ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ
Published : Jan 1, 2018, 3:24 pm IST
Updated : Jan 1, 2018, 9:54 am IST
SHARE ARTICLE

ਉਂਜ ਤਾਂ ਹਰ ਦਿਨ ਨਵਾਂ ਸਾਲ ਹੀ ਹੁੰਦਾ ਹੈ ਕਿਉਕਿ ਹਰ ਨਵਾਂ ਦਿਨ ਨਵੀਆਂ ਉਮੰਗਾਂ, ਸੁਪਨੇ ਲੈ ਕੇ ਆਉਂਦਾ ਹੈ ਜਿਸ ਦੀ ਪ੍ਰਾਪਤੀ ਹਿਤ ਸਮੁੱਚੀ ਲੋਕਾਈ ਅਪਣਾ ਮੁਕਾਮ ਪਾਉਣ ਲਈ ਯਾਤਰਾ ਅਰੰਭਦੀ ਹੈ ਅਤੇ ਦੇਰ ਰਾਤ ਤਕ ਇਹ ਸਿਲਸਿਲਾ ਚਲਦਾ ਹੈ। ਅਗਲੇ ਦਿਨ ਤੋਂ ਫਿਰ ਉਹੀ ਯਾਤਰਾ ਅਰੰਭ ਹੁੰਦੀ ਹੈ ਅਤੇ ਮੰਜ਼ਿਲਾਂ ਤੇ ਪਹੁੰਚਣ ਦੀ ਆਸ ਲਗਾਏ ਰਾਹੀ ਲਗਾਤਾਰ ਪੰਧ ਨੂੰ ਨਿਬੇੜਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਫਿਰ ਵੀ ਸੰਸਾਰ ਪੱਧਰ ਤੇ ਇਕ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਦਾ ਹੈ। ਹਰ ਦਿਨ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ, ਉਹ ਚਾਹੇ ਧਾਰਮਕ ਹੋਵੇ ਜਾਂ ਸਮਾਜਕ। ਨਵਾਂ ਸਾਲ ਮਨਾਉਣ ਦੀ ਪਿਰਤ ਬੜੀ ਪੁਰਾਣੀ ਹੈ ਅਤੇ ਕਈ ਦੇਸ਼ਾਂ ਵਿਚ ਇਕ ਜਨਵਰੀ ਦੀ ਥਾਂ ਹੋਰ ਦਿਨਾਂ ਨੂੰ ਵੀ ਨਵਾਂ ਸਾਲ ਮਨਾਇਆ ਜਾਦਾ ਹੈ।

ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿਚ 2000 ਈਸਾ ਪੂਰਵ ਵਿਚ ਹੋਈ। ਰੋਮਨਾਂ ਨੇ ਦੇਵਤਾ ਜੈਨੂਅਸ ਦੇ ਨਾਂ ਤੇ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂ ਰਖਿਆ। ਇਸ ਤੋਂ ਬਾਅਦ 46 ਈਸਾ ਪੂਰਵ ਵਿਚ ਰੋਮਨ ਸ਼ਾਸਕ ਜੂਲੀਅਸ ਸੀਜ਼ਰ ਨੇ ਇਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨ ਦਿਤਾ। ਇੰਗਲੈਂਡ ਦੇ ਨਾਲ-ਨਾਲ ਬਾਕੀ ਯੌਰਪੀ ਦੇਸ਼ਾਂ ਨੇ ਵੀ ਇਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ। ਇੰਗਲੈਂਡ ਵਿਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਨੂੰ ਅਪਣਾਇਆ ਅਤੇ ਇਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿਤੀ।


ਈਸਾਈਆਂ ਵਿਚ ਇਕ ਜਨਵਰੀ ਦਾ ਮਹੱਤਵ ਧਾਰਮਕ ਕਾਰਨ ਕਰ ਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ਯਸੂ ਮਸੀਹ ਦਾ ਜਨਮ ਹੋਇਆ ਸੀ ਅਤੇ ਇਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ। ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਜਾਣ ਲੱਗਾ ਜੋ ਈਸਾਈ ਧਰਮ ਦੇ ਸੰਤਾਂ ਨੂੰ ਇਕ ਸ਼ਰਧਾਂਜਲੀ ਦੇਣ ਦੀ ਪਿਰਤ ਹੈ। ਹੁਣ ਸੰਸਾਰ ਦੇ ਹਰ ਕੋਨੇ ਵਿਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗ਼ਾਜ਼ ਦੀ ਖ਼ੁਸ਼ੀ 'ਚ ਬਿਤਾਈ ਜਾਂਦੀ ਹੈ।

ਤਕਨੀਕ ਦੇ ਅਸਰ ਕਾਰਨ ਲੋਕ ਇਕ-ਦੂਜੇ ਦੇ ਨੇੜੇ ਆਏ ਹਨ ਅਤੇ ਆਦਾਨ-ਪ੍ਰਦਾਨ ਦੇ ਰਸਤੇ ਖੁੱਲ੍ਹੇ ਹਨ ਜਿਸ ਕਾਰਨ ਸਭਿਆਚਾਰਕ ਸਾਂਝਾਂ ਦੀ ਪਿਰਤ ਪਈ ਹੈ। ਲੋਕਾਂ ਨੇ ਇਕ-ਦੂਜੇ ਦੇ ਸਭਿਆਚਾਰ ਨੂੰ ਅਪਣਾਇਆ ਹੈ ਜਿਸ ਦੀ ਪ੍ਰਤੱਖ ਮਿਸਾਲ ਨਵਾਂ ਸਾਲ ਹੈ। ਉਂਜ ਭਾਵੇਂ ਸੂਰਜ ਸਾਡੇ ਦੇਸ਼ ਵਿਚ ਪਹਿਲਾਂ ਫੁਟਦਾ ਹੈ ਪਰ ਚਾਨਣ ਦੀ ਆਸ ਅਸੀ ਪੱਛਮ ਤੋਂ ਰਖਦੇ ਹਾਂ। ਉਧਰੋਂ ਆਉਂਦੀ ਰੌਸ਼ਨੀ ਸਾਨੂੰ ਪ੍ਰਭਾਵਤ ਕਰਦੀ ਹੈ ਅਤੇ ਅਸੀ ਉਸ ਦਾ ਅਸਰ ਖਿੜੇ ਮੱਥੇ ਕਬੂਲਦੇ ਹਾਂ। ਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ਤੇ ਦਸਤਕ ਦੇ ਦਿਤੀ ਹੈ ਅਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡਾ ਸਭਿਆਚਾਰ ਹੈ। ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁੱਝ ਨਵਾਂ ਲੈ ਕੇ ਆਉਂਦੀ ਹੈ ਜਿਸ ਨੂੰ ਅਸੀ ਕਬੂਲਣਾ ਹੈ।

ਨਵੀਂ ਚੀਜ਼ ਜੇਕਰ ਆਈ ਹੈ ਤਾਂ ਉਸ ਨੂੰ ਰੱਖਣ ਲਈ ਥਾਂ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ। ਸੋ ਜਗ੍ਹਾ ਦਾ ਪ੍ਰਬੰਧ ਕਰਨ ਲਈ ਪੁਰਾਣੇ ਅਤੇ ਫ਼ਾਲਤੂ ਸਾਮਾਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ। ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁੱਝ ਨਵਾਂ ਦੇਣਾ ਹੈ, ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਅਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ ਤੇ ਨਵੀਨ ਅਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ। ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪਰੇਖਾ ਉਲੀਕੀ ਜਾਵੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਹੋਇਆ ਜਾਵੇ। ਉਦੇਸ਼ ਤੋਂ ਬਗ਼ੈਰ ਜ਼ਿੰਦਗੀ ਖੜੇ ਪਾਣੀ ਵਾਂਗ ਹੁੰਦੀ ਹੈ ਜਿਸ ਵਿਚੋਂ ਬੋਅ ਆਉਣੀ ਸੁਭਾਵਕ ਹੈ। ਨਵੇਂ ਵਰ੍ਹੇ ਮੌਕੇ ਜ਼ਿੰਦਗੀ ਦਾ ਉਦੇਸ਼ ਮਿਥਿਆ ਜਾਵੇ ਅਤੇ ਅਪਣੀ ਕਾਬਲੀਅਤ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਲਈ ਸਖ਼ਤ ਮਿਹਨਤ ਦਾ ਪੱਲਾ ਫੜਿਆ ਜਾਵੇ। ਨਿਸ਼ਾਨੇ ਮਿੱਥੇ ਬਗ਼ੈਰ ਮੰਜ਼ਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜ਼ਿਲਾਂ ਸਰ ਕਰਨ ਲਈ ਦ੍ਰਿੜ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਦ੍ਰਿੜ ਹੌਸਲਾ ਜ਼ਿੰਮੇਵਾਰੀਆਂ 'ਚੋਂ ਉਪਜਦਾ ਹੈ। ਜਿੰਨਾ ਕੋਈ ਇਨਸਾਨ ਜ਼ਿੰਮੇਵਾਰ ਹੋਵੇਗਾ ਓਨਾ ਹੀ ਉਸ ਦਾ ਹੌਸਲਾ ਦ੍ਰਿੜ ਹੋਵੇਗਾ ਅਤੇ ਫ਼ੈਸਲਾ ਲੈਣ ਦੇ ਯੋਗ ਹੋਵੇਗਾ।



