
ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਦਾ ਦੁਸਹਿਰਾ
ਬਾਕੀ ਥਾਵਾਂ ਨਾਲੋਂ ਕੁੱਝ ਵਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਥੇ ਰਾਵਣ ਦੇ ਬੁਤਾਂ
ਨੂੰ ਨਹੀਂ ਸਾੜਿਆ ਜਾਂਦਾ। ਇਸ ਨੂੰ ਦੇਵਤਿਆਂ ਦਾ ਦੁਸਹਿਰਾ ਆਖਿਆ ਜਾਂਦਾ ਏ।
ਮਿਥਿਹਾਸਕ
ਕਹਾਣੀ ਅਨੁਸਾਰ 17ਵੀਂ ਸਦੀ ਵਿਚ ਕੁੱਲੂ ਘਾਟੀ ਵਿਚ ਰਘੁਵੰਸ਼ੀ ਰਾਜਾ ਜਗਤ ਸਿੰਘ ਰਾਜ
ਕਰਦਾ ਸੀ। 1937 ਈ: ਵਿਚ ਉਸ ਰਾਜੇ ਦੇ ਰਾਜਗੱਦੀ ਉਤੇ ਬੈਠਦੇ ਹੀ ਕਿਸੇ ਨੇ ਉਸ ਦੇ ਮਨ
ਵਿਚ ਸ਼ੱਕ ਪਾ ਦਿਤਾ ਕਿ ਉਨ੍ਹਾਂ ਦੇ ਰਾਜ ਵਿਚ ਇਸ ਖ਼ਾਸ ਬ੍ਰਾਹਮਣ ਦੇ ਘਰ ਕੀਮਤੀ ਰਤਨ ਹਨ
ਜੋ ਕਿ ਰਾਜੇ ਦੇ ਖ਼ਜ਼ਾਨੇ ਵਿਚ ਹੀ ਰਖਣਯੋਗ ਹਨ।
ਰਾਜੇ ਨੇ ਉਸ ਬ੍ਰਾਹਮਣ ਨੂੰ ਉਹ ਰਤਨ
ਰਾਜੇ ਦੇ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਦਾ ਹੁਕਮ ਕਰ ਦਿਤਾ। ਪਰ ਉਸ ਬ੍ਰਾਹਮਣ ਕੋਲ ਕੋਈ ਵੀ
ਰਤਨ ਤਾਂ ਹੈ ਨਹੀਂ ਸੀ। ਰਾਜੇ ਦੇ ਗੁੱਸੇ ਤੋਂ ਡਰਦਿਆਂ ਉਸ ਨੂੰ ਅਪਣੇ ਬਚਾਅ ਦਾ ਇਕੋ ਹੀ
ਰਾਹ ਲਭਿਆ ਕਿ ਉਹ ਅਪਣੇ ਪ੍ਰਵਾਰ ਸਮੇਤ ਆਤਮਦਾਹ ਕਰ ਲਵੇ। ਉਸ ਨੇ ਇਸ ਤਰ੍ਹਾਂ ਹੀ ਕੀਤਾ।
ਇਹ ਅਨਰਥ ਰਾਜੇ ਲਈ ਇਕ ਸਰਾਪ ਬਣ ਗਿਆ। ਉਹ ਬਹੁਤ ਹੀ ਡਰ ਗਿਆ ਤੇ ਬੀਮਾਰ ਰਹਿਣ ਲੱਗਾ।
ਉਸ ਨੂੰ ਨੀਂਦ ਵਿਚ ਬਹੁਤ ਡਰਾਉਣੇ ਸੁਪਨੇ ਆਉਣ ਲੱਗੇ। ਫਿਰ ਇਕ ਦਿਨ ਰਾਜ ਗੁਰੂ ਕ੍ਰਿਸ਼ਨ
ਦਾਸ ਨੇ ਰਾਜੇ ਨੂੰ ਕਿਹਾ ਕਿ ਜੇਕਰ ਉਹ ਅਯੋਧਿਆ ਤੋਂ ਰਾਮ ਤੇ ਸੀਤਾ ਦੀਆਂ ਮੂਰਤੀਆਂ ਜੋ
ਕਿ ਤਰੇਤਾ ਯੁੱਗ ਵਿਚ ਅਸ਼ਵਮੇਧ ਯੱਗ ਲਈ ਉਕਤ ਅਵਤਾਰ ਨੇ ਬਣਵਾਈਆਂ ਸਨ, ਉਨ੍ਹਾਂ ਨੂੰ
ਮੰਗਵਾ ਕੇ ਅਪਣੇ ਮਹਿਲ ਵਿਚ ਰੱਖੇ ਤਾਂ ਕਸ਼ਟ ਦੂਰ ਹੋ ਸਕਦਾ ਹੈ।
ਰਾਜੇ ਜਗਤ ਸਿੰਘ ਨੇ
ਇਸ ਤਰ੍ਹਾਂ ਹੀ ਕੀਤਾ। ਮੂਰਤੀਆਂ ਸਥਾਪਤ ਕਰਨ ਤੋਂ ਬਾਅਦ ਜਦੋਂ ਉਸ ਰਾਜੇ ਨੇ ਉਨ੍ਹਾਂ ਦੀ
ਸੱਚੇ ਦਿਲ ਨਾਲ ਪੂਜਾ ਸ਼ੁਰੂ ਕੀਤੀ ਤਾਂ ਉਸ ਦੀ ਬੀਮਾਰੀ ਠੀਕ ਹੋਣ ਲੱਗੀ। ਉਸ ਤੋਂ ਬਾਅਦ
ਉਹ ਰਾਮ ਚੰਦਰ ਦਾ ਭਗਤ ਹੋ ਗਿਆ ਅਤੇ ਸਾਰਾ ਰਾਜ ਮੂਰਤੀ ਰੂਪੀ ਭਗਵਾਨ ਰਾਮ ਨੂੰ ਅਰਪਣ ਕਰ
ਦਿਤਾ। ਉਹ ਆਪ ਮੰਦਰ ਦਾ ਪੁਜਾਰੀ ਬਣ ਗਿਆ। ਇਹ ਕੰਮ ਦੁਸਹਿਰੇ ਵਾਲੇ ਦਿਨ ਹੋਇਆ। ਰਘੂਨਾਥ
ਦੀ ਮੂਰਤੀ ਦਾ ਇਸ ਤਰ੍ਹਾਂ ਆਉਣਾ ਅਤੇ ਦੇਸ਼ ਦਾ ਸ੍ਰੇਸ਼ਟ ਰਾਜ ਦੇਵਤਾ ਬਣਨ ਦਾ ਸਾਰੇ ਦੇਸ਼
ਵਿਚ ਬਹੁਤ ਹੀ ਸਵਾਗਤ ਹੋਇਆ। ਸਾਰੇ ਪਿੰਡਾਂ ਦੇ ਮੰਦਰਾਂ ਦੇ ਦੇਵਤਾ ਰਘੂਨਾਥ ਜੀ ਦੇ
ਸਵਾਗਤ ਲਈ ਕੁੱਲੂ ਪਹੁੰਚੇ। ਉਹ ਮੂਰਤੀ ਰੂਪ ਰਘੂਨਾਥ ਨੂੰ ਅਪਣਾ ਠਾਕੁਰ ਯਾਨੀ ਕਿ ਰਾਜਾ
ਮੰਨਣ ਲੱਗ ਪਏ। ਉਸ ਵਕਤ ਤੋਂ ਹੀ ਪਿੰਡਾਂ ਦੇ ਲੋਕ ਅਪਣੇ ਦੇਵੀ ਦੇਵਤਿਆਂ ਨਾਲ ਹਰ ਸਾਲ
ਦੁਸਹਿਰੇ ਵਾਲੇ ਦਿਨ ਰਘੂਨਾਥ ਜੀ ਦੀ ਪੂਜਾ ਕਰਨ ਲਈ ਕੁੱਲੂ ਆਉਂਦੇ ਹਨ। ਇਸ ਪੂਜਾ ਨੇ ਹੁਣ
ਇਕ ਸਾਲਾਨਾ ਮੇਲੇ ਦਾ ਰੂਪ ਧਾਰ ਲਿਆ ਏ ਜਿਸ ਨੂੰ ਕੁੱਲੂ ਦਾ ਦੁਸਹਿਰਾ ਕਹਿੰਦੇ ਹਨ।
ਇਸ
ਦੁਸਹਿਰੇ ਤੇ ਪਿੰਡਾਂ ਵਾਲੇ ਅਪਣੇ ਸਥਾਨਕ ਦੇਵੀ ਦੇਵਤਿਆਂ ਨੂੰ ਪਾਲਕੀ ਵਿਚ ਬਿਠਾ ਕੇ
ਪੁਰਾਣੇ ਸਾਜ਼ਾਂ ਦੀਆਂ ਧੁਨਾਂ ਵਜਾਉਂਦੇ ਹੋਏ ਰਘੂਨਾਥ ਮੰਦਰ ਵਿਚ ਆਉਂਦੇ ਹਨ। ਉਥੇ ਪੂਜਾ
ਕਰਨ ਤੋਂ ਬਾਅਦ ਰਾਜਾ ਵੰਸ਼ ਦੇ ਘਰ ਜਾਂਦੇ ਹਨ। ਉਸ ਵੰਸ਼ ਦਾ ਮੁਖੀ ਦੇਵਤਿਆਂ ਦੀ ਪੂਜਾ
ਕਰਦਾ ਏ ਤੇ ਦਾਨ ਵੀ ਦਿੰਦਾ ਏ। ਉਸ ਤੋਂ ਬਾਅਦ ਇਹ ਸਾਰੀਆਂ ਪਾਲਕੀਆਂ ਕੁੱਲੂ ਦੇ ਬਜ਼ਾਰਾਂ
ਵਿਚੋਂ ਹੁੰਦਿਆਂ ਹੋਇਆਂ ਢਾਲਪੁਰ ਦੇ ਮੈਦਾਨ ਵਿਚ ਪੁੱਜ ਜਾਂਦੀਆਂ ਹਨ। ਸ਼ਾਮ ਵੇਲੇ ਰਾਜਾ
ਵੰਸ਼ ਦੇ ਲੋਕ ਰਘੁਨਾਕ ਦੇਵਤਾ ਦੀ ਮੂਰਤੀ ਲੈ ਕੇ ਢਾਲਪੁਰ ਦੇ ਮੈਦਾਨ ਵਿਚ ਆਉਂਦੇ ਹਨ। ਉਥੇ
ਇਕ ਰੱਥ ਵਿਚ ਇਸ ਮੂਰਤੀ ਨੂੰ ਰੱਖ ਕੇ ਪੂਜਾ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਇਸ
ਰੱਥ ਨੂੰ ਖਿੱਚ ਕੇ ਢਾਲਪੁਰ ਦੇ ਮੈਦਾਨ ਤੋਂ ਬਾਹਰ ਇਕ ਪੰਡਾਲ ਵਿਚ ਲੈ ਜਾਂਦੇ ਹਨ ਜਿਥੇ
ਅੱਠ ਦਿਨ ਤਕ ਰਾਤ ਦਿਨ ਪੂਜਾ ਹੁੰਦੀ ਰਹਿੰਦੀ ਏ। ਇਸ ਤਰ੍ਹਾਂ ਦੂਜੇ ਦੇਵਤਿਆਂ ਦੇ ਪੁਜਾਰੀ
ਵੀ ਪੂਜਾ ਕਰਦੇ ਰਹਿੰਦੇ ਹਨ। ਇਹ ਵਪਾਰਕ ਮੇਲਾ ਹੁੰਦਾ ਏ। ਇਸ ਮੇਲੇ ਵਿਚ ਲਾਹੌਲ ਸਪਿਤੀ
ਤੇ ਲਦਾਖ ਤਕ ਦੇ ਲੋਕ ਆਉਂਦੇ ਹਨ ਤੇ ਸਿਆਲ ਦਾ ਸਾਰਾ ਸਮਾਨ ਖ਼ਰੀਦਦੇ ਹਨ। ਇਸ ਸਮੇਂ
ਸਰਕਾਰੀ ਵਿਭਾਗ ਵੀ ਅਪਣੇ ਸਟਾਲ ਲਾਉਂਦੇ ਹਨ। ਖ਼ਾਸ ਕਰ ਕੇ ਗਰਮ ਕਪੜੇ ਦੀ ਬਹੁਤੀ ਖਰੀਦ
ਹੁੰਦੀ ਏ। ਵਿਦੇਸ਼ੀ ਸੈਲਾਨੀ ਬਹੁਤ ਆਉਂਦੇ ਹਨ।
ਸੰਪਰਕ : 98767-41231