
ਲੋਰੀ ਦਾ ਨਾਂ ਸੁਣਦੇ ਸਾਰ ਹੀ ਸਭ ਨੂੰ ਮਾਂ, ਮਾਂ ਦੀ ਗੋਦ, ਪੰਘੂੜੇ, ਨੀਂਦ, ਰੋਣਾ, ਰਾਤ, ਚੰਨ-ਤਾਰਿਆਂ ਤੇ ਮਾਂ ਦੀ ਛੋਹ ਦੀ ਕਲਪਨਾ ਆ ਜਾਂਦੀ ਹੈ। 'ਲੋਰੀ' ਮਾਂ ਦੇ ਸ਼ਾਂਤ, ਸਹਿਜ ਮੁਲਾਇਮ, ਪਿਆਰ ਭਰੇ, ਦਿਆਲੂ, ਸਮਰਪਿਤ ਤੇ ਕੋਮਲ ਹਿਰਦੇ ਵਿਚੋਂ ਮਿਲਿਆ ਵਰਦਾਨ ਹੈ। ਹਰ ਯੁੱਗ ਤੇ ਸਮੇਂ ਵਿਚ ਮਾਂ ਨੇ ਲੋਰੀ ਨੂੰ ਅਪਣੀ ਮਮਤਾ, ਸਨੇਹ, ਕਰੁਣਾ ਅਤੇ ਦਰਿਆਦਿਲੀ ਦਾ ਵਿਸ਼ਾ ਬਣਾਇਆ। ਲੋਰੀ ਮਾਂ ਦੇ ਹਿਰਦੇ ਵਿਚੋਂ ਨਿਕਲ ਕੇ ਹੈਰਾਨੀ-ਪ੍ਰੇਸ਼ਾਨੀ ਦੇ ਸਮੇਂ ਬੱਚੇ ਨੂੰ ਸੁੱਖ ਤੇ ਪਿਆਰ ਦੀ ਠੰਢਕ ਪਹੁੰਚਾਉਂਦੀ ਹੈ। ਇਸ ਵਿਚ ਮਿਠਾਸ ਹੀ ਮਿਠਾਸ, ਪਿਆਰ ਹੀ ਪਿਆਰ, ਮਮਤਾ ਹੀ ਮਮਤਾ ਹੁੰਦੀ ਹੈ। ਲੋਰੀ ਔਰਤ ਦੇ ਮਨ ਦੇ ਉਸ ਕੋਨੇ ਵਿਚੋਂ ਨਿਕਲਦੀ ਹੈ ਜਿਥੇ ਮਮਤਾ ਤੇ ਪਿਆਰ ਹੁੰਦਾ ਹੈ, ਉਹ ਮਨ ਪਾਕ-ਪਵਿੱਤਰ ਹੁੰਦਾ ਹੈ, ਸ਼ੀਸ਼ੇ ਵਾਂਗ।
ਇਸ ਲਈ ਮਾਂ ਨੂੰ 'ਮਮਤਾ ਦੀ ਮੂਰਤ' ਕਿਹਾ ਗਿਆ ਹੈ। ਲੋਰੀ ਛੋਟੇ ਬੱਚਿਆਂ ਨੂੰ ਸੁਆਉਣ ਅਤੇ ਮਨ ਪ੍ਰਚਾਵੇ ਜਾਂ ਰੋ ਰਹੇ ਬੱਚੇ ਨੂੰ ਚੁੱਪ ਕਰਵਾਉਣ ਲਈ ਗਾਈ ਜਾਂਦੀ ਹੈ। ਇਨ੍ਹਾਂ ਲੋਰੀਆਂ ਵਿਚੋਂ ਹੀ ਸਮੇਂ ਦੀ ਆਰਥਕ ਸਥਿਤੀ, ਔਰਤ ਦੇ ਪਿਆਰ, ਵਿਯੋਗ, ਇਛਾਵਾਂ, ਉਮੰਗਾਂ, ਰਸਮਾਂ-ਰਿਵਾਜਾਂ ਤੇ ਜ਼ਮੀਨੀ ਹਕੀਕਤ ਪ੍ਰਗਟ ਹੁੰਦੀ ਹੈ। ਲੋਰੀ ਰੋਟੀ-ਟੁੱਕ ਬਣਾਉਣ, ਕਪੜੇ ਧੋਣ, ਘਰ ਸੰਭਾਲਣ ਤੇ ਰੋਜ਼ ਦੇ ਕੰਮਾਂ ਦੇ ਨਾਲ ਬੱਚੇ ਨੂੰ ਸੰਭਾਲਣ, ਰੋਂਦੇ ਨੂੰ ਚੁੱਪ ਕਰਾਉਣ ਤੇ ਸੁਆਉਣ ਲਈ ਗਾਈ ਜਾਂਦੀ ਹੁੰਦੀ ਸੀ। ਸਾਡੀਆਂ ਲੋਰੀਆਂ ਵਿਚ ਪਸ਼ੂ-ਪੰਛੀ, ਸੂਰਜ, ਚੰਨ ਤਾਰੇ, ਨਦੀਆਂ, ਪਰਬਤ, ਸਮੁੰਦਰ, ਰਾਜੇ-ਮਹਾਰਾਜੇ ਆਦਿ ਦੇ ਵੇਰਵੇ ਵੀ ਮਿਲਦੇ ਹਨ। ਮਾਤਾਵਾਂ ਬੱਚਿਆਂ ਨੂੰ ਕਈ ਢੰਗਾਂ ਨਾਲ ਉਠਾ ਕੇ, ਲਿਟਾ ਕੇ ਜਾਂ ਅਪਣੇ ਸ੍ਰੀਰ ਨਾਲ ਲਗਾ ਕੇ ਲੋਰੀਆਂ ਸੁਣਾਉਂਦੀਆਂ ਹੁੰਦੀਆਂ ਸਨ। ਲੋਰੀਆਂ ਨਾਲ ਨਿੱਕੇ ਬੱਚੇ ਨੂੰ ਇਕ ਵਖਰਾ ਹੀ ਮਾਨਸਿਕ ਸਕੂਨ ਵੀ ਮਿਲਦਾ ਹੁੰਦਾ ਸੀ। ਬੱਚੇ ਦਾ ਮਨ-ਪ੍ਰਚਾਵਾ ਕਰਨ ਤੇ ਉਸ ਨੂੰ ਸਵਾਉਣ ਦਾ ਬਹੁਤ ਹੀ ਕਾਰਗਰ ਤਰੀਕਾ ਹੁੰਦਾ ਸੀ ਲੋਰੀ। ਮਾਵਾਂ ਪੁੱਤਰ ਨੂੰ ਸੁਆਉਣ ਲਈ ਲੋਰੀ ਗਾਉਂਦੀਆਂ ਹੁੰਦੀਆਂ ਸਨ।
ਨਾ ਰੋ ਰਾਣਿਆ ਵੇ, ਮਾਂ ਦਿਆ ਮੂਲ ਖਜ਼ਾਨਿਆ ਵੇ।
ਮਾਂ ਦੀ ਸੋਹਣੀ ਗੋਦੀ ਵੇ, ਫੜੀਂ ਨਾ ਪਿਉ ਦੀ ਬੋਦੀ ਵੇ।
ਮੇਰਾ ਕੁੱਕੂ ਰਾਣਾ ਰੋਂਦਾ, ਹਾਏ ਮੈਂ ਮਰ ਜਾਂ ਰੋਂਦਾ।
ਅਤੇ ਸੋਹਣਾ ਪੁੱਤਰ ਮਾਂ ਦਾ, ਦੁੱਧ ਪੀਵੇ ਗਾਂ ਦਾ।
ਰੋਟੀ ਖਾਵੇ ਕਣਕ ਦੀ,
ਵਹੁਟੀ ਲਿਆਵੇ ਛਣਕਦੀ।
ਲੋਰੀਆਂ ਵਿਚ ਪਰੀਆਂ ਦਾ ਜ਼ਿਕਰ ਵੀ ਕੀਤਾ ਜਾਂਦਾ ਸੀ, ਮਾਂ ਲਾਡੋ ਧੀ ਨੂੰ ਸੁਆਉਣ ਲਈ ਆਖਦੀ ਹੁੰਦੀ ਸੀ,
ਸੌਂ ਜਾ ਮੇਰੀ ਲਾਡੋ ਰਾਣੀ ਸੌਂ ਜਾ, ਨੀਂਦਰ ਦੇ ਵਿਚ ਜਾਏਂਗੀ।
ਪਰੀਆਂ ਕੋਲ ਬੁਲਾਏਂਗੀ, ਪੀਘਾਂ ਉੱਚੀਆਂ ਪਾਵੇਂਗੀ,
ਪਿਆਰ ਹੁਲਾਰੇ ਖਾਵੇਂਗੀ।
ਇਸ ਤਰ੍ਹਾਂ ਬੱਚੇ ਲੋਰੀਆਂ ਰਾਹੀਂ ਮਾਂ ਦਾ ਪਿਆਰ, ਛੋਹ, ਸਨੇਹ ਤੇ ਮਮਤਾ ਪਾ ਕੇ ਡੌਰ-ਭੌਰ ਹੋ ਜਾਇਆ ਕਰਦੇ ਸੀ। ਵਡਭਾਗੇ ਹਨ ਉਹ ਜਿਨ੍ਹਾਂ ਨੇ ਮਾਂ ਦੀ ਮਮਤਾ ਦੇ ਉਹ ਪਲ ਹੰਢਾਏ ਹਨ। ਪਰ ਅਜਕਲ ਸੂਚਨਾ ਕ੍ਰਾਂਤੀ, ਟੈਲੀਵਿਜ਼ਨ ਚੈਨਲਾਂ, ਕੰਮਾਂ ਕਾਰਾਂ, ਕੈਰੀਅਰ ਬਣਾਉਣ ਤੇ ਬਚਾਉਣ ਦੀ ਤਾਂਘ, ਸਾਂਝੇ ਪ੍ਰਵਾਰਾਂ ਦੀ ਅਣਹੋਂਦ ਕਾਰਟੂਨ ਫ਼ਿਲਮਾਂ ਦੀ ਭਰਮਾਰ, ਵਿਗਿਆਨਕ ਕ੍ਰਾਂਤੀ ਆਦਿ ਨੇ ਰਲ-ਮਿਲ ਕੇ ਬੱਚਿਆਂ ਕਲੋਂ ਲੋਰੀਆਂ ਖੋਹ ਹੀ ਲਈਆਂ ਹਨ। ਦੌੜ-ਭੱਜ ਦੇ ਸਮੇਂ ਵਿਚ ਤੇ ਪੈਸੇ ਦੀ ਅੰਨ੍ਹੀ ਦੌੜ ਨੇ ਅੱਜ ਬਚਪਨ ਨੂੰ ਕਰੈਚਾਂ, ਆਇਆ ਅਤੇ ਨੌਕਰਾਣੀਆਂ ਹਵਾਲੇ ਕਰ ਛਡਿਆ ਹੈ ਅਤੇ ਤੇਜ਼ੀ ਦੇ ਜ਼ਮਾਨੇ ਵਿਚ ਲੋਰੀਆਂ ਕਿਤੇ ਗੁਆਚ ਜਹੀਆਂ ਹੀ ਗਈਆਂ ਹਨ। ਪਰ ਮਾਂ ਦੀ ਮਮਤਾ, ਛੋਹ, ਭਾਵਾਂ ਤੇ ਕਰੁਣਾ ਨਾਲ ਭਰੀ ਲੋਰੀ ਦੀ ਛਾਪ ਤੇ ਹੋਂਦ ਹਮੇਸ਼ਾ ਸੱਭ ਦੇ ਤਪਦੇ ਹਿਰਦਿਆਂ ਨੂੰ ਠੰਢਕ ਪਹੁੰਚਾਉਂਦੀ ਰਹੇਗੀ।