ਜ਼ਿੰਦਗੀ ਫ਼ੈਸਲਿਆਂ ਦੀ ਸਰਜ਼ਮੀਨ ਹੈ। ਜਿਹੋ ਜਿਹਾ ਫ਼ੈਸਲਾ ਲੈ ਕੇ ਅਸੀ ਬੀਜ ਪਾਵਾਂਗੇ ਉਹੋ ਜਿਹਾ ਬੂਟਾ ਉਗੇਗਾ। ਸੋ ਨਵੇਂ ਵਰ੍ਹੇ ਵਿਚ ਕੋਸ਼ਿਸ਼ ਕੀਤੀ ਜਾਵੇ ਕਿ ਸਹੀ ਸਮੇਂ ਸਹੀ ਫ਼ੈਸਲੇ ਕੀਤੇ ਜਾਣ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ ਫ਼ਤਵਾ ਸੁਣਾਵੇ। ਪਿੱਛੇ ਲਏ ਗਏ ਫ਼ੈਸਲਿਆਂ ਦੀ ਘੋਖ ਕਰਨ ਦਾ ਇਹ ਸਮਾਂ ਉੱਤਮ ਹੈ। ਜੇਕਰ ਅਸੀ ਘੋਖ ਪੜਤਾਲ ਕਰਾਂਗੇ ਤਾਂ ਲਾਜ਼ਮੀ ਸਾਨੂੰ ਅਪਣੀਆਂ ਕਮੀਆਂ ਦਾ ਅਹਿਸਾਸ ਹੋਵੇਗਾ ਅਤੇ ਨਵੇਂ ਸਿਰਿਉਂ ਫ਼ੈਸਲੇ ਲੈਣ 'ਚ ਅਸਾਨੀ ਹੋਵੇਗੀ। ਪੁਰਾਣੇ ਨੂੰ ਭੁਲਣਾ ਨਾਮੁਮਕਿਨ ਹੁੰਦਾ ਹੈ, ਫਿਰ ਵੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀ ਵਰਤਮਾਨ ਦਾ ਹਿੱਸਾ ਬਣੀਏ। ਅਜੋਕਾ ਮਨੁੱਖ ਜਾਂ ਤਾਂ ਇਤਿਹਾਸ ਵਿਚ ਜਿਊਂਦਾ ਹੈ ਜਾਂ ਫਿਰ ਭਵਿੱਖ ਵਿਚ। ਸੋ ਇਹ ਅਤਿ ਲਾਜ਼ਮੀ ਹੈ ਕਿ ਅਸੀ ਵਰਤਮਾਨ ਵਿਚ ਜਿਊਣ ਦੀ ਜਾਚ ਸਿਖੀਏ ਅਤੇ ਪ੍ਰਣ ਕਰੀਏ ਵਰਤਮਾਨ ਵਿਚ ਜਿਊਣ ਦਾ। ਦੋਸਤਾਂ-ਮਿੱਤਰਾਂ ਨਾਲ ਹੋਏ ਗਿਲੇ ਸ਼ਿਕਵੇ ਮਿਟਾਉਣ ਦਾ ਇਹ ਵਧੀਆ ਮੌਕਾ ਹੈ। ਇਸ ਨੂੰ ਗਵਾਇਆ ਨਾ ਜਾਵੇ। ਅਕਸਰ ਜ਼ਿੰਦਗੀ 'ਚ ਰਿਸ਼ਤਿਆਂ ਵਿਚ ਉਤਾਰਅ ਚੜਾਅ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਨ੍ਹਾਂ ਨੂੰ ਨਾ ਸੁਲਝਾਇਆ ਜਾਵੇ ਤਾਂ ਸਿਉਂਕ ਵਾਂਗ ਇਹ ਗਿਲੇ-ਸ਼ਿਕਵੇ ਰਿਸ਼ਤਿਆਂ ਨੂੰ ਚੱਟ ਕਰ ਜਾਂਦੇ ਹਨ। 



ਮਨੁੱਖੀ ਸੁਭਾਅ ਅਪਣੀਆਂ ਗ਼ਲਤੀਆਂ ਲਈ ਬਹੁਤ ਵੱਡਾ ਵਕੀਲ ਹੈ ਅਤੇ ਦੂਜਿਆਂ ਦੀ ਗ਼ਲਤੀ ਲਈ ਸੱਭ ਤੋਂ ਵੱਡਾ ਜੱਜ ਹੋ ਨਿਬੜਦਾ ਹੈ। ਹਰ ਇਨਸਾਨ ਦੇ ਸਿੱਕੇ ਵਾਂਗ ਦੋ ਪਹਿਲੂ ਹੁੰਦੇ ਹਨ ਅਤੇ ਅਸੀ ਇਕ ਪਹਿਲੂ ਨੂੰ ਮੱਦੇਨਜ਼ਰ ਰੱਖ ਕੇ ਉਸ ਬਾਰੇ ਫ਼ੈਸਲੇ ਸੁਣਾ ਦਿੰਦੇ ਹਾਂ ਜੋ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ। ਹਰ ਇਨਸਾਨ ਦੀ ਅਲੱਗ ਹਸਤੀ ਹੈ ਅਤੇ ਅਸੀ ਉਸ ਨੂੰ ਅਪਣੇ ਹੀ ਹਿਸਾਬ ਨਾਲ ਨਹੀ ਮਾਪ ਸਕਦੇ। ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਸਥਿਤੀਆਂ ਅਤੇ ਹੋਰ ਕਾਰਨ ਹੁੰਦੇ ਹਨ ਉਸ ਨੂੰ ਅਜਿਹਾ ਬਣਾਉਣ ਵਾਲੇ। ਇਹ ਲਾਜ਼ਮੀ ਹੈ ਕਿ ਅਸੀ ਇਸ ਸੰਕਲਪ ਨੂੰ ਜ਼ਰੂਰ ਜ਼ਿੰਦਗੀ ਵਿਚ ਲਾਗੂ ਕਰੀਏ ਅਤੇ ਇਨਸਾਨ ਨੂੰ ਇਨਸਾਨ ਸਮਝਣ ਦੇ ਰਾਹ ਤੁਰੀਏ। ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮਾਫ਼ੀ ਮੰਗ ਕੇ ਅਪਣੇ ਰਿਸ਼ਤਿਆਂ ਨੂੰ ਨਵੇਂ ਰਾਹਾਂ ਵਲ ਤੋਰੀਏ।



ਮੁਕਦੀ ਗੱਲ ਅਸੀ ਸਾਰੇ ਨਵੇਂ ਸਾਲ ਦੀ ਆਮਦ ਤੇ ਅਪਣੀ ਸੋਚ ਨੂੰ ਨਵੀਂ ਦਿਸ਼ਾ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ। ਅਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿਤ ਤਿੱਖੀ ਕਰੀਏ। ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ। ਗੰਦੀ ਸਿਆਸਤ, ਔਰਤਾਂ ਤੇ ਹੁੰਦੇ ਤਸ਼ੱਦਦ, ਧਾਰਮਕ ਕੱਟੜਤਾ ਅਤੇ ਨਾਬਰਾਬਰੀ ਵਰਗੇ ਵਰਤਾਰੇ ਉਦੋਂ ਤਕ ਜਾਰੀ ਰਹਿਣਗੇ ਜਦੋਂ ਤਕ ਸਮਾਜ ਅਪਣਾ ਨਜ਼ਰੀਆ ਨਹੀਂ ਬਦਲਦਾ। ਜਦ ਨਵੇਂ ਵਰ੍ਹੇ ਨੂੰ ਗਲ ਲਾਉਣ ਲਈ ਅਸੀ ਏਨੇ ਉਤਾਵਲੇ ਹਾਂ ਤਾਂ ਸਾਨੂੰ ਪੁਰਾਣੇ ਵਿਤਕਰੇ, ਗਿਲੇ, ਸ਼ਿਕਵੇ ਅਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ। ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਲਈ ਹਿਤਕਾਰੀ ਹੋਵੇਗੀ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement