਜੀਵਨ ਦੇ ਆਖ਼ਰੀ ਪਲਾਂ ਤਕ ਵੀ ਪੰਜਾਬ ਦਾ ਦਰਦ ਅਪਣੇ ਮਨ 'ਚ ਵਸਾਈ ਰਖਿਆ। ਪੰਜਾਬ ਦੇ ਗ਼ਰੀਬ ਕਰਜ਼ਾਈ ਕਿਸਾਨ ਅਤੇ ਮਜ਼ਦੂਰ ਆਰਥਕ ਤੰਗੀ ਕਰ ਕੇ ਖ਼ੁਦਕੁਸ਼ੀਆਂ ਕਰੀ ਜਾ ਰਹੀ ਹਨ। ਕੁਰਸੀਆਂ ਦੇ ਭੁੱਖੇ ਲੀਡਰ ਇਨ੍ਹਾਂ ਖ਼ੁਦਕੁਸ਼ੀਆਂ ਉਤੇ ਸਿਰਫ਼ ਅਤੇ ਸਿਰਫ਼ ਸਿਆਸਤ ਕਰ ਰਹੇ ਹਨ, ਹੋਰ ਕੁੱਝ ਨਹੀਂ। ਡਾ. ਹਰਸ਼ਿੰਦਰ ਕੌਰ ਜੀ ਦੇ ਦੱਸਣ ਮੁਤਾਬਕ ਡਾ. ਦਲਜੀਤ ਸਿੰਘ ਜੀ ਪੰਜਾਬ ਅਤੇ ਪੰਜਾਬੀਆਂ ਉਤੇ ਲੱਗ ਰਹੇ ਇਸ ਖ਼ੁਦਕੁਸ਼ੀਆਂ ਵਾਲੇ ਕਲੰਕ ਤੋਂ ਕਾਫ਼ੀ ਚਿੰਤਤ ਸਨ। ਉਨ੍ਹਾਂ ਕੋਲ ਖ਼ੁਦਕੁਸ਼ੀਆਂ ਰੋਕਣ ਦਾ ਅਤੇ ਕਰਜ਼ੇ ਘਟਾਉਣ ਦਾ ਹੱਲ ਸੀ ਅਤੇ ਇਸ ਕੰਮ ਲਈ ਉਹ ਪੈਸਾ ਖ਼ਰਚਣ ਨੂੰ ਵੀ ਤਿਆਰ ਸਨ। ਲੋਕਾਂ ਦੀਆਂ ਅੱਖਾਂ ਰੌਸ਼ਨ ਕਰਨ ਵਾਲਾ ਇਹ ਪਰਉਪਕਾਰੀ ਡਾਕਟਰ ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦਾ ਜੀਵਨ ਵੀ ਰੁਸ਼ਨਾਉਣਾ ਚਾਹੁੰਦਾ ਸੀ। ਪਰ ਕੁਦਰਤ ਸਾਜਣ ਵਾਲੇ ਉਸ ਕਾਦਰ ਨੇ ਉਨ੍ਹਾਂ ਨੂੰ ਹੋਰ ਸਮਾਂ ਨਾ ਦਿਤਾ ਅਤੇ ਉਹ ਦਰਵੇਸ਼ ਡਾਕਟਰ ਪੰਜਾਬੀਆਂ ਦਾ ਦਰਦ ਅਪਣੇ ਸੀਨੇ 'ਚ ਸਮਾ ਕੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ।
ਅੱਖਾਂ ਤੋਂ ਉਹਲੇ ਹੋ ਗਿਆ ਅੱਖਾਂ ਦਾ ਤਾਰਾ।
ਮਾਤਾ ਆਗਿਆ ਕੌਰ ਅਤੇ
ਪ੍ਰੋ. ਸਾਹਿਬ ਸਿੰਘ ਦਾ ਰਾਜ ਦੁਲਾਰਾ।
ਲੋੜਵੰਦ ਗ਼ਰੀਬਾਂ ਦਾ ਬਣਦਾ ਸੀ ਉਹ ਸਹਾਰਾ।
ਉਸ ਬਿਨ ਸੁੰਨਾ ਜਾਪਦਾ ਹੁਣ ਸ਼ਹਿਰ ਹੈ ਸਾਰਾ।
ਅੱਖਾਂ ਤੋਂ ਉਹਲੇ ਹੋ ਗਿਆ ਅੱਖਾਂ ਦਾ ਤਾਰਾ।