
ਅਦਾਲਤ ਨੇ
ਕੇਂਦਰ ਅਤੇ ਰਾਜਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਗਊ ਰਕਸ਼ਕਾਂ ਦਾ ਬਚਾਅ ਨਾ
ਕਰਨ ਅਤੇ ਇਸ ਦੇ ਨਾਂ ਉਤੇ ਹੋ ਰਹੀਆਂ ਹਿੰਸਕ ਘਟਨਾਵਾਂ ਬਾਰੇ ਜਵਾਬ ਦੇਣ। ਅਸਲ ਵਿਚ
ਤਿੰਨ ਤੋਂ ਵੱਧ ਸਾਲਾਂ ਦੀ ਲੰਮੀ ਚੁੱਪ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ,
ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰ ਵਲੋਂ ਗਊ ਰਕਸ਼ਾ ਦੇ ਨਾਂ ਤੇ ਕੀਤੀਆਂ ਜਾ
ਰਹੀਆਂ ਹਤਿਆਵਾਂ ਨੂੰ ਮੁੱਦਾ ਬਣਾਏ ਜਾਣ ਨੂੰ ਲੈ ਕੇ, ਬਿਆਨ ਦਿਤਾ ਸੀ ਕਿ ਗਊ ਰਕਸ਼ਕਾਂ ਦੇ
ਨਾਂ ਉਤੇ ਹੁੰਦੀ ਗੁੰਡਾਗਰਦੀ ਰੋਕੀ ਜਾਵੇ। ਮੋਦੀ ਦੀ ਕੋਸ਼ਿਸ਼ ਸੀ ਕਿ ਸੰਘ ਪ੍ਰਵਾਰ ਅਤੇ
ਹਿੰਦੂਤਵਵਾਦੀ ਜਥੇਬੰਦੀਆਂ ਨੂੰ ਨਾਰਾਜ਼ ਨਾ ਕੀਤਾ ਜਾਵੇ। ਇਸ ਲਈ ਗਊ ਰਕਸ਼ਕਾਂ ਦੀ ਹਿੰਸਾ
ਅਤੇ ਹੁੱਲੜਬਾਜ਼ੀ ਨੂੰ ਸਿਰਫ਼ ਅਮਨ ਕਾਨੂੰਨ ਦੇ ਮਾਮਲੇ ਵਜੋਂ ਲੈਂਦਿਆਂ ਇਸ ਨਾਲ ਨਜਿੱਠਣ ਦੀ
ਜ਼ਿੰਮੇਵਾਰੀ ਰਾਜ ਸਰਕਾਰਾਂ ਉਤੇ ਸੁੱਟ ਦਿਤੀ ਸੀ। ਸੰਘ ਪ੍ਰਵਾਰ, ਹਿੰਦੂਤਵਵਾਦੀ
ਜਥੇਬੰਦੀਆਂ, ਭਾਜਪਾ ਦੇ ਆਗੂ ਅਤੇ ਕਾਰਕੁਨ ਜਿਥੇ ਵੀ ਸੰਭਵ ਹੈ, ਸੋਚੇ ਸਮਝੇ ਢੰਗ ਨਾਲ
ਫ਼ਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹੀ ਫ਼ਿਰਕੂ ਅੱਗ ਵੀ ਵਰਤੋਂ
ਸਿਆਸੀ ਸੰਕਟ ਤੋਂ ਧਿਆਨ ਹਟਾਉਣ ਵਾਸਤੇ ਕਰ ਰਹੇ ਹਨ।
26 ਮਈ, 2014 'ਚ ਜਦੋਂ ਨਰਿੰਦਰ
ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਹੁੰ ਚੁੱਕੀ ਸੀ ਤਾਂ ਸੰਘ ਪ੍ਰਵਾਰ ਅਤੇ ਇਕ
ਹਿੰਦੂਤਵਵਾਦੀ ਜਥੇਬੰਦੀ ਵਲੋਂ ਬਿਆਨ ਆਇਆ ਸੀ ਕਿ ਪ੍ਰਿਥਵੀਰਾਜ ਚੌਹਾਨ ਦੇ 800 ਸਾਲ ਬਾਅਦ
ਦਿੱਲੀ ਦੇ ਤਖ਼ਤ ਉਪਰ ਪਹਿਲੀ ਵਾਰ ਹਿੰਦੂ ਸ਼ਾਸਨ ਕਾਇਮ ਹੋਇਆ ਹੈ। ਕੁੱਝ ਸ਼ਰਾਰਤੀ
ਫ਼ਿਰਕਾਪ੍ਰਸਤ ਅਨਸਰਾਂ ਨੇ ਤਾਂ ਇਥੋਂ ਤਕ ਕਹਿਣ ਦੀ ਜੁਰਅਤ ਕੀਤੀ ਸੀ ਕਿ '2021 ਤਕ ਭਾਰਤ
ਨੂੰ ਈਸਾਈਆਂ ਅਤੇ ਮੁਸਲਮਾਨਾਂ ਤੋਂ ਮੁਕਤ ਕਰਨਾ ਹੈ।' ਭਾਜਪਾ ਸਰਕਾਰ ਨੂੰ ਸਹੁੰ ਚੁਕਿਆਂ
ਅਜੇ ਹਫ਼ਤਾ ਕੁ ਹੀ ਹੋਇਆ ਸੀ ਕਿ 2 ਜੂਨ, 2014 ਨੂੰ ਪੁਣੇ ਵਿਖੇ ਆਈ.ਟੀ. ਮੈਨੇਜਰ ਮੋਹਸਿਨ
ਮੁਹੰਮਦ ਸਾਦਿਕ ਸ਼ੇਖ (24) ਨੂੰ ਕੱਟੜਪੰਥੀਆਂ ਨੇ ਭਜਾ ਭਜਾ ਕੇ ਮਾਰ ਸੁਟਿਆ ਸੀ। ਉਸ ਦਾ
ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਪਠਾਣੀ ਸੂਟ ਪਾਇਆ ਹੋਇਆ ਸੀ। 28 ਸਤੰਬਰ, 2015 ਨੂੰ ਉੱਤਰ
ਪ੍ਰਦੇਸ਼ ਦੇ ਦਾਦਰੀ ਨੇੜੇ ਪਿੰਡ ਬਿਸਹੇੜਾ ਦੇ ਮੁਹੰਮਦ ਅਖ਼ਲਾਕ ਦੇ ਘਰ ਅੰਦਰ ਫ਼ਰਿੱਜ ਵਿਚ
ਗਊਮਾਸ ਹੋਣ ਦੇ ਸ਼ੱਕ ਕਰ ਕੇ ਭੜਕੀ ਕੱਟੜਪੰਥੀਆਂ ਦੀ ਭੀੜ ਨੇ ਉਸ ਨੂੰ ਕੋਹ ਕੋਹ ਕੇ
ਮਾਰਿਆ। ਦਾਦਰੀ ਵਿਚ ਫ਼ਿਰਕੂ ਬੇਭਰੋਸਗੀ ਦਾਅਜਿਹਾ ਮਾਹੌਲ ਬਣਾ ਦਿਤਾ ਗਿਆ ਕਿ ਡਰ ਦੇ
ਮਾਰੇ ਅਖ਼ਲਾਕ ਦਾ ਪ੍ਰਵਾਰ ਹਿਜਰਤ ਕਰ ਗਿਆ ਸੀ।
ਇਕ ਕੇਂਦਰੀ ਮੰਤਰੀ ਨੇ ਨਾ ਸਿਰਫ਼ ਅਖ਼ਲਾਕ ਦੇ ਕਾਤਲਾਂ ਦਾ ਗੁਣਗਾਨ ਕੀਤਾ ਸਗੋਂ ਨਕਦ ਇਨਾਮ ਵੀ ਦਿਤਾ ਸੀ। ਜੰਗਲ 'ਚ ਮਜ਼ਲੂਮ ਅੰਸਾਰੀ (32) ਅਤੇ ਇਮਤਿਆਜ਼ ਨੂੰ ਇਸ ਲਈ ਕਤਲ ਕਰ ਕੇ ਦਰੱਖ਼ਤ ਨਾਲ ਟੰਗ ਦਿਤਾ ਕਿ ਉਹ ਬਲਦ ਵੇਚਣ ਜਾ ਰਹੇ ਸਨ। 31 ਮਾਰਚ, 2017 ਨੂੰ ਹਰਿਆਣਾ ਦੇ ਜੈਸਿੰਘਪੁਰ ਦੇ ਦੋਧੀ ਪਹਿਲੂ ਖ਼ਾਨ (55) ਨੂੰ ਦਿੱਲੀ ਜੈਪੁਰ ਸੜਕ ਉਤੇ ਗਊ ਰਕਸ਼ਕਾਂ ਨੇ ਕੁੱਟ ਕੁੱਟ ਕੇ ਮਾਰ ਦਿਤਾ ਅਤੇ ਉਸ ਦੇ ਪੁੱਤਰ ਆਰਿਫ਼ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਕੱਟੜਪੰਥੀਆਂ ਦੀ ਭੀੜ ਨੇ ਪਹਿਲੂ ਖ਼ਾਨ ਕੋਲੋਂ 35 ਹਜ਼ਾਰ ਰੁਪਿਆ ਅਤੇ ਆਰਿਫ਼ ਦਾ ਮੋਬਾਈਲ ਵੀ ਲੁੱਟ ਲਿਆ। ਪਹਿਲੂ ਖ਼ਾਨ ਮੇਵਾਤ (ਹਰਿਆਣਾ) ਖੇਤਰ ਦੇ ਪਿੰਡ ਜੈਸਿੰਘਪੁਰਾ, ਜ਼ਿਲ੍ਹਾ ਨੂਹ ਦਾ ਗ਼ਰੀਬ ਕਿਸਾਨ ਸੀ। ਉਹ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ। ਉਸ ਨੇ ਅਪਣੀਆਂ ਦੋ ਮੱਝਾਂ ਵੇਚੀਆਂ ਅਤੇ ਘਰੇਲੂ ਜਮ੍ਹਾਂ ਬੱਚਤ ਦੇ 80 ਹਜ਼ਾਰ ਰੁਪਏ ਲੈ ਕੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਹਦਵਾਰਾ ਵਿਖੇ ਲਗਦੇ ਹਫ਼ਤਾਵਾਰ ਪਸ਼ੂ ਮੇਲੇ 'ਚ ਗਿਆ। ਮੱਝਾਂ ਮਹਿੰਗੀਆਂ ਹੋਣ ਕਰ ਕੇ ਉਸ ਨੇ 45 ਹਜ਼ਾਰ ਦੀਆਂ ਦੋ ਲਵੇਰੀਆਂ ਗਾਵਾਂ ਖ਼ਰੀਦ ਲਈਆਂ। ਨਗਰ ਨਿਗਮ ਅਧਿਕਾਰੀਆਂ ਤੋਂ ਬਾਕਾਇਦਾ ਭੁਗਤਾਨ ਦੀ ਰਸੀਦ ਵੀ ਲਈ ਸੀ। ਵਾਪਸੀ ਮੌਕੇ ਗਾਵਾਂ ਨੂੰ ਛੋਟੇ ਟਰੱਕ ਵਿਚ ਲਦਵਾ ਕੇ ਪਰਤ ਰਹੇ ਸਨ ਤਾਂ ਸ਼ਾਮ ਦੇ ਚਾਰ ਕੁ ਵਜੇ ਉਨ੍ਹਾਂ ਨੂੰ ਗਊ ਰਕਸ਼ਕਾਂ ਦੀ ਭੀੜ ਨੇ ਘੇਰ ਲਿਆ। ਟਰੱਕ ਦੇ ਹਿੰਦੂ ਡਰਾਈਵਰ ਅਰਜੁਨ ਨੂੰ ਭਜਾ ਦਿਤਾ। ਇਹ ਕਤਲ ਅਲਵਰ ਜ਼ਿਲ੍ਹੇ ਦੇ ਬਹਰੋੜ 'ਚ ਹੋਇਆ। ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਕਾਰਕੁਨ ਭਾਰਤ ਮਾਤਾ ਦੀ ਜੈ ਅਤੇ ਦਲਿਤ, ਈਸਾਈਆਂ ਅਤੇ ਮੁਸਲਮਾਨਾਂ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ। ਬਹਰੋੜ ਪੁਲਿਸ ਥਾਣੇ ਵਿਚ 4:24 ਵਜੇ ਲਿਖੀ ਐਫ਼.ਆਈ.ਆਰ. ਨੰਬਰ 0255 ਤੋਂ ਸਾਫ਼ ਪਤਾ ਲਗਦਾ ਹੈ ਕਿ ਹਮਲਾ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਕੀਤਾ। ਇਸ ਤੋਂ ਹੋਰ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਕੇਂਦਰੀ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸੰਸਦ 'ਚ ਝੂਠ ਬੋਲਿਆ ਕਿ ਅਜਿਹੀ ਘਟਨਾ ਹੋਈ ਹੀ ਨਹੀਂ। ਉਸ ਨੇ ਵਹਿਸ਼ੀ ਅਪਰਾਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
22 ਜੂਨ, 2017 ਨੂੰ ਬੱਲਭਗੜ੍ਹ (ਹਰਿਆਣਾ) ਨੇੜੇ ਚਲਦੀ ਰੇਲ ਗੱਡੀ ਵਿਚ ਗਊਮਾਸ ਰੱਖਣ ਦੇ ਸ਼ੱਕ ਹੇਠ ਗਊ ਰਕਸ਼ਕਾਂ ਨੇ ਚਾਕੂ ਮਾਰ ਮਾਰ ਕੇ 15 ਸਾਲ ਦੇ ਜੁਨੈਦ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਵਲੋਂ ਹੈਦਰਾਬਾਦ ਯੂਨੀਵਰਸਟੀ ਦੀਆਂ ਅੰਦੋਲਨਕਾਰੀ ਵਿਦਿਆਰਥਣਾਂ ਨੂੰ ਕਹਿਣਾ ਕਿ 'ਅਸੀ ਤੁਹਾਡੇ ਨਾਲ ਬਲਾਤਕਾਰ ਕਰ ਕੇ ਨੰਗੀਆਂ ਕਰ ਕੇ ਪੂਰੇ ਸ਼ਹਿਰ 'ਚ ਘੁਮਾਵਾਂਗੇ।' 17 ਜੁਲਾਈ ਨੂੰ ਮੁਜ਼ੱਫ਼ਰਾਨਗਰ ਦੇ ਨਸੀਮ ਨੂੰ ਗੋਲੀਆਂ ਨਾਲ ਕਤਲ ਕਰ ਦਿਤਾ ਕਿਉਂਕਿ ਉਸ ਦਾ ਵੀ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਹਿੰਦੂ ਲੜਕੀ ਨਾਲ ਵਿਆਹ ਕਰਵਾਇਆ ਸੀ।
ਪਿਛਲੇ 3 ਸਾਲਾਂ 'ਚ ਗਊਮਾਸ ਰੱਖਣ ਦੇ ਸ਼ੱਕ ਦੇ ਆਧਾਰ ਉਤੇ ਅਤੇ ਗਊਆਂ ਦੀ ਤਸਕਰੀ ਦੇ ਨਾਂ ਤੇ ਦੇਸ਼ ਭਰ ਵਿਚ ਹਿੰਦੂ ਗਊ ਰਕਸ਼ਕਾਂ ਨੇ ਹੁੱਲੜ ਮਚਾਇਆ ਹੋਇਆ ਹੈ ਜਿਸ ਨੂੰ ਰੋਕਣ ਲਈ ਸਰਕਾਰਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਸਿਆਸੀ ਇੱਛਾਸ਼ਕਤੀ ਵਿਖਾਈ ਨਹੀਂ ਦੇ ਰਹੀ। ਛੇ ਕੁ ਮਹੀਨੇ ਪਹਿਲਾਂ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਬਹੁਮਤ (403 ਵਿਚੋਂ 305 ਸੀਟਾਂ) ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਗੋਰਖਪੁਰ ਦੇ ਭਾਜਪਾ ਸੰਸਦ ਮੈਂਬਰ ਯੋਗੀ ਆਦਿਤਿਆਨਾਥ ਨੂੰ ਦੇਸ਼ ਦੇ ਸੱਭ ਤੋਂ ਵੱਡੇ ਰਾਜ ਯੂ.ਪੀ. ਦਾ ਮੁੱਖ ਮੰਤਰੀ ਬਣਾ ਦਿਤਾ। ਅਮਰੀਕਾ ਦੀ ਅਖ਼ਬਾਰ ਨਿਊਯਾਰਕ ਟਾਈਮਜ਼ ਵਿਚ ਪ੍ਰਕਾਸ਼ਤ ਲੇਖ 'ਭਾਰਤ ਦੀਆਂ ਸਿਆਸੀ ਪੌੜੀਆਂ ਚੜ੍ਹਦਾ ਇਕ ਹਿੰਦੂ ਪੁਜਾਰੀ' 'ਚ ਲਿਖਿਆ ਗਿਆ ''ਹਿੰਦੂ ਕੱਟੜਪੰਥੀਆਂ ਦਾ ਮੱਠ ਚਲਾਉਣ ਵਾਲਾ ਮਹੰਤ ਜਿਹੜਾ ਅਪਣੇ ਫ਼ਿਰਕੂ ਅਤੇ ਜ਼ਹਿਰੀਲੇ ਭਾਸ਼ਣਾਂ ਰਾਹੀਂ ਨਫ਼ਰਤ ਫੈਲਾਉਂਦਾ ਹੈ। ਯੋਗੀ ਨੇ ਮੁਸਲਮਾਨਾਂ ਰਾਹੀਂ ਕੀਤੀਆਂ ਇਤਿਹਾਸਕ ਗ਼ਲਤੀਆਂ ਦਾ ਬਦਲਾ ਲੈਣ ਵਾਸਤੇ ਕੱਟੜ ਨੌਜਵਾਨਾਂ ਦੀ ਹਿੰਦੂ ਯੁਵਾ ਵਾਹਿਨੀ ਬਣਾਈ ਹੋਈ ਹੈ।' ਯੋਗੀ ਉਤੇ ਹਤਿਆ ਦੀ ਕੋਸ਼ਿਸ਼, ਦੰਗੇ ਭੜਕਾਉਣ ਅਤੇ ਧਰਮ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਕੇਸ ਦਰਜ ਹਨ।
ਯੋਗੀ ਵਲੋਂ
ਬੁੱਚੜਖ਼ਾਨੇ ਅਤੇ ਗੋਸ਼ਤ ਦਾ ਧੰਦਾ ਬੰਦ ਕਰਵਾਉਣ ਨਾਲ ਦਲਿਤ ਈਸਾਈਆਂ ਅਤੇ ਮੁਸਲਮਾਨਾਂ ਦੀ
ਰੋਜ਼ੀ-ਰੋਟੀ ਉਤੇ ਸਿੱਧੀ ਮਾਰ ਪਈ ਹੈ। ਇਸੇ ਤਰ੍ਹਾਂ ਗਊਆਂ-ਮੱਝਾਂ (ਪਸ਼ੂਆਂ) ਦੀ ਬਾਜ਼ਾਰਾਂ
ਵਿਚ ਖ਼ਰੀਦੋ-ਫ਼ਰੋਖਤ ਉਤੇ ਵੀ ਪਾਬੰਦੀ ਲਾ ਦਿਤੀ ਗਈ। ਫਿਰ ਐਂਟੀ ਰੋਮੀਉ ਸਕੁਆਡ ਬਣਾ ਕੇ
ਕਾਲਜਾਂ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀ-ਵਿਦਿਆਰਥਣਾਂ ਅਤੇ ਆਮ ਨੌਜਵਾਨ ਜੋੜਿਆਂ ਨੂੰ
ਤੰਗ ਪ੍ਰੇਸ਼ਾਨ ਕਰ ਕੇ ਪੈਸੇ ਬਟੋਰਨ ਦਾ ਮੌਕਾ ਦਿਤਾ। ਭਾਜਪਾ ਆਗੂਆਂ ਨੇ ਲੋਕ ਸਭਾ ਅਤੇ
ਵਿਧਾਨ ਸਭਾ ਚੋਣਾਂ ਦੌਰਾਨ ਯੂ.ਪੀ. ਨੂੰ ਗੁੰਡਾਗਰਦੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਦਾ
ਵਾਅਦਾ ਕੀਤਾ ਸੀ ਪਰ ਅੱਜ ਇਕ ਗੁੰਡਾਰਾਜ ਖ਼ਤਮ ਕਰਨ ਦੇ ਬਹਾਨੇ ਦੂਜਾ ਗੁੰਡਾਰਾਜ ਸ਼ੁਰੂ ਹੋ
ਗਿਆ ਹੈ। ਅਸਲ ਵਿਚ ਮੋਦੀ ਦੇ ਸ਼ਾਸਨਕਾਲ ਦੇ ਸ਼ੁਰੂ ਅਤੇ ਯੋਗੀ ਵਲੋਂ ਬਤੌਰ ਮੁੱਖ ਮੰਤਰੀ
ਸਹੁੰ ਚੁੱਕਣ ਦੇ ਨਾਲ ਹੀ ਕੱਟੜਪੰਥੀਆਂ ਦੇ ਹੌਸਲੇ ਬੁਲੰਦ ਹੋ ਗਏ ਸਨ। ਦਲਿਤਾਂ, ਇਸਾਈਆਂ
ਅਤੇ ਮੁਸਲਮਾਨਾਂ ਸਮੇਤ ਹੋਰ ਘੱਟ ਗਿਣਤੀਆਂ ਉਤੇ ਹਮਲੇ ਸ਼ੁਰੂ ਹੋ ਗਏ ਸਨ। ਯੂ.ਪੀ. 'ਚ
ਠਾਕੁਰਾਂ ਵਲੋਂ ਸਹਾਰਨਪੁਰ ਨੇੜੇ ਪਿੰਡ ਸ਼ਬੀਪੁਰ ਦੇ ਦਲਿਤਾਂ ਨੂੰ ਮਾਰਿਆ ਕੁਟਿਆ ਗਿਆ।
ਦੰਗੇ ਭੜਕੇ। ਪੁਲਿਸ ਨੇ ਦੰਗਾਈ ਕੱਟੜਪੰਥੀਆਂ ਦਾ ਸਾਥ ਦਿਤਾ। ਅਸਲ ਵਿਚ ਸੰਘ ਪ੍ਰਵਾਰ ਅਤੇ
ਕੱਟੜਪੰਥੀ ਹਿੰਦੂ ਜਥੇਬੰਦੀਆਂ ਤਾਲਿਬਾਨੀ ਇਸਲਾਮੀ ਰਾਜ ਦਾ ਭਾਰਤੀ ਰੂਪ ਹਨ ਅਤੇ ਉਹ
ਭਾਰਤ ਨੂੰ ਉਸੇ ਤਰ੍ਹਾਂ ਘਰੇਲੂ ਜੰਗ ਵਿਚ ਸੁਟ ਦੇਣਾ ਚਾਹੁੰਦੇ ਹਨ ਜਿਵੇਂ ਅਸੀ ਇਰਾਕ ਅਤੇ
ਸੀਰੀਆ ਵਿਚ ਵੇਖ ਰਹੇ ਹਾਂ। ਖ਼ੈਰ, ਅਗਲੇ ਦੋ ਸਾਲਾਂ 'ਚ ਕੱਟੜਪੰਥੀ ਹਿੰਦੂ ਸੰਗਠਨਾਂ ਅਤੇ
ਕਥਿਤ ਗਊ ਰਕਸ਼ਕਾਂ ਦੀ ਦਲਿਤ ਈਸਾਈਆਂ ਅਤੇ ਮੁਸਲਮਾਨ ਆਦਿ ਘੱਟ ਗਿਣਤੀਆਂ ਵਿਰੁਧ ਮੁਹਿੰਮ
ਕਿੰਨਾ ਭਿਆਨਕ ਰੂਪ ਧਾਰਨ ਕਰਦੀ ਹੈ, ਇਹ ਸਮਾਂ ਹੀ ਦੱਸੇਗਾ।
ਸੰਪਰਕ : 98140-82217