ਆਰ.ਐਸ.ਐਸ ਨਾਲ ਅੰਨ੍ਹਾ ਮੋਹ ਅਕਾਲੀ ਦਲ ਨੂੰ ਤਬਾਹ ਕਰ ਦੇਵੇਗਾ
Published : Oct 29, 2017, 9:22 pm IST
Updated : Oct 29, 2017, 4:47 pm IST
SHARE ARTICLE

ਆਜ਼ਾਦੀ ਤੋਂ ਪਹਿਲਾਂ ਜਿਥੇ ਆਰੀਆ ਸਮਾਜ ਹਿੰਦੂਆਂ ਦੀ ਗੱਲ ਕਰਦਾ ਸੀ, ਉਥੇ ਮੁਸਲਿਮਲੀਗ ਮੁਸਲਮਾਨਾਂ ਦੇ ਹਿਤਾਂ ਦੀ ਗੱਲ ਕਰ ਰਹੀ ਸੀ। ਸਿੱਖਾਂ ਕੋਲ ਉਸ ਵੇਲੇ ਕੋਈ ਇਹੋ ਜਹੀ ਸਿੱਖ ਜਥੇਬੰਦੀ ਨਹੀਂ ਸੀ ਜਿਹੜੀ ਸਿੱਖਾਂ ਦੀ ਗੱਲ ਕਰਦੀ। ਉਸ ਵੇਲੇ ਦੇ ਸਿਆਣੇ ਸਿੱਖਾਂ ਨੇ ਸੰਨ 1920 ਵਿਚ ਇਕ ਅਕਾਲੀ ਦਲ ਨਾਂ ਦੀ ਜਥੇਬੰਦੀ ਬਣਾਈ ਜਿਸ ਦੇ ਪਹਿਲੇ ਪ੍ਰਧਾਨ ਸਰਦਾਰ ਸੁਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਸੀ ਸਿੱਖ ਹਿਤਾਂ ਦੀ ਰਾਖੀ ਕਰਨਾ, ਸਿੱਖੀ ਦੇ ਬੋਲ ਬਾਲੇ ਵਾਸਤੇ ਕੰਮ ਕਰਨਾ ਤੇ ਸਿੱਖੀ ਦਾ ਪ੍ਰਚਾਰ ਕਰਨਾ। ਇਸ ਜਥੇਬੰਦੀ ਦਾ ਮੈਂਬਰ ਸਾਬਤ ਸੂਰਤ ਸਿੱਖ ਹੀ ਬਣ ਸਕਦਾ ਸੀ। ਅਕਾਲੀ ਦਲ ਦੇ ਮੈਂਬਰ ਸਾਬਤ ਸੂਰਤ ਹੋਣ ਕਰ ਕੇ ਲੋਕ ਉਨ੍ਹਾਂ ਨੂੰ ਜਥੇਦਾਰ ਜੀ ਕਹਿ ਕੇ ਬੁਲਾਉਂਦੇ।

ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਅਕਾਲੀ ਦਲ ਨੇ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹਿਤਾਂ ਲਈ ਕਈ ਮੋਰਚੇ ਲਗਾਏ ਅਤੇ ਉਨ੍ਹਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜਿਵੇਂ ਜਿਵੇਂ ਸਮਾਂ ਬਦਲਿਆ ਅਕਾਲੀ ਦਲ ਵਿਚ ਬਦਲਾਅ ਆਉਂਦਾ ਗਿਆ। ਹੌਲੀ-ਹੌਲੀ ਅਕਾਲੀ ਦਲ ਦਾ ਧਰਮ ਵਲ ਝੁਕਾਅ ਘਟਦਾ ਗਿਆ ਅਤੇ ਸਿਆਸਤ ਵਲ ਵਧਦਾ ਗਿਆ। ਅੱਜ ਹਾਲਾਤ ਇਹ ਹਨ ਕਿ ਅਕਾਲੀ ਦਲ ਧਰਮ ਨੂੰ ਸਿਆਸਤ ਉਤੋਂ ਕੁਰਬਾਨ ਕਰ ਰਿਹਾ ਹੈ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਦੇ ਹਰ ਵਰਕਰ ਦਾ ਇਹ ਨਾਹਰਾ ਸੀ 'ਸਿਰ ਜਾਂਦੈ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ' ਪਰ ਅੱਜ ਅਕਾਲੀ ਦਲ ਦੇ ਵਰਕਰਾਂ ਦਾ ਨਾਹਰਾ ਬਦਲ ਗਿਆ ਹੈ ਅਤੇ ਉਹ ਇਹ ਕਹਿਣ ਲੱਗ ਪਿਆ ਹੈ ਕਿ 'ਧਰਮ ਜਾਂਦੈ ਤਾਂ ਜਾਵੇ, ਮੇਰੀ ਕੁਰਸੀ ਕਿਤੇ ਨਾ ਜਾਵੇ।' ਅੱਜ ਅਕਾਲੀ ਦਲ ਦੇ ਲੀਡਰਾਂ ਦਾ ਇਕੋ ਇਕ ਨਾਹਰਾ ਕਿਸੇ ਤਰੀਕੇ ਨਾਲ ਵੀ ਕੁਰਸੀ ਪ੍ਰਾਪਤ ਕਰਨਾ ਹੈ।

ਅੱਜ ਅਕਾਲੀ ਦਲ ਉਨ੍ਹਾਂ ਲੀਡਰਾਂ ਦੇ ਹੱਥ ਵਿਚ ਹੈ ਜਿਹੜੇ ਧਰਮ ਨੂੰ ਕੁਰਬਾਨ ਕਰ ਕੇ ਅਪਣੀ ਕੁਰਸੀ ਪੱਕੀ ਕਰਨ ਵਿਚ ਲੱਗੇ ਹੋਏ ਹਨ। ਕਈ ਸਾਲ ਹੋਏ ਅਕਾਲੀ ਦਲ ਦੇ ਪ੍ਰਧਾਨ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸਿੱਖਾਂ ਦੀ ਧਾਰਮਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਰ.ਐਸ.ਐਸ ਆਗੂਆਂ ਸਾਹਮਣੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਇਕ ਕਮਰੇ ਵਿਚ ਪੇਸ਼ ਕੀਤਾ ਗਿਆ ਸੀ। ਅੱਜ ਇਹ ਗੱਲ ਜੱਗ ਜ਼ਾਹਰ ਹੈ ਕਿ ਸਿੱਖ ਤਖ਼ਤਾਂ ਤੇ ਬੈਠੇ ਜਥੇਦਾਰ (ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਛੱਡ ਕੇ) ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਇਸ਼ਾਰਿਆਂ ਤੇ ਕਠਪੁਤਲੀ ਦੀ ਤਰ੍ਹਾਂ ਨਚਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਨਾਂਹ ਕੀਤੀ ਤਾਂ ਉਨ੍ਹਾਂ ਨੂੰ ਘਰ ਦਾ ਰਾਹ ਵਿਖਾ ਦਿਤਾ ਜਾਵੇਗਾ। ਜਥੇਦਾਰ ਸਾਹਬ ਵਲੋਂ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ।

ਇਸ ਵਿਚ ਆਰ.ਐਸ.ਐਸ ਨੂੰ ਸਿੱਖ ਵਿਰੋਧੀ ਕਰਾਰ ਦਿਤਾ ਗਿਆ ਸੀ ਤੇ ਸਿੱਖਾਂ ਨੂੰ ਕਿਹਾ ਗਿਆ ਸੀ ਕਿ ਸਿੱਖ ਆਰ.ਐਸ.ਐਸ ਨਾਲ ਕਿਸੇ ਕਿਸਮ ਨਾਲ ਸਬੰਧ ਨਾ ਰੱਖਣ ਜਿਸ ਨੂੰ ਵਾਪਸ ਕਰਾਉਣ ਲਈ ਭਾਜਪਾ ਵਲੋਂ ਅਕਾਲੀ ਦਲ ਤੇ ਭਾਰੀ ਦਬਾਅ ਪਾਇਆ ਜਾ ਰਿਹਾ ਸੀ, ਜਿਸ ਨੂੰ ਮੁੱਖ ਰੱਖ ਕੇ ਹੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਇਕ ਗੁਪਤ ਮੀਟਿੰਗ ਕਰਵਾਈ ਗਈ।

ਜਿਸ ਤਰ੍ਹਾਂ ਸਰਕਾਰਾਂ ਆਮ ਕਰਦੀਆਂ ਹਨ, ਜਦੋਂ ਕਿਸੇ ਲਹਿਰ ਨੂੰ ਖ਼ਤਮ ਕਰਨਾ ਹੋਵੇ ਜਾਂ ਕਿਸੇ ਸੰਸਥਾ ਨੂੰ ਫ਼ੇਲ੍ਹ ਕਰਾਉਣਾ ਹੋਵੇ ਤਾਂ ਸਰਕਾਰਾਂ ਇਨ੍ਹਾ ਸੰਸਥਾਵਾਂ ਵਿਚ ਅਪਣੇ ਬੰਦੇ ਭੇਜ ਦਿੰਦੀਆਂ ਹਨ। ਇਸੇ ਤਰ੍ਹਾਂ ਭਾਜਪਾ ਨੇ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਅਪਣੀ ਇਕ ਵਖਰੀ ਹੀ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਸੰਸਥਾ ਖੋਲ੍ਹ ਰਖੀ ਹੈ ਜਿਸ ਦਾ ਕੰਮ ਸਿਰਫ਼ ਅਪਣੇ ਬੰਦੇ ਸਿੱਖੀ ਸਰੂਪ ਵਿਚ ਘੁਸਪੈਠ ਕਰਵਾ ਕੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣਾ ਹੈ।

ਕੀ ਉਹ ਭਾਜਪਾ ਹੀ ਨਹੀਂ ਸੀ ਜਿਸ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੇ ਫ਼ੌਜ ਵਲੋਂ ਹਮਲਾ ਕੀਤਾ ਗਿਆ ਸੀ ਤਾਂ ਇਸ ਦੇ ਨੇਤਾਵਾਂ ਨੇ ਲੱਡੂ ਵੰਡੇ ਸਨ ਅਤੇ ਇਹ ਕਿਹਾ ਸੀ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ? ਕੀ ਇਹ ਉਹੀ ਭਾਜਪਾ ਪਾਰਟੀ ਨਹੀਂ ਜਿਸ ਦੇ ਨੇਤਾਵਾਂ ਨੇ ਇੰਦਰਾ ਗਾਂਧੀ ਨੂੰ ਚੰਡੀਮਾਤਾ ਦਾ ਖ਼ਿਤਾਬ ਦਿਤਾ ਸੀ? ਫਿਰ ਅਸੀ ਇਹ ਕਿਸ ਤਰ੍ਹਾਂ ਸੋਚ ਸਕਦੇ ਹਾਂ ਕਿ ਉਸ ਦੁਆਰਾ ਸਥਾਪਤ ਕੀਤੀ ਗਈ ਸੰਸਥਾ ਸਿੱਖਾਂ ਦੀ ਚੜ੍ਹਦੀਕਲਾ ਲਈ ਕੰਮ ਕਰੇਗੀ?

ਜੇਕਰ ਅਸੀ ਇਤਿਹਾਸ ਤੇ ਝਾਤੀ ਮਾਰੀਏ ਤਾਂ ਸਾਨੂੰ ਸਾਫ਼ ਪਤਾ ਲਗਦਾ ਹੈ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਡੋਗਰੇ ਨੇਤਾਵਾਂ ਨੂੰ ਏਨੀ ਮਹੱਤਤਾ ਨਾ ਦੇਂਦਾ ਜਿੰਨੀ ਉਸ ਨੇ ਦੇ ਰੱਖੀ ਸੀ ਤਾਂ ਕਦੇ ਵੀ ਸਿੱਖ ਰਾਜ ਖ਼ਤਮ ਨਾ ਹੁੰਦਾ। ਸਿੱਖ ਨੇਤਾਵਾਂ ਦਾ ਇਹ ਕਿਰਦਾਰ ਰਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਦੂਜਿਆਂ ਨੂੰ ਵੱਧ ਮਹੱਤਤਾ ਦਿਤੀ ਅਤੇ ਅਪਣਿਆਂ ਨੂੰ ਹਮੇਸ਼ਾ ਨਕਾਰਿਆ। ਅੱਜ ਦੇ ਅਕਾਲੀ ਨੇਤਾ ਵੀ ਭਾਜਪਾ ਨੂੰ ਖ਼ੁਸ਼ ਕਰਨ ਲਈ ਸਿੱਖ ਧਰਮ ਦੀਆਂ ਰਹੁ ਰੀਤਾਂ ਨੂੰ ਖ਼ਤਮ ਕਰਨ ਤੇ ਤੁਲੇ ਹੋਏ ਲਗਦੇ ਹਨ ਜਿਸ ਤੋਂ ਉਤਸ਼ਾਹਤ ਹੋ ਕੇ ਭਾਜਪਾ ਦੇ ਆਗੂ ਕਹਿਣ ਲੱਗ ਪਏ ਹਨ ਕਿ ਆਉਣ ਵਾਲੀਆਂ ਗੁਰਦਵਾਰਾ ਚੋਣਾਂ ਵਿਚ ਆਰ.ਐਸ.ਐਸ ਵੀ ਸੀਟਾਂ ਦੀ ਮੰਗ ਕਰੇਗੀ, ਜਦੋਂ ਕਿ ਹਾਲ ਇਹ ਹੈ ਕਿ ਪਿੰਡਾਂ ਵਿਚ ਤਾਂ ਪਹਿਲਾਂ ਹੀ ਭਾਜਪਾ ਨੂੰ ਕੋਈ ਨਹੀਂ ਪੁਛਦਾ ਅਤੇ ਹੁਣ ਸ਼ਹਿਰਾਂ ਵਿਚ ਵੀ ਇਸ ਦੀ ਸਾਖ ਘਟਦੀ ਜਾ ਰਹੀ ਹੈ।

ਅਸਲ ਵਿਚ ਭਾਜਪਾ ਨੂੰ ਇਸ ਕਰ ਕੇ ਨਹੀਂ ਖ਼ੁਸ਼ ਕੀਤਾ ਜਾ ਰਿਹਾ ਕਿ ਅਕਾਲੀ ਦਲ ਨੂੰ ਪੰਜਾਬ ਵਿਚ ਕੋਈ ਖ਼ਤਰਾ ਹੈ ਸਗੋਂ ਇਸ ਕਰ ਕੇ ਖ਼ੁਸ਼ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਹੈ ਤਾਕਿ ਅਪਣੇ ਪ੍ਰਵਾਰ ਦੀ ਸੀਟ ਪੱਕੀ ਕੀਤੀ ਜਾ ਸਕੇ। ਇਕ ਪਾਸੇ ਰਾਸ਼ਟਰੀ ਸਿੱਖ ਸੰਗਤ ਦੇ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਗਈਆਂ ਅਤੇ ਦੂਜੇ ਪਾਸੇ ਸਿੱਖੀ ਨੂੰ ਮੋਹ ਕਰਨ ਵਾਲੇ, ਸਿੱਖ ਦੀ ਚੜ੍ਹਦੀਕਲਾ ਵੇਖਣਾ ਚਾਹੁਣ ਵਾਲੇ ਜੇਕਰ ਸਿੱਖੀ ਦੀ ਹੋ ਰਹੀ ਤੋਹੀਨ ਅਤੇ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸਾੜੇ ਜਾਣ ਬਾਰੇ ਗੱਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਲਈ ਸਮਾਂ ਮੰਗਣ ਗਏ ਤਾਂ ਉਨ੍ਹਾਂ ਦਾ ਸਵਾਗਤ ਡਾਂਗਾਂ ਨਾਲ ਅਤੇ ਛਿੱਤਰਾਂ ਨਾਲ ਕੀਤਾ ਗਿਆ ਸੀ, ਉਨ੍ਹਾਂ ਦੇ ਕੇਸ ਪੁੱਟੇ ਗਏ ਅਤੇ ਉਨ੍ਹਾਂ ਨੂੰ ਗਾਲਾਂ ਕਢੀਆਂ ਗਈਆਂ ਸੀ। ਇਥੇ ਹੀ ਬਸ ਨਹੀਂ ਸਗੋਂ ਉਨ੍ਹਾਂ ਦੀਆਂ ਪੱਗਾਂ ਨੂੰ ਕ੍ਰਿਪਾਨਾਂ ਅਤੇ ਡਾਂਗਾਂ ਤੇ ਟੰਗ  ਕੇ ਪ੍ਰਧਾਨ ਕੋਲ ਪੇਸ਼ ਕੀਤੀਆਂ ਜਾਂਦੀਆਂ ਸਨ। ਕੋਈ ਸਮਾਂ ਸੀ ਜਦੋਂ ਮੁਗ਼ਲ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਜਾਂਦੇ ਤਾਂ ਰਾਜੇ ਵਲੋਂ ਉਨ੍ਹਾਂ ਨੂੰ ਉਸ ਦੇ ਬਦਲੇ ਪੈਸੇ ਦਿਤੇ ਜਾਂਦੇ। ਪਰ ਹੁਣ ਇੰਜ ਲੱਗ ਰਿਹਾ ਹੈ ਜਿਵੇਂ ਜਦੋਂ ਇਹ ਭਾੜੇ ਦੇ ਲੋਕ ਸਿੱਖਾਂ ਦੀਆਂ ਪੱਗਾਂ ਲੈ ਕੇ ਜਾਂਦੇ ਹਨ ਤਾਂ ਅਕਾਲੀ ਦਲ ਦੇ ਪ੍ਰਧਾਨ ਇਨ੍ਹਾਂ ਨੂੰ ਟਿਕਟ ਤੇ ਹੋਰ ਅਹੁਦੇ ਬਖ਼ਸ਼ ਰਹੇ ਹੋਣ।


ਜਦੋਂ ਆਦਮੀ ਤਾਕਤ ਵਿਚ ਹੁੰਦਾ ਹੈ ਤਾਂ ਉਸ ਨੂੰ ਅਪਣੀ ਕੀਤੀ ਹੋਈ ਗ਼ਲਤ ਗੱਲ ਵੀ ਠੀਕ ਲਗਦੀ ਹੈ। ਇਹੋ ਹਾਲ ਅੱਜ ਅਕਾਲੀ ਦਲ ਦਾ ਹੈ। ਉਨ੍ਹਾਂ ਨੂੰ ਅਪਣੇ ਇਕੱਠ ਵਿਚ ਜੁੜਦੇ ਲੋਕਾਂ ਦੀਆਂ ਧਾੜਾਂ ਵੇਖ ਕੇ ਏਨਾ ਨਸ਼ਾ ਹੋ ਗਿਆ ਸੀ ਕਿ ਅਪਣੇ ਵਿਰੋਧ ਵਿਚ ਕੀਤੀ ਗਈ ਮਾੜੀ ਜਿਹੀ ਗੱਲ ਨੂੰ ਵੀ ਸਹਿਣ ਕਰਨ ਲਈ ਤਿਆਰ ਨਹੀਂ ਸਨ। ਪਰ ਇਹ ਲੋਕ ਇਹ ਗੱਲ ਭੁੱਲ ਰਹੇ ਸਨ ਕਿ ਇਹ ਧਾੜਾਂ ਉਨ੍ਹਾਂ ਲੋਕਾਂ ਦੀਆਂ ਹਨ ਜਿਹੜੇ ਅਪਣੀ ਗ਼ਰਜ਼  ਪੂਰੀ ਹੁੰਦੀ ਵੇਖਣ ਲਈ ਕਦੇ ਕਾਂਗਰਸ ਵਲ ਭਜਦੇ ਹਨ ਅਤੇ ਜਦੋਂ ਉਧਰੋਂ ਪੂਰੀ ਨਹੀਂ ਹੁੰਦੀ ਤਾਂ ਅਕਾਲੀ ਦਲ ਵਲ ਭਜਦੇ ਹਨ।

ਪਰ ਜਦੋਂ ਉਨ੍ਹਾਂ ਲੋਕਾਂ ਨੂੰ ਇਹ ਸਾਬਤ ਹੋ ਗਿਆ ਕਿ ਉਨ੍ਹਾਂ ਦੀ ਗ਼ਰਜ਼ ਕਿਸੇ ਤੀਜੇ ਧੜੇ ਤੋਂ ਪੂਰੀ ਹੋ ਸਕਦੀ ਹੈ ਤਾਂ ਇਨ੍ਹਾਂ ਨੇ ਭੱਜਣ ਲਗਿਆਂ ਇਕ ਮਿੰਟ ਵੀ ਨਹੀਂ ਲਾਉਣਾ। ਇਨਸਾਨ ਨੂੰ ਹਮੇਸ਼ਾ ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਪਤਾ ਹੀ ਨਹੀਂ ਲਗਦਾ। ਸਦਾਮ ਹੁਸੈਨ ਜਿਹੜਾ ਅਪਣੇ ਵਿਰੁਧ ਉਠੀ ਹਰ ਆਵਾਜ਼ ਨੂੰ ਗੋਲੀ ਨਾਲ ਬੰਦ ਕਰਵਾ ਦਿੰਦਾ ਸੀ, ਉਹ ਜੇਲ੍ਹ ਵਿਚ ਬੈਠਾ ਮੌਤ ਦੀ ਉਡੀਕ ਕਰਦਾ ਰਿਹਾ ਸੀ।

ਇਹ ਗੱਲ ਨਹੀਂ ਕਿ ਅਕਾਲੀ ਦਲ ਆਰ.ਐਸ.ਐਸ. ਨਾਲ ਹੁਣ ਹੀ ਜੱਫੀਆਂ ਪਾ ਰਿਹਾ ਹੈ। ਜੇਕਰ 1997 ਤੋਂ 2002 ਤਕ ਇਸ ਪਾਰਟੀ ਵਲੋਂ ਜਿਹੜਾ ਰਾਜ ਕੀਤਾ ਗਿਆ, ਉਸ ਵਲ ਧਿਆਨ ਮਾਰੀਏ ਤਾਂ ਉਸ ਵਿਚ ਵੀ ਆਰ.ਐਸ.ਐਸ ਖੁੱਲ੍ਹ ਖੇਡੀ ਜਿਥੇ 97 ਤਕ ਇਨ੍ਹਾਂ ਦੀਆਂ ਪਹਿਲਾਂ ਸਿਰਫ਼ 70 ਸ਼ਾਖ਼ਾਂ ਲਗਦੀਆਂ ਸਨ, ਉਥੇ ਇਹ ਵੱਧ ਕੇ 900 ਹੋ ਗਈਆਂ। ਪਿਛਲੇ ਸਮੇਂ ਵਿਚ ਤਾਂ ਸ਼੍ਰੋਮਣੀ ਕਮੇਟੀ ਅਧੀਨ ਇਕ ਗੁਰਦਵਾਰੇ ਵਿਚ ਸ਼ਾਖ਼ਾ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ।

ਐਮਰਜੰਸੀ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਸਨ। ਉਹ ਵੀ ਤਰਨ ਤਾਰਨ ਤੋਂ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸਨ। ਜਦੋਂ ਉਨ੍ਹਾਂ ਦੇ ਸਲਾਹਕਾਰਾਂ ਨੇ ਇਹ ਕਿਹਾ ਕਿ ਸਾਨੂੰ ਰਾਧਾ ਸਵਾਮੀਆਂ ਦੇ ਡੇਰੇ ਜਾ ਕੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ ਤਾਂ ਉਹ ਕਹਿਣ ਲੱਗੇ ਕਿ ਮੈਂ ਹਾਰ ਜਾਣਾ ਕਬੂਲ ਕਰਾਂਗਾ ਪਰ ਰਾਧਾ ਸਵਾਮੀਆਂ ਦੇ ਡੇਰੇ ਜਾ ਕੇ ਵੋਟਾਂ ਨਹੀਂ ਮੰਗਾਂਗਾ। ਪਰ ਅੱਜ ਅਕਾਲੀ ਲੀਡਰ ਅਪਣੀਆਂ ਵੋਟਾਂ ਲਈ ਕਦੇ ਆਸ਼ੂਤੋਸ਼, ਕਦੇ ਸੱਚੇ ਸੌਦੇ ਵਾਲੇ, ਕਦੇ ਰਾਧਾ ਸਵਾਮੀਆਂ ਦੇ ਡੇਰੇ ਅਤੇ ਕਦੇ ਭਨਿਆਰੇ ਵਾਲੇ ਸਾਧ ਦੇ ਡੇਰੇ ਜਾ ਕੇ ਸੀਸ ਝੁਕਾਉਂਦੇ ਵੇਖੇ ਜਾ ਸਕਦੇ ਹਨ। ਜੇਕਰ ਅਕਾਲੀ ਲੀਡਰਾਂ ਨੇ ਅਪਣੇ ਨਿਜੀ ਹਿਤਾਂ ਖ਼ਾਤਰ ਆਰ.ਐਸ.ਐਸ ਦਾ ਮੋਹ ਨਾ ਛਡਿਆ ਤਾਂ ਇਸ ਨਾਲ ਸਿੱਖ ਕੌਮ ਦਾ ਨੁਕਸਾਨ ਤਾਂ ਹੋਵੇਗਾ ਹੀ ਪਰ ਸ਼ਹੀਦਾਂ ਦੀ ਕਹੀ ਜਾਣ ਵਾਲੀ ਪਾਰਟੀ ਅਕਾਲੀ ਦਲ ਵੀ ਤਬਾਹ ਹੋ ਜਾਵੇਗੀ।

ਅੱਜ ਹਾਲ ਇਹ ਹੈ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਤੇ ਤਾਂ ਭਾਜਪਾ ਕਾਬਜ਼ ਹੋ ਚੁੱਕੀ ਹੈ ਕਿਉਂਕਿ ਗੁਰਦਵਾਰਾ ਕਮੇਟੀ ਦਾ ਜਨਰਲ ਸਕੱਤਰ ਭਾਜਵਾ ਵਲੋਂ ਐਮ.ਐਲ.ਏ ਬਣ ਚੁਕਿਆ ਹੈ ਅਤੇ ਦੋ ਮੈਂਬਰ ਹੋਰ ਭਾਜਪਾ ਵਲੋਂ ਕੌਂਸਲਰ ਹਨ। ਉਨ੍ਹਾਂ ਵਿਚ ਪਰਮਜੀਤ ਸਿੰਘ ਰਾਣਾ ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਹੈ। ਇਸ ਤੋਂ ਇਲਾਵਾ ਦੋ ਹੋਰ ਮੈਂਬਰ ਕੌਂਸਲਰ ਦੀ ਚੋਣ ਹਾਰ ਗਏ ਸਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਧਾਨ ਵੀ ਭਾਜਪਾ ਦਾ ਐਮ.ਐਲ.ਏ ਹੈ। ਉਹ ਤਿਲਕ ਵੀ ਲਗਾਉਂਦਾ ਹੈ ਅਤੇ ਉਸ ਨੇ ਅਪਣੇ ਗੁੱਟ ਤੇ ਮੌਲੀਆਂ ਦੇ ਧਾਗੇ ਵੀ ਬੰਨ੍ਹੇ ਹੋਏ ਹਨ। ਗੱਲ ਕਾਹਦੀ ਕਿ ਅਕਾਲੀ ਦਲ ਉਤੇ ਆਰ.ਐਸ.ਐਸ ਭਾਰੂ ਹੋ ਚੁੱਕਾ ਹੈ। ਜਦੋਂ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਧਾਨ ਇਕ ਤਿਲਕਧਾਰੀ ਨੂੰ ਬਣਾਇਆ ਗਿਆ ਤਾਂ ਸਾਡੇ ਤਖ਼ਤਾਂ ਦੇ ਜਥੇਦਾਰ ਮੂੰਹ ਵਿਚੋਂ ਘੁੰਗਣੀਆਂ ਪਾ ਕੇ ਬੈਠ ਗਏ।

ਕਿਸੇ ਹੋਰ ਪਾਰਟੀ ਵਲੋਂ ਇਹ ਕੀਤਾ ਗਿਆ ਹੁੰਦਾ ਤਾਂ ਅਕਾਲੀਆਂ ਨੇ ਅਸਮਾਨ ਸਿਰ ਉਤੇ ਚੁੱਕ ਲੈਣਾ ਸੀ। ਜਿਥੋਂ ਤਕ ਮੁਤਵਾਜ਼ੀ ਜਥੇਦਾਰਾਂ ਦੀ ਗੱਲ ਹੈ, ਉਹ ਵੀ ਕੋਈ ਸੇਧ ਨਹੀਂ ਦੇ ਸਕੇ। ਬਾਕੀ ਸਿੱਖ ਜਥੇਬੰਦੀਆਂ ਵੀ ਚੁਪ ਧਾਰੀ ਬੈਠੀਆਂ ਹਨ। ਜੇਕਰ ਆਰ.ਐਸ.ਐਸ ਦੇ ਵਧਦੇ ਕਦਮਾਂ ਨੂੰ ਨਾ ਰੋਕਿਆ ਗਿਆ ਤਾਂ ਅਕਾਲੀ ਦਲ ਦੀ ਤਬਾਹੀ ਤਾਂ ਹੋਵੇਗੀ, ਹੀ, ਨਾਲ ਹੀ ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਵੀ ਭਾਰੀ ਸੱਟ ਲੱਗੇਗੀ। ਉਹ ਦਿਨ ਦੂਰ ਨਹੀਂ ਜਦੋਂ ਸ੍ਰੀ ਹਜ਼ੂਰ ਸਾਹਿਬ ਵਾਂਗ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਪੰਜਾਬ ਦੇ ਤਿੰਨਾਂ ਤਖ਼ਤਾਂ ਦੇ ਜਥੇਦਾਰ ਵੀ ਆਰ.ਐਸ.ਐਸ. ਦੇ ਪ੍ਰਬੰਧ ਹੇਠ ਚਲੇ ਜਾਣਗੇ।
ਮੋਬਾਈਲ : 94649-96083

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement