
1947 ਬਾਰੇ 'ਅੱਜ ਆਖਾਂ ਵਾਰਸ ਸ਼ਾਹ ਨੂੰ ਉਠ ਕਬਰਾਂ ਵਿਚੋਂ ਬੋਲ' ਲਿਖਣ ਵਾਲੀ ਅੰਮ੍ਰਿਤਾ ਨੂੰ 1984 ਦਾ ਕੁੱਝ ਵੀ ਲਿਖਣ ਜੋਗਾ ਨਜ਼ਰ ਨਾ ਆਇਆ ਹਾਲਾਂਕਿ ਇਹ ਸਾਰਾ ਕੁੱਝ ਉਸ ਦੀ ਨੱਕ ਹੇਠ ਦਿੱਲੀ ਵਿਚ ਵੀ ਹੋਇਆ ਸੀ। ਸੱਚੇ ਲੇਖਕ ਅਫ਼ਜ਼ਲ ਅਹਿਸਾਨ ਨੂੰ ਪਾਕਿਸਤਾਨ ਵਿਚ ਬੈਠਿਆਂ ਵੀ ਉਹ ਸੱਭ ਨਜ਼ਰੀਂ ਪੈ ਗਿਆ ਤੇ ਉਸ ਨੇ ਉਹ ਵੈਣ ਵਾਏ ਜੋ ਹਮੇਸ਼ਾ ਲਈ ਉਸ ਨੂੰ ਅਮਰ ਕਰ ਗਏ...
ਅਮ੍ਰਿਤਾ ਪ੍ਰੀਤਮ ਅਤੇ ਅਫ਼ਜ਼ਲ ਅਹਿਸਾਨ ਰੰਧਾਵਾ ਸਾਹਿਤ ਦੇ ਦੋ ਮੰਨੇ-ਪ੍ਰਮੰਨੇ ਨਾਂ। ਦੋਵੇਂ ਅਣਵੰਡੇ ਪੰਜਾਬ ਦੇ ਜੰਮੇ ਹੋਏ। ਦੋਹਾਂ ਨੇ 1947 ਦੀ ਵੰਡ ਦਾ ਦਰਦ ਝਲਿਆ। ਦੋਹਾਂ ਨੇ ਹੈਵਾਨੀਅਤ ਦੇ ਉਹ ਮੰਜ਼ਰ ਅੱਖੀਂ ਵੇਖੇ। ਲਾਸ਼ਾਂ ਦੇ ਢੇਰ, ਥੇਹ ਹੋਏ ਪਿੰਡ, ਵੀਰਾਨ ਹੋਏ ਸ਼ਹਿਰ, ਸਹਿਕ ਸਹਿਕ ਦਮ ਤੋੜਦੀ ਜ਼ਿੰਦਗੀ ਦੇ ਦਰਸ਼ਨ ਦੋਹਾਂ ਨੇ ਕੀਤੇ। ਦੋਹਾਂ ਦੇ ਦਿਲ 'ਚ ਪੰਜਾਬ ਦੀ ਵੰਡ ਦਾ ਦਰਦ। ਅੰਮ੍ਰਿਤਾ ਪ੍ਰੀਤਮ ਦੀ ਉਮਰ ਵੰਡ ਵੇਲੇ 28 ਸਾਲ ਸੀ ਅਤੇ ਰੰਧਾਵਾ ਦੀ 10 ਸਾਲ ਦੀ। ਪਰ 10 ਸਾਲ ਦੇ ਬੱਚੇ ਨੂੰ ਇਹੋ ਜਿਹੇ ਡਰਾਉਣੇ ਮੰਜ਼ਰ ਕਿਥੇ ਭੁੱਲਿਆ ਕਰਦੇ ਹਨ ਜਦੋਂ ਮੌਤ ਹਰ ਪਲ ਖਹਿ ਖਹਿ ਕੇ ਕੋਲ ਦੀ ਲੰਘ ਰਹੀ ਹੋਵੇ? ਦੋਹਾਂ ਨੇ ਦੋ ਸ਼ਾਹਕਾਰ ਰਚਨਾਵਾਂ ਪਾਠਕਾਂ ਨੂੰ ਦਿਤੀਆਂ। ਅੰਮ੍ਰਿਤਾ ਪ੍ਰੀਤਮ ਨੇ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਅਤੇ ਰੰਧਾਵਾ ਨੇ 'ਨਵਾਂ ਘੱਲੂਘਾਰਾ'।
