ਲੋਕਾਂ ਦੀ ਜਾਨ ਦਾ ਖੌਅ ਬਣ ਗਏ ਹਨ ਨਿੱਤ ਦੇ ਧਰਨੇ ਅਤੇ ਸੜਕ ਜਾਮ
Published : Sep 22, 2017, 10:38 pm IST
Updated : Sep 22, 2017, 5:08 pm IST
SHARE ARTICLE

ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫ਼ਲਾਈਟ ਫੜਨੀ ਹੋਵੇ, ਇੰਟਰਵਿਊ ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚਲ ਪੈਂਦਾ ਹੈ ਕਿ ਮਤਾਂ ਰਸਤੇ ਵਿਚ ਕਿਸੇ ਜਥੇਬੰਦੀ ਨੇ ਜਾਮ ਹੀ ਨਾ ਲਾਇਆ ਹੋਵੇ। ਖ਼ਾਸ ਤੌਰ ਤੇ ਮੰਡੀਆਂ ਦੇ ਸੀਜ਼ਨ ਵਿਚ ਤਾਂ ਕੋਈ ਨਾ ਕੋਈ ਸੜਕ ਜਾਮ ਹੀ ਰਹਿੰਦੀ ਹੈ। ਕੋਈ ਮਰੇ ਚਾਹੇ ਜੀਵੇ, ਜਾਮ ਲਾਉਣ ਵਾਲਿਆਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ।

ਜਾਮ ਲਾਉਣ ਲਗਿਆਂ ਵੱਡੀ ਉਮਰ ਦੇ ਚੌਧਰੀ ਮੋਹਰੀ ਹੁੰਦੇ ਹਨ ਪਰ ਬਾਅਦ ਵਿਚ ਕਮਾਂਡ ਛੋਕਰਵਾਧੇ ਦੇ ਹੱਥ ਆ ਜਾਂਦੀ ਹੈ। ਉਹ ਜਾਮ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੀਆਂ ਗੱਡੀਆਂ-ਮੋਟਰਸਾਈਕਲ ਭੰਨਣ ਲਗਿਆਂ ਮਿੰਟ ਲਾਉਂਦੇ ਹਨ। ਮੋਹਤਬਰ ਇਕ ਪਾਸੇ ਪੁਲਿਸ ਨੂੰ ਕਹੀ ਜਾਣਗੇ ਧਰਨਾ ਗ਼ਲਤ ਲੱਗਾ ਹੈ, ਪਰ ਦੋ ਕੁ ਮਿੰਟਾਂ ਬਾਅਦ ਆਪ ਵੀ ਪ੍ਰਸ਼ਾਸਨ ਵਿਰੁਧ ਸੰਘ ਪਾੜ ਰਹੇ ਹੁੰਦੇ ਹਨ। ਪੁੱਛਣ ਤੇ ਕਹਿਣਗੇ ਕਿ 'ਲੋਕਾਂ ਨਾਲ ਤਾਂ ਫਿਰ ਬੈਠਣਾ ਹੀ ਪੈਂਦੈ।'

ਬੇਮੁਹਾਰੇ ਧਰਨਿਆਂ ਅਤੇ ਸੜਕ ਜਾਮਾਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਕੇ ਰੱਖ ਦਿਤਾ ਹੈ। ਹਸਪਤਾਲ ਵਿਚ ਦਾਖ਼ਲ ਮਰੀਜ਼ ਦਾ ਬਚਣਾ ਮਰਨਾ ਰੱਬ ਦੇ ਹੱਥ ਹੁੰਦਾ ਹੈ, ਡਾਕਟਰ ਅਪਣੇ ਵਲੋਂ ਪੂਰੀ ਵਾਹ ਲਾਉਂਦੇ ਹਨ। ਪਰ ਜੇ ਕਿਤੇ ਮਰੀਜ਼ ਦੀ ਮੌਤ ਹੋ ਜਾਵੇ ਤਾਂ ਡਾਕਟਰਾਂ ਦੀ ਸ਼ਾਮਤ ਆ ਜਾਂਦੀ ਹੈ। ਹਸਪਤਾਲ ਦੀ ਭੰਨਤੋੜ ਅਤੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਧੱਕੇ ਨਾਲ ਹੀ ਡਾਕਟਰ ਤੇ ਪਰਚਾ ਦਰਜ ਕਰਾਉਣ ਦੀ ਮੰਗ ਲੈ ਕੇ ਸੜਕ ਜਾਮ ਕਰ ਦਿਤੀ ਜਾਂਦੀ ਹੈ। ਅਸਲ ਵਿਚ ਬਹੁਤੀ ਵਾਰ ਮੁੱਦਾ ਹਸਪਤਾਲ ਦੀ ਫ਼ੀਸ ਬਚਾਉਣ ਦਾ ਹੁੰਦਾ ਹੈ। ਇਹੋ ਜਿਹੇ ਲੋਕਾਂ ਦੀਆਂ ਹਰਕਤਾਂ ਦਾ ਖ਼ਮਿਆਜ਼ਾ ਸ਼ਰੀਫ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

ਸਰਕਾਰੀ ਹਸਪਤਾਲ ਡਰ ਦੇ ਮਾਰੇ ਗੰਭੀਰ ਬਿਮਾਰਾਂ ਦਾ ਇਲਾਜ ਕਰਨ ਦੀ ਬਜਾਏ ਕੇਸ ਪੀ.ਜੀ.ਆਈ. ਆਦਿ ਨੂੰ ਰੈਫ਼ਰ ਕਰਨ ਵਿਚ ਹੀ ਭਲਾਈ ਸਮਝਦੇ ਹਨ। ਬਹੁਤੀ ਵਾਰ ਹੰਗਾਮਾ ਕਰਨ ਵਾਲਿਆਂ ਦਾ ਮਰੀਜ਼ ਬਹੁਤ ਬ੍ਰਿਧ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਗ੍ਰਸਤ ਹੁੰਦਾ ਹੈ। ਪਤਾ ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਇਸ ਨੇ ਮਰਨਾ ਹੀ ਸੀ।

ਹਾਲਾਤ ਇਹ ਹੋ ਗਏ ਹਨ ਕਿ ਲੋਕ ਕਤਲ-ਬਲਾਤਕਾਰ ਵਰਗੇ ਗੰਭੀਰ ਕੇਸਾਂ ਦੀ ਤਫ਼ਤੀਸ਼ ਵੀ ਖ਼ੁਦ ਹੀ ਕਰਨਾ ਚਾਹੁੰਦੇ ਹਨ। ਕਿਸੇ ਨਵਵਿਆਹੁਤਾ ਦੀ ਮੌਤ ਹੋਣੀ ਦੁਖਦਾਈ ਘਟਨਾ ਹੈ ਪਰ ਉਸ ਮੌਤ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਘਾਗ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਰੇ ਸਹੁਰਾ ਪ੍ਰਵਾਰ ਦੇ ਨਾਂ ਲਿਖਾਏ ਜਾਂਦੇ ਹਨ। ਲੜਕੀ ਨੇ ਚਾਹੇ ਆਤਮਹਤਿਆ ਕੀਤੀ ਹੋਵੇ, ਮੁਕੱਦਮਾ ਕਤਲ ਦਾ ਹੀ ਦਰਜ ਕਰਵਾਇਆ ਜਾਂਦਾ ਹੈ।

ਚਲੋ ਮੰਨਿਆ ਪਤੀ ਜਾਂ ਸੱਸ-ਸਹੁਰੇ ਨੇ ਦਾਜ ਦੀ ਮੰਗ ਕੀਤੀ ਹੋਵੇ ਪਰ ਦਿਉਰ, ਜੇਠ, ਜਠਾਣੀ, ਦਰਾਣੀ ਨੇ ਦਾਜ ਕੀ ਕਰਨਾ ਹੈ? ਅਪਣੇ ਘਰ ਸੁੱਖੀ-ਸਾਂਦੇ ਵੱਸ ਰਹੇ ਨਨਾਣ-ਜਵਾਈ ਵੀ ਵਿਚੇ ਟੰਗ ਦਿਤੇ ਜਾਂਦੇ ਹਨ। ਇਸ ਤੋਂ ਇਲਾਵਾ ਕਤਲ, ਸੱਟ ਫੇਟ ਅਤੇ ਬਲਾਤਕਾਰ ਆਦਿ ਦੇ ਕੇਸਾਂ ਵਿਚ ਵੀ ਝੂਠੇ ਨਾਂ ਲਿਖਵਾਏ ਜਾਂਦੇ ਹਨ। ਗੱਲ ਇਥੇ ਹੀ ਨਹੀਂ ਖ਼ਤਮ ਹੋ ਜਾਂਦੀ। ਜਦ ਤਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਲੋਕ ਪੁਲਿਸ ਨੂੰ ਨਾ ਤਾਂ ਮਰਨ ਵਾਲੇ ਦਾ ਪੋਸਟਮਾਰਟਮ ਕਰਨ ਦੇਂਦੇ ਹਨ ਅਤੇ ਨਾ ਹੀ ਸਸਕਾਰ ਕਰਦੇ ਹਨ। ਫਿਰ ਜੇ ਬੰਦੇ ਗ੍ਰਿਫ਼ਤਾਰ ਕਰ ਲਉ ਤਾਂ ਕਹਿਣਗੇ 'ਇਥੇ 'ਕੱਠ ਵਿਚ ਲੈ ਕੇ ਆਉ।'

ਇਸ ਤੋਂ ਇਲਾਵਾ ਬੇਰੁਜ਼ਗਾਰ ਯੂਨੀਅਨਾਂ, ਕਿਸਾਨ-ਮਜ਼ਦੂਰ ਯੂਨੀਅਨਾਂ, ਰਾਜਨੀਤਕ ਪਾਰਟੀਆਂ, ਧਾਰਮਕ ਸੰਗਠਨ, ਮੁਲਾਜ਼ਮ ਜਥੇਬੰਦੀਆਂ, ਗੱਲ ਕੀ ਕਿਸੇ ਨਾ ਕਿਸੇ ਵਲੋਂ ਬੰਦ ਜਾਂ ਸੜਕ ਜਾਮ ਦੀ ਕਾਲ ਆਈ ਹੀ ਰਹਿੰਦੀ ਹੈ। ਅਜਕਲ ਟ੍ਰੈਫ਼ਿਕ ਐਨੀ ਹੈ ਕਿ 10 ਮਿੰਟ ਦੇ ਜਾਮ ਨਾਲ ਹੀ ਮੀਲਾਂ ਤਕ ਗੱਡੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸਰਕਾਰ ਤੋਂ ਮੰਗਾਂ ਮਨਾਉਣ ਦਾ ਇਹੋ ਤਰੀਕਾ ਅਪਣਾਇਆ ਜਾਂਦਾ ਹੈ ਕਿ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਵੇ। ਪਰ ਇਸ ਸੱਭ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਬਜ਼ਾਰ ਬੰਦ ਹੋਣ ਤੇ ਗ਼ਰੀਬ ਦਿਹਾੜੀਦਾਰਾਂ ਦੇ ਘਰ ਚੁਲ੍ਹਾ ਨਹੀਂ ਬਲਦਾ। ਧਰਨਾਕਾਰੀ ਅਜਿਹੀ ਥਾਂ ਤੇ ਜਾਮ ਲਾਉਂਦੇ ਹਨ ਜਿਥੇ ਆਮ ਲੋਕ ਵੱਧ ਤੋਂ ਵੱਧ ਪ੍ਰੇਸ਼ਾਨ ਹੋਣ। ਜਾਣਬੁੱਝ ਕੇ ਚੌਕਾਂ ਅਤੇ ਫ਼ਲਾਈਓਵਰਾਂ ਨੂੰ ਜਾਮ ਕੀਤਾ ਜਾਂਦਾ ਹੈ।

ਜੇ ਲੋਕ ਵਿਚਾਰੇ ਲੰਘਣ ਲਈ ਚੋਰ ਮੋਰੀ ਲੱਭ ਲੈਣ ਤਾਂ ਉਥੇ ਵੀ ਜਾਮ ਲਾ ਦਿਤਾ ਜਾਂਦਾ ਹੈ। ਛੋਟੀ ਉਮਰ ਦੇ ਛੋਕਰਿਆਂ ਨੂੰ ਨਾ ਲੋਕਾਂ ਨਾਲ ਬੋਲਣ ਦੀ ਅਕਲ ਹੁੰਦੀ ਹੈ ਨਾ ਤਮੀਜ਼। ਬਠਿੰਡਾ ਸ਼ਹਿਰ ਵਿਚ ਪਿਛਲੇ ਸਮੇਂ ਵਿਚ ਬਹੁਤ ਧਰਨੇ ਲਗਦੇ ਰਹੇ ਹਨ। ਧਰਨਾਕਾਰੀਆਂ ਦੀ ਮਨਭਾਉਂਦੀ ਜਗ੍ਹਾ ਬੱਸ ਸਟੈਂਡ ਦੇ ਸਾਹਮਣੇ ਸੀ। ਛੁੱਟੀ ਵੇਲੇ ਸਕੂਲਾਂ ਦੀਆਂ ਵੈਨਾਂ ਜਾਮ ਵਿਚ ਫੱਸ ਜਾਂਦੀਆਂ ਸਨ। ਛੋਟੇ ਛੋਟੇ ਕੇ.ਜੀ-ਨਰਸਰੀ ਦੇ ਬੱਚੇ ਭੁੱਖ ਨਾਲ ਵਿਲਕਦੇ ਵੇਖੇ ਨਹੀਂ ਸਨ ਜਾਂਦੇ। ਪਰ ਧਰਨਾਕਾਰੀਆਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ।

ਅਜਿਹੇ ਘਟਨਾਕ੍ਰਮ ਵਿਚ ਪੁਲਿਸ ਦੋਵੇਂ ਪਾਸੇ ਫੱਸ ਜਾਂਦੀ ਹੈ। ਜਦੋਂ ਫਸਾਦੀ ਰੋਡ ਜਾਮ ਕਰਦੇ ਹਨ ਤਾਂ ਲੋਕ ਕੁਦਰਤੀ ਤੌਰ ਤੇ ਪੁਲਿਸ ਦੇ ਗਲ ਹੀ ਪੈਂਦੇ ਹਨ ਕਿ ਸਾਨੂੰ ਰਸਤਾ ਲੈ ਕੇ ਦਿਉ। ਧਰਨਾਕਾਰੀ ਆਕੜਦੇ ਹਨ ਕਿ ਹੱਥ ਲਗਾ ਕੇ ਵਿਖਾਉ। ਕਈ ਯੂਨੀਅਨਾਂ ਜਿਨ੍ਹਾਂ ਦਾ ਧੰਦਾ ਹੀ ਧਰਨਾ ਪ੍ਰਦਰਸ਼ਨ ਕਰਨਾ ਹੈ, ਜਾਣਬੁੱਝ ਕੇ 80-80 ਸਾਲ ਦੇ ਮਰੀਅਲ ਬੁੱਢੇ ਲੈ ਕੇ ਆਉਂਦੇ ਹਨ ਕਿ ਪੁਲਿਸ ਲਾਠੀਚਾਰਜ ਕਰੇ ਤੇ ਇਹ ਮਰਨ ਤਾਂ ਜੋ ਫਿਰ ਪ੍ਰਸ਼ਾਸਨ ਦੇ ਗਲ ਰੱਸਾ ਪਾਈਏ। ਇਹ ਸੰਗਠਨ ਵਿਰੋਧ ਪ੍ਰਗਟਾਉਣ ਲਈ ਨਵੇਂ ਤੋਂ ਨਵਾਂ ਅਜੀਬ ਤਰੀਕਾ ਅਪਣਾਉਂਦੇ ਹਨ। ਕੋਈ ਪਾਣੀ ਵਾਲੀ ਟੈਂਕੀ ਤੇ ਚੜ੍ਹ ਜਾਂਦਾ ਹੈ, ਕੋਈ ਨਹਿਰ 'ਚ ਛਾਲ ਮਾਰ ਦੇਂਦਾ ਹੈ ਤੇ ਕੋਈ ਤੇਲ ਛਿੜਕ ਕੇ ਅੱਗ ਲਾਉਣ ਦੀ ਧਮਕੀ ਦੇਂਦਾ ਹੈ।

ਇਸ ਤਰ੍ਹਾਂ ਦੀ ਹਰਕਤ ਕਰਦਾ ਹੋਇਆ ਜੇ ਕੋਈ ਮਰ ਜਾਵੇ ਤਾਂ ਮੀਡੀਆ ਪਿਛੇ ਪੈ ਜਾਂਦਾ ਹੈ ਕਿ ਪੁਲਿਸ ਨੇ ਬਚਾਇਆ ਕਿਉਂ ਨਹੀਂ? ਹੁਣ ਸੈਂਕੜੇ ਟੈਂਕੀਆਂ ਦੀ ਰਾਖੀ ਕੌਣ ਕਰ ਸਕਦਾ ਹੈ? ਜੇ ਪੁਲਿਸ ਟੈਂਕੀ ਤੇ ਚੜ੍ਹੇ ਬੰਦੇ ਨੂੰ ਉੱਪਰ ਜਾ ਕੇ ਉਤਾਰਨ ਦੀ ਕੋਸ਼ਿਸ਼ ਕਰੇ ਤੇ ਉਹ ਥੱਲੇ ਡਿੱਗ ਪਵੇ ਜਾਂ ਛਾਲ ਮਾਰ ਦੇਵੇ ਤਾਂ ਨਵਾਂ ਸਕੈਂਡਲ ਬਣ ਜਾਂਦਾ ਹੈ। ਪੰਜਾਬ ਵਿਚ ਕਿਸੇ ਮਹਿਕਮੇ ਕੋਲ ਅਜਿਹੇ ਮਜ਼ਬੂਤ ਜਾਲ ਨਹੀਂ ਹਨ ਜੋ ਐਨੀ ਉਚਾਈ ਤੋਂ ਡਿੱਗਣ ਵਾਲੇ ਵਿਅਕਤੀ ਨੂੰ ਬਚਾ ਸਕਣ। ਕੁੱਝ ਸਾਲ ਪਹਿਲਾਂ ਇਕ ਔਰਤ ਟੈਂਕੀ ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਪਟਰੌਲ ਪਾ ਕੇ ਡਰਾਉਂਦੀ ਹੋਈ ਸੱਚੀਂ ਸੜ ਕੇ ਮਰ ਗਈ ਸੀ।

ਸੜਕ ਜਾਮ ਕਿਸੇ ਵੀ ਬੇਗੁਨਾਹ ਤੇ ਝੂਠਾ ਮੁਕੱਦਮਾ ਦਰਜ ਕਰਾਉਣ ਦਾ ਵਧੀਆ ਹਥਿਆਰ ਬਣ ਗਿਆ ਹੈ। ਮੌਤ ਦੇ ਕਾਰਨ ਹੋਰ ਹੁੰਦੇ ਹਨ ਪਰ ਪਰਚਾ ਕੁੱਝ ਹੋਰ ਹੀ ਕਹਾਣੀ ਬਣਾ ਕੇ ਦਰਜ ਕਰਵਾਇਆ ਜਾਂਦਾ ਹੈ। ਪਿਛੇ ਜਿਹੇ ਹੋਏ ਇਕ ਕੇਸ ਵਿਚ ਵਿਆਹੁਤਾ ਔਰਤ ਦੇ ਪਿੰਡ ਦੇ ਦੇਸੀ ਡਾਕਟਰ ਨਾਲ ਸਬੰਧ ਸਨ। ਇਕ ਦਿਨ ਪਤੀ ਨੇ ਦੋਹਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦੇ ਮਾਪੇ ਬੁਲਾ ਲਏ। ਮਾਪਿਆਂ ਨੇ ਭਰੀ ਪੰਚਾਇਤ ਵਿਚ ਕਹਿ ਦਿਤਾ ਕਿ ਇਸ ਨੇ ਸਾਡੀ ਇੱਜ਼ਤ ਰੋਲ ਦਿਤੀ ਹੈ, ਇਹ ਸਾਡੇ ਲਈ ਮਰ ਗਈ ਤੇ ਅਸੀ ਇਸ ਲਈ ਮਰ ਗਏ। ਉਸ ਨੂੰ ਨਾ ਉਸ ਦਾ ਪਤੀ ਘਰ ਵੜਨ ਦੇਵੇ ਤੇ ਨਾ ਮਾਪੇ। ਸ਼ਰਮ ਦੀ ਮਾਰੀ ਨੇ ਜ਼ਹਿਰ ਖਾ ਕੇ ਆਤਮਹਤਿਆ ਕਰ ਲਈ। ਮਾਪਿਆਂ ਨੇ ਸਾਰੀ ਗੱਲ ਪਤਾ ਹੋਣ ਦੇ ਬਾਵਜੂਦ ਠੋਕ ਕੇ ਸਹੁਰਾ ਪ੍ਰਵਾਰ ਤੇ ਪਰਚਾ ਦਰਜ ਕਰਵਾਇਆ ਅਤੇ ਕਈ ਦਿਨ ਰੋਡ ਜਾਮ ਰੱਖ ਕੇ ਸਾਰੇ ਗ੍ਰਿਫ਼ਤਾਰ ਕਰਵਾਏ। ਜਿਸ ਪ੍ਰੇਮੀ ਕਾਰਨ ਉਹ ਲੜਕੀ ਮਰੀ, ਉਹ ਪੂਰੀ ਬੇਸ਼ਰਮੀ ਨਾਲ ਸੱਭ ਤੋਂ ਅੱਗੇ ਵੱਧ ਕੇ ਪ੍ਰਸ਼ਾਸਨ ਵਿਰੁਧ ਨਾਹਰੇ ਮਾਰ ਰਿਹਾ ਸੀ।

ਧਰਨੇ ਪ੍ਰਦਰਸ਼ਨ ਅਤੇ ਸੜਕਾਂ ਤੇ ਜਾਮ ਲਾਉਣ ਵਾਲੀਆਂ ਘਟਨਾਵਾਂ ਪੰਜਾਬ ਵਿਚ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਨਿੱਕੀ ਨਿੱਕੀ ਗੱਲ ਤੇ ਜਾਮ ਲਾ ਦਿਤੇ ਜਾਂਦੇ ਹਨ। ਕੁੱਝ ਸਾਲ ਪਹਿਲਾਂ ਤਪਾ ਮੰਡੀ ਇਕ ਟੁੱਟੀ ਜਿਹੀ ਯੂਨੀਅਨ ਨੇ 15 ਕੁ ਬੰਦੇ ਲਿਆ ਕੇ ਅਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ-ਦਿੱਲੀ ਟਰੇਨ ਰੋਕ ਲਈ ਸੀ। ਪਰ ਗਨੀਮਤ ਹੈ ਕਿ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਦੁਖੀ ਹੋਏ ਮੁਸਾਫ਼ਰਾਂ ਨੇ ਉਨ੍ਹਾਂ ਦੀ ਚੰਗੀ ਥਪੜਾਈ ਕਰ ਕੇ ਟਰੈਕ ਤੋਂ ਖਦੇੜ ਦਿਤਾ। ਇਹੋ ਜਿਹੀਆਂ ਘਟੀਆ ਹਰਕਤਾਂ ਕਰ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਠੀਕ ਨਹੀਂ ਹੈ। ਜਿਹੜਾ ਬੰਦਾ ਅਪਣੇ ਪ੍ਰਵਾਰ ਸਮੇਤ ਲੰਮੇ ਸਫ਼ਰ ਤੇ ਜਾ ਰਿਹਾ ਹੈ, ਉਹ ਅਜਿਹੇ ਜਾਮ ਵਿਚ ਫੱਸ ਕੇ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਕਈ ਮੰਗਾਂ ਜਾਇਜ਼ ਵੀ ਹੁੰਦੀਆਂ ਹਨ, ਪਰ ਸੜਕਾਂ ਤੇ ਜਾਮ ਲਗਾ ਕੇ ਬਿਮਾਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸੰਪਰਕ : 98151-24449

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement