
ਜੀਅ ਹਜ਼ੂਰੀ ਤੇ ਸੱਚ ਬੋਲਣ ਵਾਲੀਆਂ ਕਲਮਾਂ ਦਾ ਟਕਰਾਅ ਸ਼ੁਰੂ ਹੈ, ਕੀ ਕੋਈ ਨਵਾਂ ਇਨਕਲਾਬ ਜਨਮ ਲਵੇਗਾ?
ਘਰ ਆਏ ਦੁਸ਼ਮਣ ਨੂੰ ਮਹਿਮਾਨ ਨਿਵਾਜਣ ਵਾਲਿਆਂ ਨੇ ਕਿਸੇ ਯੁੱਗ ਵਿਚ ਸ਼ਹਾਬੂਦੀਨ ਗ਼ੌਰੀ ਰੂਪੀ ਮਹਿਮਾਨਾਂ ਨੂੰ, ਕਿਸੇ ਯੁੱਗ ਵਿਚ ਬਾਬਰਾਂ ਨੂੰ ਅਤੇ ਕਿਸੇ ਯੁੱਗ ਵਿਚ ਅਬਦਾਲੀਆਂ, ਨਾਦਰਾਂ ਨੂੰ ਮਹਿਮਾਨ ਨਿਵਾਜ਼ੀ ਵਜੋਂ ਧੀਆਂ-ਭੈਣਾਂ ਦੇ ਡੋਲੇ ਖਾਰੇ ਵਿਚ ਸ਼ਿੰਗਾਰ ਕੇ ਪੇਸ਼ ਕੀਤੇ। ਬੇਆਬਰੂਆਂ ਨੂੰ ਹਲੂਣਾ ਦੇਣ ਵਾਲੇ, ਸੂਰਬੀਰਤਾ ਦੇ ਮੋਢੀ ਅਵਤਾਰ, ਕਲਮ ਦੇ ਯੋਧੇ ਬਾਬੇ ਨਾਨਕ ਦੀ ਦਲੇਰੀ ਤੋਂ ਵਾਰੇ-ਵਾਰੇ ਜਾਈਏ ਜਿਨ੍ਹਾਂ ਜਾਬਰਾਂ ਨੂੰ ਜਾਬਰ ਹੀ ਕਿਹਾ। ਸੱਚ ਤੇ ਕੂੜ ਦਾ ਨਿਤਾਰਾ ਕਰਦਿਆਂ ਬਾਬੇ ਨੇ ਰੱਤੀ-ਮਾਸਾ ਭਰ ਵੀ ਹਕੂਮਤ ਦਾ ਭੈਅ ਨਹੀਂ ਖਾਧਾ। ਜਾਬਰਾਂ ਨੂੰ ਬਾਬੇ ਦੀ ਖੂੰਡੀ ਖੂੰਖਾਰ ਸ਼ੇਰਨੀ ਜਾਪੀ। ਟੱਕਰ ਲੈਣ ਦਾ ਹੀਆ ਕਿਸ ਨੇ ਕਰਨਾ ਸੀ? ਇਸ ਦੇ ਨਾਲ ਨਾਲ ਹੀ ਬਾਬੇ ਦੀ ਕਲਮ ਵੀ ਜਾਬਰਾਂ ਨੂੰ ਫਿੱਟ-ਲਾਹਨਤਾਂ ਦਿੰਦੀ ਰਹੀ। ਹਿੰਦ ਦੀ ਨਿਘਰੀ ਹਾਲਤ 'ਤੇ ਇਉਂ ਦੁਖ ਪ੍ਰਗਟਾਇਆ
ਪਾਪ ਕੀ ਜੰਞ ਲੈ ਕਾਬਲਹੁ ਪਾਇਆ
ਜੋਰੀ ਮੰਗੈ ਦਾਨੁ ਵੇ ਲਾਲੋ।
---
ਸਰਮ ਧਰਮੁ ਦੁਇ ਛਪਿ ਖਲੋਏ
ਕੂੜ ਫਿਰੈ ਪਰਧਾਨੁ ਵੇ ਲਾਲੋ।
ਜਾਬਰ ਬਾਬਰ ਵੰਸ਼ੀ ਅਕਬਰ ਜਿਸ ਨੂੰ ਕੁੱਝ ਇਤਿਹਾਸਕਾਰਾਂ ਵਾਂਗ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ 'ਅਕਬਰ ਮਹਾਨ' ਲਿਖ ਕੇ ਗ਼ਲਤ ਪਿਰਤ ਪਾਈ, ਨੇ ਹਲਦੀ ਘਾਟੀ ਦੇ ਯੁੱਧ 'ਚ ਰਾਜਪੂਤਾਂ ਦੀ ਬਹਾਦਰੀ ਤੋਂ ਖਾਰ ਖਾ ਕੇ ਪੰਜ ਹਜ਼ਾਰ ਬੰਦੀ ਰਾਜਪੂਤਾਂ ਦੇ ਖ਼ੂਨ ਨਾਲ ਹੱਥ ਰੰਗੇ। ਕੈਦੀ ਰਾਜਪੂਤਾਂ ਵਿਚੋਂ ਸਮੇਂ ਦਾ ਕਵੀ ਦੁਰਦਾਸੀ ਜਾਂ ਦੁਰਗਾ ਦਾਸ (ਦੂਜਾ) ਵੀ ਸੀ। ਉਸ ਨੂੰ ਅੰਨ੍ਹਾ ਕਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਫ਼ੁਰਮਾਨ ਹੋਇਆ। ਕਵੀ ਨੇ ਅਪਣੀ 'ਵੀਰ ਸਤਸਈ' ਦਾ ਦੋਹਰਾ ਉਚਾਰਨ ਕੀਤਾ, ''ਅਕਬਰ ਸਮੁੰਦ ਅਥਾਹ ਤਿਹ ਡੂਬਾ ਹਿੰਦ ਤੁਰਕ, ਮੇਵਾੜੋਤਿਣ ਮਾਂਹ ਪੋਇਣ ਫੁਲ ਪ੍ਰਤਾਪਸ਼ਾਹੀ।' ਉਪਰੰਤ ਸ਼ਹੀਦੀ ਜਾਮ ਪੀ ਲਿਆ। ਰਾਜਪੁਤਾਨੇ ਦੇ ਭਾਟ ਕਿਸੇ ਮੌਕੇ ਵੀ ਵੀਰ ਸਤਸਈ ਦੇ ਮਹਾਂਨਾਇਕ (ਮਹਾਰਾਣਾ ਪ੍ਰਤਾਪ) ਅਤੇ ਕਲਮ ਦੇ ਯੋਧੇ (ਦੁਰਦਾਸੀ) ਦੀ ਵੀਰਤਾ ਗਾਇਨ ਕਰਨੀ ਨਹੀਂ ਭੁਲਦੇ:
ਮਰੈ ਹੂਕ ਹੂਕ ਵਹੈ ਸਾਰ ਸਾਰਮੰ।
ਰਮਕੈ ਰਮਕੈ ਰਹੈ ਕਰਾਰ ਕਰਾਰਮੰ।
ਭਭਕੈ ਭਭਕੈ ਵਹੈ ਰਕਤ ਧਾਰਮੰ।
ਸਨਕੈ ਸਨਕੈ ਵਹੈ ਬਾਨ ਭਾਰਮੰ।
ਰਾਜਪੂਤ ਸੈਨਿਕਾਂ ਦੀ ਵੀਰਤਾ, ਹਲਦੀ ਘਾਟੀ ਦਾ ਘਮਾਸਾਨ ਕੋਈ ਸੁਣੇ ਇਨ੍ਹਾਂ ਭੱਟਾਂ ਤੋਂ। ਸਮੇਂ ਦੇ ਨਾਲ-ਨਾਲ ਇਤਿਹਾਸ ਵੀ ਕਰਵਟ ਲੈਂਦਾ ਆਇਆ ਹੈ। ਕੁੱਝ ਅਜਿਹੀਆਂ ਤਾਕਤਾਂ ਸਿਰ ਚੁਕ ਕੇ ਹੋਂਦ ਜਤਾਉਂਦੀਆਂ ਹਨ ਜੋ ਵਕਤ ਦੇ ਬਦਲਾਅ ਤੋਂ ਪਹਿਲਾਂ ਹੀ ਨਵਾਂ-ਨਿਵੇਕਲਾ, ਮਾਣਮੱਤਾ ਇਤਿਹਾਸ ਸਿਰਜ ਦਿੰਦੀਆਂ ਹਨ। ਇਹ ਆਪਾਵਾਰੂ ਤਾਕਤਾਂ ਤੱਤੀਆਂ ਤਵੀਆਂ 'ਤੇ ਤਪ ਕੇ ਤੈਮੂਰਵੰਸ਼ੀਆਂ ਦੇ ਜ਼ੁਲਮ ਸਾਹਮਣੇ ਡਟਦੀਆਂ, ਉਨ੍ਹਾਂ ਨੂੰ ਅਪਣੇ ਸਿਦਕ ਅਤੇ ਮਰ-ਮਿਟਣ ਦੇ ਚਾਅ ਦਾ ਅਹਿਸਾਸ ਕਰਵਾਉਂਦੀਆਂ ਹਨ। ਸੱਚਮਾਰਗੀ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਨੇ ਚੌਥੇ ਮੁਗ਼ਲ ਜ਼ਾਲਮ ਨੂੰ ਕਲਮ ਦੀ ਤਾਕਤ 'ਤੇਰਾ ਭਾਣਾ ਮੀਠਾ ਲਾਗੈ' ਦੁਆਰਾ ਅਹਿਸਾਸ ਕਰਵਾਇਆ ਕਿ 'ਐ ਬਾਦਸ਼ਾਹ! ਇਹ ਭਰਮ ਨਾ ਪਾਲ ਬੈਠੀਂ ਕਿ ਤੱਤੀ ਤਵੀ ਤੇਰੇ ਹੁਕਮ ਦੀ ਤਾਮੀਲ ਹੈ ਸਗੋਂ ਵਰਤ ਰਿਹਾ ਵਰਤਾਰਾ ਕੁਦਰਤੀ ਖੇਡ ਹੈ।' ਕਲਮ ਦੀ ਤਾਕਤ ਜਹਾਂਗੀਰ ਨੂੰ ਧੂਹ ਲਿਆਈ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਦੇ ਚਰਨੀਂ। ਪਸ਼ਚਾਤਾਪ ਵਜੋਂ ਉਹ ਅਤੇ ਉਸ ਦੀ ਬੇਗ਼ਮ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਾਕਰੀ ਕਰਦੇ ਰਹੇ ਤਾਉਮਰ।
ਮੁਗ਼ਲੀਆ ਸਲਤਨਤ ਬਾਹਰੋਂ ਭਾਵੇਂ ਤਾਕਤ ਦਾ ਦੰਮ ਭਰਦੀ ਸੀ ਪਰ ਅੰਦਰਖਾਤੇ ਕੇਲੇ ਦੇ ਪੱਤੇ ਵਾਂਗ ਕੰਬਦੀ, ਡੋਲਦੀ, ਹਿੱਲ ਚੁਕੀ ਆਖ਼ਰੀ ਸਾਹਾਂ 'ਤੇ ਸੀ। ਗੁਰੂ ਤੇਗ਼ ਬਹਾਦਰ ਜੀ ਨੂੰ ਤਲਵਾਰ ਦੇ ਘਾਟ ਸ਼ਹੀਦ ਕਰਨ ਲਈ ਦਿੱਲੀ ਦਾ ਕੋਈ ਵੀ ਜੱਲਾਦ ਇਸ ਡਰੋਂ ਤਿਆਰ ਨਾ ਹੋਇਆ ਕਿ ਸਿੱਖਾਂ ਦਾ ਪੀਰ ਕਰਾਮਾਤੀ ਹੈ। ਸ਼ੰਕਾ ਨਿਵਾਰਨ ਲਈ ਕਾਜ਼ੀਆਂ, ਮੁੱਲਾਂ-ਮੁਲਾਣਿਆਂ, ਵਜ਼ੀਰਾਂ ਨੇ ਪੁਛਿਆ। ਗੁਰੂ ਜੀ ਨੇ ਕਰਾਮਾਤ ਦੀ ਹਾਮੀ ਭਰੀ, ''ਤਲਵਾਰ ਵਾਹੋ, ਸਾਡਾ ਸੀਸ ਧੜ ਤੋਂ ਅਲੱਗ ਨਹੀਂ ਹੋਵੇਗਾ, ਇਹੀ ਸਾਡੀ ਕਰਾਮਾਤ ਹੈ।'' ਗੁਰੂ ਜੀ ਨੇ ਮੁਗ਼ਲਾਂ ਨੂੰ ਵੰਗਾਰਿਆ। ਇਹ ਸੀ ਸ਼ਹੀਦੀ ਦੇਣ ਦਾ ਚਾਅ, ਉਮਦਾ ਤਰੀਕਾ ਅਤੇ ਸੁੱਤੀਆਂ ਕੌਮਾਂ ਨੂੰ ਜਗਾਉਣ ਦੀ ਜਾਚ। ਕੌਮਾਂ ਜਾਗੀਆਂ ਕਿ ਅਕ੍ਰਿਤਘਣ ਕਹਾਈਆਂ, ਇਹ ਵਖਰਾ ਵਿਸ਼ਾ ਹੈ ਪਰ ਬਾਲ ਲਿਖਾਰੀ ਬਾਲ ਗੋਬਿੰਦ ਰਾਏ ਦੀ ਕਲਮ ਨੇ ਅੰਗਾਰ ਵਰਸਾਉਣੇ ਆਰੰਭੇ:
ਤੇਗ਼ ਬਹਾਦਰ ਕੇ ਚਲਤ ਭਇਉ ਜਗਤ ਮੇ ਸ਼ੋਕ।
ਹੈ ਹੈ ਜਗ ਭਇਉ ਜੈ ਜੈ ਸੁਰ ਲੋਕ।
ਅਤੇ ਇਧਰ ਹਕੂਮਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਸਮੇਂ ਦੀਆਂ ਨਜ਼ਰਾਂ ਨੇ ਡਿੱਠੀ। ਸ੍ਰੀ ਪਾਉਂਟਾ ਸਾਹਿਬ ਦੀ ਧਰਤੀ 'ਤੇ 52 ਕਵੀਆਂ ਦੇ ਦਰਬਾਰ ਦੀ ਪਾਈ ਪਿਰਤ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਤੀਰਾਂ, ਤੇਗ਼ਾਂ, ਢਾਲਾਂ, ਦਮਾਮਿਆਂ ਦਾ ਰੂਪ ਅਖ਼ਤਿਆਰ ਕਰ ਗਈ। ਕਲਮ ਦੀ ਨੋਕ ਦੇ ਇਨ੍ਹਾਂ ਅਗਨੀਬਾਣ ਸ਼ਸਤਰਾਂ ਦੀ ਟੁਣਕਾਰ 'ਚੰਡੀ ਦੀ ਵਾਰ' ਮਹਾਂਕਾਵਿ ਵਿਚ ਪ੍ਰਤੱਖ ਸੁਣੀਂਦੀ ਹੈ:
'ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ।
ਤੀਰ ਫਿਰੈ ਰੈਬਾਰੇ ਆਹਮੋ-ਸਾਹਮਣੇ।'
ਅਤੇ
'ਉਰੜ ਫ਼ਉਜਾਂ ਆਈਆਂ ਬੀਰ ਚੜ੍ਹੇ ਕੰਧਾਰੀ।
ਸੜਕ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ।'
ਹੈ ਨਾ ਕਲਮ ਦੇ ਯੋਧੇ ਦਾ ਕਮਾਲ? ਆਪੇ ਗੁਰੂ, ਆਪੇ ਜਰਨੈਲ, ਆਪੇ ਕਵੀ ਦੀ ਕਲਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਨ੍ਹਾਂ ਸਦਕਾ ਇਨਕਲਾਬ ਦੀ ਮੀਨਾਰ ਖੜੀ ਹੋਈ ਜੋ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਪਾਉਂਟਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ, ਜਿਥੇ ਵੀ ਚਲੇ ਜਾਉ, ਹਰ ਥਾਂ ਦਿਸਦੀ ਸੀ ਅਤੇ ਦਿਸ ਰਹੀ ਹੈ।ਦੁਨੀਆਂ ਵਿਚ ਯੁੱਗ ਪਲਟਾਊ ਬਹੁਤੇ ਇਨਕਲਾਬ ਹੋਏ ਪਰ ਇਨਕਲਾਬ ਲਿਆਉਣਾ, ਉਸ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਤੋਂ ਸਿਵਾਏ ਕੋਈ ਦੂਜਾ ਇਨਕਲਾਬੀ ਲਿਖਾਰੀ ਨਹੀਂ ਕਰ ਸਕਿਆ। ਇਨਕਲਾਬੀ ਗੁਰੂ ਦੀ ਕਲਮ ਨੇ ਚਾਰ ਸਦੀਆਂ ਤੋਂ ਬੇਦੋਸ਼ਿਆਂ ਦੇ ਸਿਰਾਂ 'ਤੇ ਉਸਾਰੇ ਗਏ ਮੁਗ਼ਲੀਆ ਸਲਤਨਤ ਦੇ ਪਾਪ ਬੁਰਜ ਨੂੰ ਨੇਸਤੋਨਾਬੂਦ ਕੀਤਾ। ਜਗਤ-ਜਲੰਦਾ ਦੰਗ ਰਹਿ ਗਿਆ। ਇਨਕਲਾਬੀ ਕਲਮ ਦੀ ਦੇਣ ਸੀ ਜ਼ਫ਼ਰਨਾਮਾ। ਜ਼ਫ਼ਰਨਾਮਾ ਸੀ ਕਿ ਕਲਮਬਾਣ ਕਿ ਹਰ ਪੜ੍ਹਨ-ਸੁਣਨ ਵਾਲੇ ਨੂੰ ਚਾਰੇ ਖ਼ਾਨੇ ਚਿੱਤ ਕਰ ਦਿਤਾ। ਇਨਕਲਾਬੀ ਕਲਮ ਨੇ ਮਰਿਆਦਾ ਵੀ ਪੁਗਾਈ। ਇਕ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ ਸਤਿਕਾਰ ਦਿਤਾ। ਇਹ ਗੱਲ ਵਖਰੀ ਹੈ ਕਿ ਪਾਤਸ਼ਾਹ ਦੇ ਜ਼ਫ਼ਰਨਾਮੇ ਦੇ ਸ਼ਬਦ-ਬਾਣ ਦਾ ਵਿੰਨ੍ਹਿਆ ਪਾਤਸ਼ਾਹ ਜ਼ੁਲਮ ਦੇ ਕਫ਼ਨ 'ਚ ਦਫ਼ਨ ਹੋ ਗਿਆ।ਵੰਨ-ਸੁਵੰਨੀਆਂ ਸਿਆਹੀਆਂ, ਜਿਗਰ ਦੇ ਟੁਕੜਿਆਂ ਤੋਂ ਘੜੀ ਕਲਮ ਦੀ ਨੋਕ 'ਚੋਂ ਨਿਕਲੇ ਇਨਕਲਾਬ ਨੂੰ ਝੁਠਲਾਉਣ ਦੀਆਂ ਕੌੜੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਥੇਦਾਰ ਦੀ ਕਥਾ ਅਨੁਸਾਰ ਦੋ ਸਿੰਘ ਜ਼ਫ਼ਰਨਾਮਾ ਲੈ ਕੇ ਔਰੰਗਜ਼ੇਬ ਦੇ ਦਰਬਾਰ ਪਹੁੰਚਦੇ ਹਨ। ਬਾਦਸ਼ਾਹ ਪੁਛਦਾ ਹੈ, ''ਕੌਣ ਹੋ ਤੁਸੀ?'' ਨਿਧੜਕ ਸਿੰਘਾਂ ਨੇ ਉੱਤਰ ਦਿਤਾ, ''ਅਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ।'' ਬਾਦਸ਼ਾਹ ਸਹਿਮਿਆ, ''ਸੁਣਿਐ ਤੁਹਾਡਾ ਗੁਰੂ ਬੜਾ ਕਰਨੀ ਵਾਲਾ ਤੇ ਤਾਕਤਵਰ ਹੈ।'' ਸਿੰਘ, ''ਉਹ ਤਾਂ ਹੈ ਹੀ, ਉਸ ਦੇ ਸਿੰਘ ਅਤੇ ਉਨ੍ਹਾਂ ਦਾ ਕੁੱਤਾ ਵੀ ਤਾਕਤ ਦਾ ਬਾਦਸ਼ਾਹ ਹੈ।''
''ਕੁੱਤਾ ਪੇਸ਼ ਕਰੋ।'' ਹੁਕਮ ਹੋਇਆ। ਦਰਬਾਰ ਵਿਚ ਕੁੱਤਾ ਬੋਲਿਆ, ''ਬਾਦਸ਼ਾਹ ਸਲਾਮਤ! ਤੁਸੀ ਪਹਿਲਾਂ ਵੀ ਕੁੱਤੇ ਸੀ, ਹੁਣ ਵੀ ਕੁੱਤੇ ਹੋ, ਅਗਲੇ ਜਨਮ ਵਿਚ ਵੀ ਕੁੱਤੇ ਦੀ ਜੂਨ ਭੋਗੋਗੇ।'' ਸ੍ਰੀ ਤਖ਼ਤ ਸਾਹਿਬ 'ਚ 350ਵੇਂ ਅਵਤਾਰ ਦਿਵਸ ਮੌਕੇ ਜੁੜ ਬੈਠੀ ਸੰਗਤ ਕੂੜ ਸਾਖੀ 'ਤੇ ਜੈਕਾਰੇ ਲਾ ਲਾ ਕੇ ਅਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੀ ਰਹੀ। ਪਵਿੱਤਰ ਅਸਥਾਨ ਦੀ ਮਰਿਆਦਾ ਤਾਂ ਤਾਰ ਤਾਰ ਹੋਈ ਹੀ, ਸਿੱਖ ਸਮਾਜ ਉਤੇ ਜਗ ਖ਼ੂਬ ਹਸਿਆ।ਫ਼ਰਾਂਸੀਸੀ ਯਾਤਰੀ ਫ਼ੈਬਰਿਸ ਬਰਨੀਅਰ ਨੇ ਮੁਗ਼ਲਾਂ ਖ਼ਾਸ ਕਰ ਕੇ ਔਰੰਗਜ਼ੇਬ ਦੇ ਦਰਬਾਰ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ। ਮੁਗ਼ਲ ਦਰਬਾਰ ਦੇ ਸੱਭ ਦਰਬਾਰੀ, ਮੁਨਸਬਦਾਰ, ਰੇਜਨੀਦਾਰ, ਦਸ ਹਜ਼ਾਰੀ, ਦੋਆਜਦਹ, ਸਾਹਿਬਜ਼ਾਦਿਆਂ ਤਕ ਨੂੰ ਹੁਕਮ ਸੀ ਕਿ ਦਸਤੂਰ ਮੁਤਾਬਕ ਆਦਾਬ ਵਜਾ ਲਿਆਉਣ ਯਾਨੀ ਵੱਲਾਅ-ਵਿਲਾਅ ਆਦਾਬਸ਼ਾਹੀ ਤਸਲੀਮਾਤ ਅਦਾ ਕਰਨ ਉਪਰੰਤ ਬਾਦਸ਼ਾਹ ਦੇ ਨਜ਼ਦੀਕ ਆਉਣ। ਤਿੰਨ ਵਾਰ ਗੋਡਿਆਂ ਤੀਕ ਝੁਕ ਕੇ ਰਿਵਾਜ ਮੁਤਾਬਕ ਸਲਾਮ ਕਰਨ। ਦਰਬਾਰ ਵਿਚ ਕਿਸੇ ਨੂੰ ਵੀ ਆਕੜ ਕੇ ਖਲੋਣ, ਆਪਸ 'ਚ ਗੁਫ਼ਤਗੂ ਕਰਨ ਦੀ ਇਜਾਜ਼ਤ ਨਹੀਂ ਸੀ। ਇਕ ਦਿਨ ਸ਼ਾਹ ਸ਼ੁਜਾ ਦੀ ਵਿਧਵਾ ਜੋ ਗਰਭਵਤੀ ਸੀ, ਕੋਈ ਫ਼ਰਿਆਦ ਕਰਨਾ ਚਾਹੁੰਦੀ ਸੀ। ਗਰਭ ਕਾਰਨ ਉਸ ਤੋਂ ਝੁਕ ਕੇ ਸਲਾਮ ਨਾ ਹੋ ਸਕੀ। ਦੋਸ਼ੀ ਨੂੰ ਸਜ਼ਾਏ ਪੇਟ ਚਾਕ ਦਾ ਹੁਕਮ ਹੋਇਆ। ਸੱਤ ਮਹੀਨੇ ਦੇ ਬੱਚੇ ਅਤੇ ਜ਼ਚਾ ਨੂੰ ਤੜਫ਼ਦੇ ਹੋਏ ਵੇਖ ਕੇ ਬਾਦਸ਼ਾਹ ਦੇ ਮੂੰਹੋਂ ਨਿਕਲਿਆ, ''ਵਾਹ ਅੱਲ੍ਹਾ ਕਾ ਕਮਾਲ ਜੁਮਲਾ।'' ਅਜਿਹਾ ਸੀ ਔਰੰਗਜ਼ੇਬ ਦਾ ਦਰਬਾਰ ਜਿਥੇ ਚਿੜੀ ਵੀ ਨਾ ਫਰਕਦੀ ਹੋਵੇ। ਸਿੰਘਾਂ ਦਾ ਕੁੱਤਾ ਉਸ ਨੂੰ ਕੁੱਤਾ ਕਿਵੇਂ ਕਹਿ ਗਿਆ, ਦੱਸੋ ਮੂਰਖੋ।ਰੂਸੀ ਇਨਕਲਾਬ ਦਾ ਮਹਾਂਨਾਇਕ ਲੈਨਿਨ ਲਿਖਦਾ ਹੈ ਕਿ ਸਿਆਹੀ ਦਾ ਇਕ ਡੋਬਾ ਲੱਖਾਂ-ਕਰੋੜਾਂ ਲੋਕਾਂ ਦੀ ਸੋਚ ਵਿਚ ਤੂਫ਼ਾਨ ਪੈਦਾ ਕਰ ਸਕਦਾ ਹੈ। ਭਾਰਤ ਦੀ ਆਜ਼ਾਦੀ ਦੇ ਸਿਰਕੱਢ ਇਨਕਲਾਬੀ ਭਗਤ ਸਿੰਘ ਅਤੇ ਉਸ ਦੇ ਸਾਥੀ ਸ਼ਹੀਦ ਬਿਸਮਿਲ ਦੀ ਕਲਮ ਦਾ ਗੀਤ 'ਸਰਫ਼ਰੋਸ਼ੀ ਕੀ ਤਮੰਨਾ...' ਅਤੇ 'ਮਾਏ ਰੰਗ ਦੇ ਬਸੰਤੀ ਚੋਲਾ' ਗਾਉਂਦੇ ਹੋਏ ਸ਼ਹੀਦੀਆਂ ਪਾ ਗਏ ਸਨ।ਅੱਸੀਵਿਆਂ ਦੇ ਨੇੜੇ-ਤੇੜੇ ਕ੍ਰਾਂਤੀਕਾਰੀ ਪਾਸ਼ ਦੀ ਕਲਮ ਗੁਰੂ ਗੋਬਿੰਦ ਸਿੰਘ ਦੇ ਬਾਜ਼ ਦਾ ਸੰਦੇਸ਼ ਘਰ ਘਰ ਪਹੁੰਚਾਉਂਦੀ ਰਹੀ ਅਤੇ ਅਣਖੀ ਕੰਮੀਆਂ ਦੇ ਵਿਹੜੇ ਸੂਰਜ ਮਘਾਉਂਦੀ ਰਹੀ। ਸਮਾਜ, ਸਿਆਸਤ, ਸਾਹਿਤ, ਇਤਿਹਾਸ ਨੂੰ ਫ਼ਿਰਕੂ ਚਾਸ਼ਨੀ ਦੀ ਪੁੱਠ ਦੇਣ ਦੀਆਂ ਬੇਹੁਦਰੀਆਂ ਹੋਈਆਂ। ਕਲਮਾਂ ਦਾ ਕਮਾਲ ਕਿ ਪੁਰਸਕਾਰ, ਤਮਗ਼ੇ ਵਗਾਹ ਮਾਰੇ। ਕਲਮ ਨੇ ਅਪਣੀ ਸੰਘੀ ਨੂੰ ਫ਼ਿਰਕੂ ਦੈਂਤ ਦਾ ਪੰਜਾ ਨਹੀਂ ਪੈਣ ਦਿਤਾ। ਫ਼ਿਰਕੂ ਤੱਤਾਂ ਨੂੰ ਉਨ੍ਹਾਂ ਦੀ ਔਕਾਤ ਕਲਮ ਨੇ ਗੱਜ-ਵੱਜ ਕੇ ਚੇਤੇ ਕਰਵਾਇਆ। ਛਿੜੀ ਚੇਤਨਾ ਮੁਹਿੰਮ ਮੱਠੀ ਨਹੀਂ ਪੈਣ ਦਿਤੀ। ਸਮਾਜ ਦੇ ਦੱਬੇ-ਲਿਤਾੜੇ ਵਰਗ ਦੀ ਚਹੇਤੀ ਚੇਤਨਾ ਮੁਹਿੰਮ ਦੀ ਇਕ ਹੋਰ ਡੂੰਘੀ ਕਾਰਕੁਨ ਅਰੁੰਧਾਤੀ ਰਾਏ ਦੀ ਕਲਮ ਤੋਂ ਦਿੱਲੀ ਵੀ ਖ਼ੌਫ਼ਜ਼ਦਾ ਹੋਈ।ਬਿਨਾਂ ਸ਼ੱਕ, ਬਿਨਾਂ ਨਾਗ਼ਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ, ਅਖ਼ਬਾਰ ਦੇ ਪਾਠਕ-ਲੇਖਕ ਇੰਦਰ ਸਿੰਘ ਘੱਗਾ, ਰਾਜਬੀਰ ਸਿੰਘ ਰਿਕਸ਼ਾਵਾਲਾ ਅਤੇ ਉੱਚ ਪੁਲਿਸ ਅਧਿਕਾਰੀ ਬਲਰਾਜ ਸਿੰਘ ਆਦਿ ਦੀਆਂ ਕਲਮਾਂ ਵੀ ਸਮਾਜ ਨੂੰ ਜਗਾਉਣ ਦੀਆਂ ਲਹਿਰਾਂ ਸ਼ੁਰੂ ਕਰਨ ਲਈ ਡਟੀਆਂ ਹੋਈਆਂ ਹਨ। ਡੇਰੇਦਾਰਾਂ ਦੀਆਂ ਠੱਗੀਆਂ-ਠੋਰੀਆਂ ਤੋਂ ਅਖੌਤੀ ਧਾਰਮਕ ਆਗੂਆਂ ਰਾਹੀਂ ਸੁਰਗ-ਧਾਮ ਦੇ ਵੰਡੇ ਜਾਂਦੇ ਲਾਲੀਪਾਪ ਤੋਂ ਖ਼ਬਰਦਾਰ ਕੀਤਾ ਜਾਣਾ ਸ਼ਲਾਘਾਯੋਗ ਹੈ। ਦੁੱਖ ਹੈ ਕਿ ਬਹੁਤੀਆਂ ਕਲਮਾਂ 'ਗਿਆ-ਰਾਮਾਂ' ਦੇ ਢਹੇ ਚੜ੍ਹ ਕੇ ਉਨ੍ਹਾਂ ਤੱਤਾਂ ਦੀ ਉਸਤਤ 'ਚ ਗ਼ਲਤਾਨ ਹਨ ਜਿਨ੍ਹਾਂ ਦੇ ਪੈਰਾਂ 'ਚ ਕਲਮਕਾਰਾਂ ਦਾ ਸਿਰ ਝੁਕਿਆ ਅਤੇ ਈਮਾਨ ਵਿਕਿਆ ਰਹਿੰਦਾ ਹੈ। ਜਾਗਦੀ ਜ਼ਮੀਰ ਵਾਲਿਆਂ ਨੂੰ 'ਪਾਕਿਸਤਾਨ ਚਲੇ ਜਾਉ' ਦੀਆਂ ਨਸੀਹਤਾਂ ਵੰਡੀਆਂ ਜਾਂਦੀਆਂ ਹਨ। ਕਲਮਾਂ ਦਾ ਟਕਰਾਅ ਜਾਂ ਤਾਂ ਨਵੇਂ ਇਨਕਲਾਬ ਦਾ ਮੁਢ ਬੰਨ੍ਹਦਾ ਹੈ ਤੇ ਜਾਂ ਫਿਰ ਸਭਿਅਤਾਵਾਂ ਨੂੰ ਗ਼ਰਕ ਹੋਣ ਵਲ ਧੱਕ ਦਿੰਦਾ ਹੈ।