ਸੰਖੇਪ ਵਿਚ ਅਮ੍ਰਿਤਾ ਪ੍ਰੀਤਮ ਦਾ ਜਨਮ 1919 ਵਿਚ ਅਣਵੰਡੇ ਪੰਜਾਬ ਦੇ ਮੰਡੀ ਬਹਾਉਦੀਨ ਵਿਚ ਹੋਇਆ ਜੋ ਕਿ ਅੱਜਕਲ੍ਹ ਪਾਕਿਸਤਾਨ ਵਿਚ ਹੈ। 1936 ਵਿਚ ਅਮ੍ਰਿਤਾ ਪ੍ਰੀਤਮ ਨੇ ਲਿਖਣਾ ਸ਼ੁਰੂ ਕੀਤਾ। 1947 ਦੇ ਉਜਾੜੇ ਵੇਲੇ ਉਹ ਇਧਰ ਭਾਰਤ ਆ ਗਈ ਅਤੇ 2005 ਵਿਚ ਦੁਨੀਆਂ ਤੋਂ ਰੁਖ਼ਸਤ ਹੋ ਗਈ। ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ 1 ਸਤੰਬਰ 1937 ਨੂੰ ਹੁਸਨਪੁਰਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। 10 ਸਾਲ ਉਨ੍ਹਾਂ ਨੇ ਅਣਵੰਡੇ ਪੰਜਾਬ 'ਚ ਮੌਜਾਂ ਮਾਣੀਆਂ ਅਤੇ 1947 ਦੇ ਉਜਾੜੇ ਵੇਲੇ ਉਨ੍ਹਾਂ ਨੂੰ ਅੰਮ੍ਰਿਤਸਰ ਦਾ ਮੁਕੱਦਸ ਸਥਾਨ ਛੱਡ ਕੇ ਨਨਕਾਣਾ ਸਾਹਿਬ ਦੀ ਧਰਤੀ ਪਾਕਿਸਤਾਨ ਜਾਣਾ ਪਿਆ।
ਬਾਪੂਆਂ, ਚਾਚਿਆਂ ਦੇ ਵਾਅਦੇ ਵਫ਼ਾ ਨਾ ਹੋਏ ਜੋ ਕਹਿੰਦੇ ਸੀ ਕਿ ਵੰਡ ਸਾਡੀ ਲਾਸ਼ ਤੇ ਹੋਵੇਗੀ। ਵੰਡ ਹੋਈ ਪਰ ਸਿਰਫ਼ ਪੰਜਾਬ ਦੀ ਜਾਂ ਕਹਿ ਲਉ ਜਾਣਬੁੱਝ ਕੇ ਕੀਤੀ ਗਈ, ਪੰਜਾਬ ਨੂੰ ਕਮਜ਼ੋਰ ਕਰ ਕੇ ਮਾਰਨ ਵਾਸਤੇ। ਰੰਧਾਵਾ ਜੀ ਨੇ ਕਿੰਨੇ ਵਾਰ ਇਹ ਗੱਲ ਇੰਟਰਵਿਉ 'ਚ ਕਹੀ ਸੀ ਕਿ ਵੰਡ ਜੇ ਜ਼ਰੂਰੀ ਸੀ ਤਾਂ ਸਿਰਫ਼ ਪੰਜਾਬ ਦੀ ਵੰਡ ਕਿਉਂ? ਇਕੱਲਾ ਪੰਜਾਬ ਕਿਉਂ ਬਲੀ ਦਾ ਬਕਰਾ ਬਣਾਇਆ ਗਿਆ? ਜਵਾਬ ਕਿਸੇ ਕੋਲ ਨਾ ਸੀ, ਨਾ ਹੈ ਅਤੇ ਨਾ ਹੋਵੇਗਾ।
ਦੋਹਾਂ ਨੇ ਸਾਂਝਾ ਪੰਜਾਬ ਵੇਖਿਆ। ਹਿੰਦੂ, ਸਿੱਖ, ਮੁਸਲਿਮ ਦਾ ਭਾਈਚਾਰਾ ਵੇਖਿਆ। ਯਾਰੀਆਂ, ਸੇਪੀਆਂ, ਸਹੇਲਪੁਣੇ ਵੇਖੇ। ਅੰਤ ਹਾਕਮਾਂ ਦਾ ਭਾਣਾ ਮੰਨ ਕੇ (ਮਾਫ਼ ਕਰਨਾ ਰੱਬ ਦਾ ਨਹੀਂ ਹਾਕਮਾਂ ਦਾ) ਦੋਹਾਂ ਨੂੰ ਅਪਣੀ ਜੰਮਣ ਭੋਇੰ ਛਡਣੀ ਪਈ। ਰੰਧਾਵਾ ਜੀ ਉਸ ਪਾਰ ਚਲੇ ਗਏ ਅਤੇ ਅਮ੍ਰਿਤਾ ਪ੍ਰੀਤਮ ਇਸ ਪਾਰ ਆ ਗਏ। ਦੋਹਾਂ ਦੀ ਕਲਮ ਚਲਦੀ ਰਹੀ। ਸ਼ਾਹਕਾਰ ਸਿਰਜੇ ਗਏ। ਪਰ ਅਮ੍ਰਿਤਾ ਪ੍ਰੀਤਮ ਸਿਰਫ਼ 1947 ਦੀ ਵੰਡ ਬਾਰੇ ਲਿਖਣ, ਬੋਲਣ ਅਤੇ ਮਹਿਸੂਸ ਕਰਨ ਤਕ ਸੀਮਤ ਰਹਿ ਗਈ। ਉਸ ਤੋਂ ਬਾਅਦ ਝੁੱਲੇ ਝੱਖੜਾਂ ਤੋਂ ਬਿਲਕੁਲ ਬੇਖ਼ਬਰ। ਪੰਜਾਬੀ ਸੂਬੇ ਦਾ ਮੋਰਚਾ, ਦਰਬਾਰ ਸਾਹਿਬ ਉਤੇ ਹਮਲਾ, ਅਕਾਲ ਤਖ਼ਤ ਢਹਿਢੇਰੀ, ਪੂਰੇ ਭਾਰਤ 'ਚ ਸਿੱਖਾਂ ਦਾ ਕਤਲੇਆਮ। ਅਮ੍ਰਿਤਾ ਪ੍ਰੀਤਮ ਦੇ ਸਾਹਮਣੇ ਸੱਭ ਕੁੱਝ ਹੋਇਆ। ਸਾਹਮਣੇ ਅਕਾਲ ਤਖ਼ਤ ਢਹਿ ਢੇਰੀ, ਸਾਹਮਣੇ ਸਿੱਖ ਬੀਬੀਆਂ ਦੇ ਬਲਾਤਕਾਰ, ਸਾਹਮਣੇ ਸਿੱਖ ਕੁੜੀਆਂ ਨੂੰ ਨੰਗਿਆਂ ਕਰ ਕੇ ਜਲੂਸ, ਸਾਹਮਣੇ ਨਿਹੱਥੇ ਸਿੱਖਾਂ ਉਤੇ ਜ਼ੁਲਮ, ਗਲਾਂ 'ਚ ਟਾਇਰ ਪਾ ਕੇ ਅੱਗਾਂ। ਅਮ੍ਰਿਤਾ ਪ੍ਰੀਤਮ ਜੀ ਖ਼ਾਮੋਸ਼, ਉਨ੍ਹਾਂ ਦੀ ਕਲਮ ਵੀ ਖ਼ਾਮੋਸ਼। ਕਲਮ ਨੇ ਇਹ ਜ਼ੁਲਮ ਲਿਖਣ ਦਾ ਹੀਆਂ ਨਾ ਕੀਤਾ। 1947 ਦੀ ਵੰਡ ਤੇ 'ਹਾਏ ਵਾਰਿਸ ਆ ਜਾ' ਦੀ ਦੁਹਾਈ ਪਾਉਣ ਵਾਲੀ ਬੀਬੀ ਅਪਣੀ ਕੌਮ ਨਾਲ ਹੋਏ ਜ਼ੁਲਮ ਲਈ ਇਕ ਅੱਖਰ ਤਕ ਨਾ ਲਿਖ ਸਕੀ। ਭਾਰਤੀ ਹਕੂਮਤ ਦੇ ਦਿਤੇ ਹੋਏ ਅਵਾਰਡ ਜਿਥੇ ਭਗਤ ਪੂਰਨ ਸਿੰਘ, ਖੁਸ਼ਵੰਤ ਸਿੰਘ ਹਿਸਟੋਰੀਅਨ ਆਦਿ ਨੇ ਵਾਪਸ ਕਰ ਦਿਤੇ, ਉਥੇ ਅਮ੍ਰਿਤਾ ਪ੍ਰੀਤਮ ਨੇ ਘੁੱਟ ਕੇ ਹਿਕ ਨਾਲ ਲਾ ਲਏ ਕਿ ਕਿਤੇ ਕੋਈ ਧੱਕੇ ਨਾਲ ਨਾ ਲੈ ਜਾਵੇ। ਐਨਾ ਪੱਥਰ ਦਿਲ? ਸ਼ੱਕ ਹੁੰਦਾ ਹੈ ਕਿ ਜਦੋਂ 1947 ਦੀ ਵੰਡ ਤੇ ਉਹ ਲਿਖ ਰਹੀ ਸੀ, ਉਹ ਵੀ ਅੰਦਰੋਂ ਉਠੀ ਚੀਸ ਸੀ ਜਾਂ ਸਿਰਫ਼ ਕਲਮ ਘਸਾਉਣ ਦਾ ਚਸਕਾ? ਜੇ ਚੀਸ ਅੰਦਰੋਂ ਉੱਠੀ ਹੁੰਦੀ ਤਾਂ ਇਕ ਅੱਖਰ ਤਾਂ 1984 ਦੇ ਘੱਲੂਘਾਰਿਆਂ ਬਾਰੇ ਵੀ ਲਿਖਿਆ ਹੁੰਦਾ। ਇਸ ਤੋਂ ਉਲਟ ਰੰਧਾਵਾ ਜੀ ਜਿਥੇ ਵੰਡ ਬਾਰੇ ਲਿਖਦੇ ਰਹੇ, ਬੋਲਦੇ ਰਹੇ, ਉਥੇ ਉਨ੍ਹਾਂ ਨੇ 1984 ਦੇ ਹਮਲੇ ਬਾਰੇ ਇਕ ਮਹਾਨ ਸ਼ਾਹਕਾਰ ਰਚਨਾ ਸਿੱਖ ਕੌਮ ਦੇ ਦਰਦ ਤੇ ਜਾਂ ਕਹਿ ਲਉ ਅਪਣੇ ਦਰਦ ਤੇ ਲਿਖੀ। 'ਨਵਾਂ ਘੱਲੂਘਾਰਾ' ਨਾਂ ਦੀ ਕਵਿਤਾ ਦੇ ਪਹਿਰੇ ਅਸੀ ਅਕਸਰ ਕਿਸੇ ਰਸਾਲੇ, ਅਖ਼ਬਾਰ ਜਾਂ ਪੋਸਟਰਾਂ 'ਚ ਪੜ੍ਹਦੇ ਰਹਿੰਦੇ ਹਾਂ ਪਰ ਇਸ ਦੇ ਅਸਲੀ ਲੇਖਕ ਦਾ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ। ਹੁਣ ਸਵਾਲ ਇਹ ਉਠਦਾ ਹੈ ਕਿ ਜਿਹੜਾ ਆਦਮੀ 37 ਸਾਲ ਪਹਿਲਾਂ ਇਹ ਮੁਲਕ ਛੱਡ ਕੇ ਇਥੋਂ ਚਲਾ ਗਿਆ, ਉਸ ਨੂੰ ਤਾਂ ਇਥੇ ਹੋਈ ਬਰਬਾਦੀ ਵਤਨ ਤੋਂ ਪਾਰ ਬੈਠੇ ਨੂੰ ਹਲੂਣ ਗਈ ਅਤੇ ਅੰਮ੍ਰਿਤਾ ਪ੍ਰੀਤਮ ਜੀ ਇਥੇ ਬੈਠੇ ਰਹੇ, ਵੇਖਦੇ ਰਹੇ, ਮਾਣਦੇ ਰਹੇ। 2005 ਤਕ ਜਿਉਂਦੇ ਰਹੇ। ਪਰ ਇਕ ਅੱਖਰ ਲਿਖਣ ਦੀ ਖੇਚਲ ਨਾ ਕੀਤੀ। ਕੀ ਕਰੀਏ ਇਹੋ ਜਿਹੀਆਂ ਕਲਮਾਂ ਦਾ ਜੋ ਇਨਸਾਨੀਅਤ ਤੇ ਹੋਏ ਜ਼ੁਲਮਾਂ ਨੂੰ ਬਿਆਨ ਨਹੀਂ ਕਰ ਸਕਦੀਆਂ? ਇਹ ਜ਼ੁਲਮ ਤਾਂ ਉਸ ਦੀ ਅਪਣੀ ਕੌਮ ਤੇ ਹੋਇਆ ਸੀ। ਸਿਗਰਟਾਂ ਦੇ ਧੂੰਏਂ 'ਚ ਗੁਆਚੀ ਅੰਮ੍ਰਿਤਾ ਨੂੰ ਦਰਬਾਰ ਸਾਹਿਬ ਉਤੇ ਤੋਪਾਂ ਅਤੇ ਟੈਂਕਾਂ ਦੇ ਗੋਲਿਆਂ ਨਾਲ ਉਠਦੇ ਧੂੰਏਂ ਦੀ ਸੁਧ ਬੁਧ ਕਿਥੇ ਰਹਿਣੀ ਸੀ। ਅੰਦਰੋਂ ਖ਼ਤਮ ਹੋਏ ਅਜਿਹੇ ਅਗਾਂਹਵਧੂ ਕਹਾਉਣ ਵਾਲੇ ਸਾਹਿਤਕਾਰ ਅਸਲ 'ਚ ਕੌਮ ਵਾਸਤੇ ਪਿਛਾਂਹ ਖਿੱਚੂ ਹੀ ਸਾਬਤ ਹੋਏ ਹਨ। ਕੌਮ ਦਾ ਬੇੜਾ ਗ਼ਰਕ ਕਰਨ 'ਚ ਸੱਭ ਤੋਂ ਵੱਧ ਯੋਗਦਾਨ ਅਸਲ 'ਚ ਸਾਡੇ ਮਹਾਨ ਕਹਾਉਣ ਵਾਲੇ ਵਾਲੇ ਸਾਹਿਤਕਾਰਾਂ ਦਾ ਹੀ ਰਿਹਾ ਹੈ ਜੋ ਅਜਿਹੇ ਘੱਲੂਘਾਰਿਆਂ ਸਮੇਂ ਵੀ ਜ਼ਾਲਮ ਹਕੂਮਤਾਂ ਦੀ ਖ਼ਿਦਮਤ 'ਚ ਖੜੇ ਰਹੇ।
ਚੜ੍ਹਦੇ ਪੰਜਾਬ ਦੇ ਸੰਤ ਰਾਮ ਉਦਾਸੀ, ਜਸਵੰਤ ਸਿੰਘ ਕੰਵਲ, ਅਜੀਤ ਕੌਰ, ਸੰਤ ਸਿੰਘ ਸੇਖੋਂ ਆਦਿ ਇੱਕਾ-ਦੁੱਕਾ ਲੇਖਕਾਂ ਨੂੰ ਛੱਡ ਕੇ ਸਾਰੇ ਲੇਖਕ ਜਾਂ ਤਾਂ ਸਰਕਾਰਪੱਖੀ ਹੋ ਨਿਬੜੇ ਜਾਂ ਖ਼ਾਮੋਸ਼ ਰਹਿ ਕੇ ਸਰਕਾਰਾਂ ਵਾਸਤੇ ਹੀ ਸਹਾਈ ਹੋਏ। ਅੰਦਰੋਂ ਖ਼ਾਲੀ, ਖ਼ਤਮ, ਸਵਾਹ ਦੀ ਢੇਰੀ। ਨਹੀਂ ਤਾਂ ਚੁਕਦੇ ਕਲਮਾਂ ਤੇ ਲਿਖਦੇ ਅਜਿਹੀਆਂ ਸ਼ਾਹਕਾਰ ਰਚਨਾਵਾਂ ਕਿ ਰਹਿੰਦੀ ਦੁਨੀਆਂ ਤਕ ਸਿੱਖ ਜਵਾਨੀ ਦਾ ਖ਼ੂਨ ਖੌਲਦਾ ਰਹਿੰਦਾ। ਪਰ ਇਹ ਤਾਂ ਖ਼ੂਨ ਤੋਂ ਪਾਣੀ ਬਣਾਉਣ ਵਾਲੇ ਠੇਕੇਦਾਰ ਸਨ। ਫਿਰ ਇਨ੍ਹਾਂ ਤੋਂ ਅਜਿਹੀ ਆਸ ਕਿਵੇਂ ਕਰੀਏ?
ਰੰਧਾਵਾ ਜੀ ਨੂੰ ਵਤਨ ਤੋਂ ਪਾਰ ਇਹ ਖ਼ਬਰ ਪਹੁੰਚੀ। ਦਿਲ ਵਲੂੰਧਰਿਆ ਗਿਆ, ਜ਼ਾਰ ਜ਼ਾਰ ਧਾਹਾਂ ਮਾਰ ਕੇ ਰੋਏ। ਬਚਪਨ ਦਾ ਉਹ ਮੰਜ਼ਰ ਯਾਦ ਆਇਆ, ਚੁੱਕੀ ਕਲਮ ਤੇ ਲਿਖ ਮਾਰੀ ਉਹ ਸ਼ਾਹਕਾਰ ਰਚਨਾ ਜੋ ਰਹਿੰਦੀ ਦੁਨੀਆਂ ਤਕ ਉਨ੍ਹਾਂ ਦਾ ਨਾਂ ਅਮਰ ਕਰ ਗਈ। ਉਹ ਵਡਿਆਈ ਉਨ੍ਹਾਂ ਦੇ ਹਿੱਸੇ ਆਈ ਜੋ ਚੜ੍ਹਦੇ ਪੰਜਾਬ ਦੇ ਕਿਸੇ ਵੀ ਲੇਖਕ ਦੀ ਤਕਦੀਰ ਵਿਚ ਨਹੀਂ ਸੀ।
ਮੇਰੇ ਬੁਰਜ ਮੁਨਾਰੇ ਢਾਹ ਦਿਤੇ,
ਢਾਹ ਦਿਤਾ ਤਖ਼ਤ ਅਕਾਲ,
ਮੇਰਾ ਸੋਨੇ ਰੰਗਾ ਰੰਗ ਅੱਜ,
ਮੇਰੇ ਲਹੂ ਨਾਲ ਲਾਲੋ ਲਾਲ,
ਮੇਰੀਆਂ ਖੋਲ੍ਹੀਆਂ ਟੈਂਕਾਂ ਮੀਢੀਆਂ,
ਮੇਰੀ ਲੂਹੀ ਬੱਬਾ ਗੁੱਤ,
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ,
ਭੁੰਨ ਸੁੱਟੇ ਮੇਰੇ ਪੁੱਤ।
ਆਹ! ਦਰਦਾਂ ਦਾ ਦਰਿਆ ਵਗਾ ਦਿਤਾ ਰੰਧਾਵਾ ਜੀ ਨੇ। ਉਹ ਮੰਜ਼ਰ ਜੋ ਸਿਰਫ਼ ਸੰਤ ਜਰਨੈਲ ਸਿੰਘ ਵਰਗੇ ਯੋਧੇ ਉਸ ਜੰਗ 'ਚ ਸਾਹਮਣੇ ਵੇਖ ਰਹੇ ਸਨ, ਉਹ ਮੰਜ਼ਰ ਵਤਨ ਤੋਂ ਪਾਰ ਬੈਠੇ ਰੰਧਾਵਾ ਜੀ ਇਨ-ਬਿਨ ਵੇਖ ਰਹੇ ਸਨ। ਏਨਾ ਪ੍ਰੇਮ, ਏਨਾ ਅਟੁੱਟ ਯਕੀਨ ਅਤੇ ਏਨਾ ਮੋਹ ਅਪਣੀ ਜੰਮਣ ਭੋਇੰ ਨਾਲ, ਸਾਈਂ ਮੀਆਂ ਮੀਰ ਦੀ ਰੱਖੀ ਨੀਂਹ ਨਾਲ, ਸ਼ੇਖ਼ ਫ਼ਰੀਦ ਦੇ ਘਰ ਨਾਲ, ਪੀਰ ਬੁੱਧੂ ਸ਼ਾਹ ਦੀ ਫ਼ਕੀਰੀ ਨਾਲ। ਅਫ਼ਜ਼ਲ ਅਹਿਸਾਨ ਰੰਧਾਵਾ, ਜੋ ਵਤਨੋਂ ਪਾਰ ਬੈਠਾ ਸੱਭ ਮਹਿਸੂਸ ਕਰ ਰਿਹਾ ਸੀ, ਉਹ ਇਥੇ ਪੰਜਾਬ, ਦਿੱਲੀ, ਚੰਡੀਗੜ੍ਹ ਅਤੇ ਮੁੰਬਈ ਆਦਿ ਮਹਾਨਗਰਾਂ 'ਚ ਬੈਠੇ ਅਖੌਤੀ ਸਾਹਿਤਕਾਰ, ਆਪੂੰ ਬਣੇ ਲਿਖਾਰੀ ਕਿਉਂ ਨਾ ਮਹਿਸੂਸ ਕਰ ਸਕੇ? ਕੋਈ ਇਕ ਵੀ ਨਾਵਲ, ਇਕ ਵੀ ਕਵਿਤਾ, ਇਕ ਵੀ ਨਾਟਕ ਜਾਂ ਇਕ ਵੀ ਕਹਾਣੀ ਇਸ 'ਨਵੇਂ ਘੱਲੂਘਾਰੇ' ਦੇ ਹਾਣ ਦੀ ਲਿਖੀ ਹੋਈ ਮੈਨੂੰ ਵਿਖਾਉ। ਹਾਂ, ਸੰਤ ਰਾਮ ਉਦਾਸੀ ਜੀ ਨੇ ਕਾਫ਼ੀ ਕੁੱਝ ਲਿਖਿਆ। ਪਰ ਉਸ ਮਹਾਨ ਕਵੀ ਨੂੰ ਤਾਂ ਇਹ ਅਖੌਤੀ ਮਹਾਨ ਸਾਹਿਤਕਾਰਾਂ 'ਚੋਂ ਜ਼ਿਆਦਾਤਰ ਕਵੀ ਹੀ ਨਹੀਂ ਮੰਨਦੇ। ਪਤਾ ਹੈ ਕਿਉਂ? ਕਿਉਂਕਿ ਉਸ ਨੇ ਵੀ ਇਹ ਦਰਦ ਦਿਲੋਂ ਮਹਿਸੂਸ ਕੀਤਾ ਸੀ ਤੇ ਲਿਖ ਮਾਰਿਆ ਸੀ ਕਿ:
ਇਸ ਕੱਚੀ ਗੜ੍ਹੀ ਚਮਕੌਰ ਦੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀ ਝੁਕਾ ਦਿਆਂਗੇ,
ਝੋਰਾ ਕਰੀਂ ਨਾਂ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਬਹੁਤੇ ਅਗਾਂਹਵਧੂ ਲੇਖਕ ਅਤੇ ਅਖੌਤੀ ਕਾਮਰੇਡ ਲਾਣਾ ਸੰਤ ਰਾਮ ਉਦਾਸੀ ਤੇ ਇਸੇ ਗੱਲੋਂ ਲੋਹਾ ਲਾਖਾ ਸੀ ਕਿ ਉਹ ਦਰਬਾਰ ਸਾਹਿਬ ਤੇ ਹਮਲੇ ਦਾ ਦਰਦ ਕਿਉਂ ਬਿਆਨ ਕਰਦਾ ਹੈ, ਸਾਡੇ ਵਾਂਗ ਘੇਸਲ ਕਿਉਂ ਨਹੀਂ ਵਟਦਾ? ਅੰਮ੍ਰਿਤਾ ਪ੍ਰੀਤਮ ਜੀ ਨੇ ਬੜਾ ਵਧੀਆ ਲਿਖਿਆ:
'ਧਰਤੀ ਤੇ ਲਹੂ ਵਗਿਆ, ਕਬਰਾਂ ਪਈਆਂ ਰੋਣ,
ਪ੍ਰੀਤ ਦੀਆਂ ਸ਼ਹਿਜ਼ਾਦੀਆਂ, ਅੱਜ ਵਿਚ ਮਜ਼ਾਰਾਂ ਰੋਣ,
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ,
ਅੱਜ ਕਿਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਇਕ ਹੋਰ।
ਆਹ! ਕਿੰਨਾ ਦਰਦ ਮਹਿਸੂਸ ਹੁੰਦਾ ਹੈ ਅੰਮ੍ਰਿਤਾ ਪ੍ਰੀਤਮ ਦੀ ਇਸ ਕਵਿਤਾ ਵਿਚ। ਕਿਵੇਂ ਹਾਕਾਂ ਮਾਰ ਰਹੀ ਹੈ ਵਿਚਾਰੀ ਵਾਰਿਸ ਸ਼ਾਹ ਨੂੰ, ਜੋ ਸਦੀਆਂ ਪਹਿਲਾਂ ਜਹਾਨ ਤੋਂ ਕੂਚ ਕਰ ਗਿਆ ਸੀ। ਪਰ ਜੋ ਤੁਹਾਡੇ ਸਾਹਮਣੇ ਹੋਇਆ ਵਰਤਿਆ ਉਸ ਬਾਰੇ ਇਕ ਅੱਖਰ ਤਕ ਨਾ ਲਿਖ ਸਕੇ। ਤੁਸੀ ਉਸ ਯੋਧੇ ਨੂੰ ਕਦੇ ਆਵਾਜ਼ ਨਾ ਮਾਰੀ। ਬੜੀਆਂ ਧੀਆਂ ਰੁਲੀਆਂ, ਰੰਡੀਆਂ ਹੋਈਆਂ, ਮਾਰੀਆਂ ਗਈਆਂ ਲਹੂ ਮਿੱਝ ਦਾ ਘਾਣ ਬਣ ਗਿਆ, ਪਰ ਹੁਣ ਤੁਸੀ ਕਿਸੇ ਨੂੰ ਅਵਾਜ਼ ਨਾ ਮਾਰੀ। ਤੁਹਾਡੇ ਸਾਹਮਣੇ ਵਰਤੇ ਭਾਣੇ, ਉਸ ਯੋਧੇ ਬਾਬਤ ਰੰਧਾਵਾ ਜੀ ਦੀ ਕਲਮ ਨੇ ਲਿਖਿਆ ਕਿ:
'ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ,
ਉਸ ਮੌਤ ਵਿਆਹੀ ਹੱਸ ਕੇ,
ਉਹਦੇ ਦਿਲ ਤੇ ਰਤਾ ਨਾ ਮੈਲ,
ਪਰ ਕੋਈ ਨਾ ਉਹਨੂੰ ਬਹੁੜਿਆ,
ਉਹਨੂੰ ਵੈਰੀਆਂ ਮਾਰਿਆ ਘੇਰ,
ਉਂਝ ਡੱਕੇ ਰਹਿ ਗਏ ਘਰਾਂ ਵਿਚ,
ਮੇਰੇ ਲੱਖਾਂ ਪੁੱਤਰ ਸ਼ੇਰ।
ਹੁਣ ਫ਼ਰਕ ਵੇਖੋ ਕਿ ਅੰਮ੍ਰਿਤਾ ਪ੍ਰੀਤਮ ਉਸ ਨੂੰ ਤਾਂ ਹਾਕਾਂ ਮਾਰ ਰਹੀ ਹੈ ਜਿਸ ਨੂੰ ਉਸ ਨੇ ਵੇਖਿਆ ਨਹੀਂ, ਪਰਖਿਆ ਨਹੀਂ, ਟੋਲਿਆ ਨਹੀਂ, ਸਿਰਫ਼ ਲਿਖਤ ਪੜ੍ਹੀ ਹੈ। ਪਰ ਜੋ ਅੱਖਾਂ ਸਾਹਮਣੇ ਭਾਣਾ ਵਰਤਿਆ ਉਸ ਬਾਰੇ ਅਮ੍ਰਿਤਾ ਪ੍ਰੀਤਮ ਦੀ ਕਲਮ ਗੁੰਗੀ ਹੋ ਗਈ ਹੈ। ਰੰਧਾਵਾ ਜੀ ਨੂੰ ਜੇ ਵਤਨ ਤੋਂ ਪਾਰ ਬੈਠਿਆਂ ਨੂੰ ਸੰਤ ਭਿੰਡਰਾਂਵਾਲੇ ਦੇ ਜਰਨੈਲ ਹੋਣ ਦਾ ਪਤਾ ਹੈ, ਉਸ ਦੇ ਇਕੱਲੇ ਵੈਰੀਆਂ ਵਿਚਕਾਰ ਘਿਰ ਜਾਣ ਦਾ ਪਤਾ ਹੈ, ਉਸ ਨੂੰ ਘੇਰ ਕੇ ਸ਼ਹੀਦ ਕਰ ਦੇਣ ਦਾ ਪਤਾ ਹੈ, ਅਕਾਲ ਤਖ਼ਤ ਦੇ ਢਹਿਢੇਰੀ ਹੋ ਜਾਣ ਦਾ ਪਤਾ ਹੈ, ਹਜ਼ਾਰਾਂ ਸਿੰਘਾਂ-ਸਿੰਘਣੀਆਂ ਦੀ ਸ਼ਹਾਦਤ ਦਾ ਪਤਾ ਹੈ ਤਾਂ ਅੰਮ੍ਰਿਤਾ ਪ੍ਰੀਤਮ ਨੂੰ ਇਥੇ ਬੈਠੀ ਨੂੰ ਇਸ ਵਰਤਾਰੇ ਦਾ ਕਿਉਂ ਨਹੀਂ ਪਤਾ? ਪਤਾ ਸੀ। ਸੱਭ ਕੁੱਝ ਪਤਾ ਸੀ ਪਰ ਅੰਮ੍ਰਿਤਾ ਪ੍ਰੀਤਮ ਅਤੇ ਉਸ ਵਰਗੇ ਹੋਰ ਅਖੌਤੀ ਅਗਾਂਹਵਧੂ ਸਾਹਿਤਕਾਰ ਚੁਪਚਾਪ ਵੇਖਦੇ ਰਹੇ, ਮਾਣਦੇ ਰਹੇ ਅਤੇ ਸਿਵਿਆਂ ਵਰਗੀ ਚੁੱਪ ਹੋ ਜਾਣ ਦੀ ਉਡੀਕ ਕਰਦੇ ਰਹੇ। 1947 ਦੀ ਵੰਡ ਦੀ ਦਰਦ ਬਿਆਨੀ ਸਦਕਾ ਅਮ੍ਰਿਤਾ ਪ੍ਰੀਤਮ ਨੂੰ ਕਾਫ਼ੀ ਨਾਮਣਾ, ਇਨਾਮ ਅਤੇ ਸ਼ੋਹਰਤ ਮਿਲੀ ਸੀ। ਸੋ ਸ਼ਾਇਦ ਹੁਣ ਉਹ ਬੋਲ ਕੇ ਸਰਕਾਰਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਪਰ ਅਜਿਹੀ ਚੁੱਪ ਮਹਾਨ ਲੇਖਕ ਦਾ ਅਕਸ ਵਿਗਾੜ ਦਿੰਦੀ ਹੈ। ਉਸ ਦੀ ਕਲਮ ਤੇ ਸਵਾਲੀਆ ਚਿੰਨ੍ਹ ਲਾ ਦਿੰਦੀ ਹੈ। ਉਸ ਦੀ ਕਲਮ ਦਾ ਦਰਦ ਵੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ ਕਿ 1947 ਦਾ ਕਹਿਰ ਦਰਦ, ਸੰਤਾਪ, ਨਾ ਭੁੱਲਣਯੋਗ ਅਤੇ 1984 ਦਾ ਕਹਿਰ ਕੁੱਝ ਵੀ ਨਹੀਂ। ਦਰਦ ਤਾਂ ਦੋਵੇਂ ਸਮੇਂ ਬਰਾਬਰ ਮਹਿਸੂਸ ਹੋਣਾ ਚਾਹੀਦਾ ਸੀ। ਜੋ ਇਕ ਵਕਤ ਨਹੀਂ ਹੋਇਆ, ਕੋਈ ਤਾਂ ਰਾਜ਼ ਹੋਵੇਗਾ। ਅੰਮ੍ਰਿਤਾ ਵਾਰਿਸ ਸ਼ਾਹ ਨੂੰ ਪੁਕਾਰਦੀ ਹੋਈ ਕਹਿੰਦੀ ਹੈ ਕਿ:
'ਵੇ ਦਰਦਮੰਦਾ ਦਿਆ ਦਰਦੀਆ,
ਉਠ ਤੱਕ ਅਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ,
ਤੇ ਲਹੂ ਦੀ ਭਰੀ ਚਨਾਬ।'
ਬਿਲਕੁਲ ਸੱਚ ਕਿਹਾ ਮਹੁਤਰਮਾ ਨੇ। ਕਿੰਨਾ ਵੱਡਾ ਘੱਲੂਘਾਰਾ, ਕਿੰਨੇ ਕਤਲ, ਕਿੰਨੀਆਂ ਲੁੱਟਾਂ-ਖੋਹਾਂ ਅਤੇ ਖ਼ੂਨ ਦੀਆਂ ਨਦੀਆਂ। ਸੱਭ ਕੁੱਝ ਸਹੀ, ਕਿਤੇ ਕੋਈ ਅਤਿਕਥਨੀ ਨਹੀਂ। ਪਰ ਇਹ ਸੱਭ ਤਾਂ ਹਰ ਪਿੰਡ, ਹਰ ਗਲੀ, ਹਰ ਸ਼ਹਿਰ, ਹਰ ਮੁਹੱਲੇ, ਹਰ ਕਸਬੇ ਵਿਚ ਹੋਇਆ ਸੀ। ਉਂਜ ਭਾਵੇਂ ਕਈ ਧਾਰਮਕ ਸਥਾਨ ਵੀ ਇਸ ਦੀ ਭੇਂਟ ਚੜ੍ਹ ਗਏ ਪਰ ਫਿਰ ਵੀ ਸਿੱਖਾਂ ਦਾ ਸੱਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ 1947 'ਚ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ।