
ਕਾਮਰੇਡ ਅਜਕਲ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ
ਬੜੇ ਧੂਮ-ਧੜੱਕੇ ਨਾਲ ਮਨਾ ਰਹੇ ਹਨ ਅਤੇ ਇਨ੍ਹਾਂ ਦੀਆਂ ਪ੍ਰਾਪਤੀਆਂ ਗਿਣ ਰਹੇ ਹਨ। ਪਰ
ਇਸ ਨਕਸਲਬਾੜੀ ਲਹਿਰ ਕਰ ਕੇ ਮੇਰੇ ਪ੍ਰਵਾਰ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ
ਪਿਆ।
1967 ਵਿਚ ਮੇਰੇ ਬਾਪ ਦੀ ਮੌਤ ਹੋ ਗਈ ਅਤੇ ਸਾਰੇ ਪ੍ਰਵਾਰ ਦੀ ਜ਼ਿੰਮੇਵਾਰੀ
ਮੇਰੇ ਉਤੇ ਆ ਪਈ। ਬੀ.ਏ. ਕਰਦੇ ਨੂੰ ਮੈਨੂੰ ਛੇਤੀ ਹੀ ਪ੍ਰਾਈਵੇਟ ਸਕੂਲਾਂ ਵਿਚ ਨੌਕਰੀ
ਮਿਲ ਗਈ। ਪ੍ਰਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਮੇਰੀ ਤਨਖ਼ਾਹ ਹੀ ਸੀ।
ਮੇਰਾ ਛੋਟਾ ਭਰਾ
1969 ਵਿਚ ਰਾਮਗੜ੍ਹੀਆ ਕਾਲਜ, ਫ਼ਗਵਾੜਾ ਵਿਚ ਦਾਖ਼ਲ ਹੋਇਆ। ਅਸੀ ਸਾਰੇ ਆਸ ਕਰਦੇ ਸਾਂ ਕਿ
ਉਹ ਮੇਰੇ ਵਾਂਗ ਪੜ੍ਹਾਈ ਮੁਕਾ ਕੇ ਕੋਈ ਨੌਕਰੀ ਕਰੇਗਾ ਤੇ ਮੈਨੂੰ ਸਹਾਰਾ ਦੇਵੇਗਾ। ਮੰਦੇ
ਭਾਗਾਂ ਨੂੰ ਉਨ੍ਹੀਂ ਦਿਨੀਂ ਨਕਸਲਬਾੜੀ ਲਹਿਰ ਸ਼ੁਰੂ ਹੋ ਚੁੱਕੀ ਸੀ। ਕਾਲਜ ਦੇ ਇਕ
ਪ੍ਰੋਫ਼ੈਸਰ ਨੇ ਮੇਰੇ ਭਰਾ ਅਤੇ ਹੋਰ ਵਿਦਿਆਰਥੀਆਂ ਨੂੰ ਚੁਣ ਕੇ ਕਾਲਜ ਵਿਚ ਨਕਸਲੀਆਂ ਦੀ
ਯੂਨੀਅਨ ਪੀ.ਐਸ.ਯੂ. (ਪੰਜਾਬ ਸਟੂਡੈਂਟਸ ਯੂਨੀਅਨ) ਬਣਵਾ ਲਈ।
ਪਰ ਇਸ ਯੂਨੀਅਨ ਨੂੰ ਉਹ
ਪ੍ਰੋਫ਼ੈਸਰ ਨਿਜੀ ਹਿਤਾਂ ਲਈ ਵਰਤਣ ਲੱਗਾ। ਰੋਜ਼ ਕਾਲਜ ਵਿਚ ਵਿਦਿਆਰਥੀਆਂ ਨੂੰ ਭੜਕਾ ਕੇ
ਹੜਤਾਲ ਕਰਵਾਉਂਦਾ ਅਤੇ ਜਿਹੜੇ ਪ੍ਰੋਫ਼ੈਸਰਾਂ ਨਾਲ ਉਸ ਦੀ ਲਾਗਡਾਟ ਸੀ ਉਨ੍ਹਾਂ ਦੀ
ਵਿਦਿਆਰਥੀਆਂ ਕੋਲੋਂ ਬੇਇਜ਼ਤੀ ਕਰਾ ਦੇਣੀ ਉਸ ਦਾ ਆਮ ਕੰਮ ਸੀ। ਇਸੇ ਕਾਲਜ ਵਿਚ ਮੈਂ
ਵੀ ਪੜ੍ਹਿਆ ਸਾਂ। ਕਾਲਜ ਦੇ ਇਕ ਬਹੁਤ ਹੀ ਸਤਿਕਾਰਯੋਗ ਅੰਗਰੇਜ਼ੀ ਦੇ ਪ੍ਰੋਫ਼ੈਸਰ ਰਣਜੀਤ
ਸਿੰਘ ਸਨ, ਜੋ ਮੇਰੇ ਆਦਰਸ਼ਕ ਪ੍ਰੋਫ਼ੈਸਰ ਸਨ। ਮੈਂ ਸਾਰੀ ਉਮਰ ਅੰਗਰੇਜ਼ੀ ਉਨ੍ਹਾਂ ਵਾਂਗ ਹੀ
ਪੜ੍ਹਾਈ ਹੈ। ਮੈਨੂੰ ਬਹੁਤ ਹੀ ਦੁੱਖ ਹੋਇਆ ਜਦੋਂ ਉਕਤ ਪ੍ਰੋਫ਼ੈਸਰ ਨੇ ਵਿਦਿਆਰਥੀਆਂ ਨੂੰ
ਚੁੱਕ ਦੇ ਕੇ ਪ੍ਰੋਫ਼ੈਸਰ ਰਣਜੀਤ ਸਿੰਘ ਦੀ ਬੇਇਜ਼ਤੀ ਕਰਾ ਦਿਤੀ। ਉਹ ਗੁਰਾਇਆ ਵਿਖੇ ਮੇਰੇ
ਕੋਲ ਰੋਏ।
ਰਾਮਗੜ੍ਹੀਆ ਕਾਲਜ ਫ਼ਗਵਾੜਾ ਇਕ ਪੇਂਡੂ ਕਾਲਜ ਹੈ, ਜਿਥੋਂ ਮੇਰੇ ਵਰਗੇ
ਗ਼ਰੀਬਾਂ ਦੇ ਮੁੰਡੇ ਵੀ ਘਰ ਦੀਆਂ ਮੱਕੀ ਦੀਆਂ ਰੋਟੀਆਂ ਖਾ ਕੇ ਐਮ.ਏ. ਤਕ ਪੜ੍ਹ ਗਏ ਸਨ।
ਪਰ ਹੁਣ ਉਹ ਪ੍ਰੋਫ਼ੈਸਰ ਉਸੇ ਕਾਲਜ ਵਿਚ ਰੋਜ਼ ਹੜਤਾਲਾਂ ਅਤੇ ਗੜਬੜ ਕਰਾ ਕੇ ਕਾਲਜ ਨੂੰ
ਤਬਾਹ ਕਰ ਰਿਹਾ ਸੀ। ਇਕ ਵਾਰੀ ਮੇਰੀ ਮਾਂ ਨੇ ਕਿਹਾ ਕਿ, ''ਪ੍ਰੋਫ਼ੈਸਰ ਦੇ ਦੋਵੇਂ ਮੁੰਡੇ
ਮਰ ਜਾਣ ਜੋ ਸਾਨੂੰ ਪ੍ਰੇਸ਼ਾਨ ਕਰ ਰਿਹੈ।'' ਆਖ਼ਰ ਪੁਲਿਸ ਨੇ ਉਕਤ ਪ੍ਰੋਫ਼ੈਸਰ ਨੂੰ ਨਕਸਲੀ
ਹੋਣ ਕਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਤੇ ਕਾਲਜ ਦੇ ਵਿਦਿਆਰਥੀਆਂ ਨੇ ਫਗਵਾੜੇ ਵਿਚ ਖ਼ੂਬ
ਗੜਬੜ ਕੀਤੀ ਅਤੇ ਰੇਲਵੇ ਦੀ ਗੁਮਟੀ ਨੂੰ ਅੱਗ ਲਾ ਦਿਤੀ।
ਬਾਅਦ ਵਿਚ ਪ੍ਰੋਫ਼ੈਸਰ ਨੂੰ ਛੱਡ
ਦਿਤਾ ਗਿਆ, ਮੁੰਡਿਆਂ ਦੀ ਗੜਬੜ ਕਰ ਕੇ ਨਹੀਂ ਸਗੋਂ ਇਸ ਕਰ ਕੇ ਕਿ ਉਸ ਦਾ ਮਾਸੜ ਉਸ ਸਮੇਂ
ਪੰਜਾਬ ਪੁਲਿਸ ਦਾ ਆਈ.ਜੀ. (ਜੋ ਉਸ ਸਮੇਂ ਪੰਜਾਬ ਪੁਲਿਸ ਦਾ ਸੱਭ ਤੋਂ ਵੱਡਾ ਅਹੁਦਾ
ਸੀ) ਲੱਗਾ ਹੋਇਆ ਸੀ। ਕਈ ਵਾਰ ਪੁਲਿਸ ਸਾਡੇ ਘਰ ਆਉਂਦੀ ਅਤੇ ਸਾਨੂੰ ਬੜੀ ਪ੍ਰੇਸ਼ਾਨੀ
ਹੁੰਦੀ। ਇਕ ਵਾਰ ਸਿਆਲ ਦੇ ਮਹੀਨੇ ਘਰ ਵਿਚ ਸਾਗ ਬਣ ਰਿਹਾ ਸੀ ਤੇ ਅਸੀ ਰੋਟੀ ਦੀ ਤਿਆਰੀ
ਕਰ ਰਹੇ ਸਾਂ ਜਦੋਂ ਪੁਲਿਸ ਕਰ ਕੇ ਮੈਨੂੰ ਘਰੋਂ ਬਾਹਰ ਜਾਣਾ ਪਿਆ।
1972 ਦੀਆਂ ਚੋਣਾਂ ਸਮੇਂ ਸਾਡੇ ਇਲਾਕੇ ਦੇ ਕਾਂਗਰਸੀ ਉਮੀਦਵਾਰ ਉਮਰਾਉ ਸਿੰਘ ਸਵੇਰੇ ਦੋ ਵਾਰ ਮੇਰੇ ਭਰਾ ਕੋਲ ਸਾਡੇ ਖੂਹ ਉਤੇ ਪਹੁੰਚੇ। ਉਨ੍ਹਾਂ ਨੇ ਮੇਰੇ ਭਰਾ ਨੂੰ ਕਿਹਾ ਕਿ ਜੇ ਉਹ ਚੋਣਾਂ ਸਮੇਂ ਉਸ ਦੀ ਮਦਦ ਕਰਨ ਤਾਂ ਉਹ ਉਸ ਨੂੰ ਨੌਕਰੀ ਲਗਵਾ ਦੇਵੇਗਾ। ਪਰ ਮੇਰੇ ਭਰਾ ਨੇ ਉਸ ਨੂੰ ਜਵਾਬ ਦੇ ਦਿਤਾ। ਬੜੇ ਸਾਲਾਂ ਦੀ ਖੱਜਲ ਖੁਆਰੀ ਤੋਂ ਬਾਅਦ ਅਖ਼ੀਰ ਕਾਂਗਰਸੀਆਂ ਨੇ ਹੀ ਬਾਅਦ ਵਿਚ ਮੇਰੇ ਭਰਾ ਨੂੰ ਨੌਕਰੀ ਦੁਆਈ।
ਇਕ ਵਾਰੀ ਪ੍ਰੋਫ਼ੈਸਰ ਦੀ ਚੁੱਕ ਵਿਚ ਆ ਕੇ
ਕਾਲਜ ਦੇ ਵਿਦਿਆਰਥੀਆਂ ਨੇ ਮੁੰਬਈ ਜਾਣ ਵਾਲੀ ਬੰਬੇ ਐਕਸਪ੍ਰੈੱਸ ਦੇ ਫ਼ਸਟ ਕਲਾਸ ਡੱਬੇ ਨੂੰ
ਅੱਗ ਲਾ ਦਿਤੀ। ਖ਼ੁਸ਼ਕਿਸਮਤੀ ਨਾਲ ਇਸ ਸਮੇਂ ਮੇਰਾ ਭਰਾ ਕਾਲਜ ਤੋਂ ਹਟ ਚੁੱਕਾ ਸੀ ਤੇ ਉਸ
ਦਾ ਬਚਾਅ ਹੋ ਗਿਆ। ਬਾਅਦ ਵਿਚ ਪੁਲਿਸ ਨੇ ਮੁਲਜ਼ਮ ਫੜ ਕੇ ਉਨ੍ਹਾਂ ਉਤੇ ਕਾਫ਼ੀ ਤਸ਼ੱਦਦ ਕੀਤਾ
ਤੇ ਉਨ੍ਹਾਂ ਨੂੰ ਕੈਦ ਕਟਣੀ ਪਈ। ਅੱਜ ਉਹ ਇਸ ਗੱਲ ਤੇ ਪਛਤਾ ਰਹੇ ਹਨ। ਆਖ਼ਰ ਉਸ
ਪ੍ਰੋਫ਼ੈਸਰ ਨੂੰ ਕਾਲਜ ਦੀ ਕਮੇਟੀ ਨੇ ਕੱਢ ਦਿਤਾ। ਅਜਕਲ ਉਹ ਕੈਨੇਡਾ ਵਿਚ ਪੱਕੇ ਤੌਰ ਤੇ
ਰਹਿ ਰਿਹਾ ਹੈ ਅਤੇ ਕਬੂਤਰਬਾਜ਼ੀ ਕਰ ਕੇ ਖ਼ੂਬ ਪੈਸੇ ਕਮਾ ਰਿਹਾ ਹੈ। ਅਸੀ ਨਿਊਜ਼ੀਲੈਂਡ ਵਿਚ
ਸਾਂ ਜਦੋਂ ਉਸ ਦਾ ਮੁੰਡਾ ਨਿਊਜ਼ੀਲੈਂਡ ਆਇਆ ਅਤੇ ਕੁੱਝ ਨਾਜਾਇਜ਼ ਬੰਦੇ ਉਥੇ ਛੱਡ ਕੇ ਮੁੜ
ਗਿਆ।
ਅੱਜ ਮੈਂ ਸੋਚਦਾ ਹਾਂ ਕਿ ਕੀ ਇਹ ਸੱਭ ਕੁੱਝ 'ਇਨਕਲਾਬ' ਲਈ ਕੀਤਾ ਗਿਆ? ਜੇ ਨੌਜੁਆਨਾਂ ਦੀਆਂ ਜ਼ਿੰਦਗੀਆਂ ਨੂੰ ਖ਼ਰਾਬ ਕਰਨਾ ਹੀ ਇਨਕਲਾਬ ਹੈ ਤਾਂ ਸਾਨੂੰ ਰੱਬ ਅਜਿਹੇ ਇਨਕਲਾਬ ਤੋਂ ਬਚਾਏ। ਹੁਣ ਇਹ ਮਾਉਵਾਦੀ ਭਾਰਤ ਵਿਚ ਗੜਬੜ ਕਰ ਰਹੇ ਹਨ ਅਤੇ ਲੋਕਾਂ ਦੇ ਹੱਥ-ਪੈਰ ਕੱਟ ਰਹੇ ਹਨ। ਚੀਨ ਮਾਉਵਾਦ ਨੂੰ ਛੱਡ ਚੁੱਕਾ ਹੈ ਪਰ ਭਾਰਤ ਦੇ ਮਾਉਵਾਦੀ ਭਾਰਤ ਵਿਚ ਤਬਾਹੀ ਮਚਾ ਰਹੇ ਹਨ। ਜਦੋਂ ਨੇਪਾਲ ਦੇ ਮਾਉਵਾਦੀ ਹਿੰਸਾ ਛੱਡ ਕੇ ਦੇਸ਼ ਦੀ ਮੁੱਖ ਧਾਰਾ ਵਿਚ ਆ ਗਏ ਤਾਂ ਮੈਂ ਆਸਟਰੇਲੀਆ ਦੇ ਸੱਭ ਤੋਂ ਵੱਧ ਗਿਣਤੀ ਵਿਚ ਛਪਣ ਵਾਲੇ ਇਕ ਰੋਜ਼ਾਨਾ ਅਖ਼ਬਾਰ ਨੂੰ ਚਿੱਠੀ ਲਿਖੀ ਸੀ ਕਿ ਭਾਰਤ ਦੇ ਮਾਉਵਾਦੀਆਂ ਨੂੰ ਵੀ ਹਿੰਸਾ ਛੱਡ ਕੇ ਦੇਸ਼ ਦੀ ਮੁੱਖ ਧਾਰਾ ਵਿਚ ਆ ਜਾਣਾ ਚਾਹੀਦਾ ਹੈ। ਅਖ਼ਬਾਰ ਨੇ ਮੇਰੀ ਇਹ ਚਿੱਠੀ ਛਾਪ ਦਿਤੀ।
ਮੇਰਾ
ਭਰਾ ਅਜਕਲ ਬਾਦਲ ਅਕਾਲੀ ਦਲ ਦਾ ਸਰਗਰਮ ਲੀਡਰ ਹੈ। 2014 ਦੀਆਂ ਸੰਸਦੀ ਚੋਣਾਂ ਵਿਚ ਉਹ
ਕਹਿ ਰਿਹਾ ਸੀ ਕਿ ਮੈਂ ਗੁਰਾਇਆ ਵਿਚ ਇਕ ਵੀ ਵੋਟ ਕਾਂਗਰਸ ਨੂੰ ਨਹੀਂ ਪੈਣ ਦੇਣੀ। ਮੈਂ
ਸੱਭ ਦੇ ਸਾਹਮਣੇ ਕਿਹਾ ਕਿ ਮੈਂ ਆਸਟਰੇਲੀਆ ਤੋਂ ਚੱਲ ਕੇ ਕਾਂਗਰਸ ਨੂੰ ਵੋਟ ਪਾਉਣ ਆਇਆ
ਹਾਂ ਤੇ ਪਾਵਾਂਗਾ ਵੀ ਜ਼ਰੂਰ। ਅਜਿਹੀਆਂ ਹਨ ਨਕਸਲੀਆਂ ਦੀਆਂ ਪ੍ਰਾਪਤੀਆਂ ਤੇ ਇਨਕਲਾਬ।
ਸੰਪਰਕ : 0427-931-757