
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦਪੁਰ
ਨੂੰ ਪੁਲਿਸ 80ਵਿਆਂ ਵਿਚ ਖਾੜਕੂਵਾਦ ਦਾ ਗੜ੍ਹ ਮੰਨਦੀ ਸੀ। ਇਨ੍ਹਾਂ ਪਿੰਡਾਂ ਦੇ ਅਨੇਕਾਂ
ਨੌਜਵਾਨ ਪ੍ਰਵਾਰ ਸਮੇਤ ਕੁੱਝ ਪੁਲਿਸ ਦੀ ਗੋਲੀ ਦੀ ਭੇਂਟ ਚੜ੍ਹ ਗਏ ਅਤੇ ਕੁੱਝ ਖਾੜਕੂਆਂ
ਦੀ ਗੋਲੀ ਦਾ ਸ਼ਿਕਾਰ ਹੋ ਗਏ। ਘਰਾਂ ਦੇ ਘਰ ਖ਼ਾਲੀ ਹੋ ਗਏ। ਇਸੇ ਥਾਣੇ ਦੇ ਪਿੰਡ ਚੀਮਾਂ
ਖੁੱਡੀ ਨੂੰ ਪੰਜਾਬ ਪੁਲਿਸ ਖਾੜਕੂਆਂ ਦੀ ਰਾਜਧਾਨੀ ਮੰਨਦੀ ਸੀ। ਚੀਮਾਂ ਖੁੱਡੀ ਦਾ ਨੌਜਵਾਨ
ਖਾੜਕੂ ਜੁਗਰਾਜ ਸਿੰਘ ਉਰਫ਼ ਤੂਫ਼ਾਨ ਸਿੰਘ ਬਹੁਤ ਹੀ ਮਕਬੂਲ ਹੋਇਆ। ਲੋਕਾਂ ਦੇ ਦਿਲਾਂ ਵਿਚ
ਰਾਜ ਕਰ ਗਿਆ। ਚੀਮਾਂ ਖੁੱਡੀ ਪਿੰਡ ਬਟਾਲਾ-ਸ੍ਰੀ ਹਰਗੋਬਿੰਦਪੁਰ ਸੜਕ ਉਤੇ ਹੈ। ਖਾੜਕੂ
ਗਰੁੱਪ ਅਪਣਾ ਦਿਨ ਦਾ ਸਮਾਂ ਜ਼ਿਆਦਾਤਰ ਬਿਆਸ ਦਰਿਆ ਦੇ ਕੰਢੇ ਬਣੀਆਂ ਬਹਿਕਾਂ ਜਾਂ ਉਥੇ
ਦਰਿਆ ਕਿਨਾਰੇ ਹੀ ਲੁਕ ਕੇ ਗੁਜ਼ਾਰਦੇ ਸਨ। ਚੀਮਾਂ ਖੁੱਡੀ ਤੋਂ ਦਰਿਆ ਬਿਆਸ ਡਾਂਡਾਂ ਮੀਡਾਂ
ਰਸਤਾ ਵਾਇਆ ਕਿਸ਼ਨ ਕੋਟ, ਪੇਜੋਚੱਕ 5-6 ਕਿਲੋਮੀਟਰ ਕਰੀਬ ਹੈ। ਖਾੜਕੂਆਂ ਨੂੰ ਇਥੋਂ ਲੰਘਣ
ਲਈ ਮਹਿਤਾ-ਸ੍ਰੀ ਹਰਗੋਬਿੰਦਪੁਰ ਰੋਡ ਪਾਰ ਕਰਨੀ ਪੈਂਦੀ ਸੀ। ਪੁਲਿਸ ਨੂੰ ਗੁਪਤ ਸੂਚਨਾ
ਸੀ ਇਸ ਰਸਤੇ ਬਾਰੇ। ਸੋ ਨਾਕਾ ਲੱਗਾ ਹੀ ਰਹਿੰਦਾ ਸੀ। ਖਾੜਕੂ ਬੜੇ ਚੌਕੰਨੇ ਹੋ ਕੇ
ਲੰਘਦੇ। ਉਦੋਂ ਮੋਬਾਈਲ ਨਹੀਂ ਸਨ ਪਰ ਸੜਕ ਲੰਘਣ ਤੋਂ ਪਹਿਲਾਂ ਲਾਗਲੇ ਡੇਰੇ ਵਾਲਿਆਂ ਤੋਂ
ਨਾਕੇ ਦੀ ਸੂਚਨਾ ਪ੍ਰਾਪਤ ਕਰ ਲੈਂਦੇ ਸਨ।
ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਜ਼ਾਲਮ ਤੋਂ
ਜ਼ਾਲਮ ਥਾਣੇਦਾਰ ਆਇਆ ਅਤੇ ਖਾੜਕੂਆਂ ਨੂੰ ਲਾਸ਼ਾਂ ਵਿਚ ਬਦਲ ਕੇ ਅਪਣੀਆਂ ਫ਼ੀਤੀਆਂ ਲੰਮੀਆਂ
ਕਰਵਾ ਕੇ ਚਲਦਾ ਬਣਿਆ। ਇਸੇ ਹੀ ਜ਼ਾਲਮਪੁਣੇ ਦੀ ਲੜੀ ਵਿਚ ਬਦਨਾਮ ਥਾਣੇਦਾਰ ਸਵਰਨ ਸਿੰਘ
ਘੋਟਣਾ ਆ ਗਿਆ। ਸੁਣਿਆ ਹੈ ਕਿ ਉਸ ਦੇ ਜ਼ੁਲਮ ਦੇ ਸਤਾਏ ਕਿਸੇ ਖਾੜਕੂ ਗਰੁੱਪ ਨੇ ਉਸ ਦਾ
ਟੱਬਰ ਮੁਕਾ ਦਿਤਾ ਸੀ। ਉਸ ਨੇ ਅਪਣੇ ਪ੍ਰਵਾਰ ਦੇ ਕਫ਼ਨ ਦੀ ਲੀਰ ਅਪਣੇ ਗੁਟ ਨਾਲ ਬੰਨ੍ਹੀ
ਹੋਈ ਸੀ ਜੋ ਉਸ ਨੂੰ ਖਾੜਕੂਆਂ ਉਤੇ ਵੱਧ ਤੋਂ ਵੱਧ ਜ਼ੁਲਮ ਕਰਨ ਲਈ ਉਕਸਾਉਂਦੀ ਰਹਿੰਦੀ ਸੀ।
ਇਕ ਰਾਤ ਚਿਟਕਪੜੀਏ ਪੁਲਸੀਆਂ ਨਾਲ ਪੀਲੇ ਪਟਕੇ ਬੰਨ੍ਹ ਕੇ ਨਾਕੇ ਤੇ ਘੋਟਣਾ ਆ ਗਿਆ। ਸ਼ੱਕੀ ਬਹਿਕ ਤੇ ਪਹੁੰਚ ਗਿਆ। ਅੰਮ੍ਰਿਤਧਾਰੀ ਰਾਜੂ ਨੂੰ ਨਾਕਾ ਵੇਖਣ ਤੋਰ ਦਿਤਾ। ਰਾਜੂ ਦੀ ਮਾਤਾ ਨੂੰ ਪੈਰੀਂ ਹੱਥ ਲਾਇਆ ਅਤੇ ਗੁਰੂ ਫ਼ਤਹਿ ਬੁਲਾ ਕੇ ਅਪਣੇ ਆਪ ਨੂੰ ਵੱਡਾ ਖਾੜਕੂ ਗਰੁੱਪ ਦਸਿਆ। ਮਾਤਾ ਨੇ ਅਨਜਾਣਪੁਣੇ ਵਿਚ ਮੰਨ ਲਿਆ ਕਿ ਖਾੜਕੂ ਇਥੇ ਆਉਂਦੇ ਜਾਂਦੇ ਰੁਕਦੇ ਹਨ।
ਡਾਹਢੇ ਸਿਆਲੀ ਦਿਨ ਸਨ। ਮੂੰਹ ਹਨੇਰੇ ਘੋਟਣਾ ਗਾਰਦ ਸਮੇਤ ਆ ਗਿਆ। ਰਾਜੂ ਨੂੰ ਠੁੱਡੇ ਅਤੇ ਬੈਂਤ ਮਾਰਦਿਆਂ ਮੱਥਾ ਬੰਨ੍ਹ ਗੱਡੀ ਵਿਚ ਸੁਟ ਲਿਆ। ਥਾਣੇ 'ਚ ਰਾਜੂ ਦੇ ਕਪੜੇ ਲੁਹਾ ਕੇ ਅੱਤ ਨੀਚ ਦਰਜੇ ਦੇ ਤਸੀਹੇ ਦਿਤੇ। ਗੁਪਤ ਅੰਗ ਜ਼ਖ਼ਮੀ ਕਰ ਦਿਤੇ। ਰਾਤ ਅੱਠ ਵਜੇ ਬਿਆਸ ਦਰਿਆ ਤੇ ਲੈ ਗਏ। ਕੇਸਾਂ ਤੋਂ ਫੜ ਕੇ ਅਨੇਕਾਂ ਗੋਤੇ ਦਰਿਆ ਵਿਚ ਦਿਤੇ। 2-4 ਫ਼ਾਇਰ ਵੀ ਹਵਾ ਵਿਚ ਕੱਢੇ ਪਰ ਰਾਜੂ ਕੋਲੋਂ ਕੁੱਝ ਬਰਾਮਦ ਨਾ ਹੋਇਆ। ਦਿਨ ਦੀ ਕੁੱਟ ਤੋਂ ਬਾਅਦ ਸ਼ਾਮ ਨੂੰ ਕਰੰਟ ਲਾਇਆ। ਦਰਿਆ ਤੇ ਉਹੀ ਸਿਲਸਿਲਾ ਦੁਹਰਾਇਆ ਗਿਆ ਜਦ ਤਕ ਰਾਜੂ ਬੇਹੋਸ਼ ਨਾ ਹੋ ਗਿਆ। ਪਰ ਅਸਲਾ ਬਰਾਮਦ ਨਾ ਹੋਇਆ। ਡਾਹਢਾ ਦੁਖੀ ਹੋਇਆ। ਘੋਟਣਾ ਗਾਰਦ ਸਮੇਤ ਥਾਣੇ ਆ ਗਿਆ। ਅੱਖਾਂ ਬੰਨ੍ਹੀਆਂ। ਰਾਜੂ ਨੂੰ ਫ਼ੁਟਬਾਲ ਵਾਂਗ ਥੱਲੇ ਗੱਡੀ ਤੋਂ ਵਗਾਹ ਮਾਰਿਆ। ਬੁਖਲਾ ਕੇ ਬੋਲਿਆ, ''ਅਸਲਾ ਨਹੀਂ ਦੇਂਦਾ ਤਾਂ ਇਕ ਲੱਤ ਸਫ਼ੇਦੇ ਅਤੇ ਇਕ ਮੇਰੀ ਜੀਪ ਨਾਲ ਬੰਨ੍ਹ ਕੇ ਚੀਰ ਕੇ ਦੋ ਕਰ ਦਿਉ ਸਾਲੇ ਨੂੰ।'' ਰਾਜੂ ਨੂੰ ਜ਼ੋਰ ਨਾਲ ਠੁੱਡਾ ਮਾਰਿਆ, ''ਦੱਸ ਭੈਣ ਦੇ ਯਾਰ। ਆਖ਼ਰੀ ਮੌਕਾ ਦਿੰਦਾ ਹਾਂ।'' ਰਾਜੂ ਨੂੰ ਭਿਆਨਕ ਮੌਤ ਸਾਹਮਣੇ ਦਿਸੀ। ਉਸ ਨੇ ਅਸਲਾ ਦੇਣਾ ਮੰਨ ਲਿਆ। ਘੋਟਣਾ 'ਸ਼ੋਅਲੇ' ਫ਼ਿਲਮ ਦੇ ਗੱਬਰ ਵਾਂਗ ਜ਼ੋਰ ਨਾਲ ਹਸਿਆ, ''ਆਹ ਹੋਈ ਨਾ ਬਾਤ। ਅੰਦਰ ਆਰਾਮ ਨਾਲ ਲੈ ਜਾਉ। ਸਵੇਰੇ ਵੇਖਾਂਗੇ ਮੁੰਡਿਉ ਤੁਸੀ ਵੀ ਥੱਕੇ ਹੋ, ਪੈੱਗ ਲਾ ਕੇ ਆਰਾਮ ਕਰੋ।''
ਮੂੰਹ ਹਨੇਰੇ ਹੀ ਦੋ ਜੀਪਾਂ ਘੱਟਾ ਉਡਾਉਂਦੀਆਂ ਰਾਜੂ ਦੇ ਪਿੰਡ
ਪਹੁੰਚੀਆਂ। ਗੱਡੀਆਂ ਦਾ ਹੂਟਰ ਕਿਸੇ ਭਿਆਨਕ ਤਬਾਹੀ ਦੇ ਸੰਕੇਤ ਵਾਂਗ ਲੱਗ ਰਿਹਾ ਸੀ। ਦੋ
ਤਕੜੇ ਸਿਪਾਹੀਆਂ ਨੇ ਰਾਜੂ ਨੂੰ ਦੋਹਾਂ ਪਾਸਿਆਂ ਤੋਂ ਘੁੱਟ ਕੇ ਫੜਿਆ ਹੋਇਆ ਸੀ। ਡੇਰੇ
ਮੁੜਦਿਆਂ ਹੀ ਮੋਟਰਸਾਈਕਲ ਵਾਲੇ ਦੋ ਪੁਲਿਸ ਵਾਲਿਆਂ ਨੂੰ ਘੋਟਣੇ ਨੇ ਸਰਪੰਚ ਜਿੰਦਰ ਸਿੰਘ
ਵਲ ਤੋਰ ਦਿਤਾ। ਸਖ਼ਤ ਹਦਾਇਤ ਕੀਤੀ, ''ਸਰਪੰਚ ਨੂੰ ਕਹੋ ਕਿ ਚਾਰ ਬੰਦੇ ਮੋਹਤਬਰ ਨਾਲ ਲੈ
ਕੇ ਆਵੇ, ਅਸਲਾ ਬਰਾਮਦ ਕਰਨੈ। ਫਿਰ ਬਕਵਾਸ ਕਰਦੈ ਤੁਸੀ ਮੁੰਡੇ ਨਾਜਾਇਜ਼ ਮਾਰਦੇ ਹੋ।
ਅੱਖੀਂ ਆਣ ਕੇ ਅਸਲਾ ਬਰਾਮਦ ਹੁੰਦਾ ਵੇਖ ਲਵੇ।''
ਰਾਜੂ ਨੇ ਕਿਹਾ, ''ਜਨਾਬ ਅਸਲਾ
ਬੰਬੀ ਵਾਲੇ ਅੰਦਰ ਦਬਿਆ ਹੈ।'' ਨਾਲ ਹੀ ਰਾਜੂ ਨੇ ਸਿਪਾਹੀਆਂ ਸਮੇਤ ਬੰਬੀ ਵਾਲੇ ਕੋਠੇ ਵਲ
ਪੈਰ ਪੁੱਟ ਲਏ। ਸਿਪਾਹੀਆਂ ਦੇ ਹੱਥ ਰਾਜੂ ਦੇ ਦੋਹਾਂ ਮੋਢਿਆਂ ਉਤੇ ਸਨ। ਹੱਥ ਬਾਹਾਂ
ਸਮੇਤ ਖੁੱਲ੍ਹੇ ਸਨ। ਅੰਦਰ ਵੜਦਿਆਂ ਹੀ ਰਾਜੂ ਨੇ ਬਿਜਲੀ ਦੇ ਤਾਰਾਂ ਦੇ ਨੰਗੇ ਜੋੜਾਂ ਨੂੰ
ਜਾ ਫੜਿਆ। ਜ਼ੋਰਦਾਰ ਧਮਾਕਾ ਹੋਇਆ। ਕਾਵਾਂ ਅਤੇ ਹੋਰ ਜਨੌਰਾਂ ਨੇ ਦੁਹਾਈ ਪਾ ਦਿਤੀ।
ਸਮੁੱਚਾ ਵਾਤਾਵਰਣ ਕੰਬ ਗਿਆ। ਰਾਜੂ ਅਤੇ ਦੋਵੇਂ ਸਿਪਾਹੀ ਧਰਤੀ ਤੇ ਡਿੱਗੇ ਪਏ ਸਨ। ਘੋਟਣੇ
ਨੂੰ ਵੀ ਕੁੱਝ ਸਮਝ ਨਾ ਆਵੇ ਕੀ ਬਣ ਗਿਆ। ਸੰਭਲਣ ਤੇ ਪਤਾ ਲੱਗਾ ਕਿ ਰਾਜੂ ਨੇ ਨੰਗੇ
ਜੋੜਾਂ ਨੂੰ ਜਾ ਫੜਿਆ ਹੈ ਅਤੇ ਸਿਪਾਹੀਆਂ ਸਮੇਤ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਾ।
ਟਰਾਂਸਫ਼ਾਰਮਰ ਦੇ ਜ਼ਈਪਰ ਉਡਣ ਕਾਰਨ ਬਚਾਅ ਹੋ ਗਿਆ। ਜਾਨ ਬਚ ਗਈ ਤਿੰਨਾਂ ਦੀ। ਪੁੱਛਣ ਤੇ
ਰਾਜੂ ਕਹਿਣ ਲੱਗਾ, ''ਜਨਾਬ ਅਸਲਾ ਉਸਲਾ ਮੇਰੇ ਕੋਲ ਹੈ ਨਹੀਂ। ਮਾਰ ਤਾਂ ਤੁਸੀ ਮੈਨੂੰ
ਵੈਸੇ ਵੀ ਦੇਣਾ ਹੀ ਹੈ। ਸੋਚਿਆ ਦੋ-ਚਾਰ ਲੈ ਕੇ ਹੀ ਮਰਾਂ।'' ਸਵਰਨ ਘੋਟਣਾ ਲੋਕਾਂ ਦੀ
ਹਾਜ਼ਰੀ 'ਚ ਮੁਜਰਿਮ ਬਣਿਆ ਖੜਾ ਸੀ। ਓਪਰਾ ਜਿਹਾ ਰੋਹਬ ਝਾੜਿਆ, ''ਚਲੋ ਮੁੰਡਿਉ ਚਲੀਏ।
ਰਹਿਣ ਦਿਉ ਸਾਲੇ ਨੂੰ ਇਥੇ ਹੀ। ਫਿਰ ਨਜਿੱਠਾਂਗੇ। ਬਕਰੇ ਦੀ ਮਾਂ ਕਿੰਨਾ ਚਿਰ ਖ਼ੈਰ
ਮਨਾਏਗੀ।'' ਘੋਟਣਾ ਵਾਪਸ ਜਾਂਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰਾਜੂ ਦੀ ਮੌਤ, ਰਾਜੂ
ਕੋਲੋਂ ਹਾਰ ਕੇ ਸ਼ਰਮਿੰਦਾ ਹੋ ਕੇ ਵਾਪਸ ਜਾ ਰਹੀ ਹੋਵੇ। ਮੈਂ ਕਿੱਤੇ ਵਜੋਂ ਰਾਜ ਮਿਸਤਰੀ
ਹਾਂ। ਜਦੋਂ ਮੈਂ ਰਾਜੂ ਦੇ ਬੰਬੀ ਵਾਲੇ ਢੱਠੇ ਕੋਠੇ ਤੇ ਲੈਂਟਰ ਪਾ ਰਿਹਾ ਸੀ ਤਾਂ ਰਾਜੂ
ਨੇ ਉਸ ਕੋਠੇ ਦੀ ਦਾਸਤਾਨ ਮੈਨੂੰ ਆਪ ਸੁਣਾਈ। ਉਸ ਅਤਿਵਾਦੀ ਪੁਲਿਸ ਤੋਂ ਤਾਂ ਰਾਜੂ ਬੱਚ
ਗਿਆ ਪਰ ਮਗਰੋਂ 20 ਕੁ ਸਾਲਾਂ ਬਾਅਦ ਨਸ਼ੇ ਰੂਪੀ ਅਤਿਵਾਦ ਨੇ ਰਾਜੂ ਨੂੰ ਅਪਣੀ ਬੁੱਕਲ ਵਿਚ
ਲਪੇਟ ਲਿਆ। ਆਉ ਪੰਜਾਬ ਦੀ ਖ਼ੈਰ ਮਨਾਈਏ ਪੰਜਾਬੀਉ। ਸੰਪਰਕ : 81461-26040