
ਗੁਰਦਵਾਰਾ ਸਾਹਿਬ ਦੇ ਅੰਦਰ ਹੁੰਦਿਆਂ ਹੀ ਲਿਖਿਆ ਹੋਇਆ ਸੀ 'ਦਰਸ਼ਨ ਦੀਜੈ ਖੋਲਿ ਕਿਵਾੜ'। ਇਥੇ ਸੌ ਸਾਲ ਦੀ ਉਮਰ ਭੋਗ ਕੇ ਮਰੇ ਬੰਦੇ ਦਾ ਭੋਗ ਸੀ। ਰਸਗੁੱਲੇ, ਬਰਫ਼ੀਆਂ, ਚਾਹ-ਪਕੌੜਾ ਛਕ ਕੇ ਬੰਦੇ ਇਕ-ਦੂਜੇ ਵਿਚ ਵਜਦੇ ਖਾ ਪੀ ਕੇ ਵਿਹਲੇ ਹੋ ਕੇ ਗੁਰਦਵਾਰਾ ਸਾਹਿਬ ਦੇ ਅੰਦਰ ਵਾਰੋ-ਵਾਰੀ ਬੈਠਦੇ ਗਏ। ਕੋਈ ਸਾਢੇ ਬਾਰਾਂ ਵਜੇ ਕੀਰਤਨੀ ਜਥਾ ਅਤੇ ਪ੍ਰਚਾਰਕ ਸਮੇਤ ਸਟੇਜ ਤੇ ਬੈਠ ਗਿਆ। ਸੱਭ ਮਾਈ ਭਾਈ ਨੇ ਦਸ ਰੁਪਏ ਕੀਰਤਨੀ ਜਥੇ ਅੱਗੇ ਰੱਖੇ ਅਤੇ ਦਸ ਰੁਪਏ ਦਾ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕਿਆ। ਕਥਾਕਾਰ ਨੇ ਕੋਈ ਵੀ ਕਥਾ-ਕਹਾਣੀ ਇਸ ਤਰ੍ਹਾਂ ਦੀ ਨਾ ਸੁਣਾਈ ਜਿਸ ਦਾ ਪ੍ਰਭਾਵ ਲੋਕਾਂ ਤੇ ਪੈਂਦਾ। ਉਹ ਕਹਾਣੀ ਸ਼ੁਰੂ ਕਰ ਕੇ ਫਿਰ ਗੀਤਾਂ ਦੀ ਤਰ੍ਹਾਂ ਧਾਰਨਾ ਪੜ੍ਹਦਾ। ਉਸ ਦਾ ਬੋਲ ਉੱਚੀ-ਉੱਚੀ ਵਜਦੇ ਛੈਣਿਆਂ ਦੀ ਆਵਾਜ਼ ਵਿਚ ਹੀ ਗਵਾਚ ਜਾਂਦਾ। ਕਈ ਬੀਬੀਆਂ ਤੇ ਬੰਦੇ ਜਿਨ੍ਹਾਂ ਨੂੰ ਕੋਈ ਆਵਾਜ਼ ਸਮਝ ਪੈਂਦੀ ਤਾਂ ਉਹ ਝੂਮ ਝੂਮ ਕੇ ਉੱਚੀ ਉੱਚੀ ਬੋਲਦੇ। ਉਹ ਕਦੇ ਸੀਤਾ-ਰਾਮ ਦੀ ਕਹਾਣੀ ਛੇੜਦਾ, ਕਦੇ ਕਿਸੇ ਰਾਜੇ ਦੇ ਗਧਿਆਂ ਦੀ ਲਿੱਦ ਖਾਣ ਦੀ ਕਹਾਣੀ, ਕਦੇ ਉਸ ਨੇ ਬਾਲੇ ਮਰਦਾਨੇ ਦੀ ਅਧੂਰੀ ਕਹਾਣੀ ਸ਼ੁਰੂ ਕੀਤੀ, ਉਸ ਨੂੰ ਅਧੂਰੀ ਛੱਡ ਕੇ ਫਿਰ ਦੂਜੀ ਸ਼ੁਰੂ ਕੀਤੀ। ਉਸ ਨੇ ਕਿਸੇ ਦੀ ਲੱਤ ਫੜੀ ਕਿਸੇ ਦੀ ਬਾਂਹ ਫੜੀ। ਜੋ ਵੀ ਵਿਸ਼ਾ ਫੜਿਆ ਉਨ੍ਹਾਂ ਬਾਰੇ ਉਸ ਨੂੰ ਕੋਈ ਵੀ ਗਿਆਨ ਨਹੀਂ ਸੀ। ਉਸ ਨੇ ਗੀਤ ਦੀ ਧਾਰਨਾ ਉਤੇ ਛੈਣਿਆਂ ਨਾਲ ਗਾਇਆ 'ਨਾਮ ਨਾ ਜਪਿਆ ਬੰਦਿਆ ਮੂੰਹ ਤੇ ਥੁੱਕਾਂ ਪੈਣਗੀਆਂ'। ਪਤਾ ਨਹੀਂ ਇਹ ਉਸ ਦੀ ਕਿਸ ਤਰ੍ਹਾਂ ਦੀ ਸੋਚ ਸੀ।
ਪੈਸਿਆਂ ਦੀ ਢੇਰੀ ਉੱਚੀ ਹੁੰਦੀ ਜਾਂਦੀ ਸੀ, ਉਹ ਸਮਾਂ ਲੰਘਾ ਰਿਹਾ ਸੀ। ਉਸ ਨੇ ਪੂਰੇ ਦੋ ਘੰਟੇ ਲਗਾਏ। ਕਿਸੇ ਦੇ ਪੱਲੇ ਕੁੱਝ ਨਾ ਪਿਆ। ਸੱਚ ਸੁਣਨਾ ਬਹੁਤ ਔਖਾ ਹੁੰਦਾ ਹੈ। ਜਦ ਅਸੀ ਇਸ ਭੋਗ ਦੀ ਰਸਮ ਤੇ ਰੋਟੀ-ਪਾਣੀ ਤੇ ਏਨਾ ਖ਼ਰਚ ਕਰ ਸਕਦੇ ਹਾਂ, ਇਸ ਸਮੇਂ ਤੇ ਕੋਈ ਵਧੀਆ, ਲੋਕਾਂ ਦੀ ਅਕਲ ਦੇ ਕਿਵਾੜ ਖੋਲ੍ਹਣ ਵਾਲਾ ਕਥਾਵਾਚਕ ਵੀ ਤਾਂ ਬੁਲਾ ਸਕਦੇ ਹਾਂ। ਬੁਲਾਉ ਭਾਈ ਹਰਜਿੰਦਰ ਸਿੰਘ ਮਾਂਝੀ ਨੂੰ, ਸ. ਸਰਬਜੀਤ ਸਿੰਘ ਧੂੰਦਾ ਨੂੰ, ਪ੍ਰੋ. ਇੰਦਰ ਸਿੰਘ ਘੱਗਾ ਨੂੰ। ਅਸੀ ਇਸ ਗੱਲ ਬਾਰੇ ਤੇ ਕਦੇ ਸੋਚਿਆ ਹੀ ਨਹੀਂ। ਏਨੀ ਇਕੱਠੀ ਹੋਈ ਸੰਗਤ ਨੂੰ ਜੇ ਕੋਈ ਵਧੀਆ ਕਥਾਕਾਰ ਇਕ-ਦੋ ਘੰਟੇ ਕਿਸੇ ਵਧੀਆ ਵਿਸ਼ੇ ਨੂੰ ਲੈ ਕੇ ਕਥਾ ਕਰਦਾ ਤਾਂ ਸੰਗਤ ਕੋਈ ਨਾ ਕੋਈ ਕਿਣਕਾ ਅਪਣੇ ਮਨ ਵਿਚ ਵਸਾ ਕੇ ਜ਼ਰੂਰ ਲੈ ਕੇ ਜਾਂਦੀ। ਅੱਜ ਦੇ ਸਮੇਂ ਵਿਚ ਕਿਸੇ ਕੋਲ ਵੀ ਸਮਾਂ ਨਹੀਂ ਕਿ ਉਹ ਏਨੀ ਦੇਰ ਬੰਨ੍ਹ ਕੇ ਬੈਠਿਆ ਰਹੇ। ਜੇ ਬੈਠਿਆ ਹੈ ਤਾਂ ਉਸ ਨੂੰ ਇਸ ਦਾ ਲਾਭ ਵੀ ਪ੍ਰਾਪਤ ਹੋਵੇ।ਮੇਰੇ ਘਰ ਦੇ ਨੇੜੇ ਬਣੇ ਗੁਰਦਵਾਰਾ ਸਾਹਿਬ ਵਿਚ ਅਖ਼ਬਾਰ ਪੜ੍ਹ ਰਹੇ ਬਾਬਾ ਜੀ ਨੂੰ ਮੈਂ ਕਿਹਾ ਕਿ ਤੁਸੀ ਸਪੋਕਸਮੈਨ ਅਖ਼ਬਾਰ ਪੜ੍ਹਿਆ ਕਰੋ। ਉਸ ਵਿਚ ਬਹੁਤ ਵਧੀਆ ਧਾਰਮਕ ਜਾਣਕਾਰੀ ਹੁੰਦੀ ਹੈ। ਅੱਗੋਂ ਉਸ ਜਵਾਬ ਸੀ, ''ਇਹ ਤਾਂ ਜੀ ਅਪਣੀ ਅਲੱਗ ਬੋਲੀ ਬੋਲਦੇ ਹਨ।'' ਕਿਉਂਕਿ ਇਸ ਅਖ਼ਬਾਰ ਦੀਆਂ ਸੱਚੀਆਂ ਗੱਲਾਂ ਕਈ ਡੇਰੇਦਾਰ ਦੇ ਗਲਿਆਂ ਵਿਚ ਨਹੀਂ ਉਤਰਦੀਆਂ।ਮੇਰਾ ਇਹ ਸੱਭ ਕੁੱਝ ਲਿਖਣ ਦਾ ਇਹ ਮਤਲਬ ਹੈ ਕਿ ਇਸ ਤਰ੍ਹਾਂ ਦੇ ਮੌਕੇ ਤੇ ਤੁਸੀ ਇਹ ਨਾ ਸੋਚੋ ਕਿ ਇਹ ਸਾਡੇ ਪਿੰਡ ਦੇ ਡੇਰੇ ਦਾ ਬਾਬਾ ਹੈ। ਇਸ ਤੋਂ ਹੀ ਕਥਾ ਕਰਵਾਉਣੀ ਹੈ, ਇਸ ਦੀ ਧਾਰਮਕ ਜਾਣਕਾਰੀ ਦਾ ਮਾਪਦੰਡ ਵੀ ਵੇਖੋ, ਲਿਹਾਜ਼ ਨਾ ਕਰੋ ਕਿ ਬਾਬੇ ਰੁੱਸ ਜਾਣਗੇ ਜੇ ਅਸੀ ਨਾ ਬੁਲਾਏ। ਜਿਥੇ ਤੁਸੀ ਢਾਈ-ਤਿੰਨ ਸੌ ਬੰਦੇ ਦੇ ਰੋਟੀ-ਪਾਣੀ ਤੇ ਖ਼ਰਚਾ ਕੀਤਾ ਹੈ ਕਿਸੇ ਦੂਰ ਰਹਿੰਦੇ ਕਥਾਵਾਚਕ ਨੂੰ ਵੀ ਚਾਰ ਪੈਸੇ ਖ਼ਰਚ ਕੇ ਬੁਲਾ ਲਵੋ। ਲੋਕਾਂ ਦੇ ਇਸ ਤਰ੍ਹਾਂ ਦੋ ਦੋ ਘੰਟੇ ਬਰਬਾਦ ਕਰਨ ਨਾਲੋਂ ਅਪਣੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਤੋਂ ਪਾਠ ਦਾ ਭੋਗ ਪਵਾ ਕੇ ਅਰਦਾਸ ਕਰਵਾ ਕੇ ਦੂਰ ਨੇੜੇ ਤੋਂ ਆਏ ਰਿਸ਼ਤੇਦਾਰਾਂ ਨੂੰ ਸਮੇਂ ਤੇ ਅਪਣੇ ਘਰ ਜਾਣ ਦਿਉ।