
ਅਪਣੇ ਇਸ਼ਟ (ਸ੍ਰੀ ਗੁਰੂ ਗ੍ਰੰਥ
ਸਾਹਿਬ) ਦੇ ਨਾਂ ਤੇ ਅਪਣਾ ਸੱਭ ਕੁੱਝ ਨਿਛਾਵਰ ਕਰ ਦੇਣ ਵਾਲੀ ਸੰਗਤ ਮੇਰੇ ਵਾਂਗ ਇਹ ਜਾਣ
ਕੇ ਬਹੁਤ ਦੁਖੀ, ਨਿਰਾਸ਼, ਹੱਕੀ ਬੱਕੀ ਅਤੇ ਹਲੂਣੀ ਜਾਵੇਗੀ ਕਿ ਲਗਪਗ ਦੋ ਸਾਲ ਪਹਿਲਾਂ
ਸੌਦਾ ਸਾਧ ਨੂੰ ਦਿਤਾ 'ਮਾਫ਼ੀਨਾਮੇ ਦੀ ਵਾਪਸੀ' ਵਾਲਾ ਹੁਕਮਨਾਮਾ ਅੱਜ ਤਕ ਵੀ ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੀਕਾਰਡ ਵਿਚ ਦਰਜ ਨਹੀਂ ਕੀਤਾ ਗਿਆ। ਦੂਜੇ ਸ਼ਬਦਾਂ ਵਿਚ,
ਇਹ ਕਾਮੀ ਸਾਧ ਸਾਡੇ ਸਵਾਰਥੀ, ਮਤਲਬੀ ਅਤੇ ਕੁਰਸੀਆਂ ਦੇ ਭੁੱਖੇ ਨੇਤਾਵਾਂ ਦੀ ਦਿਲੀ ਚਾਹਤ
ਅਨੁਸਾਰ ਸਿੱਖਾਂ ਦੀ ਕਥਿਤ ਮਿੰਨੀ ਪਾਰਲੀਮੈਂਟ ਵਲੋਂ ਦੋਸ਼-ਮੁਕਤ ਹੋ ਚੁੱਕਾ ਹੈ।
ਅੰਗਰੇਜ਼ੀ ਟ੍ਰਿਬਿਊਨ ਵਿਚ, ਸੱਤ ਸਤੰਬਰ ਨੂੰ ਲੱਗੀ ਖ਼ਬਰ ਤੋਂ ਪਹਿਲਾਂ ਸਾਡੇ ਚਿੱਤ ਚੇਤੇ
ਵੀ ਨਹੀਂ ਸੀ ਕਿ ਇੰਤਹਾ ਇਥੇ ਤਕ ਹੋ ਚੁੱਕੀ ਹੈ ਕਿ ਸਿੱਖ ਸੰਗਤਾਂ ਦੇ ਰੋਹ ਨੂੰ
ਵੇਖਦਿਆਂ, ਵੋਟਾਂ ਦੀ ਖ਼ਾਤਰ ਦਿਤੀ ਮਾਫ਼ੀ ਦੀ ਵਾਪਸੀ ਮੱਕੜ ਦੀ ਬਦਨੀਅਤੀ ਕਾਰਨ ਰੀਕਾਰਡ
ਵਿਚ ਹੀ ਨਹੀਂ ਲਿਆਂਦੀ ਗਈ। ਜ਼ੁਬਾਨੀ ਕਲਾਮੀ ਹੁਕਮਨਾਮਾ-ਵਾਪਸੀ ਦਾ ਐਲਾਨ (ਕਿਉਂਕਿ 2007
ਵਿਚ ਦਸਮੇਸ਼ ਪਿਤਾ ਦਾ ਸਵਾਂਗ ਰਚਾਉਂਦਿਆਂ ਜਾਮੇ-ਇੰਸਾਂ ਪਿਆਉਣ ਵਿਰੁਧ ਹੁਕਮਨਾਮਾ ਜਾਰੀ
ਕੀਤਾ ਗਿਆ ਸੀ) ਨਾ ਕੇਵਲ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਘੋਰ ਅਪਮਾਨ ਸੀ ਬਲਕਿ
ਸਰਬੰਸਦਾਨੀ ਗੁਰੂ ਦੀਆਂ ਕੁਰਬਾਨੀਆਂ ਨੂੰ ਰੋਲਣ ਦੀ ਕੋਝੀ ਹਰਕਤ ਵੀ ਸੀ। ਕੁਕਰਮੀ ਸਾਧ ਦੇ
ਕੱਚੇ ਚਿੱਠੇ ਤਾਂ ਸੱਭ ਦੇ ਸਾਹਮਣੇ ਆ ਹੀ ਰਹੇ ਹਨ ਪਰ ਸਾਡੇ ਅਪਣੇ ਸਿੱਖ ਨੇਤਾਵਾਂ,
ਸਿੱਖ ਸਿਆਸਤਦਾਨਾਂ ਅਤੇ ਚੌਧਰੀਆਂ ਦਾ ਕਿਰਦਾਰ ਇਸ ਮਾਮਲੇ ਵਿਚ ਕਿੰਨਾ ਕੁ ਨਖਿੱਧ ਰਿਹਾ
ਹੈ, ਚਿੰਤਾ ਦਾ ਸੱਭ ਤੋਂ ਵੱਡਾ ਸਬੱਬ ਇਹੋ ਹੈ।
ਭਾਵੇਂ ਇਕ ਮਹੀਨੇ ਤੋਂ ਵੱਧ ਸਮਾਂ ਹੋਣ ਲੱਗਾ ਹੈ ਟੀ.ਵੀ. ਚੈਨਲਾਂ ਨੂੰ ਇਸ ਭੋਗੀ ਸਾਧ ਦੀਆਂ ਕਾਲੀਆਂ ਕਰਤੂਤਾਂ ਨੂੰ ਨਸ਼ਰ ਕਰਦਿਆਂ ਪਰ ਮੀਡੀਆ ਵਿਚ ਕਿਸੇ ਨੇ ਵੀ ਅੱਜ ਤਕ ਉਸ ਵਲੋਂ ਕੀਤੇ ਉਸ 'ਬੰਜਰ ਗੁਨਾਹ' ਦਾ ਜ਼ਿਕਰ ਨਹੀਂ ਕੀਤਾ ਜਿਹੜਾ ਉਸ ਨੇ ਕਰੋੜਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਦਿਲ ਤੋੜ ਕੇ ਕੀਤਾ ਸੀ। ਗੁਰੂ ਪਾਤਿਸ਼ਾਹੀਆਂ ਦੀ ਜੁੱਤੀ ਦੇ ਤਲੇ ਤੋਂ ਵੀ ਘਟੀਆ ਔਕਾਤ ਵਾਲਾ ਇਹ ਵਿਲਾਸੀਆ ਸਾਧ 'ਜਾਮ-ਏ-ਇੰਸਾਂ' (ਰੂਹ ਅਫ਼ਜ਼ਾ) ਪਿਆ ਕੇ ਅਜਿਹੇ ਗੁੰਡੇ-ਅਪਰਾਧੀ ਹੀ ਪੈਦਾ ਕਰ ਸਕਦਾ ਸੀ ਜਿਹੋ ਜਿਹੇ ਪੰਚਕੂਲਾ ਹਿੰਸਾ ਮੌਕੇ ਸਾਹਮਣੇ ਦਿਸੇ। ਦਰਅਸਲ ਦੌਲਤ, ਸ਼ੁਹਰਤ, ਗੁੰਡਾਗਰਦੀ, ਚੇਲਾ-ਸ਼ਕਤੀ ਅਤੇ ਸਰਕਾਰੀ ਪੁਸ਼ਤ-ਪਨਾਹੀ ਦੇ ਸਿਰ ਤੇ ਚੰਮ ਦੀਆਂ ਚਲਾਉਣ ਵਾਲੇ ਇਸ ਝੂਠੇ ਸੌਦੇ ਦੇ ਵਪਾਰੀ ਨੇ ਜੋ ਕਾਰੇ ਕੀਤੇ ਹਨ ਉਹ ਅੱਜ ਸੰਵੇਦਨਸ਼ੀਲਾਂ ਨੂੰ ਹੈਰਤ ਵਿਚ ਪਾ ਰਹੇ ਹਨ।
ਸਿੱਖ ਸੰਗਤ ਦਾ ਉਸ ਵਿਰੁਧ ਉਬਲਦਾ ਕ੍ਰੋਧ ਹੋਰ ਮਸਲਿਆਂ ਦੇ ਨਾਲ
ਨਾਲ ਉਸ ਸਵਾਂਗ ਕਾਰਨ ਵਧੇਰੇ ਹੈ ਜਿਸ ਰਾਹੀਂ ਉਸ ਨੇ ਦਸਮੇਸ਼ ਪਿਤਾ ਦੀ ਘਾਲਣਾ ਨੂੰ ਘੱਟੇ
ਮਿੱਟੀ ਰੋਲਣ ਦਾ ਟਿੱਲ ਲਾਇਆ ਸੀ। ਖ਼ਾਲਸੇ ਦੀ ਸਾਜਨਾ ਅਸਲ ਵਿਚ ਨਾਨਕ ਜੋਤ ਦੇ ਦਸਾਂ
ਜਾਮਿਆਂ ਦੀ ਸਿਰਤੋੜ ਘਾਲਣਾ ਅਤੇ ਬੇਸ਼ਕੀਮਤੀ ਯੋਗਦਾਨ ਦੀ ਸਿਖਰ ਸੀ। 2007 ਵਿਚ ਕੀਤੀ ਇਸ
ਕਾਲੀ ਕਰਤੂਤ ਕਰ ਕੇ ਇਸ ਢੋਂਗੀ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ
ਹੁਕਮਨਾਮਾ ਕੁਰਸੀਆਂ ਦੀ ਖ਼ਾਤਰ 2015 ਵਿਚ ਚਾਣਚੱਕ ਹੀ ਵਾਪਸ ਲੈ ਲਿਆ ਗਿਆ ਪਰ ਸੰਗਤੀ ਰੋਹ
ਨੂੰ ਵੇਖਦਿਆਂ ਕੁੱਝ ਹੀ ਦਿਨਾਂ ਬਾਅਦ ਇਸ ਨੂੰ ਐਲਾਨੀਆ ਤੌਰ ਤੇ ਵਾਪਸ ਲੈ ਕੇ ਵੀ
ਰੀਕਾਰਡ ਵਿਚ ਨਹੀਂ ਲਿਆਂਦਾ ਗਿਆ। ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਵਿਚ ਲੱਖਾਂ ਵੋਟ
ਬਟੋਰਨ ਦਾ ਲਾਲਚ ਸਿਆਸਤਦਾਨਾਂ ਨੂੰ ਸਾਧ ਦੀਆਂ ਬਰੂਹਾਂ ਵਲ ਖਿਚਦਾ ਰਿਹਾ।
ਕਦੇ ਕਾਂਗਰਸ
ਨੂੰ ਲਾਲੀਪਾਪ ਵਿਖਾਇਆ ਅਤੇ ਕਦੇ ਅਕਾਲੀ-ਭਾਜਪਾ ਨੂੰ। 'ਆਪ' ਵਾਲੇ ਵੀ ਕਿਹਦੀ ਨੂੰਹ ਧੀ
ਨਾਲੋਂ ਘੱਟ ਸਨ? ਅਕਾਲੀਆਂ, ਕਾਂਗਰਸੀਆਂ ਅਤੇ 'ਆਪ' ਵਾਲਿਆਂ ਸੱਭ ਨੇ ਘੁੱਟ ਘੁੱਟ ਜੱਫੀਆਂ
ਪਾਈਆਂ, ਜਨਮਦਿਨ ਮੁਬਾਰਕਾਂ ਦਿਤੀਆਂ ਪਰ ਬਾਵਜੂਦ ਹਿਮਾਇਤ ਦੇ ਅਕਾਲੀ ਮੂਧੇ ਮੂੰਹ ਡਿੱਗੇ
ਅਤੇ ਸ਼ਰਮਸਾਰ ਹੋਏ। ਸ਼ੋਹਰਤ, ਦੌਲਤ ਅਤੇ ਤਾਕਤ ਦਾ ਖ਼ੁਮਾਰ ਕਿਹੜੀਆਂ ਕਿਹੜੀਆਂ ਅਣਹੋਣੀਆਂ
ਨੂੰ ਜਨਮ ਦਿੰਦਾ ਹੈ, ਇਹ ਅਸੀ ਲੰਮੇ ਸਮੇਂ ਤੋਂ ਵੇਖ ਰਹੇ ਹਾਂ। ਇਨ੍ਹਾਂ ਵਿਕਾਰਾਂ ਨੇ
ਤਾਂ ਸਾਡੀਆਂ ਧਾਰਮਕ ਸੰਸਥਾਵਾਂ ਦਾ ਵੀ ਕੁੱਝ ਨਹੀਂ ਛਡਿਆ ਜਿਨ੍ਹਾਂ ਨੇ ਲੁੱਚੇ ਸਾਧ ਨੂੰ
ਮਾਫ਼ ਕਰਨ ਦੀ ਅਪਣੀ ਕਰਤੂਤ ਨੂੰ ਸਹੀ ਸਿੱਧ ਕਰਨ ਲਈ ਸੰਗਤੀ ਗੋਲਕ ਦੇ 91 (ਇਕਾਨਵੇਂ) ਲੱਖ
ਬਰਬਾਦ ਕਰ ਦਿਤੇ।
ਇਕ ਟੱਬਰ ਦੀ ਹਉਮੈ ਦੀ ਪੂਰਤੀ ਲਈ ਸੌ ਸਾਲ ਪੁਰਾਣੀ ਮਾਣਮੱਤੀ ਸ਼੍ਰੋਮਣੀ ਕਮੇਟੀ ਦਾ ਵਕਾਰ ਦਾਅ ਤੇ ਲਾਉਣ ਵਾਲਿਉ, ਤੁਹਾਨੂੰ ਦੋਹੀਂ ਜਹਾਨੀਂ ਢੋਈ ਨਹੀਂ ਮਿਲ ਸਕਦੀ। ਸਿੱਖਾਂ ਦੀ ਕਥਿਤ ਮਿੰਨੀ ਪਾਰਲੀਮੈਂਟ ਅਖਵਾਉਂਦੀ ਸੰਸਥਾ ਦਾ ਪ੍ਰਧਾਨ ਵੀ ਸਾਧ ਦੀ ਮਾਫ਼ੀ ਵਾਲੇ ਮਤੇ ਨੂੰ ਰੱਦ ਕਰ ਸਕਣ ਤੋਂ ਅਸਮੱਰਥ ਹੈ ਕਿਉਂਕਿ 180 ਮੈਂਬਰੀ ਕਮੇਟੀ ਵਿਚੋਂ ਕੇਵਲ 55 (ਪਚਵੰਜਾ) ਮੈਂਬਰਾਂ ਦਾ ਇਕੱਠ ਕਰ ਕੇ ਮਾਫ਼ੀਨਾਮੇ ਨੂੰ ਰਮਸੀ ਤੌਰ ਤੇ ਪਾਸ ਕਰਨ ਦਾ ਢੋਂਗ 'ਇਤਿਹਾਸਕ' ਕਰਾਰ ਦਿਤਾ ਜਾ ਚੁੱਕਾ ਹੈ। ਸਾਰੇ ਪੰਜਾਬ (ਸਿੱਖਾਂ ਤੇ ਹੋਰ ਫ਼ਿਰਕਿਆਂ) ਦੇ ਲੋਕਾਂ ਦੇ ਸੜਕਾਂ-ਚੌਰਾਹਿਆਂ ਤੇ ਆ ਡਟਣ ਕਾਰਨ ਮਾਫ਼ੀਨਾਮਾ-ਵਾਪਸੀ ਸਿਰਫ਼ ਫੋਕੇ ਐਲਾਨਨਾਮੇ ਤਕ ਹੀ ਸੀਮਤ ਰੱਖੀ ਗਈ। ਰੀਕਾਰਡ ਵਿਚ ਕਦੇ ਵੀ ਨਾ ਲਿਆਂਦੀ ਗਈ।
ਕੀ
ਮੇਰੇ ਪਿਆਰੇ ਪਾਠਕ ਜਾਣਦੇ ਹਨ ਕਿ ਇਹ ਛਲੇਡਾ ਸਾਧ ਡਾਕਟਰੇਟ ਦੀ ਡਿਗਰੀ ਵੀ ਖ਼ਰੀਦ ਚੁੱਕਾ
ਸੀ? ਜਿਸ ਪੀ.ਐਚ.ਡੀ. ਨੂੰ ਅਸੀ ਸਾਲਾਂ ਬੱਧੀ ਯੂਨੀਵਰਸਟੀਆਂ ਦੀਆਂ ਲਾਇਬ੍ਰੇਰੀਆਂ 'ਚ
ਮੱਥਾ ਮਾਰ ਕੇ ਪ੍ਰਾਪਤ ਕੀਤਾ ਅਤੇ ਨਿਗਰਾਨਾਂ ਦੀਆਂ ਡਾਂਟਾਂ-ਡਪਟਾਂ ਝੇਲੀਆਂ ਹਨ, ਉਹ
ਉਚੇਰੀ ਉਪਾਧੀ ਇਸ ਨੇ ਖੇਖਣ ਕਰ ਕੇ ਹੀ ਹਥਿਆ ਲਈ। ਦਰਅਸਲ, ਇੰਗਲੈਂਡ ਸਥਿਤ ਕੋਈ
ਯੂਨੀਵਰਸਟੀ ਸੁਣੀ ਹੈ ਜਿਸ ਤੋਂ 'ਵਿਸ਼ਵ ਕੀਰਤੀਮਾਨ ਕਰਤਿਆਂ' ਨੂੰ ਪੈਸੇ ਦੇ ਕੇ ਡਾਕਟਰੇਟ
ਦੀ ਡਿਗਰੀ ਲੈਣ ਦਾ ਕੋਈ ਅਧਿਕਾਰੀ ਦਸਿਆ ਜਾ ਰਿਹਾ ਹੈ ਕਿਉਂਕਿ ਇਸ ਸਾਧ ਨੇ ਵੀ ਬਹੁਤ
'ਵਿਸ਼ਵ ਰੀਕਾਰਡ' ਬਣਾਏ ਹਨ, ਸੋ ਇਸ ਵਰਗੇ ਠੱਗਾਂ ਨੂੰ ਪੀ.ਐਚ.ਡੀ. ਡਿਗਰੀ ਲੈਣ ਦਾ
ਅਧਿਕਾਰ ਆਪ ਮੁਹਾਰੇ ਹਾਸਲ ਹੋ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਗਿਨੀਜ਼ ਬੁੱਕ ਆਫ਼ ਵਰਲਡ
ਰੀਕਾਰਡ ਵਿਚ ਸੌਦਾ ਸਾਧ ਦੀਆਂ 22 ਐਂਟਰੀਆਂ ਹਨ ਅਤੇ ਲਿਮਕਾ ਬੁੱਕ ਵਿਚ ਸੱਤ। ਇਹੋ ਜਿਹੇ
ਪਿਛੋਕੜ ਵਾਲਾ ਦੰਭੀ ਸਾਧ ਜੇਕਰ ਸਰਕਾਰਾਂ ਤੋਂ 'ਜ਼ੈÎੱਡ ਪਲੱਸ' ਸੁਰੱਖਿਆ ਲੈਣ ਅਤੇ ਦੇਸ਼
ਭਰ ਦੇ ਇਕ ਸੌ ਮੋਹਤਬਰ ਵਿਅਕਤੀਆਂ ਵਿਚੋਂ ਇਕ ਹੋਣ ਦਾ ਮਾਣ ਪ੍ਰਾਪਤ ਕਰਨ ਵਿਚ ਕਾਮਯਾਬ ਹੋ
ਸਕਦਾ ਹੈ ਤਾਂ ਇਸ ਦੇਸ਼ ਦੀ ਨੈਤਿਕਤਾ ਦਾ ਰੱਬ ਹੀ ਰਾਖਾ ਹੈ। ਏਸ਼ੀਆਈ ਮੁਲਕਾਂ ਵਿਚੋਂ ਸੱਭ
ਤੋਂ ਵੱਧ ਭ੍ਰਿਸ਼ਟ ਬਣ ਕੇ ਸਾਹਮਣੇ ਆਇਆ ਭਾਰਤ ਅਜਿਹੇ ਲੋਕਾਂ ਦੀ ਬਦੌਲਤ ਹੀ ਇੱਥੇ ਤਕ
ਡਿੱਗਾ/ਪੁੱਜਾ ਕਿਹਾ ਜਾ ਸਕਦਾ ਹੈ।
ਕਹਿੰਦੇ ਹਨ ਪਰਮਾਤਮਾ ਦੇ ਘਰ ਦੇਰ ਹੈ, ਹਨੇਰ
ਨਹੀਂ। ਸੰਸਾਰ ਧਰਮੀ ਪੁਰਖਾਂ ਦੇ ਸਿਰ ਤੇ ਹੀ ਚਲ ਰਿਹਾ ਹੈ। ਧਰਮ ਦੇ ਠੇਕੇਦਾਰਾਂ ਨੇ ਤਾਂ
ਅਪਣੇ ਸੌੜੇ ਸਿਆਸੀ ਹਿਤਾਂ ਲਈ ਸਾਰੀ ਕਰਤੂਤ ਤੇ ਮਿੱਟੀ ਪਾ ਦਿਤੀ ਸੀ ਪਰ ਪ੍ਰਭੂ ਦੇ
ਬਖ਼ਸ਼ੇ ਬੰਦੇ ਹਾਲੇ ਵੀ ਵਿਰਲੇ ਟਾਵੇਂ ਹਨ ਜਿਨ੍ਹਾਂ ਨੇ 20 ਮਾਰਚ, 2007 ਨੂੰ ਬਠਿੰਡਾ ਵਿਚ
ਐਫ਼.ਆਈ.ਆਰ. ਨੰਬਰ 262 ਵਿਚ ਭਾਰਤੀ ਦੰਡਾਵਲੀ ਦੀ ਧਾਰਾ 295-ਏ (ਧਾਰਮਕ ਭਾਵਨਾਵਾਂ ਨੂੰ
ਠੇਸ ਪਹੁੰਚਾਉਣ ਦੀ ਕਾਰਵਾਈ), 298 (ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ
ਸ਼ਬਦਾਵਲੀ ਦੀ ਵਰਤੋਂ) ਸਣੇ ਧਾਰਾ 153-ਏ ਵੀ ਸ਼ਾਮਲ ਹੈ, ਦਰਜ ਕਰਵਾਈ ਪਰ 27 ਜਨਵਰੀ 2012
ਨੂੰ ਅਦਾਲਤ ਵਿਚ ਪੇਸ਼ ਕੀਤੀ ਰੀਪੋਰਟ ਵਿਚ ਬਠਿੰਡਾ ਪੁਲਿਸ ਨੇ ਕੋਈ ਸਬੂਤ ਨਾ ਮਿਲਣ ਦੀ
ਗੱਲ ਕਹੀ। ਪੁਲਿਸ ਨੇ ਅਦਾਲਤ ਨੂੰ ਇਹ ਕੇਸ ਖ਼ਤਮ ਕਰਨ ਦੀ ਬੇਨਤੀ ਕੀਤੀ। ਬਠਿੰਡਾ ਦੇ ਸੈਸ਼ਨ
ਜੱਜ ਨੇ ਅਗੱਸਤ 2014 (ਜਦੋਂ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਹੋਂਦ ਵਿਚ ਆ ਚੁੱਕੀ
ਸੀ) ਵਿਚ ਇਸ ਆਧਾਰ ਤੇ ਕੇਸ ਰੱਦ ਕਰ ਦਿਤਾ ਸੀ ਕਿ ਪੁਲਿਸ ਲਾਗੂ ਕਾਨੂੰਨ ਅਨੁਸਾਰ ਤਿੰਨ
ਸਾਲ ਦੇ ਅੰਦਰ ਅੰਦਰ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ।
ਸਾਧ ਦੇ ਵਕੀਲਾਂ
ਵਲੋਂ ਵਾਰ ਵਾਰ ਹੋਰ ਸਮਾਂ ਮੰਗਦੇ ਰਹਿਣ ਕਾਰਨ ਫ਼ਰਵਰੀ 2015 ਤੋਂ ਕੇਸ ਸੁਣਦੇ ਆ ਰਹੇ
ਇਕਹਿਰੇ ਬੈਂਚ ਵਲੋਂ ਤਰੀਕਾਂ ਦਰ ਤਰੀਕਾਂ ਪਾਈਆਂ ਗਈਆਂ ਪਰ ਗੱਲ ਕਿਸੇ ਪੱਤਣ ਨਾ ਲੱਗੀ।
ਕੇਸ ਕਰਨ ਵਾਲੇ ਗ਼ੈਰਤਮੰਦ ਵੀਰ ਰਜਿੰਦਰ ਸਿੰਘ ਸਿੱਧੂ ਨੇ ਹੁਣ ਹਾਈ ਕੋਰਟ ਤਕ ਮੁੜ ਪਹੁੰਚ
ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਕ ਧਿਰ ਬਣਾਇਆ ਹੈ ਕਿਉਂਕਿ ਅਕਾਲੀ
ਦਲ ਵਲੋਂ 2014 ਦੀਆਂ ਆਮ ਚੋਣਾਂ ਦੌਰਾਨ ਬਠਿੰਡਾ ਤੋਂ ਅਪਣੇ ਉਮੀਦਵਾਰ ਦੀ ਜਿੱਤ ਯਕੀਨੀ
ਬਣਾਉਣ ਲਈ ਚਾਰ ਸਾਲਾਂ ਤਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਨਤੀਜੇ ਵਜੋਂ ਸਾਧ ਬਰੀ ਹੋ ਗਿਆ।
ਹੁਣ ਹਾਈ ਕੋਰਟ ਵਿਚ ਅੰਤਮ ਬਹਿਸ 13 ਅਕਤੂਬਰ ਨੂੰ ਹੋ ਰਹੀ ਹੈ।
ਅੰਤ ਵਿਚ ਮੈਂ ਇਹੀ
ਕਹਿਣਾ ਚਾਹਾਂਗੀ ਕਿ ਦੁਨਿਆਵੀ ਉਪਾਧੀਆਂ, ਕੁਰਸੀਆਂ, ਡਿਗਰੀਆਂ, ਮਾਣ ਮੁਰਾਤਬੇ ਅਤੇ
ਸ਼ਾਨੋ-ਸ਼ੌਕਤ ਥੋੜ੍ਹਚਿਰੀਆਂ ਹਨ। ਸਦੀਵੀਂ ਮਨੁੱਖੀ ਕਦਰਾਂ-ਕੀਮਤਾਂ ਨਾਲੋਂ ਟੁੱਟ ਕੇ ਬੰਦਾ
ਸਿੱਧਾ ਰਸਾਤਲ (ਨਰਕਾਂ) ਵਲ ਜਾਂਦਾ ਹੈ। ਗੁਰੂ ਪਾਤਿਸ਼ਾਹੀਆਂ ਦੀਆਂ ਭੋਲੀਆਂ ਸੰਗਤਾਂ ਨੂੰ
ਧੋਖੇ ਵਿਚ ਰੱਖਣ ਵਾਲੇ ਸਾਡੇ ਇਹ ਧਾਰਮਕ ਮੁਖੀਏ ਲੋਕ ਤੇ ਪ੍ਰਲੋਕ ਵਿਚ ਜ਼ਰੂਰ ਮੂਧੇ ਮੂੰਹ
ਡਿਗਣਗੇ।
ਸੰਪਰਕ : 98156-20515