ਬੁਧਵਾਰ ਨੂੰ ਉਸ ਦੀ ਸਾਬਕਾ ਸਟਾਫ਼ ਮੈਂਬਰ ਔਰਤ ਕ੍ਰਿਸਟਨ ਰਾਵਰਥ ਨੇ ਦੋਸ਼ ਲਾਏ ਕਿ ਜਦ ਕੈਂਟ ਹੇਹਰ ਅਲਬਰਟਾ ਸੂਬੇ ਵਿਚ ਮੈਂਬਰ ਪ੍ਰੋਵਿਨਸ਼ੀਅਲ ਪਾਰਲੀਮੈਂਟ ਸਨ ਤਾਂ ਉਹ ਐਲੀਵੇਟਰ ਵਜੋਂ ਉਸ ਨਾਲ ਦਫ਼ਤਰ ਵਿਚ ਤਾਇਨਾਤ ਸੀ। ਵਿਧਾਨ ਸਭਾ (ਪ੍ਰੋਵਿਨਸ਼ੀਅਲ ਪਾਰਲੀਮੈਂਟ) ਵਿਚ ਮੁਲਾਜ਼ਮ ਰਾਵਰਥ ਨੇ ਕਿਹਾ ਕਿ ਇਹ ਘਟਨਾ ਉਸ ਵੇਲੇ ਦੀ ਹੈ ਜਦ ਅਜੇ ਮੁਲਾਜ਼ਮਤ ਸ਼ੁਰੂ ਕੀਤੀ ਸੀ। ਉਸ ਨੂੰ ਕੁੱਝ ਸਹਿਯੋਗੀਆਂ ਨੇ ਕੈਂਟ ਨਾਲ ਇਕੱਲੇ ਹੋਣ ਕਰ ਕੇ ਆਗਾਹ ਵੀ ਕੀਤਾ ਸੀ। ਪਹਿਲੀ ਵਾਰ ਜਦ ਉਹ ਉਸ ਨਾਲ ਰੂ-ਬ-ਰੂ ਹੋਈ ਤਾਂ 25 ਸਾਲ ਦੀ ਸੀ। ਉਸ ਨੇ ਉਸ ਨੂੰ 'ਯਮੀ' ਕਿਹਾ। ਉਦੋਂ ਉਹ ਨਹੀਂ ਸੀ ਜਾਣਦੀ ਕਿ ਜੇ ਕੋਈ ਅਧਿਕਾਰੀ ਉਸ ਨਾਲ ਅਨੈਤਿਕ ਵਿਹਾਰ ਕਰੇ ਤਾਂ ਉਹ ਕਿਵੇਂ ਮੋੜਵਾਂ ਜਵਾਬ ਦੇਵੇ। ਕੈਂਟ ਐਮ.ਪੀ. ਵਜੋਂ ਬਾਅਦ ਵਿਚ ਉਸ ਨੂੰ 'ਯਮੀ' ਕਹਿ ਕੇ ਤਨਜ਼ ਕਸਦਾ ਰਿਹਾ। ਉਸ ਸਮੇਂ ਜਦ ਉਸ ਨੇ ਤੰਗ ਕਰਨ ਵਾਲੀ ਅਜਿਹੀ ਅਨੈਤਿਕ ਹਰਕਤ ਬਾਰੇ ਦੂਜੀਆਂ ਔਰਤਾਂ ਨਾਲ ਗੱਲ ਕੀਤੀ ਜੋ ਵਿਧਾਨ ਸਭਾ ਵਿਚ ਕੰਮ ਕਰਦੀਆਂ ਸਨ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਚਲਦਾ ਹੈ।
ਇਸ ਮੰਤਰੀ ਉਤੇ ਇਹ ਵੀ ਦੋਸ਼ ਲੱਗੇ ਹਨ ਕਿ ਆਪ ਅਪਾਹਜ ਹੋਣ ਦੇ ਬਾਵਜੂਦ ਉਹ ਨੂੰ ਕੰਮਾਂ ਸਬੰਧੀ ਮਿਲਣ ਆਉਂਦੇ ਦੂਜੇ ਅਪਾਹਜ ਵਿਅਕਤੀਆਂ ਨਾਲ ਮੰਦਾ ਵਰਤਾਉ ਕਰਦਾ ਸੀ। ਥਾਲੀਡੋਮਾਈਡ ਸਰਵਾਈਵਰ ਗਰੁਪ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰਦਿਆਂ 'ਗ਼ੈਰ-ਹਾਜ਼ਰੀ ਦੀ ਛੁੱਟੀ' 'ਤੇ ਭੇਜਦਿਆਂ ਸਪੱਸ਼ਟ ਕਿਹਾ, ''ਕਿਸੇ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਕੈਨੇਡੀਅਨ ਸਮਾਜ ਵਿਚ ਮਨਜ਼ੂਰ ਨਹੀਂ। ਕੈਨੇਡੀਅਨਾਂ ਨੂੰ ਜਿਊਣ ਦਾ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੇ ਵਾਤਾਵਰਣ ਤੋਂ ਆਜ਼ਾਦ ਰਹਿਣ ਦਾ ਅਧਿਕਾਰ ਹੈ। ਹਰ ਕਿਸੇ ਨੂੰ ਇਸ ਵਿਰੁਧ ਆਵਾਜ਼ ਉਠਾਉਣ ਦਾ ਹੱਕ ਹੈ।''
ਪੀੜਤ ਔਰਤ ਨੇ ਕਿਹਾ ਕਿ ਮੈਂ ਸਮਝਿਆ ਹੈ ਕਿ ਅਜਿਹੇ ਹਾਲਾਤ ਵਿਚ ਬਹੁਤ ਜ਼ਰੂਰੀ ਹੈ ਕਿ ਸ਼ਕਤੀ ਦੀ ਦੁਰਵਰਤੋਂ ਅਤੇ ਜਿਸਮਾਨੀ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਵਿਰੁਧ ਬੋਲਿਆ ਜਾਵੇ।

ਹੇਹਰ ਕੈਂਟ ਵਿਰੁਧ ਕਰਿਸਟਾਈਨ ਥਾਮਲਿੰਸਨ ਨੂੰ ਸਰਕਾਰ ਨੇ ਜਾਂਚ ਦਾ ਜ਼ਿੰਮਾ ਸੌਂਪ ਦਿਤਾ ਹੈ। ਉਹ ਸੰਸਦ ਮੈਂਬਰ ਬਣੇ ਰਹਿਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਜੋਂ ਅਸੀ ਭੱਦੇ ਵਰਤਾਰੇ ਦੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਕਿਸੇ ਔਰਤ ਦੀ ਸਹਾਇਤਾ ਅਤੇ ਸੁਰੱਖਿਆ ਕਰਨੀ ਜ਼ਰੂਰੀ ਹੈ ਜੋ ਅਜਿਹੇ ਦੋਸ਼ ਲਾਉਂਦਿਆਂ ਅੱਗੇ ਆਏ। ਇਹ ਉਨ੍ਹਾਂ ਦੀ ਸਰਕਾਰ ਕਰ ਰਹੀ ਹੈ।ਯਾਦ ਰਹੇ ਕਿ ਦੋ ਲਿਬਰਲ ਸਾਂਸਦਾਂ ਸਕਾਟ ਐਂਡਰਿਊਜ਼ ਤੇ ਮਾਸੀਮੋ ਪਰਸੇਟੀ ਵਲੋਂ ਸਹਿਯੋਗੀ ਡੈਮੋਕ੍ਰੈਟ ਔਰਤ ਸਾਂਸਦਾਂ ਨਾਲ ਭੱਦਾ ਲਿੰਗਕ ਵਿਹਾਰ ਕਰਨ ਕਰ ਕੇ ਟਰੂਡੋ ਨੇ ਉਨ੍ਹਾਂ ਨੂੰ ਪਾਰਟੀ ਕਾਕਸ ਤੋਂ ਚਲਦਾ ਕਰ ਦਿਤਾ ਸੀ। ਇਵੇਂ ਹੀ ਦਰਸ਼ਨ ਕੰਗ ਨੂੰ ਵੀ।ਬੁਧਵਾਰ ਨੂੰ ਹੀ ਔਂਟਾਰੀਉ ਰਾਜ ਅੰਦਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਤੇ ਸੀ.ਟੀ.ਵੀ. ਵਿਰੁਧ ਦੋ ਔਰਤਾਂ ਨੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਵਿਚੋਂ ਇਕ ਦਾ ਕਹਿਣਾ ਹੈ ਕਿ ਉਦੋਂ ਦੀ ਗੱਲ ਹੈ ਜਦ ਬਰਾਊਨ ਪਾਰਲੀਮੈਂਟ ਅੰਦਰ ਸਾਂਸਦ ਸਨ। ਉਹ ਉਦੋਂ ਅਜੇ ਸਕੂਲ ਵਿਚ ਪੜ੍ਹਦੀ ਸੀ ਤੇ ਹੁਣ 29 ਸਾਲ ਦੀ ਹੈ। ਸ਼ਰਾਬ ਪਾਰਟੀ ਅੰਦਰ ਬਰਾਊਨ ਨੇ ਉਸ ਨੂੰ ਜਿਨਸੀ ਸਬੰਧ ਬਣਾਉਣ ਲਈ ਕਿਹਾ ਸੀ। ਉਦੋਂ ਇਸ ਬਾਰੇ ਸ਼ਿਕਾਇਤ ਨਹੀਂ ਸੀ ਕੀਤੀ। ਇਥੇ ਇਹ ਵਰਨਣਯੋਗ ਹੈ ਬਰਾਊਨ ਆਪ ਸ਼ਰਾਬ ਨਹੀਂ ਪੀਂਦੇ।
ਰਾਜ ਦੀ ਐਨ.ਡੀ.ਪੀ. ਆਗੂ ਐਂਡਰੀਆ ਹੋਰਵਥ ਨੇ ਕਿਹਾ ਕਿ ਉਸ ਨੂੰ ਅਜਿਹੇ ਦੋਸ਼ ਸੁਣ ਕੇ ਨੀਂਦ ਨਹੀਂ ਆਈ ਤੇ ਪ੍ਰੇਸ਼ਾਨੀ ਹੋਈ। ਨਤੀਜੇ ਵਜੋਂ 39 ਸਾਲਾ ਬਰਾਊਨ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਉਸ ਦੀ ਹਾਲਤ ਏਨੀ ਬੁਰੀ ਹੋਈ ਕਿ ਉਸ ਦੇ ਨੇੜਲੇ ਮਿੱਤਰ, ਸਟਾਫ਼, ਕਾਕਸ ਆਦਿ ਸੱਭ ਉਸ ਦਾ ਅਗਲੇ ਦਿਨ ਉਸ ਦੇ ਅਸਤੀਫ਼ੇ ਬਾਅਦ ਸਾਥ ਛੱਡ ਗਏ। ਰਾਜ ਦੀ ਵਿਧਾਨ ਸਭਾ (ਪ੍ਰੋਵਿਨਸ਼ੀਅਲ ਪਾਰਲੀਮੈਂਟ) ਨੇ ਇਸੇ ਸਾਲ 7 ਜੂਨ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਗਵਾਈ ਲਈ ਸਰਬਸੰਮਤੀ ਨਾਲ ਵਿੱਕ ਟੈਡਲੀ (61 ਸਾਲ) ਨੂੰ ਅਪਣਾ ਅੰਤ੍ਰਿਮ ਆਗੂ ਚੁਣ ਲਿਆ। ਪਾਰਟੀ ਨੂੰ ਅਜਿਹੇ ਚੁਨੌਤੀ ਭਰੇ ਮੌਕੇ ਬਹੁਤ ਵੱਡਾ ਰਾਜਨੀਤਕ ਝਟਕਾ ਲੱਗਾ ਹੈ। ਇਸੇ ਦੌਰਾਨ ਰਾਜ ਦੀ ਪ੍ਰੀਮੀਅਰ ਕੈਥਲੀਨ ਵਿੰਨੀ ਨੇ ਇਨ੍ਹਾਂ ਔਰਤਾਂ ਦੇ ਹੌਸਲੇ ਦੀ ਕਦਰ ਕੀਤੀ ਹੈ ਜੋ ਗੰਭੀਰ ਅਨੈਤਿਕਤਾ ਭਰੇ ਦੋਸ਼ਾਂ ਨਾਲ ਅੱਗੇ ਆਈਆਂ।ਇਸੇ ਬੁਧਵਾਰ ਹੀ ਨੋਵਾ ਸਕੋਸ਼ੀਆ ਰਾਜ ਅੰਦਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੇਮੀ ਬੇਇਲੀ ਨੂੰ ਅਜਿਹੇ ਹੀ ਦੋਸ਼ਾਂ ਕਰ ਕੇ ਅਸਤੀਫ਼ਾ ਲੈ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਉਂਜ ਇਸ ਆਗੂ ਨੂੰ ਔਰਤਾਂ ਦੇ ਹੱਕਾਂ-ਹਕੂਕਾਂ ਲਈ ਲੜਦਿਆਂ ਵੇਖਿਆ ਜਾਂਦਾ ਸੀ।ਕੈਨੇਡੀਅਨ ਹਾਊਸ ਆਫ਼ ਕਾਮਨਜ਼ ਵਲੋਂ ਲਿੰਗਕ ਪ੍ਰਤਾੜਨਾ ਲਈ ਸੰਨ 2014 ਵਿਚ ਠੋਸ ਨੀਤੀ ਬਣਾਈ ਗਈ। ਇਸ ਅਨੁਸਾਰ ਪੀੜਤ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ ਤੇ ਪੂਰੀ ਪਾਰਦਰਸ਼ਤਾ ਵਰਤੀ ਜਾਂਦੀ ਹੈ। ਉਸ ਨੂੰ ਅੱਗੇ ਆਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਕੈਨੇਡੀਅਨ ਰਾਜਨੀਤੀ ਤੇ ਸਮਾਜ ਭਲੀਭਾਂਤ ਸਮਝਦਾ ਹੈ ਕਿ ਅਜਿਹੀਆਂ ਔਰਤਾਂ ਨੂੰ ਕਿਹੋ ਜਹੀ ਮਾਨਸਕ, ਸ੍ਰੀਰਕ ਤੇ ਲਿੰਗਕ ਪੀੜਾ ਵਿਚੋਂ ਗੁਜ਼ਰਨਾ ਪੈਂਦਾ ਹੈ।
ਕੈਨੇਡੀਅਨ ਰਾਜਨੀਤੀ ਤੇ ਸਮਾਜ ਇਹ ਯਕੀਨੀ ਬਣਾਉਂਦਾ ਹੈ ਕਿ ਜਦ ਤੁਸੀਂ ਜਨਤਕ ਅਹੁਦਾ ਧਾਰਨ ਕਰੀ ਬੈਠੇ ਹੁੰਦੇ ਹੋ ਤਾਂ ਤੁਹਾਨੂੰ ਵਧੀਆ, ਉਚ ਕੋਟੀ ਦੀ ਜ਼ਿੰਮੇਵਾਰੀ ਤੇ ਜਵਾਬਦੇਹੀ ਦਾ ਵਤੀਰਾ ਧਾਰਨ ਕਰਨਾ ਚਾਹੀਦਾ ਹੈ। ਉੱਚ ਨੈਤਿਕ ਕਦਰਾਂ ਕੀਮਤਾਂ ਦਾ ਪੱਕੇ ਤੌਰ 'ਤੇ ਪੱਲਾ ਫੜ ਕੇ ਰਖਣਾ ਚਾਹੀਦਾ ਹੈ। ਰਾਜਨੀਤੀ ਕਾਨੂੰਨ ਦੀ ਅਦਾਲਤ ਤਾਂ ਨਹੀਂ ਹੁੰਦੀ ਪਰ ਜਨਤਾ ਦੀ ਅਦਾਲਤ ਜ਼ਰੂਰ ਹੁੰਦੀ ਹੈ। ਲੋਕ ਚਾਹੁੰਦੇ ਹਨ ਕਿ ਉਨ੍ਹਾਂ ਵਲੋਂ ਚੁਣੇ ਗਏ ਆਗੂਆਂ ਦਾ ਚਾਲ-ਚਲਣ ਉੱਚਾ-ਸੁੱਚਾ, ਸਾਫ਼-ਸੁਥਰਾ ਤੇ ਪਾਰਦਰਸ਼ੀ ਹੋਵੇ।
ਭਾਰਤ ਜੋ ਗਿਆਨ-ਵਿਗਿਆਨ ਅਤੇ ਉੱਚੇ-ਸੁੱਚੇ ਨੈਤਿਕ ਜੀਵਨ ਦਰਸ਼ਨ ਕਰ ਕੇ ਪ੍ਰਾਚੀਨ ਕਾਲ ਵੇਲੇ ਵਿਸ਼ਵ ਆਗੂ ਹੁੰਦਾ ਸੀ, ਅੱਜ ਰਾਜਨੀਤਕ ਨੈਤਿਕਤਾ ਤੇ ਉੱਚ ਕਦਰਾਂ ਕੀਮਤਾਂ ਪੱਖੋਂ ਬਹੁਤ ਪੱਛੜ ਚੁਕਾ ਹੈ। ਅਦਾਲਤਾਂ ਅਨੈਤਿਕ, ਧੋਖੇਬਾਜ਼, ਫ਼ਰਾਡਬਾਜ਼ ਰਾਜਨੀਤੀਵਾਨਾਂ ਨੂੰ ਹੱਥ ਪਾ ਰਹੀਆਂ ਹਨ, ਨਹੀਂ ਤਾਂ ਸਾਰੇ ਰਾਜਨੀਤਕ ਆਗੂ ਹਕੀਕਤ ਵਿਚ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਰਾਜਨੀਤਕ ਪਾਰਟੀਆਂ ਦੇ ਆਗੂ ਸਰਕਾਰਾਂ ਤੇ ਸਿਵਲ ਪ੍ਰਸ਼ਾਸਨ ਮੂਕ ਦਰਸ਼ਕ ਬਣੇ ਰਹਿੰਦ ਹਨ ਤੇ ਅਜਿਹੇ ਆਗੂਆਂ ਵਿਰੁਧ ਕਾਰਵਾਈ ਨਹੀਂ ਕਰਦੇ। ਰਾਜਨੀਤੀਵਾਨ ਜਦ ਸੱਤਾ ਵਿਚ ਆ ਜਾਂਦੇ ਹਨ ਤਾਂ ਰਹਿੰਦੀ-ਖੂੰਹਦੀ ਨੈਤਿਕਤਾ, ਹਲੀਮੀ ਤੇ ਸਦਭਾਵ ਛਿੱਕੇ ਉਤੇ ਟੰਗ ਦਿੰਦੇ ਹਨ। ਪਿਛਲੇ 5 ਸਾਲਾਂ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਖ਼ੁਦ 260 ਬਲਾਤਕਾਰੀ ਅਤੇ ਛੇੜ-ਛਾੜ ਕਰਨ ਦੇ ਦੋਸ਼ਾਂ ਵਾਲੇ ਉਮੀਦਵਾਰਾਂ ਨੂੰ ਚੋਣਾਂ ਲੜਨ ਵੇਲੇ ਟਿਕਟਾਂ ਦਿਤੀਆਂ।ਭਾਰਤੀ ਪਾਰਲੀਮੈਂਟ ਤੇ ਰਾਜ ਵਿਧਾਨ ਸਭਾਵਾਂ ਨੂੰ ਕੈਨੇਡੀਅਨ ਪਾਰਲੀਮੈਂਟ ਵਾਂਗ ਰਾਜਨੀਤੀਵਾਨਾਂ ਦੇ ਅਨੈਤਿਕ, ਉੱਚ ਕਦਰਾਂ ਕੀਮਤਾਂ ਤੋਂ ਸਖਣੇ ਵਿਹਾਰ ਤੇ ਲਿੰਗਕ ਤੌਰ ਉਤੇ ਤੰਗ-ਪ੍ਰੇਸ਼ਾਨ ਕਰਨ ਨੂੰ ਰੋਕਣ ਲਈ ਠੋਸ ਨੀਤੀ ਅਪਣਾਉਣੀ ਚਾਹੀਦੀ ਹੈ। ਅਨੈਤਿਕਤਾ, ਲਿੰਗਕ ਚਰਿੱਤਰ ਤੇ ਭੱਦਾ ਵਿਹਾਰ ਭਾਰਤੀ ਰਾਜਨੀਤੀ ਅਤੇ ਰਾਜਨੀਤੀਵਾਨਾਂ ਦੇ ਮੱਥੇ ਉਤੇ ਉਕਰਿਆ ਬਦਨੁਮਾ ਕਲੰਕ ਹਰ ਹਾਲਤ ਵਿਚ ਸਾਫ਼ ਹੋਣਾ ਚਾਹੀਦਾ ਹੈ। ਅਜਿਹੀਆਂ ਔਰਤਾਂ ਦੀ ਸੁਰੱਖਿਆ ਤੇ ਸਹਾਇਤਾ ਯਕੀਨੀ ਬਣਾਉਣੀ ਚਾਹੀਦੀ ਹੈ ਜੋ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ, ਸ਼ਬੀਰ ਅਹਿਮਦ ਖ਼ਾਨ ਮੰਤਰੀ ਆਦਿ ਵਿਰੁਧ ਅੱਗੇ ਆਈਆਂ। 'ਮੈਂ ਵੀ' ਲਹਿਰ ਕੈਨੇਡਾ ਵਾਂਗ ਭਾਰਤ ਵਿਚ ਵੀ ਚਲਣੀ ਜ਼ਰੂਰੀ ਹੈ। ਰਾਜਨੀਤੀ ਦੇ ਨਕਾਬ ਵਿਚ ਬੈਠੇ ਦਰਿੰਦਿਆਂ ਵਿਰੁਧ ਪਰ ਅਜੇ ਭਾਰਤ ਵਿਚ ਬਹੁਤ ਕੰਮ ਕਰਨ ਤੇ ਜਾਗ੍ਰਿਤੀ ਲਿਆਉਣ ਦੀ ਲੋੜ ਹੈ।