ਬਰਦਾਸ਼ਤ ਦੀ ਵੀ ਆਖ਼ਰ ਕੋਈ ਹੱਦ ਹੁੰਦੀ ਹੈ
Published : Sep 20, 2017, 10:58 pm IST
Updated : Sep 20, 2017, 5:28 pm IST
SHARE ARTICLE


ਸਿਆਣੇ ਕਹਿੰਦੇ ਹਨ ਕਿ 'ਜੇ ਪੱਲੇ ਤੇਰੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।' ਪਰ ਅਜਿਹਾ ਕੋਈ ਵਿਰਲਾ ਮਾਈ ਦਾ ਲਾਲ ਨਿਤਰਦਾ ਹੈ ਜਿਹੜਾ ਖੁੱਲ੍ਹ ਕੇ ਅਪਣੇ ਬੋਲੇ ਸ਼ਬਦਾਂ 'ਤੇ ਪੂਰਾ ਉਤਰੇ। ਹੁਣ ਗੱਲ ਕਰੀਏ 'ਗਿਆਨੀ ਗੁਰਮੁਖ ਸਿੰਘ ਜੀ' ਬਾਰੇ! ਸੌਦਾ ਸਾਧ ਨੂੰ ਮਾਫ਼ ਕਰਨ ਵਾਲੀ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਆਉਣ ਵਾਲੇ ਵਿਅਕਤੀ ਦਾ ਨਾਂ ਜਨਤਕ ਕਰਨ ਦੀ ਮੰਗ ਕਰਨ ਅਤੇ ਬਾਦਲ ਪ੍ਰਵਾਰ ਵਿਰੁਧ ਆਵਾਜ਼ ਉਠਾਉਣ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਲੋਂ ਸੌਦਾ ਸਾਧ ਦਾ ਵਿਵਾਦ ਪੈਦਾ ਕਰਨ ਲਈ ਬਾਦਲ ਪ੍ਰਵਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦਸਿਆ ਜਾ ਰਿਹਾ ਹੈ। ਇਕੋ ਝਟਕੇ ਨਾਲ ਜਿਸ ਨੇ ਬਾਦਲਾਂ, ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਬੋਲਤੀ ਵੀ ਬੰਦ ਕਰ ਦਿਤੀ ਹੈ ਬਲਕਿ ਉਨ੍ਹਾਂ ਨੇ ਤਾਂ ਜਿਵੇਂ ਮੂੰਹ ਵਿਚ ਘੁੰਗਣੀਆਂ ਹੀ ਪਾ ਲਈਆਂ। ਮਜਾਲ ਹੈ ਕਿ ਇਕ ਵੀ ਅਕਾਲੀ ਆਗੂ ਕੁਸਕਿਆ ਹੋਵੇ। ਜਿਵੇਂ ਕੋਈ ਚੋਰ ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ, ਪੋਤੜੇ ਫਰੋਲੇ ਜਾਣ ਕਾਰਨ ਉਹ ਭੇਤ ਵੀ ਹਵਾ 'ਚ ਉਡਣ ਲੱਗ ਪੈਂਦੇ ਹਨ, ਜਿਹੜੇ ਵਰਤਮਾਨ ਦੇ ਚਿੱਤ-ਚੇਤਿਆਂ ਵਿਚ ਨਹੀਂ ਆਉਣੇ ਹੁੰਦੇ।

ਪੰਜਾਬੀ ਦਾ ਇਕ ਮੁਹਾਵਰਾ ਹੈ ਕਿ 'ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ'। ਜੇ ਇਹ ਹਿੰਮਤ (ਦਲੇਰੀ) ਪਹਿਲਾਂ ਵਿਖਾਈ ਹੁੰਦੀ ਤਾਂ ਅੱਜ ਹਾਲਾਤ ਕੁੱਝ ਹੋਰ ਹੋਣੇ ਸੀ ਬਲਕਿ ਉਹ ਦੰਗੇ, ਫ਼ਸਾਦ, ਸਾੜ, ਫੂਕ ਅਤੇ ਖ਼ੂਨ ਖ਼ਰਾਬਾ ਹੋਣ ਤੋਂ ਵੀ ਟਾਲ ਸਕਦਾ ਸੀ ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਚਲੋ ਦੇਰ ਨਾਲ ਹੀ ਸਹੀ ਪਰ ਬਿਲਕੁਲ ਸਹੀ ਕਦਮ ਚੁਕਿਆ ਹੈ ਜਿਸ ਸਦਕਾ ਖ਼ੁਦ ਨੂੰ ਹਮੇਸ਼ਾ ਪਾਕ ਪਵਿੱਤਰ ਅਤੇ ਸੱਚ ਦੇ ਪੁਜਾਰੀ ਅਖਵਾਉਣ ਵਾਲਿਆਂ ਦੇ ਅਸਲੀ ਰੰਗ ਵਿਖਾਈ ਦੇਣ ਲੱਗ ਪਏ ਹਨ ਜੋ ਅਪਣੇ ਕੰਮਾਂ ਨੂੰ ਸੁਧਾਰਨ ਦੀ ਬਜਾਏ ਦੂਜਿਆਂ ਉਤੇ ਚਿੱਕੜ ਸੁੱਟਣ ਵਿਚ ਜ਼ਿਆਦਾ ਵਿਸ਼ਵਾਸ ਰਖਦੇ ਹਨ।

ਇਕ ਸਚਾਈ ਇਹ ਵੀ ਹੈ ਕਿ ਇਹ ਘਿਨਾਉਣੀ ਕਰਤੂਤ ਅਗਰ ਬਾਦਲ ਵਿਰੋਧੀ ਕਿਸੇ ਇਕ ਧੜੇ ਜਾਂ ਸਪੋਕਸਮੈਨ (ਖ਼ਾਸਕਰ ਜੋਗਿੰਦਰ ਸਿੰਘ) ਵਲੋਂ ਕੀਤੀ ਗਈ ਹੁੰਦੀ ਤਾਂ ਹੁਣ ਨੂੰ ਬਾਦਲ ਦਲੀਆਂ ਅਤੇ ਜਥੇਦਾਰਾਂ ਨੇ ਅਸਮਾਨ ਸਿਰ ਤੇ ਚੁੱਕ ਲੈਣਾ ਸੀ ਤੇ ਕਾਵਾਂਰੌਲੀ ਏਨੀ ਪਾ ਦੇਣੀ ਸੀ ਕਿ ਉਸ ਨੂੰ ਪੰਥ ਦੋਖੀ ਦਾ ਖਿਤਾਬ ਦੇ ਕੇ ਕਟਿਹਰੇ ਵਿਚ ਖੜਾ ਕਰ ਦੇਣਾ ਸੀ ਪਰ ਹੁਣ ਸੱਭ ਦੇ ਬੁੱਲ੍ਹ ਹੀ ਨਹੀਂ ਸਗੋਂ ਮੂੰਹ ਵੀ ਸੀਤੇ ਗਏ ਹਨ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਪਰ ਸੱਚ ਨੂੰ ਬਹੁਤੀ ਦੇਰ ਤਕ ਦਬਾਇਆ ਨਹੀਂ ਜਾ ਸਕਦਾ ਅਤੇ ਝੂਠ ਬਹੁਤੀ ਦੇਰ ਟਿਕ ਨਹੀਂ ਸਕਦਾ ਕਿਉਂਕਿ ਸੱਚ ਦੀ ਰੌਸ਼ਨੀ ਫੈਲਦੀ ਹੈ ਅਤੇ ਉਹ ਰੌਸ਼ਨੀ ਲਈ ਅਪਣਾ ਰਸਤਾ ਲੱਭ ਹੀ ਲੈਂਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਦੇ ਲਾਏ ਦੋਸ਼ਾਂ ਤੇ ਅਕਾਲੀ ਲੀਡਰਾਂ ਅਤੇ ਅਕਾਲ ਤਖ਼ਤ ਨੇ ਸਥਿਤੀ ਸਾਫ਼ ਹੀ ਨਹੀਂ ਕਰਨੀ ਤਾਂ ਕੀ ਗਿਆਨੀ ਗੁਰਮੁਖ ਸਿੰਘ ਦੇ ਲਾਏ ਦੋਸ਼ ਸਹੀ ਹਨ? ਤੁਹਾਡੀ ਚੁੱਪ ਦਾ ਮਤਲਬ ਹੁੰਦਾ ਹੈ ਕਿ ਜੋ ਤੁਹਾਡੇ ਆਸਪਾਸ ਹੋ ਰਿਹਾ ਹੈ ਤੁਸੀ ਉਸ ਨਾਲ ਸਹਿਮਤ ਹੋ। ਗਿਆਨੀ ਗੁਰਬਚਨ ਸਿੰਘ ਵਲੋਂ ਵੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਘੇਸਲ ਮਾਰ ਕੇ ਦਿਨ ਲੰਘਾਏ ਜਾ ਰਹੇ ਹਨ ਕਿਉਂਕਿ ਇਸ ਮਾਮਲੇ ਵਿਚ ਗਿਆਨੀ ਗੁਰਬਚਨ ਸਿੰਘ ਹੁਰਾਂ ਦੀ ਅਪਣੀ ਸ਼ਮੂਲੀਅਤ ਦੇ ਕਿੱਸੇ, ਮਿਤੀ, ਸਮਾਂ ਅਤੇ ਸਥਾਨ ਅਤੇ ਬਾਦਲਕਿਆਂ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ ਜੋ ਇਸ ਕੌੜੀ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ। (ਸ਼ਾਹ ਮੁਹੰਮਦਾ ਦੌੜ ਕੇ ਜਾਣ ਕਿਥੇ, ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ।) ਸੋ ਅਸਲੀਅਤ ਹੁਣ ਤਾਂ ਸਪੱਸ਼ਟ ਹੋ ਹੀ ਚੁੱਕੀ ਹੈ ਕਿ ਇਨ੍ਹਾਂ ਲੋਕਾਂ ਦਾ ਅਸਲ ਧਰਮ-ਕਰਮ ਨਾਲ ਕੋਈ ਸਰੋਕਾਰ ਨਹੀਂ, ਬੱਸ ਅਪਣੀ ਲੀਡਰੀ ਚਮਕਾਉਣ ਦੇ ਗੇੜ ਵਿਚ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਈ ਤੁਰੇ ਜਾ ਰਹੇ ਨੇ।

ਸਮਾਂ ਬਹੁਤ ਬਲਵਾਨ ਤੇ ਬੇਤਰਸ ਸੁਭਾਅ ਦਾ ਮਾਲਕ ਹੈ ਜੋ ਕਿਸੇ ਵਾਸਤੇ ਨਹੀਂ ਰੁਕਦਾ ਬਲਕਿ ਬੀਤਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਪਤਾ ਨਹੀਂ ਕਿੰਨੇ ਕੁ ਰਾਜ-ਭਾਗ, ਸਲਤਨਤਾਂ, ਸਰਕਾਰ-ਦਰਬਾਰ, ਰਾਜੇ-ਰੰਕ, ਸੂਰਬੀਰ-ਅਮੀਰ, ਯੋਧੇ, ਮੀਰ-ਪੀਰ ਆਦਿ ਇਸ ਦੁਨੀਆਂ ਉਪਰ ਆਏ, ਸੱਭ ਨੂੰ ਸਮੇਂ ਦੇ ਵਹਿਣ ਅੱਗੇ ਗੋਡੇ ਟੇਕਣੇ ਪਏ। ਇਥੋਂ ਸਿਕੰਦਰ, ਔਰੰਗਜ਼ੇਬ ਵਰਗੇ ਲੱਦ ਗਏ, ਸੱਭ ਕੁੱਝ ਦੁਨੀਆਂ ਦੀ ਬੁੱਕਲ ਵਿਚ ਛੱਡ ਕੇ ਜਹਾਨ ਤੋਂ ਖ਼ਾਲੀ ਹੱਥ ਕੂਚ ਕਰਨਾ ਪਿਆ। ਜਦੋਂ ਮਾਇਆ ਦੇ ਗੰਜ ਜੋੜਨ ਵਾਲਾ ਕਾਰੂੰ ਪਾਤਸ਼ਾਹ ਨਹੀਂ ਰਿਹਾ ਤਾਂ ਰਹਿਣਾ ਇਨ੍ਹਾਂ ਨੇ ਵੀ ਨਹੀਂ।

ਸਿਆਣਿਆਂ ਦੀ ਕਹੀ ਇਹ ਤੁਕ ਸਾਰਥਕ ਸਿੱਧ ਹੋ ਰਹੀ ਜਾਪਦੀ ਹੈ, 'ਸਮਾਂ ਬੜਾ ਸਮਰੱਥ, ਉਹੀ ਬਾਣ, ਉਹੀ ਅਰਜਨ ਦੇ ਹੱਥ।' ਮਹਾਂਭਾਰਤ ਦੀ ਲੜਾਈ ਜਿੱਤਣ ਵਾਲਾ ਅਰਜਨ ਜਦੋਂ ਬੁੱਢਾ ਹੋਇਆ ਤਾਂ ਭੀਲਾਂ ਨੇ ਲੁੱਟ ਲਿਆ ਸੀ। ਉਹੀ ਕੰਮ ਪਰਕਾਸ਼ ਸਿੰਘ ਬਾਦਲ ਨਾਲ ਹੋ ਗਿਆ ਲਗਦਾ ਹੈ! ਐਵੇਂ ਤਾਂ ਨਹੀਂ ਲੋਕੀ ਆਖਦੇ 'ਮਾੜਾ ਸਮਾਂ ਆਉਂਦਾ ਨਹੀਂ ਕਦੇ ਵੀ ਪੁੱਛ ਕੇ, ਜੱਜਾਂ ਨੂੰ ਵੀ ਪੈ ਜਾਂਦੇ ਵਕੀਲ ਕਰਨੇ!' ਤਕਰੀਬਨ ਅੱਧੀ ਸਦੀ ਤੋਂ ਸਿਆਸਤ ਵਿਚ ਪੈਰ ਜਮਾਈ ਬੈਠੇ ਇਸ ਕਹਿੰਦੇ ਕਹਾਉਂਦੇ ਘਾਗ ਸਿਆਸਤਦਾਨ ਨੂੰ ਉਸ ਦੇ ਅਪਣਿਆਂ... (ਜਿਨ੍ਹਾਂ ਨੂੰ ਉਹ ਹੁਣ ਤਕ ਅਪਣੇ 'ਘੜੇ ਦੀ ਮੱਛੀ' ਮੰਨਦੇ ਆ ਰਹੇ ਹਨ) ਨੇ ਹੀ ਕੱਖੋਂ ਹੌਲੇ ਕਰ ਕੇ ਰੱਖ ਦਿਤਾ ਕਿਉਂਕਿ ਬਰਦਾਸ਼ਤ ਦੀ ਵੀ ਆਖ਼ਰ ਕੋਈ ਹੱਦ ਹੁੰਦੀ ਹੈ।

ਇਹ ਸਾਰਾ ਵਰਤ ਰਿਹਾ ਵਰਤਾਰਾ ਵੇਖ ਕੇ ਮਨ ਵਿਚ ਇਕ ਯੂਰਪੀਅਨ ਲੇਖਕ ਦਾ ਇਹ ਕਥਨ ਯਾਦ ਆ ਗਿਆ ਕਿ 'ਜਿਸ ਬੱਚੇ ਨੂੰ ਤੁਸੀ ਬੋਲਣਾ ਸਿਖਾ ਰਹੇ ਹੋ, ਇਹੋ ਸਮਝ ਕੇ ਸਿਖਾਉ ਕਿ ਜਦ ਇਸ ਨੇ ਪਹਿਲੀ ਗਾਲ ਕੱਢੀ, ਤੁਹਾਨੂੰ ਹੀ ਕੱਢੇਗਾ। ਜਿਸ ਨੂੰ ਤਲਵਾਰ ਚਲਾਉਣਾ ਸਿਖਾ ਰਹੇ ਹੋ, ਇਹ ਸਮਝ ਕੇ ਸਿਖਾਉ ਕਿ ਉਸ ਦੀ ਤਲਵਾਰ ਦਾ ਵਾਰ ਤੁਹਾਡੀ ਛਾਤੀ ਉਤੇ ਪਵੇਗਾ ਅਤੇ ਜਿਸ ਨੂੰ ਬੰਦੂਕ ਚਲਾਉਣਾ ਸਿਖਾਉਂਦੇ ਹੋ, ਇਹ ਸਮਝ ਕੇ ਸਿਖਾਉ ਕਿ ਅਪਣੀ ਬੰਦੂਕ 'ਚੋਂ ਪਹਿਲੀ ਗੋਲੀ ਤੁਹਾਡੀ ਛਾਤੀ ਤੇ ਮਾਰੇਗਾ।' ਸੋ ਅਜਿਹੇ ਦੋਸਤਾਂ ਦੀ ਕਿਸੇ ਹਰਕਤ ਦਾ ਮੈਨੂੰ ਕੋਈ ਅਫ਼ਸੋਸ ਨਹੀਂ ਹੁੰਦਾ ਕਿਉਂਕਿ ਇਹ ਸਾਡਾ ਜੀਵਨ ਕਰਮਾਂ ਸੰਦੜਾ ਖੇਤ ਹੈ ਜਿਸ ਵਿਚ ਜਿਹਾ ਬੀਜੋਗੇ, ਤੇਹਾ ਵੱਢੋਗੇ।

ਜੇ ਸੰਸਾਰ ਦੇ ਪ੍ਰਮੁੱਖ ਧਰਮਾਂ ਦੇ ਇਤਿਹਾਸ ਵਲ ਨਜ਼ਰ ਮਾਰੀਏ ਤਾਂ ਸਮੇਂ ਦੀਆਂ ਸਿਆਸੀ ਸ਼ਕਤੀਆਂ ਧਰਮ ਨੂੰ ਅਪਣੇ ਅਨੁਸਾਰੀ ਚਲਾਉਣ ਵਿਚ ਸਫ਼ਲ ਵੀ ਹੋ ਚੁੱਕੀਆਂ ਹਨ ਜਿਸ ਦੀ ਪ੍ਰਤੱਖ ਮਿਸਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੈ ਜਿਹੜੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚੋਂ ਸੱਭ ਤੋਂ ਵੱਧ ਖ਼ੁਸ਼ਕਿਸਮਤ ਪਾਰਟੀ ਹੈ ਜੋ ਗੁਰਦਵਾਰਿਆਂ ਦੀਆਂ ਗੋਲਕਾਂ ਅਤੇ ਸ਼ਰਾਬ ਦੇ ਠੇਕਿਆਂ ਦੋਹਾਂ ਦੀ ਸੇਵਾ ਦਾ ਕੰਮ ਸੰਭਾਲ ਰਹੀ ਹੈ। ਮੌਜੂਦਾ ਹਾਲਾਤ ਨੂੰ ਭਾਂਪ ਕੇ ਇੰਜ ਜਾਪਦਾ ਹੈ ਕਿ ਆਉਣ ਵਾਲਾ ਸਮਾਂ ਸਿੱਖ ਕੌਮ ਲਈ ਬਹੁਤ ਹੀ ਘਾਤਕ ਹੋਣ ਦੇ ਲੱਛਣ ਸਾਹਮਣੇ ਆ ਰਹੇ ਹਨ ਜਦੋਂ ਸਿੱਖ ਕੌਮ ਦਾ ਅਪਣੀ ਹੋਂਦ ਨੂੰ ਸਾਬਤ ਰਖਣਾ ਅਜਿਹੇ ਹਾਲਾਤ ਵਿਚ ਬੱਤੀ ਦੰਦਾਂ ਵਿਚਾਲੇ ਜੀਭ”ਵਾਲੇ ਅਖਾਣ ਨਾਲੋਂ ਘੱਟ ਨਹੀਂ ਹੋਵੇਗਾ। ਇਧਰ ਚੰਦ ਸਿੱਕਿਆਂ ਦੇ ਲਾਲਚ ਅਤੇ ਕੁਰਸੀ ਖ਼ਾਤਰ ਸਿੱਖ ਧਰਮ ਨੂੰ ਹਾਕਮਾਂ ਦੇ ਸਿਆਸੀ ਅਮਲ ਅਨੁਸਾਰ ਢਾਲਣ ਲਈ ਤਰਲੋਮੱਛੀ ਹੋ ਰਹੇ ('ਬਾਦਲਾਂ ਦੀਆਂ ਰਖੇਲਾਂ' ਬਣੇ) ਇਨ੍ਹਾਂ ਅਖੌਤੀ ਜਥੇਦਾਰਾਂ ਬਾਰੇ ਕਿਸੇ ਵਿਦਵਾਨ ਨੇ ਬਹੁਤ ਖੂਬ ਲਿਖਿਆ ਹੈ...
ਗੋਲਕ ਤੇ ਕਬਜ਼ਾ ਕਰਨ ਲਈ,
ਹੁਣ ਪੱਗਾਂ ਲਾਹੀਆਂ ਜਾਂਦੀਆਂ ਨੇ।
ਕਿਤੇ ਵੰਡੀਆਂ ਪਾਈਆਂ ਜਾਂਦੀਆਂ ਨੇ,
ਕਿਤੇ ਅੱਗਾਂ ਲਾਈਆਂ ਜਾਂਦੀਆਂ ਨੇ।
ਬਣ ਰਾਖੇ ਖੇਤ ਉਜਾੜਨ ਦੇ
ਕੁੱਝ ਮਤੇ ਪਕਾ ਕੇ ਆ ਗਏ ਨੇ।
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿਚ,
ਕੁੱਝ ਠੱਗ ਵਣਜਾਰੇ ਆ ਗਏ ਨੇ।
ਸੰਪਰਕ : 98883-47068

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement